ਸੁਖਦੇਵ ਮਾਦਪੁਰੀ
ਫੋਨ: 91-94630-34472
ਪੂਰਨ ਭਗਤ ਦੀ ਲੋਕ ਗਾਥਾ ਦਾ ਪੰਜਾਬੀਆਂ ਦੇ ਜੀਵਨ ‘ਤੇ ਅਮਿਟ ਪ੍ਰਭਾਵ ਹੈ| ਇਸ ਕਥਾ ਦੇ ਤਿੰਨ ਪ੍ਰਮੁੱਖ ਪਾਤਰ ਹਨ-ਪੂਰਨ, ਲੂਣਾ ਅਤੇ ਰਾਣੀ ਸੁੰਦਰਾਂ| ਪੂਰਨ ਸਮਾਜਕ ਮਰਯਾਦਾ ਅਤੇ ਸਦਾਚਾਰਕ ਕਦਰਾਂ ਕੀਮਤਾਂ ਦਾ ਅਲੰਬਰਦਾਰ ਹੈ| ਲੂਣਾ ਉਸ ਸਮੇਂ ਦੇ ਸਮਾਜ ਵੱਲੋਂ ਉਸ ਨਾਲ ਹੋਈ ਬੇਇਨਸਾਫੀ ਅਨਜੋੜ ਵਿਆਹੁਤਾ ਜੀਵਨ ਸਦਕਾ, ਅਤ੍ਰਿਪਤ, ਕਾਮੁਕ ਤ੍ਰਿਸ਼ਨਾਵਾਂ ਅਤੇ ਭਾਵਨਾਵਾਂ ਦੀ ਸ਼ਿਕਾਰ ਮਨਮੋਹਣੀ ਮੁਟਿਆਰ ਹੈ| ਰਾਣੀ ਸੁੰਦਰਾਂ ਇਕ ਅਜਿਹੀ ਹੁਸੀਨ ਔਰਤ ਹੈ ਜੋ ਜੋਗੀ ਬਣੇ ਪੂਰਨ ਨੂੰ ਵੇਖਦਿਆਂ ਸਾਰ ਹੀ ਉਸ ‘ਤੇ ਫਿਦਾ ਹੋ ਜਾਂਦੀ ਹੈ।…ਜਦੋਂ ਪੂਰਨ ਉਸ ਨੂੰ ਛੱਡ ਕੇ ਤੁਰ ਜਾਂਦਾ ਹੈ ਤਾਂ ਉਹ ਉਸ ਦਾ ਵਿਛੋੜਾ ਨਾ ਝਲਦੀ ਹੋਈ ਮਹਿਲਾਂ ਤੋਂ ਛਾਲ ਮਾਰ ਕੇ ਆਪਣੀ ਜਾਨ ਕੁਰਬਾਨ ਕਰਕੇ ਮੂੰਹ ਜ਼ੋਰ ਮੁਹੱਬਤ ਦਾ ਪ੍ਰਤੀਕ ਬਣ ਜਾਂਦੀ ਹੈ|
ਪੰਜਾਬ ਦੀਆਂ ਮੁਟਿਆਰਾਂ ਨੇ ਲੂਣਾ ਤੇ ਰਾਣੀ ਸੁੰਦਰਾਂ ਦੇ ਦਰਦ ਦੀ ਵੇਦਨਾ ਅਤੇ ਪੂਰਨ ਦੇ ਜਤਿ-ਸਤਿ ਦੀ ਭਾਵਨਾ ਨੂੰ ਬਿਆਨ ਕਰਦੇ ਵੇਦਨਾਤਮਕ ਸੁਰ ਵਾਲੇ ਅਨੇਕਾਂ ਲੋਕ ਗੀਤਾਂ ਦੀ ਸਿਰਜਣਾ ਕੀਤੀ ਹੈ ਜਿਨ੍ਹਾਂ ਨੂੰ ਸੁਣ ਕੇ ਪੂਰਨ ਭਗਤ ਦੀ ਲੋਕ ਗਾਥਾ ਨੈਣਾਂ ਅੱਗੇ ਸਾਕਾਰ ਹੋ ਜਾਂਦੀ ਹੈ|
ਮੱਧਕਾਲ ਵਿਚ ਪੱਛਮੀ ਪੰਜਾਬ ਦੇ ਸਿਆਲਕੋਟ ਦੇ ਇਲਾਕੇ ‘ਤੇ ਸਲਵਾਨ ਦਾ ਰਾਜ ਸੀ| ਉਹ ਇੱਕ ਆਸ਼ਕ ਮਿਜ਼ਾਜ ਅਤੇ ਮੌਜ ਮਸਤੀ Ḕਚ ਰਹਿਣ ਵਾਲਾ ਰਾਜਾ ਸੀ| ਢਲਦੀ ਉਮਰੇ ਉਸ ਦੀ ਰਾਣੀ ਇਛਰਾਂ ਦੀ ਕੁੱਖੋਂ ਪੂਰਨ ਦਾ ਜਨਮ ਹੋਇਆ ਜਿਸ ਨੂੰ ਉਸ ਨੇ ਜੋਤਸ਼ੀਆਂ ਦੇ ਆਖੇ ਲੱਗ ਕੇ ਪੂਰੇ ਬਾਰਾਂ ਵਰ੍ਹੇ ਆਪਣੀਆਂ ਅੱਖੀਆਂ ਤੋਂ ਦੂਰ ਭੋਰੇ ਵਿਚ ਰੱਖਣ ਦਾ ਹੁਕਮ ਸੁਣਾ ਦਿੱਤਾ| ਇੱਛਰਾਂ ਦੀ ਕਿਸੇ ਇੱਕ ਨਾ ਮੰਨੀ| ਉਹ ਪੁੱਤਰ ਦੇ ਵਿਯੋਗ ਵਿਚ ਹੰਝੂ ਕੇਰਦੀ ਰਹੀ| ਸਲਵਾਨ ਨੇ ਢਲਦੀ ਉਮਰੇ ਐਸ਼ ਪ੍ਰਸਤੀ ਲਈ ਮੁਟਿਆਰ ਲੂਣਾ ਨੂੰ ਆਪਣੀ ਦੂਜੀ ਰਾਣੀ ਬਣਾ ਲਿਆ| ਬਾਰਾਂ ਵਰ੍ਹੇ ਬੀਤਣ ਮਗਰੋਂ ਪੂਰਨ ਭੋਰਿਓਂ ਬਾਹਰ ਆਇਆ- ਯੋਗ ਸਾਧਨਾ ਦੇ ਸੋਧੇ ਰੂਪ ਦੀ ਸਾਕਾਰ ਮੂਰਤ| ਸਲਵਾਨ ਨੇ ਉਹਨੂੰ ਪਹਿਲਾਂ ਆਪਣੀਆਂ ਮਾਂਵਾਂ ਨੂੰ ਮਿਲਣ ਦਾ ਹੁਕਮ ਸੁਣਾ ਦਿੱਤਾ| ਗੋਲੀਆਂ ਉਸ ਨੂੰ ਇੱਛਰਾਂ ਦੇ ਮਹਿਲੀਂ ਲੈ ਆਈਆਂ ਪੂਰਨ ਨੂੰ ਵੇਖਦੇ ਸਾਰ ਹੀ ਇੱਛਰਾਂ ਦੀਆਂ ਅੱਖਾਂ ਵਿਚੋਂ ਅੱਥਰੂ ਵਹਿ ਤੁਰੇ| ਪੂਰਨ ਨੇ ਮਾਂ ਦੇ ਚਰਨ ਛੂਹੇ| ਮਾਂ ਦਾ ਚਾਅ ਝੱਲਿਆ ਨਹੀਂ ਸੀ ਜਾਂਦਾ ਪਰੰਤੂ ਉਹਨੇ ਪੂਰਨ ਨੂੰ ਪਹਿਲਾਂ ਮਤ੍ਰੇਈ ਮਾਂ ਲੂਣਾ ਨੂੰ ਮਿਲ ਆਉਣ ਲਈ ਗੋਲੀਆਂ ਨਾਲ ਭੇਜ ਦਿੱਤਾ| ਸ਼ਾਹੀ ਮਹਿਲਾਂ Ḕਚ ਪਹਿਲਾ ਮਹਿਲ ਮਤ੍ਰੇਈ ਮਾਂ ਲੂਣਾ ਦਾ ਸੀ| ਲੂਣਾ Ḕਤੇ ਕਹਿਰਾਂ ਦਾ ਰੂਪ ਚੜ੍ਹਿਆ ਹੋਇਆ ਸੀ| ਜਦੋਂ ਦੀ ਉਹ ਇਸ ਮਹਿਲ ਵਿਚ ਆਈ ਸੀ, ਉਸ ਨੇ ਸਲਵਾਨ ਤੋਂ ਬਿਨਾ ਕਿਸੇ ਮਰਦ ਦਾ ਮੂੰਹ ਨਹੀਂ ਸੀ ਦੇਖਿਆ| ਉਹਦੀ ਦੇਖ ਭਾਲ ਲਈ ਗੋਲੀਆਂ ਸਨ| ਮਰਦ ਜਾਤ ਨੂੰ ਮਹਿਲਾਂ ਵਿਚ ਆਉਣ ਦੀ ਮਨਾਹੀ ਸੀ| ਲੂਣਾ ਢਲਦੀ ਉਮਰ ਦੇ ਸਲਵਾਨ ਤੋਂ ਖੁਸ਼ ਨਹੀਂ ਸੀ| ਉਹ ਇਕ ਅਤ੍ਰਿਪਤ ਔਰਤ ਸੀ| ਰੂਪਵਾਨ ਪੂਰਨ ਨੂੰ ਵੇਖਦੇ ਸਾਰ ਹੀ ਉਹ ਆਪਣੀ ਸੁੱਧ-ਬੁੱਧ ਗੁਆ ਬੈਠੀ| ਸਭ ਨੈਤਿਕ ਕਦਰਾਂ ਕੀਮਤਾਂ ਛੱਡ ਕੇ ਉਹਨੇ ਪੂਰਨ ਨੂੰ ਪਤਿਆਉਣ ਦੇ ਯਤਨ ਕੀਤੇ, ਤਰਲੇ ਲਏ ਅਤੇ ਆਪਣੀ ਜਵਾਨੀ ਦਾ ਵਾਸਤਾ ਵੀ ਪਾਇਆ। ਲੂਣਾ ਪੂਰਨ ਅੱਗੇ ਵਿਛ-ਵਿਛ ਜਾ ਰਹੀ ਸੀ ਪਰੰਤੂ ਪੂਰਨ ਉਤੇ ਉਹਦੀ ਭਖਦੀ ਜੁਆਨੀ ਅਤੇ ਤਰਲਿਆਂ ਦਾ ਕੋਈ ਵੀ ਅਸਰ ਨਹੀਂ ਸੀ ਹੋ ਰਿਹਾ|
ਆਖਰ ਪੂਰਨ ਨੇ ਆਪਣੇ ਮਨ ਨਾਲ ਨਿਰਣਾ ਲਿਆ ਤੇ ਲੂਣਾ ਤੋਂ ਅੱਖ ਬਚਾ ਕੇ ਫੁਰਤੀ ਨਾਲ ਉਹਦੇ ਮਹਿਲਾਂ ਤੋਂ ਬਾਹਰ ਨਿਕਲ ਆਇਆ। ਲੂਣਾ ਨੂੰ ਰੋਸ ਸੀ ਕਿ ਪੂਰਨ ਨੇ ਉਹਦੀ ਕਾਮਨਾ ਪੂਰੀ ਨਹੀਂ ਕੀਤੀ ਤੇ ਉਹ ਹੁਣ ਉਸ ਪਾਸੋਂ ਆਪਣੀ ਹੇਠੀ ਦਾ ਬਦਲਾ ਲੈਣ ਲਈ ਨਾਗਣ ਦਾ ਰੂਪ ਧਾਰੀ ਬੈਠੀ ਸੀ| ਆਥਣ ਸਮੇਂ ਜਦੋਂ ਸਲਵਾਨ ਲੂਣਾ ਦੇ ਮਹਿਲੀਂ ਆਇਆ ਤਾਂ ਉਸ ਨੇ ਤ੍ਰਿਆ ਚਰਿਤਰ ਨਾਲ ਪੂਰਨ ਉਤੇ ਉਸ ਦੀ ਇੱਜਤ ਲੁੱਟਣ ਦਾ ਯਤਨ ਕਰਨ ਦੀ ਝੂਠੀ ਤੁਹਮਤ ਲਾ ਕੇ ਸਲਵਾਨ ਦੇ ਮਨ ‘ਚ ਪੂਰਨ ਵਿਰੁਧ ਜ਼ਹਿਰ ਘੋਲ ਦਿੱਤਾ|
ਅਗਲੀ ਭਲਕ ਸਲਵਾਨ ਨੇ ਭਰੇ ਦਰਵਾਰ ਵਿਚ ਪੂਰਨ ਨੂੰ ਤਲਬ ਕਰ ਲਿਆ ਤੇ ਉਸ ਉਤੇ ਆਪਣੀ ਮਾਂ ਵਰਗੀ ਲੂਣਾ ‘ਤੇ ਮੈਲੀਆਂ ਨਜ਼ਰਾਂ ਨਾਲ ਵੇਖਣ ਦਾ ਦੋਸ਼ ਲਾਉਂਦਿਆਂ ਉਸ ਨੂੰ ਕਤਲ ਕਰਨ ਦਾ ਹੁਕਮ ਦੇ ਦਿੱਤਾ| ਬੇਗੁਨਾਹ ਪੂਰਨ ਦੀ ਕਿਸੇ ਇੱਕ ਨਾ ਸੁਣੀ| ਜੱਲਾਦ ਪੂਰਨ ਨੂੰ ਕਤਲ ਕਰਨ ਲਈ ਜੰਗਲ Ḕਚ ਲੈ ਗਏ ਤੇ ਉਹਨੂੰ ਵੱਢ ਟੁੱਕ ਕੇ ਇੱਕ ਵੀਰਾਨ ਖੂਹ ਵਿਚ ਧੱਕਾ ਦੇ ਆਏ ਤੇ ਰਾਜੇ ਨੂੰ ਆਖ ਦਿੱਤਾ ਕਿ ਉਹ ਉਹਨੂੰ ਮਾਰ ਮੁਕਾ ਆਏ ਹਨ|
ਕੁਦਰਤ ਦੀ ਕਰਨੀ ਵੇਖੋ, ਕੁਝ ਸਮੇਂ ਮਗਰੋਂ ਜੋਗੀਆਂ ਦਾ ਇੱਕ ਟੋਲਾ ਉਸੇ ਖੂਹ Ḕਤੇ ਆਣ ਉਤਰਿਆ| ਇੱਕ ਜੋਗੀ ਨੇ ਪਾਣੀ ਭਰਨ ਲਈ ਜਦੋ ਖੂਹ ਵਿਚ ਢੋਲ ਵਰਾਇਆ ਤਾਂ ਉਸ ਨੂੰ ਕਿਸੇ ਪੁਰਸ਼ ਦੇ ਕਰਾਹੁਣ ਦੀ ਆਵਾਜ਼ ਸੁਣੀ| ਉਹਨੇ ਜੋਗੀਆਂ ਕੋਲ ਆ ਕੇ ਗੱਲ ਕੀਤੀ, ਉਨ੍ਹਾਂ ਪੂਰਨ ਨੂੰ ਖੂਹ ਵਿਚੋਂ ਕੱਢ ਲਿਆ ਅਤੇ ਆਪਣੇ ਗੁਰੂ ਗੋਰਖ ਨਾਥ ਦੇ ਟਿੱਲੇ ‘ਤੇ ਲੈ ਆਏ| ਗੋਰਖ ਦੀ ਤੀਮਾਰਦਾਰੀ, ਸਨੇਹ ਅਤੇ ਮੁਰੱਵਤ ਦੇ ਥਾਪੜੇ ਨੇ ਉਸ ਨੂੰ ਕੁਝ ਦਿਨਾਂ ਵਿਚ ਹੀ ਨੌਂ ਬਰ ਨੌਂ ਕਰ ਦਿੱਤਾ| ਗੋਰਖ ਨਾਥ ਦੀ ਤਲਿਸਮੀ ਸ਼ਖਸੀਅਤ ਨੇ ਪੂਰਨ ਨੂੰ ਅਜਿਹਾ ਕੀਲਿਆ ਕਿ ਉਹਨੇ ਆਪਣੇ ਆਪ ਨੂੰ ਗੋਰਖ ਦੇ ਚਰਨਾਂ Ḕਚ ਅਰਪਣ ਕਰ ਦਿੱਤਾ ਤੇ ਜੋਗ ਸਾਧਨਾ ਵਿਚ ਜੁਟ ਗਿਆ| ਤਿਆਗ ਦੀ ਮੂਰਤ ਬਣੇ ਪੂਰਨ ਨੇ ਇੱਕ ਦਿਨ ਗੋਰਖ ਪਾਸੋਂ ਦੀਖਿਆ ਲਈ ਬੇਨਤੀ ਕੀਤੀ| ਗੋਰਖ ਨੇ ਤਰੁੱਠ ਕੇ ਪੂਰਨ ਦੇ ਕੰਨਾਂ Ḕਚ ਮੁੰਦਰਾਂ ਪੁਆ ਉਸ ਨੂੰ ਜੋਗੀ ਬਣਾ ਦਿੱਤਾ|
ਜੋਗੀ ਬਣਿਆ ਪੂਰਨ ਪਹਿਲੇ ਦਿਨ ਗਲ Ḕਚ ਬਗਲੀ ਪਾ ਕੇ ਭਿੱਖਿਆ ਮੰਗਣ ਰਾਣੀ ਸੁੰਦਰਾਂ ਦੇ ਮਹਿਲੀਂ ਗਿਆ| ਰਾਣੀ ਹੀਰੇ ਮੋਤੀਆਂ ਦਾ ਥਾਲ ਭਰ ਕੇ ਲੈ ਆਈ ਤੇ ਪੂਰਨ ਦੀ ਬਗਲੀ Ḕਚ ਉਲੱਦ ਦਿੱਤਾ| ਪੂਰਨ ਨੀਵੀਂ ਪਾਈ ਖਲੋਤਾ ਰਿਹਾ ਤੇ ਰਾਣੀ ਵੱਲ ਅੱਖ ਭਰ ਕੇ ਵੀ ਨਾ ਵੇਖਿਆ| ਹੀਰੇ ਮੋਤੀ ਭਲਾ ਜੋਗੀਆਂ ਦੇ ਕਿਸ ਕੰਮ ਸਨ! ਗੋਰਖ ਨੇ ਪੂਰਨ ਨੂੰ ਹੀਰੇ ਮੋਤੀਆਂ ਸਮੇਤ ਵਾਪਸ ਭੇਜ ਕੇ ਆਖਿਆ, “ਰਾਣੀ ਨੂੰ ਆਖ ਸਾਨੂੰ ਤੇ ਪੱਕੀ ਰੋਟੀ ਚਾਹੀਦੀ ਹੈ, ਹੀਰੇ ਮੋਤੀ ਨਹੀਂ|”
ਪੂਰਨ ਉਨ੍ਹੀਂ ਪੈਰੀਂ ਵਾਪਸ ਮੁੜ ਆਇਆ ਤੇ ਰਾਣੀ ਸੁੰਦਰਾਂ ਦੇ ਮਹਿਲੀਂ ਜਾ ਅਲਖ ਜਗਾਈ। ਰਾਣੀ ਸੁੰਦਰਾਂ, ਜੋ ਆਪ ਹੁਸਨ ਦੀ ਸਾਕਾਰ ਮੂਰਤ ਸੀ, ਪੂਰਨ ‘ਤੇ ਫਿਦਾ ਹੋ ਗਈ| ਉਹਨੇ ਆਪਣੀ ਨਿਗਰਾਨੀ ਵਿਚ ਛੱਤੀ ਪ੍ਰਕਾਰ ਦੇ ਭੋਜਨ ਤਿਆਰ ਕਰਵਾਏ| ਨੰਗੇ ਪੈਰੀਂ ਗੋਰਖ ਦੇ ਟਿੱਲੇ Ḕਤੇ ਪੁੱਜ ਗਈ ਤੇ ਗੋਰਖ ਦੇ ਚਰਨਾਂ Ḕਚ ਸੀਸ ਨਿਵਾ ਦਿੱਤਾ|
ਪਿਆਰ ਤੇ ਸ਼ਰਧਾ ਨਾਲ ਬਣਾਇਆ ਭੋਜਨ ਛੱਕ ਕੇ ਗੋਰਖ ਤਰੁੱਠ ਪਿਆ, “ਰਾਣੀ ਮੰਗ ਜੋ ਮੰਗਣਾ…ਤੇਰੀ ਹਰ ਮੁਰਾਦ ਪੂਰੀ ਹੋਵੇਗੀ|” ਸੁੰਦਰਾਂ ਲਈ ਇਹੋ ਸਹੀ ਮੌਕਾ ਸੀ| ਉਹਨੇ ਹੱਥ ਜੋੜ ਕੇ ਅਰਜ ਗੁਜਾਰੀ, “ਮੇਰੇ ਨਾਥ ਜੇ ਤਰੁੱਠੇ ਹੀ ਹੋ ਤਾਂ ਮੈਨੂੰ ਪੂਰਨ ਦੇ ਦੇਵੋ।”
ਗੋਰਖ ਨਾਥ ਨੇ ਪੂਰਨ ਨੂੰ ਰਾਣੀ ਸੁੰਦਰਾਂ ਨਾਲ ਜਾਣ ਦਾ ਇਸ਼ਾਰਾ ਕਰ ਦਿੱਤਾ| ਨਾਥ ਦਾ ਹੁਕਮ ਮੰਨ ਕੇ ਪੂਰਨ ਸੁੰਦਰਾਂ ਨਾਲ ਉਹਦੇ ਮਹਿਲਾਂ ਨੂੰ ਤੁਰ ਪਿਆ। ਰਾਣੀ ਨੇ ਉਹਦੀਆਂ ਸੈਆਂ ਖਾਤਰਾਂ ਕੀਤੀਆਂ ਪਰੰਤੂ ਪੂਰਨ ਨੂੰ ਰਾਣੀ ਸੁੰਦਰਾਂ ਦਾ ਹੁਸਨ, ਚੁਹਲ ਤੇ ਨਖਰੇ ਭਰਮਾ ਨਾ ਸਕੇ| ਉਹ ਅਡੋਲ ਸਮਾਧੀ ਲਾਈ ਬੈਠਾ ਰਿਹਾ| ਅਗਲੀ ਸਵੇਰ ਪੂਰਨ ਨੇ ਬਾਹਰ ਜੰਗਲ ਵਿਚ ਜਾ ਕੇ ਜੰਗਲ ਪਾਣੀ ਜਾਣ ਦੀ ਚਾਹਨਾ ਪ੍ਰਗਟਾਈ| ਰਾਣੀ ਨੇ ਗੋਲੀਆਂ ਉਹਦੇ ਨਾਲ ਤੋਰ ਦਿੱਤੀਆਂ ਤੇ ਆਪ ਮਹਿਲਾਂ Ḕਤੇ ਖੜ੍ਹ ਕੇ ਜਾਂਦੇ ਪੂਰਨ ਨੂੰ ਵੇਖਣ ਲੱਗੀ| ਦਰੱਖਤਾਂ ਦੇ ਝੁੰਡ ਓਹਲੇ ਜਾ ਕੇ ਪੂਰਨ ਨੇ ਅਜਿਹੀ ਝਕਾਨੀ ਦਿੱਤੀ ਕਿ ਉਹ ਗੋਲੀਆਂ ਦੀਆਂ ਅੱਖੀਆਂ ਤੋਂ ਦੂਰ ਹੋ ਗਿਆ| ਪੂਰਨ ਦੇ ਪ੍ਰੇਮ Ḕਚ ਦੀਵਾਨੀ ਹੋਈ ਸੁੰਦਰਾਂ ਉਹਦਾ ਓਹਲੇ ਹੋਣਾ ਬਰਦਾਸ਼ਤ ਨਾ ਕਰ ਸਕੀ| ਗੋਲੀਆਂ ਵਾਪਸ ਪਰਤ ਰਹੀਆਂ ਸਨ, ‘ਕੱਲੀਆਂ| ਸੁੰਦਰਾਂ ਨੇ ਪੂਰਨ ਦੇ ਵਿਛੋੜੇ ਦਾ ਸਲ ਨਾ ਸਹਾਰਦਿਆਂ ਮਹਿਲ ਤੋਂ ਛਾਲ ਮਾਰ ਕੇ ਜਾਨ ਕੁਰਬਾਨ ਕਰ ਦਿੱਤੀ| ਪੂਰਨ ਜੋਗੀ ਬਣਿਆ ਜੋਗ ਦਾ ਚਾਨਣ ਵੰਡਦਾ ਵੱਖ-ਵੱਖ ਥਾਂਵੀਂ ਘੁੰਮਦਾ ਰਿਹਾ|
ਪੰਜਾਬੀ ਲੋਕ ਕਾਵਿ ਵਿਚ ਪੂਰਨ ਭਗਤ ਬਾਰੇ ਅਨੇਕਾਂ ਲੋਕ ਗੀਤ ਮਿਲਦੇ ਹਨ| ਉਸ ਦੀ ਭਗਤੀ ਨੂੰ ਲੋਕ ਮਾਣਸ ਨੇ ਸਤਿਕਾਰ ਭਰੀ ਥਾਂ ਦਿੱਤੀ ਹੋਈ ਹੈ, “ਭਗਤੀ ਤੇਰੀ ਪੂਰਨਾ, ਕੱਚੇ ਧਾਗੇ ਦਾ ਸੰਗਲ ਬਣ ਜਾਵੇ|”
ਪੂਰਨ ਤੇ ਲੂਣਾ ਦਾ ਵਾਰਤਾਲਾਪ ਪੰਜਾਬਣਾਂ ਬੜੀਆਂ ਲਟਕਾਂ ਨਾਲ ਗਾਉਂਦੀਆਂ ਹਨ:
ਵੇ ਮੈਂ ਬਾਗ ਲਵਾਵਾਂ ਪੂਰਨਾ
ਤੂੰ ਕਲੀਆਂ ਦੇ ਪੱਜ ਆ।
ਕਲੀਆਂ ਦੇ ਪੱਜ ਨਾ ਆਵਾਂ
ਨੀ ਤੂੰ ਲਗਦੀ ਧਰਮ ਦੀ ਮਾਂ
ਨੀ ਅਕਲੋਂ ਸਮਝ ਸਿਆਣੀਏਂ।
ਨਾ ਤੂੰ ਮੇਰੇ ਜਨਮਿਆ
ਵੇ ਨਾ ਮੈਂ ਗੋਦ ਖਿਡਾਇਆ
ਵੇ ਮੈਂ ਕਿਸ ਵਿਧ ਲਗਤੀ ਮਾਂ ਤੇਰੀ
ਵੇ ਸੋਹਣਿਆਂ ਪੂਰਨਾ ਵੇ।
ਬਾਪ ਮੇਰੇ ਦੀ ਇਸਤਰੀ ਨੀ ਤੂੰ
ਇਸ ਵਿਧ ਲਗਦੀ ਮਾਂ ਮੇਰੀ
ਨੀ ਅਕਲੋਂ ਸਮਝ ਸਿਆਣੀਏਂ।
ਪੂਰਨ ਤੇ ਰਾਣੀ ਲੂਣਾ ਸੁੰਦਰਾਂ ਦੇ ਸੰਵਾਦ ਬਾਰੇ ਕਈ ਬੋਲੀਆਂ ਪ੍ਰਾਪਤ ਹਨ:
ਲੂਣਾ ਦੇ ਮੰਦਰੀਂ ਪੂਰਨ ਜਾਂਦਾ
ਡਿਗ ਪੈਂਦੀ ਗਸ਼ ਖਾ ਕੇ
ਆ ਵੇ ਪੂਰਨਾ ਕਿਧਰੋਂ ਆਇਆ
ਬਹਿ ਗਿਆ ਨੀਵੀਂ ਪਾ ਕੇ
ਕਿਹੜੀ ਗੱਲ ਤੋਂ ਸੰਗਦਾ ਪੂਰਨਾ
ਜਿੰਦ ਨਿਕਲੂ ਗਰਨਾ ਕੇ
ਤੇਰੇ ਮੂਹਰੇ ਹੱਥ ਬੰਨ੍ਹਦੀ
ਚੜ੍ਹ ਜਾ ਸੇਜ਼ ‘ਤੇ ਆ ਕੇ।
ਪੂਰਨ ਸਮਾਜਕ ਮਰਯਾਦਾ ਦੀ ਪਾਲਣਾ ਕਰਦਿਆਂ ਆਪਣੇ ਜਤਿ ਸਤਿ ‘ਤੇ ਕਾਇਮ ਰਹਿੰਦਾ ਹੈ ਅਤੇ ਲੂਣਾ ਨੂੰ ਮਰਯਾਦਾ ਵਿਚ ਰਹਿਣ ਲਈ ਪ੍ਰੇਰਦਾ ਹੈ:
ਮਨ ਨੂੰ ਮੋੜ ਕੇ ਬੈਠ ਪਾਪਣੇ
ਤੈਂ ਕਿਉਂ ਨੀਤ ਡੁਲਾਈ
ਉਹ ਤਾਂ ਮੇਰਾ ਪਿਤਾ ਹੈ ਲਗਦਾ
ਜੀਹਨੇ ਤੂੰ ਪਰਨਾਈ
ਮਾਂ ਪੁੱਤ ਦੀ ਗੱਲ ਕਦੇ ਨਾ ਬਣਦੀ
ਉਲਟੀ ਨਦੀ ਚਲਾਈ
ਪੂਰਨ ਹੱਥ ਬੰਨ੍ਹਦਾ-
ਤੂੰ ਹੈਂ ਧਰਮ ਦੀ ਮਾਈ।
ਜਦੋਂ ਮੁਟਿਆਰਾਂ ਸੁੰਦਰਾਂ ਅਤੇ ਜੋਗੀ ਬਣੇ ਪੂਰਨ ਦੇ ਸੰਵਾਦ ਵਾਲਾ ਦਰਦੀਲਾ ਲੋਕ ਗੀਤ ਗਾਉਂਦੀਆਂ ਹਨ ਤਾਂ ਉਹ ਇਸ ਗੀਤ ਰਾਹੀਂ ਆਪਣੇ ਮਨੋਭਾਵਾਂ ਅਤੇ ਦਰਦ ਦਾ ਇਜ਼ਹਾਰ ਕਰਦੀਆਂ ਭਾਵਾਂ ਦੇ ਦੇਸ਼ ਵਿਚ ਗੁਆਚ ਜਾਂਦੀਆਂ ਹਨ ਅਤੇ ਸਰੋਤਿਆਂ ਦੇ ਨੈਣਾਂ ਵਿਚੋਂ ਵੈਰਾਗ ਦੇ ਅੱਥਰੂ ਵਹਿ ਟੁਰਦੇ ਹਨ|
ਇਸ ਗੀਤ ਵਿਚ ਪੂਰਨ ਆਪਣੇ ਜੋਗ ਮਤ ‘ਤੇ ਪਹਿਰਾ ਦਿੰਦਾ ਆਪਣਾ ਧਰਮ ਨਿਭਾਉਂਦਾ ਹੈ| ਰਾਣੀ ਸੁੰਦਰਾਂ ਨੂੰ ਵਿਸ਼ਵਾਸ ਹੈ, ਆਸਥਾ ਹੈ ਕਿ ਅਗਲੇ ਜਨਮ ਵਿਚ ਉਨ੍ਹਾਂ ਦਾ ਮੇਲ ਜ਼ਰੂਰ ਹੋਵੇਗਾ| ਗੀਤ ਦੇ ਬੋਲ ਹਨ:
ਖੂਹਾ ਦੇਨੀ ਆਂ ਲਵਾਂ ਵੇ,
ਤੂੰ ਨ੍ਹਾਵਣ ਦੇ ਪੱਜ ਆ,
ਗੋਰਖ ਨਾਥ ਦਿਆ ਜੋਗੀਆ ਵੇ ਪੂਰਨਾ,
ਪੂਰਨਾ ਵੇ ਅੱਖਾਂ ਵਿਚ ਰਹਿ ਵੱਸਦਾ
ਜਾਵੀਂ ਦੂਰ ਨਾ ਵੇ…।
ਸਾਨੂੰ ਖੂਹੇ ਦਾ ਨਾ ਚਾਅ
ਨੀ ਤੂੰ ਕਾਸੇ ਖੈਰ ਪਾ,
ਸੁਹਣੇ ਮਹਿਲਾਂ ਦੀਏ ਰਾਣੀਏ ਨੀ ਸੁੰਦਰਾਂ
ਸੁੰਦਰਾਂ ਨੀ ਦੁਨੀਆਂ ਦਾ ਮੋਹ ਛੱਡਿਆ
ਪਾਈਆਂ ਮੁੰਦਰਾਂ ਨੀ…।
ਬਾਗ ਦੇਨੀ ਆਂ ਲਵਾ ਵੇ,
ਤੂੰ ਟਹਿਲਣ ਦੇ ਪੱਜ ਆ,
ਗੋਰਖ ਨਾਥ ਦਿਆ ਜੋਗੀਆ ਵੇ ਪੂਰਨਾ,
ਪੂਰਨਾ ਵੇ ਅੱਖਾਂ ਵਿਚ ਰਹਿ ਵੱਸਦਾ
ਜਾਵੀਂ ਦੂਰ ਨਾ ਵੇ…।
ਸਾਨੂੰ ਬਾਗਾਂ ਦਾ ਨਾ ਚਾਅ
ਨੀ ਤੂੰ ਕਾਸੇ ਖੈਰ ਪਾ,
ਸੁਹਣੇ ਮਹਿਲਾਂ ਦੀਏ ਰਾਣੀਏਂ ਨੀ ਸੁੰਦਰਾਂ,
ਸੁੰਦਰਾ ਨੀ ਦੁਨੀਆਂ ਦਾ ਮੋਹ ਛੱਡਿਆ
ਪਾ ਕੇ ਮੁੰਦਰਾਂ ਨੀ…।
ਧੌਲਰ ਦੇਨੀ ਆਂ ਪਵਾ
ਵੇ ਤੂੰ ਵੇਖਣ ਦੇ ਪੱਜ ਆ,
ਗੋਰਖ ਨਾਥ ਦਿਆ ਜੋਗੀਆ ਵੇ ਪੂਰਨਾ,
ਪੂਰਨਾ ਵੇ ਅੱਖਾਂ ਵਿਚ ਰਹਿ ਵੱਸਦਾ
ਜਾਵੀਂ ਦੂਰ ਨਾ ਵੇ…।
ਨਹੀਓਂ ਧੌਲਰਾਂ ਦਾ ਚਾਅ
ਨੀ ਤੂੰ ਕਾਸੇ ਖੈਰ ਪਾ,
ਸੁਹਣੇ ਮਹਿਲਾਂ ਦੀਏ ਰਾਣੀਏ ਨੀ ਸੁੰਦਰਾਂ,
ਸੁੰਦਰਾਂ ਨੀ ਦੁਨੀਆਂ ਦਾ ਮੋਹ ਛੱਡਿਆ
ਪਾ ਕੇ ਮੁੰਦਰਾਂ ਨੀ…।
ਗੂੜ੍ਹੀ ਨੈਣਾਂ ਦੀ ਪ੍ਰੀਤ ਵੇ,
ਲੋਹੇ ਉਤੇ ਲੀਕ,
ਗੋਰਖ ਨਾਥ ਦਿਆ ਜੋਗੀਆ ਵੇ ਪੂਰਨਾ,
ਪੂਰਨਾ ਵੇ ਅੱਖਾਂ ਵਿਚ ਰਹਿ ਵੱਸਦਾ
ਜਾਵੀਂ ਦੂਰ ਨਾ ਵੇ…।
ਜੋਗੀ ਜਾਣੇ ਨਾ ਪ੍ਰੀਤ ਨੀ
ਲੋਹੇ ਉਤੇ ਲੀਕ,
ਸੁਹਣੇ ਮਹਿਲਾਂ ਦੀਏ ਰਾਣੀਏ ਨੀ ਸੁੰਦਰਾਂ,
ਸੁੰਦਰਾਂ ਨੀ ਦੁਨੀਆਂ ਦਾ ਮੋਹ ਛੱਡਿਆ
ਪਾ ਕੇ ਮੁੰਦਰਾਂ ਨੀ…।
ਇੱਕ ਜੋਗੀ ਸਾਡੇ ਹਾਣ ਦਾ
ਦੁੱਖ ਨਾ ਪਛਾਣਦਾ,
ਚੋਰੀ ਉਠ, ਚੱਲਿਆ ਵੇ ਪੂਰਨਾ,
ਪੂਰਨਾ ਵੇ ਅੱਖਾਂ ਵਿਚ ਰਹਿ ਵੱਸਦਾ
ਜਾਵੀਂ ਦੂਰ ਨਾ ਵੇ…।
ਭਾਵੇਂ ਜਾਣ ਤੂੰ ਨਾ ਜਾਣ ਵੇ,
ਅਗਲੇ ਜਹਾਨ,
ਮੇਲੇ ਤੇਰੇ ਸਾਡੇ ਹੋਣਗੇ ਵੇ ਪੂਰਨਾ,
ਪੂਰਨਾ ਵੇ ਅੱਖਾਂ ਵਿਚ ਰਹਿ ਵੱਸਦਾ
ਜਾਵੀ ਦੂਰ ਨਾ ਵੇ…।
ਇਹ ਲੋਕ ਗੀਤ ਅਜੋਕੇ ਸਮੇਂ ਵਿਚ ਵੀ ਪੰਜਾਬਣਾਂ ਦੇ ਮਨੋਭਾਵਾਂ ਦਾ ਪ੍ਰਗਟਾਵਾ ਹੀ ਨਹੀਂ ਕਰਦੇ ਬਲਕਿ ਉਨ੍ਹਾਂ ਨੂੰ ਆਤਮਿਕ ਰੱਜ ਅਤੇ ਸੰਤੁਸ਼ਟੀ ਵੀ ਦਿੰਦੇ ਹਨ| ਇਨ੍ਹਾਂ ਵਿਚ ਸਦਾਚਾਰ, ਨੈਤਿਕ ਕਦਰਾਂ ਕੀਮਤਾਂ ਦੇ ਸੰਚਾਰ ਦੀ ਨਿਰੰਤਰ ਧਾਰਾ ਵਹਿ ਰਹੀ ਹੈ|