ਛੁੱਟੀ

ਦਿੱਲੀ ਵੱਸਦੀ ਅਜੀਤ ਕੌਰ ਨੇ ਪੰਜਾਬੀ ਸਾਹਿਤ ਸੰਸਾਰ ਨੂੰ ਯਾਦਗਾਰੀ ਰਚਨਾਵਾਂ ਦਿੱਤੀਆਂ ਹਨ। ਕਹਾਣੀ ‘ਛੁੱਟੀ’ ਪਾਠਕ ਨੂੰ ਪੰਜਾਬ ਦੇ ਉਨ੍ਹਾਂ ਵਕਤਾਂ ਦੇ ਰੂ-ਬ-ਰੂ ਕਰਵਾਉਂਦੀ ਹੈ, ਜਦੋਂ ਬੰਦੇ ਨੂੰ ਬੇਵਸਾਹੀ ਨੇ ਬੁਰੀ ਤਰ੍ਹਾਂ ਡਸ ਲਿਆ ਹੋਇਆ ਸੀ। ਉਨ੍ਹਾਂ ‘ਵਖਤਾਂ ਮਾਰੇ’ ਵਕਤ ਦੌਰਾਨ ਪੰਜਾਬੀ ਲੇਖਕਾਂ ਨੇ ਹਾਅ ਦਾ ਨਾਅਰਾ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਕਹਾਣੀ ਵਿਚ ਉਸ ਮਾਹੌਲ ਦਾ ਝਲਕਾਰਾ ਪਾਠਕਾਂ ਨੂੰ ਉਸ ਵਕਤ ਦੀਆਂ ਗੁੰਝਲਾਂ ਸਾਹਮਣੇ ਲਿਜਾ ਖਲਿਆਰਦਾ ਹੈ।

-ਸੰਪਾਦਕ

ਅਜੀਤ ਕੌਰ
ਸੂਰਜ ਉਲਰੇ ਹੋਏ ਨੇਜ਼ੇ ਵਾਂਗ ਅਸਮਾਨ ਦੀ ਛਾਤੀ ਫਾੜਦਾ ਜਾਪ ਰਿਹਾ ਸੀ। ਤਪ ਰਿਹਾ ਸੀ ਸਭ ਕੁਝ, ਦਹਿਕਦੀ ਭੱਠੀ ਵਾਂਗੂੰ। ਏਨੀ ਗਰਮੀ, ਏਨੀ ਹੁੰਮਸ, ਏਨੀ ਤਪਸ਼ ਕਿ ਚਾਰੇ ਪਾਸੇ, ਸੁੰਨਮਸਾਨ ਵਰਤੀ ਪਈ ਸੀ। ਕਿਧਰੋਂ ਚਿੜੀ ਦੇ ਚੂਕਣ ਦੀ ਵੀ ‘ਵਾਜ ਨਹੀਂ ਸੀ ਪਈ ਆਉਂਦੀ।
ਪਰ ਇਹੋ ਜਿਹੀ ਝੁਲਸਦੀ ਦੁਪਹਿਰ ਵਿਚ, ਅਸਮਾਨ ਦੀ ਤਪਦੀ ਭੱਠੀ ਦੇ ਸੇਕ ਦੇ ਐਨ ਹੇਠਾਂ, ਨੰਗੇ ਖੇਤਾਂ ਵਿਚ ਕੰਮ ਕਰਦਾ ਉਹ ਇਕ ਆਮ ਜਿਹਾ ਕਿਸਾਨ ਸੀ। ਉਹਦਾ ਖੇਤ ਵੀ ਆਮ ਜਿਹਾ ਸੀ ਤੇ ਪਿੰਡ ਵੀ ਬਿਲਕੁਲ ਓਸੇ ਤਰ੍ਹਾਂ ਦਾ ਜਿਸ ਤਰ੍ਹਾਂ ਦੇ ਪਿੰਡ ਆਮ ਤੌਰ ‘ਤੇ ਹੋਇਆ ਕਰਦੇ ਨੇ। ਇਕ ਅੱਧਾ ਪੱਕਾ ਘਰ, ਚੂਨੇ ਗੱਚ। ਤੇ ਬਾਕੀ ਕੱਚੇ ਘਰ। ਖੈਰ, ਫਿਲਹਾਲ ਉਹ ਪਿੰਡੋਂ ਬਾਹਰਵਾਰ ਆਪਣੇ ਖੇਤ ਵਿਚ ਸੀ, ਤੇ ਹਲ ਵਾਹ ਰਿਹਾ ਸੀ।
‘ਵਾਹ ਓਏ ਜੱਗ ਬਣਾਉਣ ਵਾਲਿਆ! ਅਜੀਬ ਤਮਾਸ਼ਾ ਬਣਾਇਆ ਏ ਤੂੰ ਵੀ। ਜਦੋਂ ਤੱਕ ਸੇਕਵੀ ਧੁੱਪ ਨਾ ਲੱਗੇ, ਕਣਕਾਂ ਨਹੀਂ ਪੱਕਦੀਆਂ। ਵਾਢੀਆਂ ਕਰਦਿਆਂ ਦਾਣਿਆਂ ਜੇਡੇ ਪਸੀਨੇ ਦੇ ਕਤਰੇ ਮਿੱਟੀ ਵਿਚ ਡਿੱਗਦੇ ਰਹਿੰਦੇ ਨੇ। ਦਾਣੇ ਸਾਂਭਦਿਆਂ ਸਿੱਕਰਦਿਆਂ ਸੂਰਜ ਆਹ ਭੱਠੀ ਵਿਚ ਤਪਦੇ ਲੋਹੇ ਵਾਂਗੂੰ ਲਾਲ ਹੋ ਜਾਂਦਾ ਏ। ਲਾਲ? ਨਹੀਂ ਬਈ ਮੰਗਲ ਸਿੰਹਾਂ, ਲਾਲ ਕਾਹਨੂੰ!’ ਏਸੇ ਤਰ੍ਹਾਂ ਗੱਲਾਂ ਕਰਦਾ ਹੁੰਦਾ ਸੀ ਉਹ ਆਪਣੇ ਆਪ ਨਾਲ। ਆਪਣਾ ਨਾਂ ਲੈ ਕੇ, ‘ਮੰਗਲ ਸਿੰਹਾਂ!’ ‘ਚਲ ਨਹਾ ਈ ਲੈਨੇ ਆਂ ਮੰਗਲ ਸਿੰਹਾਂ।’ ਜਾਂ ‘ਕੀ ਕਰਨਾ ਏ ਨਹਾ ਕੇ! ਅਸਾਂ ਕੋਈ ਗਾਂ ਮਨਸਾਣੀ ਏ ਮੰਗਲ ਸਿੰਹਾਂ।’
ਜਦੋਂ ਉਹਦਾ ਵੱਡਾ ਮੁੰਡਾ ਕਰਤਾਰ ਮਾਰਿਆ ਗਿਆ, ਉਹ ਬਿਲਕੁਲ ਭੁੰਜੇ ਲੱਥ ਗਿਆ ਸੀ। ਜਿੰਨੇ ਮੂੰਹ, ਓਨੀਆਂ ਗੱਲਾਂ। ਕੋਈ ਕਹਿੰਦਾ, ਪੁਲਿਸ ਨੇ ਮਾਰ ਦਿੱਤਾ ਉਹਨੂੰ। ਕੋਈ ਕਹਿੰਦਾ, ਅਤਿਵਾਦੀਆਂ ਨਾਲ ਉਹਦੀ ਕੋਈ ਕੈੜ ਸੀ, ਉਨ੍ਹਾਂ ਮਾਰ ਦਿੱਤਾ। ਕੋਈ ਕਹਿੰਦਾ, ਸ਼ਰੀਕੇ ਵਿਚੋਂ ਕਿਸੇ ਨੇ ਪੁਰਾਣੀ ਦੁਸ਼ਮਣੀ ਕੱਢੀ ਸੀ। ਕੋਈ ਕਹਿੰਦਾ, ਮੰਡੀ ਵਿਚ ਦਾਰੂ ਪੀ ਕੇ ਲੜ ਪਿਆ ਸੀ ਕਿਸੇ ਨਾਲ, ਉਨ੍ਹਾਂ ਮਾਰ ਮੁਕਾਇਆ। ਪੁਲਿਸ ਨੇ ਕਿਹਾ, ਕਿਸੇ ਕੁੜੀ ਦਾ ਚੱਕਰ ਸੀ ਸ਼ਾਇਦ।
ਫੇਰ ਇਕ ਦਿਨ ਉਹ ਗੋਡਿਆਂ ‘ਤੇ ਹੱਥ ਰੱਖ ਕੇ ਉਠਿਆ, ‘ਚਲ ਬਈ ਮੰਗਲ ਸਿੰਹਾਂ। ਜਾਣ ਵਾਲਾ ਤੇ ਤੁਰ ਗਿਆ। ਪਿਛਲੇ ਜਨਮ ਦਾ ਕਰਜ਼ਾ ਲੈਣਾ ਸੀ ਉਹਨੇ, ਲੈ ਕੇ ਤੁਰਦਾ ਬਣਿਆ। ਤੂੰ ਢੇਰੀਆਂ ਢਾਹ ਕੇ ਬੈਠਾ ਰਹੇਂਗਾ ਤਾਂ ਬਾਕੀ ਦੇ ਜੀਆਂ ਦੇ ਮੂੰਹ ਟੁੱਕਰ ਕੌਣ ਪਾਊ? ਰੱਬ ਤਾਂ ਲੰਮੀਆਂ ਤਾਣ ਕੇ ਸੁੱਤਾ ਪਿਆ ਏ ਮੰਗਲ ਸਿੰਹਾਂ। ਉਹਨੇ ਨਹੀਂ ਆਉਣਾ ਤੇਰੀ ਮੱਦਤ ਨੂੰ। ਉਠ, ਤੇ ਤੁਰ ਪੈ।’ ਤੇ ਉਹ ਤੁਰ ਪਿਆ। ਤੁਰਦਾ ਗਿਆ।
ਜ਼ਖਮ ਆਠਰ ਗਏ ਸਨ, ਪਰ ਰਤਾ ਕੁ ਖੁਰਚੇ ਜਾਣ ਤਾਂ ਲਹੂ ਸਿੰਮ ਆਉਂਦਾ। ਏਸੇ ਕਰ ਕੇ ਉਹ ਮਨ ਨੂੰ ਹੋਰ ਗੱਲਾਂ ਵਿਚ ਪਾਈ ਰੱਖਦਾ। ਕਰਤਾਰੇ ਨੂੰ ਯਾਦ ਕਰਨੋਂ ਹੋੜਦਾ ਰਹਿੰਦਾ ਆਪਣੇ ਮਨ ਨੂੰ।
ਅੱਜ ਕੱਲ੍ਹ ਤੇ ਭਲਾ ਸਿਆੜ ਕੱਢਣ ਦੇ ਦਿਨ ਸਨ। ਮਿੱਟੀ ਨੂੰ ਫਰੋਲ ਕੇ ਨਰਮ ਕਰਨ ਦੇ ਦਿਨ। ਕੰਮ ਈ ਬਹੁਤ ਸੀ ਪਰ ਜਦੋਂ ਕੰਮ ਘੱਟ ਵੀ ਹੁੰਦਾ, ਤਾਂ ਕੋਈ ਨਾ ਕੋਈ ਆਹਰ ਲੱਭੀ ਰੱਖਦਾ ਆਪਣੇ ਆਪ ਲਈ। ਕਹਿੰਦਾ, ਮੰਗਲ ਸਿੰਹਾਂ, ਮਨ ਦਾ ਕੀ ਐ! ਅੱਥਰਾ ਘੋੜਾ! ਲਗਾਮ ਖਿੱਚ ਕੇ ਰੱਖੋ, ਬੱਸ। ਜਾਂ ਕਹਿੰਦਾ, ਮੰਗਲ ਸਿੰਹਾਂ, ਰੱਬ ਦਾ ਕੀ ਪਾਉਣਾ, ਐਧਰੋਂ ਪੁੱਟਣਾ ਤੇ ਔਧਰ ਲਾਉਣਾ। ਐਵੇਂ ਤੇ ਨਹੀਂ ਸਾਈਂ ਫਕੀਰ ਕਹਿ ਗਏ।
ਪਰ ਰੱਬ ਬਾਰੇ ਉਹਨੇ ਕਦੇ ਸੋਚਿਆ ਨਹੀਂ ਸੀ। ਹੋਵੇਗਾ ਕੋਈ! ਆਪਣੇ ਅਸਮਾਨਾਂ ‘ਤੇ ਮੌਜਾਂ ਕਰਦਾ। ਲੰਮੀਆਂ ਤਾਣ ਕੇ ਸੁੱਤਾ। ਨਿੱਕੇ ਹੁੰਦਿਆਂ ਜਦੋਂ ਕਦੇ ਮੀਂਹ ਪੈਣ ਮਗਰੋਂ ਅਸਮਾਨ ਨਿੱਤਰਦਾ ਤੇ ਨਿੱਕੀ ਨਿੱਕੀ ਧੁੱਪ ਨਿਕਲਣ ਲੱਗਦੀ, ਦੂਰ ਸੱਤਾਂ ਰੰਗਾਂ ਵਾਲੀ ਪੀਂਘ ਦਿਸਦੀ। ਬੇਬੇ ਕਹਿੰਦੀ, ਰੱਬ ਆਪਣੇ ਝੂਟਣ ਲਈ ਬਣਾਉਂਦਾ ਐ ਇਹ ਪੀਂਘ। ਹੋਰ ਕੰਮ ਈ ਕੀ ਐ ਉਹਨੂੰ ਮੰਗਲ ਸਿੰਹਾਂ, ਪੀਂਘ ਝੂਟ ਛੱਡੀ, ਸੌਂ ਛੱਡਿਆ, ਸੈਰ ਕਰ ਛੱਡੀ ਅਸਮਾਨਾਂ ‘ਤੇ। ਵਾਹੁਣਾ ਪੈ ਜਾਏ ਨਾ ਉਹਨੂੰ ਹਲ, ਕੜਕਦੀ ਦੁਪਹਿਰ ਵਿਚ, ਬੱਚੂ ਨੂੰ ਪਤਾ ਲੱਗੂ, ਦੁਨੀਆਂ ਬਣਾ ਕੇ ਕੀ ਕਹਿਰ ਕਮਾਇਆ ਏ ਉਹਨੇ।

ਐਸ ਵੇਲੇ ਉਹ ਹਲ ਵਾਹੁੰਦਾ, ਬਲਦਾਂ ਨੂੰ ਟਿਚਕਾਰੀਆਂ ਮਾਰਦਾ ਤੇ ਪੁਚਕਾਰਦਾ, ਵਿਚ ਵਿਚ ਪਿੰਡੋਂ ਆਉਣ ਵਾਲੀ ਡੰਡੀ ਵੱਲ ਵੀ ਝਾਤ ਮਾਰੀ ਜਾਂਦਾ। ‘ਬੜੀ ਚਿਰਕ ਕਰ ਦਿੱਤੀ ਅੱਜ ਬਸੰਤ ਕੌਰ ਨੇ ਰੋਟੀ ਲਿਆਉਣ ਵਿਚ। ਤ੍ਰੇਹ ਨਾਲ ਸੰਘ ਵਿਚ ਕੰਡਿਆਲੀ ਕਿੱਕਰ ਉਗ ਖੜੋਤੀ ਏ। ਜੇ ਪਾਣੀ ਪੀ ਲਿਆ ਤਾਂ ਤਪਦੇ ਤੰਦੂਰ ਵਰਗੇ ਢਿੱਡ ਵਿਚੋਂ ਭੜਾਸ ਦੇ ਬੱਦਲ ਉੱਠਣ ਲੱਗਣਗੇ। ਫੇਰ ਰੋਟੀ ਵੀ ਨਹੀਂ ਖਾਧੀ ਜਾਣੀ। ਤੇ ਫੇਰ ਉਹ ਉਲਾਹਮੇ ਦੇਵੇਗੀ ਕਿ ਮੈਂ ਐਨੀ ਦੂਰੋਂ…।’ ਤਾਂਹੀਏਂ ਉਹਨੂੰ ਪਗਡੰਡੀ ‘ਤੇ ਦੂਰੋਂ ਕਿਸੇ ਦੇ ਆਉਣ ਦਾ ਝਾਉਲਾ ਜਿਹਾ ਪਿਆ ਪਰ ਪਿੰਡ ਵਾਲੇ ਪਾਸਿਓਂ ਨਹੀਂ, ਦੂਜੇ ਪਾਸਿਓਂ। ਬਾਹਰਵਾਰੋਂ।
‘ਐਨੀ ਸੜਦੀ ਦੁਪਹਿਰ ਵਿਚ ਇਹ ਕੌਣ ਤੁਰਿਆ ਆਉਂਦਾ ਏ ਮੰਗਲ ਸਿੰਹਾਂ!’
ਅਜੀਬ ਗੱਲ ਨਹੀਂ? ਅੱਗੇ ਕੋਈ ਦੂਰੋਂ ਤੁਰਦਾ ਆਉਂਦਾ ਨਜ਼ਰ ਆਉਂਦਾ ਸੀ, ਤਾਂ ਲੋਕਾਂ ਨੂੰ ਚਾਅ ਚੜ੍ਹ ਜਾਂਦਾ ਸੀ। ਉਤਸੁਕਤਾ ਹੁੰਦੀ ਸੀ ਜਾਣਨ ਦੀ ਕਿ ਕਿਹਦੇ ਘਰ ਪ੍ਰਾਹੁਣਾ ਆਇਆ ਏ। ਕਿਸੇ ਦਾ ਮਾਮਾ, ਚਾਚਾ, ਤਾਇਆ! ਕਿਸੇ ਕੁੜੀ ਦੇ ਪੇਕਿਓਂ ਕੋਈ। ਭਾਵੇਂ ਕਿਸੇ ਵੀ ਘਰ ਦਾ ਪ੍ਰਾਹੁਣਾ ਹੋਵੇ, ਜਿਨੂੰ ਜਿਨੂੰ ਵੀ ਉਹ ਪਹਿਲੋਂ ਮਿਲ ਪੈਂਦਾ, ਲੋਕ ਲੱਸੀ ਪਾਣੀ ਪਿਆਣ ਬਗੈਰ ਉਹਨੂੰ ਅਗਾਂਹ ਨਾ ਲੰਘਣ ਦੇਂਦੇ।
ਕਿਹੋ ਜਿਹੇ ਸਮੇਂ ਆ ਗਏ ਨੇ ਹੁਣ ਤਾਂ! ਦੂਰੋਂ ਆਉਂਦੇ ਬੰਦੇ ਨੂੰ ਤੱਕ ਕੇ ਬੰਦਾ ਡਰ ਜਾਂਦਾ ਏ। ‘ਬੰਦਾ ਈ ਏ ਜਿਹੜਾ ਬੰਦੇ ਨੂੰ ਵੇਖ ਕੇ ਡਰ ਜਾਂਦਾ ਏ ਮੰਗਲ ਸਿੰਹਾਂ। ਸ਼ੇਰ ਵੀ ਦੂਜੇ ਸ਼ੇਰ ਨੂੰ ਵੇਖ ਨਹੀਂ ਡਰਦਾ, ਭਾਵੇਂ ਉਹਦੇ ਨਾਲੋਂ ਦਸ ਗੁਣਾ ਤਕੜਾ ਸ਼ੇਰ ਸਾਹਮਣਿਓਂ ਤੁਰਿਆ ਆਉਂਦਾ ਹੋਵੇ।’
ਹੁਣ ਓਸ ਬੰਦੇ ਦੀ ਨੁਹਾਰ ਸਾਫ ਨਜ਼ਰ ਆ ਰਹੀ ਸੀ। ਪੈਰੀਂ ਠਿੱਬੀ ਜਿਹੀ ਜੁੱਤੀ, ਜਿਹੜੀ ਹਰ ਕਦਮ ਨਾਲ ਥੋੜ੍ਹੀ ਜਿਹੜੀ ਧੂੜ ਉਡਾਉਂਦੀ, ਤੇ ਥੋੜ੍ਹੀ ਜਿਹੀ ਹੋਰ ਥੱਕ ਗਈ ਜਾਪਦੀ। ਧੂੜ ਨਾਲ ਅੱਟਿਆ ਪਜਾਮਾ ਕੁੜਤਾ। ਮੋਢੇ ‘ਤੇ ਐਵੇਂ ਉਧੜ ਗੁਧੜੀ ਲਪੇਟੀ ਪੱਗ ਜਿਹੀ! ਸ਼ਾਇਦ ਪਰਨਾ ਹੀ ਹੋਵੇ। ਧੁੱਪ ਤੋਂ ਸਿਰ ਬਚਾਉਣ ਲਈ ਕੋਈ ਖੁੱਥਿਆ ਜਿਹਾ ਕੱਪੜਾ। ਸਿਰ ਝੁਕਿਆ ਹੋਇਆ, ਜਿਵੇਂ ਮੀਲਾਂ ਪੈਂਡਾ ਮਾਰ ਕੇ ਆਇਆ ਹੋਵੇ। ਆਪਣੇ ਈ ਕਦਮਾਂ ਵੱਲ ਨਿਗਾਹ। ਹੱਥ ਵਿਚ ਖੂੰਡੀ, ਜਿਹਨੂੰ ਉਹ ਚੁੱਕਦਾ ਧਰਦਾ ਘੱਟ, ਧੂੰਹਦਾ ਵੱਧ ਸੀ। ਮੂੰਹ ‘ਤੇ ਡੂੰਘੇ ਸਿਆੜ। ਸਿਆਣੀ ਉਮਰ ਦਾ, ਥੱਕਿਆ ਟੁੱਟਿਆ, ਵਖਤਾਂ ਮਾਰਿਆ ਬੰਦਾ ਜਾਪਦਾ ਸੀ ਕੋਈ।
ਪਹਿਲੋਂ ਤਾਂ ਮੰਗਲ ਸਿੰਘ ਨੇ ਸੋਚਿਆ, ਚੁੱਪ ਚਾਪ ਲੰਘ ਜਾਣ ਦੇਵੇ। ਹੋਵੇਗਾ ਕੋਈ! ਸਾਨੂੰ ਕੀ! ਉਤੋਂ ਵੇਲੇ ਕਿਹੜੇ ਨੇ ਮੰਗਲ ਸਿੰਹਾਂ। ਖੌਰੇ ਕੌਣ ਹੈ ਤੇ ਕੌਣ ਨਹੀਂ! ਚਾਦਰੇ ਦੇ ਹੇਠਾਂ ਭਾਵੇਂ ਏ.ਕੇ. ਸੰਤਾਲੀ ਈ ਲੁਕਾਈ ਆਉਂਦਾ ਹੋਵੇ। ਅੱਜ ਕੱਲ੍ਹ ਤੇ ਯਮ੍ਹਲਿਆਂ ਬਣ ਕੇ ਝੱਟ ਲੰਘਾ ਮੰਗਲ ਸਿੰਹਾਂ!
ਉਹ ਬਜ਼ੁਰਗ ਹੋਰ ਨੇੜੇ ਆ ਗਿਆ ਤੇ ਮੰਗਲ ਸਿੰਘ ਦੇ ਖੇਤ ਦੀ ਵੱਟ ਕੋਲ ਖੜੋ ਕੇ ਨਿਗਾਹ ਟਿਕਾ ਕੇ ਉਹਨੇ ਮੰਗਲ ਸਿੰਘ ਵੱਲ ਤੱਕਿਆ।
ਉਹਦੀ ਨਜ਼ਰ ਇਹੋ ਜਿਹੀ ਸੀ ਕਿ ਮੰਗਲ ਸਿੰਘ ਉਹਨੂੰ ਅਣਗੌਲਿਆਂ ਨਹੀਂ ਕਰ ਸਕਿਆ।
‘ਪਾਣੀ ਮਿਲੇਗਾ?’ ਓਸ ਬਜ਼ੁਰਗ ਨੇ ਘੱਟੇ ਨਾਲ ਅੱਟੀ ਆਵਾਜ਼ ਵਿਚ ਪੁੱਛਿਆ।
ਟਾਹਲੀ ਹੇਠਾਂ ਘੜਵੰਜੀ ‘ਤੇ ਟਿਕਾ ਕੇ ਰੱਖਿਆ ਘੜਾ ਪਿਆ ਸੀ। ਮੰਗਲ ਸਿੰਘ ਨੇ ਹਲ ਰੋਕ ਦਿੱਤਾ। ਪੰਜਾਲੀ ਖੋਲ੍ਹ ਦਿੱਤੀ। ਬਲਦਾਂ ਨੂੰ ਟਿਚਕਾਰੀ ਮਾਰ ਕੇ ਟਾਹਲੀ ਹੇਠਾਂ ਲੈ ਆਇਆ ਤੇ ਕਿਹਾ, ‘ਲੰਘ ਆਓ ਬਜ਼ੁਰਗੋ। ਪਾਣੀ ਦਾ ਘਾਟਾ ਐ! ਜਿੰਨਾ ਮਰਜ਼ੀ ਏ ਪੀਓ।’
‘ਪਾਣੀ ਪੀਏ ਛੇਤੀ, ਤੇ ਜਾਏ ਜਿੱਧਰ ਜਾਣਾ ਸੂ।’ ਮੰਗਲ ਸਿੰਘ ਨੇ ਸੋਚਿਆ।
ਬਜ਼ੁਰਗ ਪੋਲੀ ਮਿੱਟੀ ਵਿਚ ਪੈਰ ਧਰਦਾ ਟਾਹਲੀ ਹੇਠਾਂ ਆ ਗਿਆ। ਮੰਗਲ ਸਿੰਘ ਨੇ ਘੜੇ ਵਿਚੋਂ ਕੌਲ ਭਰ ਕੇ ਅੱਗੇ ਕੀਤਾ। ਤਾਂਹੀਏਂ ਉਹਨੂੰ ਉਹ ਬੁਚਕੀ ਨਜ਼ਰ ਆਈ ਜਿਹੜੀ ਉਸ ਬਜ਼ੁਰਗ ਨੇ ਘੁੱਟ ਕੇ ਛਾਤੀ ਨਾਲ ਲਾਈ ਹੋਈ ਸੀ।
ਮੰਗਲ ਸਿੰਘ ਦੇ ਕਲੇਜੇ ਵਿਚ ਰੁੱਗ ਭਰਿਆ ਗਿਆ। ਏਸੇ ਤਰ੍ਹਾਂ ਕਰਤਾਰੇ ਦੇ ਫੁੱਲਾਂ ਦੀ ਬੁਚਕੀ ਕਲੇਜੇ ਨਾਲ ਲਾਈ ਉਹ ਜਲ ਪਰਵਾਹ ਕਰਨ ਕਰਤਾਰਪੁਰ ਸਾਹਿਬ ਗਿਆ ਸੀ। ਮਨ ਭਰ ਆਇਆ। ਕੀ ਪਤਾ ਇਸ ਬਜ਼ੁਰਗ ਦਾ ਵੀ ਕੋਈ…। ਫੇਰ ਉਹ ਅਚਾਨਕ ਡਰ ਜਿਹਾ ਗਿਆ। ਮੰਗਲ ਸਿੰਹਾਂ, ਇਹਦੇ ਵਿਚ ਗੋਲਾ ਬਾਰੂਦ ਵੀ ਤੇ ਹੋ ਸਕਦਾ ਏ।
ਫੇਰ ਉਹਨੇ ਸਹਿਜ ਹੋਣ ਦੀ ਕੋਸ਼ਿਸ਼ ਕੀਤੀ…ਤੇ ਕੀ ਪਤਾ ਉਹਦੀ ਵੀ ਕੋਈ ਬਸੰਤ ਕੌਰ ਹੋਵੇ ਜਿਨ੍ਹੇ ਸਫਰ ‘ਤੇ ਤੁਰਨ ਲੱਗਿਆਂ ਉਹਨੂੰ ਮਿੱਸੀਆਂ ਪਰੌਂਠੀਆਂ ਪਕਾ ਦਿੱਤੀਆਂ ਹੋਣ ਕਿ ਭੁੱਖ ਲੱਗੇ ਤਾਂ ਖਾ ਲਵੀਂ। ਮਿੱਸੀਆਂ ਪਰੌਠੀਆਂ ਹੋਈਆਂ, ਤਾਂ ਫੇਰ ਆਚਾਰ ਵੀ ਜ਼ਰੂਰ ਹੋਵੇਗਾ। ਤੇ ਉਹ ਮਨ ‘ਚ ਈ ਮੁਸਕਰਾ ਪਿਆ। ‘ਨਹੀਂ’ ਰੀਸ ਆਪਣੀਆਂ ਸੁਆਣੀਆਂ ਦੀ ਮੰਗਲ ਸਿੰਹਾਂ। ਦੁਨੀਆਂ ਦੀ ਹੈ ਕੋਈ ਹੋਰ ਤੀਵੀਂ, ਜਿਹੜੀ ਤਾਜ਼ੇ ਮੱਖਣ ਵਿਚ ਗੁੰਨ ਕੇ ਮਿੱਸੀਆਂ ਰੋਟੀਆਂ ਪਕਾਵੇ, ਤੇ ਵਿਚ ਮਸਾਲੇ ਵਾਲੇ ਅੰਬ ਦੇ ਆਚਾਰ ਦੀਆਂ ਫਾੜੀਆਂ ਰੱਖੇ।
ਕੋਈ ਨਹੀਂ, ਜੇ ਬਜ਼ੁਰਗ ਨੇ ਰੋਟੀ ਏਥੇ ਛਾਂਵੇਂ ਬਹਿ ਕੇ ਖਾਣੀ ਹੋਈ ਤਾਂ ਬਸੰਤੀ ਦੀ ਲਿਆਂਦੀ ਲੱਸੀ ਵੀ ਮੈਂ ਇਹਨੂੰ ਰੱਜ ਕੇ ਪਿਆ ਦਿਆਂਗਾ। ਕੀ ਯਾਦ ਕਰੇਗਾ!
ਪਰ ਮੰਗਲ ਸਿੰਹਾਂ, ਕੀ ਪਤਾ ਇਹ ਪੰਜਾਬੀ ਨਾ ਈ ਹੋਵੇ! ਇਹਦੀ ਬੁਚਕੀ ਵਿਚ ਮਿੱਸੀਆਂ ਰੋਟੀਆਂ ਦੀ ਥਾਂ ਭੁੱਜੇ ਹੋਏ ਛੋਲੇ ਈ ਹੋਣ, ਜਾਂ ਮੂੜ੍ਹੀ, ਜਾਂ ਭਾਤ, ਜਾਂ ਹੋਰ ਪਤਾ ਨਹੀਂ ਕੀ ਕੀ! ਇਹਦੀ ਸ਼ਕਲ ਈ ਐਂਜ ਦੀ ਏ, ਕੁਝ ਪਤਾ ਈ ਨਹੀਂ ਲੱਗਦਾ। ਚਲੋ, ਅਸਾਂ ਕੀ ਲੈਣਾ ਏ! ਪਰ ਜੇ ਕਿਧਰੋਂ ਬਾਹਰੋਂ ਆਇਆ ਏ, ਤਾਂ ਐਥੇ ਪੰਜਾਬ ਦੇ ਪਿੰਡਾਂ ਵਿਚ ਕਿਉਂ ਧੂੜਾਂ ਫੱਕਦਾ ਫਿਰਦਾ ਏ! ਕੀ ਧਰਿਆ ਏ ਹੁਣ ਏਥੇ! ਏਥੋਂ ਤੇ ਹੁਣ ਕੰਮ ਕਰਨ ਵਾਲੇ ਭੱਈਏ ਵੀ ਨੱਸਦੇ ਜਾਂਦੇ ਨੇ। ਇਹ ਕਿਸੇ ਕੰਮ ਦੇ ਕਾਬਲ ਤੇ ਲੱਗਦਾ ਨਹੀਂ। ਐਸ ਉਮਰੇ ਤਾਂ ਵਿਹੜੇ ਵਿਚ ਧ੍ਰਿੰਗੀ ਮੰਜੀ ਡਾਹ ਕੇ ਬਹੀਦਾ ਏ, ਆਪਣੇ ਘਰ। ਅਹਿ ਉਮਰ ਕੋਈ ਪਰਦੇਸਾਂ ਦੀ ਧੂੜ ਫੱਕਣ ਦੀ ਏ!
ਏਨੇ ਨੂੰ ਬਸੰਤ ਕੌਰ ਨੇ ਉਹਦੇ ਸਾਹਮਣੇ ਰੋਟੀਆਂ ਦੀ ਚੰਗੇਰ ਤੇ ਲੱਸੀ ਦੀ ਵਲਟੋਹੀ ਲਿਆ ਰੱਖੀ। ਪਤਾ ਈ ਨਾ ਲੱਗਾ, ਕਿਹੜੇ ਵੇਲੇ ਉਹ ਆਈ ਤੇ ਕਿਹੜੇ ਵੇਲੇ ਉਹਦੇ ਕੋਲ ਆ ਬੈਠੀ। ਉਹ ਵੀ ਓਸ ਬਜ਼ੁਰਗ ਵੱਲ ਈ ਤੱਕ ਰਹੀ ਸੀ।
ਮੰਗਲ ਸਿੰਘ ਨੇ ਮੁੱਕਾ ਮਾਰ ਕੇ ਗੰਢਾ ਭੰਨਿਆ। ਚੰਗੇਰ ਵਿਚੋਂ ਪੋਣੇ ਵਿਚ ਲਪੇਟੀਆਂ ਰੋਟੀਆਂ ਕੱਢੀਆਂ। ਅਚਾਰ ਦੀ ਮਹਿਕ ਚੁਫੇਰੇ ਖਿਲਰ ਗਈ। ਦੋ ਰੋਟੀਆਂ, ਉਤੇ ਉਹਨੇ ਅੱਧਾ ਗੰਢਾ ਤੇ ਅਚਾਰ ਦੀ ਫਾੜੀ ਰੱਖ ਕੇ ਬਜ਼ੁਰਗ ਵੱਲ ਵਧਾਈਆਂ। ਉਹਨੇ ਚੁੱਪ ਚਾਪ ਫੜ ਲਈਆਂ ਤੇ ਬੁਰਕੀ ਬੁਰਕੀ ਤੋੜ ਕੇ ਖਾਣ ਲੱਗਾ।
ਮੁਸ਼ਕਿਲ ਇਹ ਸੀ ਪਾਣੀ ਦੇ ਘੜੇ ‘ਤੇ ਮੂਧਾ ਵੱਜਾ ਕੌਲ ਇਕੋ ਈ ਸੀ। ਬਸੰਤ ਕੌਰ ਨੇ ਉਹਦੇ ਵਿਚ ਲੱਸੀ ਪਾ ਕੇ ਪਹਿਲੋਂ ਬਜ਼ੁਰਗ ਨੂੰ ਫੜਾਈ। ਉਹ ਗਟ ਗਟ ਕਰ ਕੇ ਪੀ ਗਿਆ। ਫੇਰ ਬਸੰਤ ਨੇ ਕੌਲ ਨੂੰ ਐਵੇਂ ਰਤਾ ਕੁ ਪਾਣੀ ਨਾਲ ਧੋਤਾ, ਤੇ ਦੂਜੀ ਵਾਰੀ ਭਰ ਕੇ ਮੰਗਲ ਸਿੰਘ ਦੇ ਅੱਗੇ ਧਰ ਦਿੱਤਾ। ਉਹ ਵੀ ਗਟ ਗਟ ਕਰ ਕੇ ਪੀ ਗਿਆ। ਲੱਸੀ ਥੁੜ ਨਾ ਜਾਏ, ਬਸੰਤ ਕੌਰ ਨੇ ਆਪ ਘੜੇ ਵਿਚੋਂ ਭਰ ਕੇ ਪਾਣੀ ਪੀ ਲਿਆ।
ਰੋਟੀ ਖਾਂਦਿਆਂ ਉਸ ਬਜ਼ੁਰਗ ਨੇ ਨਾ ਇਕ ਵਾਰੀ ਮੰਗਲ ਸਿੰਘ ਵੱਲ ਤੱਕਿਆ, ਨਾ ਬਸੰਤ ਕੌਰ ਵੱਲ। ਉਹ ਤਾਂ ਖੈਰ ਇਹੀ ਸਮਝਦੀ ਰਹੀ ਕਿ ਉਹ ਉਹਦੇ ਘਰਵਾਲੇ ਦਾ ਕੋਈ ਪਛਾਣੂੰ ਹੋਵੇਗਾ ਕਿਉਂਕਿ ਉਹ ਜਦੋਂ ਆਈ ਸੀ, ਦੋਵੇਂ ਟਾਹਲੀ ਹੇਠਾਂ ਬੈਠੇ ਸਨ।
ਬਸੰਤ ਕੌਰ ਰੋਟੀ ਖੁਆ ਕੇ ਵਾਪਸ ਮੁੜ ਗਈ ਪਿੰਡ ਨੂੰ।
ਉਹ ਬਜ਼ੁਰਗ ਅਜੇ ਵੀ ਓਥੇ ਹੀ, ਟਾਹਲੀ ਹੇਠਾਂ, ਬੁਚਕੀ ਨੂੰ ਢਿੱਡ ਨਾਲ ਘੁੱਟੀ ਬੈਠਾ ਸੀ ਤੇ ਜਮੀਨ ਵੱਲ ਤੱਕ ਰਿਹਾ ਸੀ ਜਿਵੇਂ ਮਿੱਟੀ ਵਿਚ ਤੁਰਦੀਆਂ ਕੀੜੀਆਂ ਗਿਣ ਰਿਹਾ ਹੋਵੇ।
ਮੰਗਲ ਸਿੰਘ ਨੇ ਈ ਚੁੱਪ ਤੋੜੀ, ‘ਜੇ ਲੱਕ ਸਿੱਧਾ ਕਰਨਾ ਏ ਤਾਂ ਚਾਦਰਾ ਵਿਛਾ ਦੇਵਾਂ?’ ਤੇ ਉਹ ਬਜ਼ੁਰਗ ਯਕਦਮ ਓਥੇ ਹੀ ਲੇਟ ਗਿਆ, ਭੂਰੀ ਮਿੱਟੀ ਵਿਚ, ਟਾਹਲੀ ਦੀ ਛਾਂ ਹੇਠਾਂ, ਓਹੀ ਬੁਚਕੀ ਸਿਰ ਹੇਠਾਂ ਰੱਖਣ ਲੱਗਿਆਂ ਉਹਨੇ ਬੁਚਕੀ ਨੂੰ ਏਸ ਤਰ੍ਹਾਂ ਜਮੀਨ ‘ਤੇ ਰੱਖਿਆ, ਜਿਵੇਂ ਉਹਦੇ ਵਿਚ ਕੱਚ ਹੋਵੇ ਜਿਹਦੇ ਟੁੱਟਣ ਦਾ ਉਹਨੂੰ ਡਰ ਸੀ। ਬੁਚਕੀ ‘ਤੇ ਸਿਰ ਰੱਖ ਕੇ ਉਹਨੇ ਅੱਖਾਂ ਮੀਟ ਲਈਆਂ। ‘ਵਿਚਾਰਾ! ਡਾਢਾ ਥੱਕਿਆ ਜਾਪਦਾ ਏ!’ ਮੰਗਲ ਸਿੰਘ ਨੇ ਸੋਚਿਆ।
ਇਕ ਵਾਰੀ ਤਾਂ ਖਿਆਲ ਆਇਆ, ਸੌਣ ਦਿਓ ਵਿਚਾਰੇ ਨੂੰ। ਪਰ ਫੇਰ ਸੋਚਿਆ, ਬੁਚਕੀ ਵਿਚ ਜ਼ਰੂਰ ਕੋਈ ਖਤਰਨਾਕ ਚੀਜ਼ ਏ। ਸ਼ਾਇਦ ਬੰਬ ਈ ਹੋਵੇ। ਏਸ ਕਰ ਕੇ ਉਹਨੂੰ ਏਸ ਤਰ੍ਹਾਂ ਅਡੋਲ ਰੱਖ ਰਿਹਾ ਸੀ। ਸੋ ਉਹਨੇ ਪੁਛ ਈ ਲਿਆ, ‘ਕਿਧਰੋਂ ਆਏ ਓ ਬਜ਼ੁਰਗੋ?’
ਬਜ਼ੁਰਗ ਨੇ ਅੱਖਾਂ ਖੋਲ੍ਹੀਆਂ। ਉਹਦੀਆਂ ਅੱਖਾਂ ਵਿਚ ਯੁਗਾਂ ਪੁਰਾਣੀ ਥਕਾਵਟ ਤੇ ਨਾਉਮੀਦੀ ਸੀ। ਫੇਰ ਵੀ ਕੁਝ ਹੈ ਸੀ ਉਨ੍ਹਾਂ ਅੱਖਾਂ ਵਿਚ। ਕੋਈ ਰੌਸ਼ਨੀ ਜਿਹੀ। ਹਨੇਰੇ ਵਿਚ ਦੂਰ ਜਗਦੀ ਧੁੰਦਲੀ ਲਾਲਟੈਣ ਦੀ ਮੱਧਮ ਜਿਹੀ ਲੋਅ ਵਰਗੀ।
ਪਲ ਦਾ ਪਲ ਉਹ ਆਪਣੀਆਂ ਉਦਾਸ ਤੇ ਕੰਬਦੀ, ਮੱਧਮ ਲੋਅ ਵਾਲੀਆਂ ਅੱਖਾਂ ਨਾਲ ਮੰਗਲ ਸਿੰਘ ਦੇ ਚਿਹਰੇ ਵੱਲ ਤੱਕਦਾ ਰਿਹਾ। ਚੁੱਪ ਚਾਪ।
‘ਕਿਧਰ ਨੂੰ ਜਾ ਰਹੇ ਓ?’ ਮੰਗਲ ਸਿੰਘ ਨੇ ਦੂਜਾ ਸੁਆਲ ਕੀਤਾ।
‘ਕਿਧਰੇ ਵੀ ਨਹੀਂ।’
‘ਪਰ ਐਨੀ ਸੜਦੀ ਦੁਪਹਿਰੇ ਬੰਦਾ ਪੈਂਡਾ ਮਾਰਦਾ ਏ, ਤਾਂ ਕਿਧਰੇ ਤਾਂ ਜਾਣਾ ਈ ਹੁੰਦਾ ਏ ਨਾ ਉਹਨੇ!’ ਮੰਗਲ ਸਿੰਘ ਦੇ ਮਨ ਵਿਚ ਹੈਰਾਨੀ ਵੀ ਤੇ ਸ਼ੱਕ ਵੀ ਵਧਦੇ ਜਾ ਰਹੇ ਸਨ।
‘ਕਿਧਰੇ ਵੀ ਨਹੀਂ। ਬੱਸ, ਐਵੇਂ ਈ ਨਿਕਲ ਤੁਰਿਆ। ਦਿਲ ਉਚਾਟ ਹੋ ਗਿਆ ਸੀ। ਨਿਕਲ ਤੁਰਿਆ।’
‘ਨਾਂ ਕੀ ਏ ਬਾਬਾ ਜੀ ਆਪਣਾ?’
‘ਨਾਂ?’
‘ਆਹੋ, ਨਾਂ!’
‘ਮੇਰਾ ਨਾਂ ਰੱਬ ਏ।’
‘ਡਮਾਕ ਹਿੱਲ ਗਿਆ ਬੁੜ੍ਹੇ ਦਾ ਧੁੱਪ ਵਿਚ ਮੰਗਲ ਸਿੰਹਾਂ।’ ਮੰਗਲ ਸਿੰਘ ਮੁੱਛਾਂ ਵਿਚ ਨਿੰਮ੍ਹਾ ਜਿਹਾ ਮੁਕਰਾਇਆ।
‘ਰੱਬ?’
‘ਆਹੋ, ਰੱਬ।’
‘ਰੱਬ, ਯਾਨਿ ਵਾਹਿਗੁਰੂ?’
‘ਜੋ ਵੀ ਕਹਿ ਲਓ। ਮੇਰਾ ਨਾਂ ਰੱਬ ਐ।’
‘ਤੇ ਰੱਬ ਜੀ, ਤੁਸੀਂ ਏਥੇ ਕਿਥੇ ਧੂੜਾਂ ਫੱਕਦੇ ਫਿਰਦੇ ਓ?’
‘ਬੱਸ, ਮਨ ਉਚਾਟ ਹੋ ਗਿਆ, ਤੇ ਮੈਂ ਛੁੱਟੀ ਲੈ ਲਈ।’
‘ਤੁਹਾਨੂੰ ਛੁੱਟੀ ਲੈਣੀ ਪੈਂਦੀ ਏ? ਕਿਹਦੇ ਕੋਲੋਂ?’
‘ਆਪਣੇ ਆਪ ਕੋਲੋਂ ਈ। ਹੋਰ ਕਿਹਦੇ ਕੋਲੋਂ!’ ਬਜ਼ੁਰਗ ਬੇਦਿਲੀ ਜਿਹੀ ਨਾਲ ਬੋਲਿਆ।
‘ਰੱਬ? ਇਸ ਤਰ੍ਹਾਂ ਹੋ ਸਕਦਾ ਏ ਮੰਗਲ ਸਿੰਹਾਂ! ਅਸਮਾਨਾਂ ‘ਤੇ ਆਰਾਮ ਨਾਲ ਰਹਿਣ ਵਾਲਾ ਰੱਬ! ਤਾਰਿਆਂ ਵਿਚ ਸੈਰ ਕਰਨ ਵਾਲਾ! ਚੰਨ ਤੇ ਸੂਰਜ ਦੇ ਦੀਵੇ ਬਾਲਣ ਵਾਲਾ! ਸੱਤਾਂ ਰੰਗਾਂ ਵਾਲੀਆਂ ਪੀਂਘਾਂ ਝੂਟਣ ਵਾਲਾ! ਮਸ਼ਕਰੀ ਕਰਦਾ ਏ ਬੁੜ੍ਹਾ!’ ਮੰਗਲ ਨੇ ਮਨ ਵਿਚ ਸੋਚਿਆ।
ਰੱਬ ਨੇ ਜਿਵੇਂ ਉਹਦੇ ਮਨ ਵਿਚ ਤੁਰਦੀ ਗੱਲ ਸੁਣ ਲਈ। ਕਹਿਣ ਲੱਗਾ, ‘ਨਹੀਂ, ਮਸ਼ਕਰੀ ਨਹੀਂ ਕਰਦਾ ਮੈਂ। ਸੱਚਮੁੱਚ ਰੱਬ ਹਾਂ। ਮੈਂ ਵੇਖਿਆ, ਇਹ ਦੁਨੀਆਂ ਮੈਂ ਕਾਹਦੇ ਲਈ ਬਣਾ ਧਰੀ ਏ। ਬੰਦਾ ਬੰਦੇ ਨੂੰ ਖਾਈ ਜਾਂਦਾ ਏ। ਦੁਨੀਆਂ ਬਣਾਉਣ ਵੇਲੇ ਇਹ ਤੇ ਮੈਂ ਸੋਚਿਆ ਈ ਨਹੀਂ ਸੀ।’
‘ਪਰ ਰੱਬ ਓ ਜੇ ਤੁਸੀਂ ਬਾਈ, ਤਾਂ ਇਕ ਡੰਡਾ ਘੁਮਾਉਂਦੇ ਤੇ ਸਾਰਿਆਂ ਦੀ ਹੋਸ਼ ਟਿਕਾਣੇ ਲੈ ਆਉਂਦੇ, ਛੁੱਟੀ ਕਾਹਨੂੰ ਕਰਨੀ ਸੀ।’
‘ਨਹੀਂ, ਮੈਂ ਥੱਕ ਗਿਆਂ। ਮੇਰਾ ਈ ਨਾਂ ਲੈ ਲੈ ਕੇ ਲੋਕੀਂ ਇਕ ਦੂਜੇ ਨੂੰ ਵੱਢੀ ਟੁੱਕੀ ਜਾਂਦੇ ਨੇ। ਮੈਂ ਸੋਚਿਆ, ਜੇ ਮੈਂ ਈ ਛੁੱਟੀ ਕਰ ਲਵਾਂ ਤਾਂ ਸ਼ਾਇਦ ਇਹ ਵੱਢ ਟੁੱਕ ਖਤਮ ਹੋ ਜਾਵੇ।’
‘ਹੋ ਜਾਵੇਗੀ ਖਤਮ?’
‘ਕੀ ਪਤਾ!’ ਤੇ ਰੱਬ ਨੇ ਹੋਕਾ ਭਰਿਆ।
ਵਿਚਾਰਾ ਦਿਲ ਛੱਡ ਬੈਠਾ ਏ। ਬਹੁਤਾ ਹੀ ਉਦਾਸ ਹੋ ਗਿਆ ਏ। ਮੰਗਲ ਸਿੰਘ ਨੇ ਸੋਚਿਆ।
‘ਉਦਾਸ ਜਿਹਾ ਉਦਾਸ! ਮੈਂ ਤੇ ਥੱਕ ਗਿਆਂ ਬਿਲਕੁਲ! ਤੇਰੇ ਘਰ ਵਿਚ ਇਕ ਵਾਧੂ ਮੰਜੀ ਹੈ? ਮੈਂ ਬਾਹਰ ਵਿਹੜੇ ਵਿਚ ਈ ਸੌਂ ਜਾਵਾਂਗਾ ਰਾਤੀਂ। ਤੜਕੇ ਤੁਰ ਜਾਵਾਂਗਾ।’
‘ਪਰ ਮੈਂ ਤੇ ਹਾਲੀ ਹਲ ਵਾਹੁਣਾ ਏ।’
‘ਕੋਈ ਨਹੀਂ ਸਾਊ! ਤੂੰ ਆਪਣਾ ਕੰਮ ਕਰ। ਮੈਂ ਏਥੇ ਟਾਹਲੀ ਦੀ ਛਾਂਵੇਂ ਆਰਾਮ ਵਿਚ ਆਂ। ਝਪਕੀ ਲੈ ਲਵਾਂਗਾ। ਤੇ ਫੇਰ ਤੇਰੇ ਘਰ ਚਲਾਂਗੇ।’
ਮੰਗਲ ਸਿੰਘ ਦੀ ਸਮਝ ਵਿਚ ਕੁਝ ਨਹੀਂ ਸੀ ਆ ਰਿਹਾ। ਉਹਨੇ ਉਠ ਕੇ ਬਲਦਾਂ ਨੂੰ ਪਾਣੀ ਪਿਆਇਆ, ਪੱਠੇ ਪਾਏ ਤੇ ਫੇਰ ਹਲ ਵਾਹੁਣ ਲੱਗਾ।
ਸੂਰਜ ਢਲ ਗਿਆ ਸੀ। ਉਹਨੇ ਬਲਦ ਖੋਲ੍ਹੇ, ਹਲ ਮੋਢੇ ‘ਤੇ ਰੱਖਿਆ ਤੇ ਬਜ਼ੁਰਗ ਨੂੰ ਕਿਹਾ, ‘ਚਲਣਾ ਚਾਹੀਦਾ ਏ। ਤਰਕਾਲਾਂ ਪੈਣ ਲੱਗੀਆਂ। ਅੱਜ ਕੱਲ੍ਹ ਤਰਕਾਲਾਂ ਪੈਣ ਤੋਂ ਪਹਿਲਾਂ ਪਹਿਲਾਂ ਘਰ ਅਪੜ ਜਾਣਾ ਚਾਹੀਦਾ ਏ। ਸਮੇਂ ਬਹੁਤ ਖਰਾਬ ਨੇ।’
ਤੇ ਬਜ਼ੁਰਗ ਆਪਣੀ ਜੁੱਤੀ ਪੈਰਾਂ ਵਿਚ ਅੜਾ ਕੇ, ਚਾਦਰਾ ਮੋਢੇ ਤੇ ਸੁੱਟ ਕੇ, ਤੇ ਬੁਚਕੀ ਢਿੱਡ ਨਾਲ ਲਾ ਕੇ ਉਹਦੇ ਨਾਲ ਤੁਰ ਪਿਆ।
‘ਰੱਬਾ, ਖੈਰ ਕਰੀਂ। ਪਤਾ ਨਹੀਂ ਉਚੱਕਾ ਈ ਹੋਵੇ। ਜਾਂ ਅਤਿਵਾਦੀਆਂ ਦੇ ਕਿਸੇ ਗਰੋਹ ਦਾ ਬੰਦਾ। ਘਰ ਲਿਜਾਣਾ ਠੀਕ ਰਹੇਗਾ ਇਹਨੂੰ?’ ਮੰਗਲ ਸਿੰਘ ਸੋਚ ਰਿਹਾ ਸੀ।
‘ਤੂੰ ਮੇਰੇ ਕੋਲੋਂ ਖੈਰ ਮੰਗ ਰਿਹਾ ਏਂ? ਮੈਂ ਤੇ ਹੁਣ ਕੁਝ ਵੀ ਦੇਣ ਜੋਗਾ ਨਹੀਂ। ਮੈਂ ਤੇ ਛੁੱਟੀ ‘ਤੇ ਆਂ।’ ਬਜ਼ੁਰਗ ਬੋਲਿਆ।
‘ਅਜੀਬ ਗੱਲ ਏ!’ ਮੰਗਲ ਸਿੰਘ ਸੋਚਣ ਲੱਗਾ। ਇਹਨੂੰ ਮੇਰੇ ਮਨ ਦੀ ਗੱਲ ਦਾ ਕਿਸ ਤਰ੍ਹਾਂ ਪਤਾ ਲੱਗ ਜਾਂਦਾ ਏ।’
ਘਰ ਆਏ ਓਸੇ, ਦੁਪਹਿਰ ਵਾਲੇ ਪ੍ਰਾਹੁਣੇ ਨੂੰ ਤੱਕ ਕੇ ਬਸੰਤ ਕੌਰ ਪਰਾਤ ਵਿਚ ਹੋਰ ਆਟਾ ਗੁੰਨ੍ਹਣ ਲੱਗ ਪਈ। ਚੁੱਪ-ਚਾਪ।
ਰੋਟੀ ਖਾ ਲਈ ਸਭ ਨੇ।
ਵਿਹੜੇ ਵਿਚ ਮੰਜਾ ਡਾਹ ਦਿੱਤਾ। ਉਤੇ ਖੇਸ ਵਿਛਾ ਦਿੱਤਾ।
ਬਜ਼ੁਰਗ ਨੇ ਜੁੱਤੀ ਝਾੜ ਕੇ ਮੰਜੇ ਹੇਠਾਂ ਰੇਹੜ ਦਿੱਤੀ। ਤੇ ਫੇਰ ਓਸ ਬੁਚਕੀ ਨੂੰ ਅਡੋਲ ਜਿਹੇ, ਹੱਥ ਨਾਲ ਥਾਪੜ ਕੇ ਸਰ੍ਹਾਣੇ ਰੱਖ ਲਿਆ ਤੇ ਉਤੇ ਆਪਣਾ ਸਿਰ ਟਿਕਾ ਕੇ ਲੇਟ ਗਿਆ।
‘ਜੇ ਬੁਰਾ ਨਾ ਮਨਾਵੋ, ਤਾਂ ਇਕ ਗੱਲ ਪੁੱਛਾਂ?’ ਮੰਗਲ ਸਿੰਘ ਨੇ ਹੌਲੀ ਜਿਹੀ ਕਿਹਾ।
‘ਕੀ ਗੱਲ?’
‘ਐਸ ਬੁਚਕੀ ਵਿਚ ਕੀ ਏ ਜਿਦ੍ਹਾ ਤੁਸੀਂ ਭੋਰਾ ਵਸਾਹ ਨਹੀਂ ਖਾਂਦੇ?’
ਲੱਗਾ, ਬਜ਼ੁਰਗ ਦੇ ਚਿਹਰੇ ‘ਤੇ ਇਕ ਨਰਮ ਜਿਹੀ ਮੁਸਕਰਾਹਟ ਆਈ। ਕਹਿਣ ਲੱਗਾ, ”ਐਹਦੇ ਵਿਚ ਬੱਸ ਲੱਪ ਕੁ ਤਾਰੇ ਨੇ, ਟੋਟਾ ਕੁ ਬੱਦਲ, ਚਿੜੀਆਂ ਦੀ ਸਵੇਰ-ਸਾਰ ਦੀ ਚਹਿਚਹਾਟ, ਨਵੀਆਂ ਫੁੱਟਦੀਆਂ ਕਰੂੰਬਲਾਂ, ਘਾਹ ਦੀਆਂ ਤਿੜ੍ਹਾਂ, ਤਰੇਲ ਦੇ ਕੁਝ ਤੁਪਕੇ, ਨਦੀਆਂ ਦਰਿਆਵਾਂ ਦਾ ਚੂਲੀ ਕੁ ਪਾਣੀ, ਪੰਘੂੜੇ ਵਿਚ ਪਏ ਬੱਚੇ ਦੀ ਪਹਿਲੀ ਕਿਲਕਾਰੀ। ਮੈਂ ਸੋਚਿਆ, ਇਹ ਤਾਂ ਬਚਾ ਲਵਾਂ।’
ਤੇ ਉਹਨੇ ਅੱਖਾਂ ਮੀਟ ਲਈਆਂ, ਤੇ ਬੁਚਕੀ ‘ਤੇ ਸਿਰ ਰੱਖ ਕੇ ਸੌਂ ਗਿਆ।