ਮਾਧੋ ਦਾਸ: ਬੈਰਾਗੀ ਤੋਂ ਸਿੱਖ ਸਜਣ ਵੱਲ ਪੇਸ਼ਕਦਮੀ

ਪੁਣਛ ਦੇ ਨੌਜਵਾਨ ਲਛਮਣ ਦੇਵ ਤੋਂ ਮਾਧੋ ਦਾਸ, ਤੇ ਫਿਰ ਬੰਦਾ ਸਿੰਘ ਬਹਾਦਰ ਬਣਨ ਵਾਲੇ ਇਸ ਜਿਉੜੇ ਦੀ ਜੀਵਨ ਕਹਾਣੀ ਬੇਹੱਦ ਅਦਭੁੱਤ ਅਤੇ ਘਟਨਾਵਾਂ ਭਰਪੂਰ ਹੈ। ਉਹਦਾ ਬੇਚੈਨ ਮਨ ਉਸ ਨੂੰ ਬਹੁਤ ਥਾਈਂ ਲੈ ਕੇ ਗਿਆ ਪਰ ਗੁਰੂ ਗੋਬਿੰਦ ਸਿੰਘ ਨਾਲ ਮਿਲਣੀ ਤੋਂ ਬਾਅਦ ਉਸ ਨੂੰ ਆਪਣੀ ਜ਼ਿੰਦਗੀ ਦਾ ਅਸਲ ਮਕਸਦ ਮਿਲ ਗਿਆ। ਉਘੇ ਲਿਖਾਰੀ ਸੁਰਜੀਤ ਸਿੰਘ ਪੰਛੀ ਨੇ ਆਪਣੇ ਇਸ ਖੋਜ ਭਰਪੂਰ ਲੇਖ ਵਿਚ ਮਾਧੋ ਦਾਸ ਦੀ ਗੂਰੂ ਜੀ ਨਾਲ ਮਿਲਣੀ ਤੋਂ ਪਹਿਲਾਂ ਦੇ ਜੀਵਨ-ਸਫਰ ਬਾਰੇ ਝਾਤੀ ਪੁਆਈ ਹੈ।

-ਸੰਪਾਦਕ

ਸੁਰਜੀਤ ਸਿੰਘ ਪੰਛੀ

ਬੰਦਾ ਸਿੰਘ ਬਹਾਦਰ ਦੇ ਪਿਤਾ ਰਾਮ ਦੇਵ ਨੇ ਉਸ ਦਾ ਨਾਂ ਲਛਮਣ ਦੇਵ ਰੱਖਿਆ। ਪੁਣਛ ਦਾ ਇਲਾਕਾ ਪਛੜਿਆ ਹੋਣ ਕਰ ਕੇ ਉਹ ਬਚਪਨ ਵਿਚ ਵਿੱਦਿਆ ਤੋਂ ਕੋਰਾ ਰਹਿ ਗਿਆ। ਦੂਜੇ ਮੁੰਡਿਆਂ ਵਾਂਗ ਉਸ ਨੂੰ ਸ਼ਿਕਾਰ, ਘੋੜ-ਸਵਾਰੀ ਤੇ ਤੀਰ-ਅੰਦਾਜ਼ੀ ਦਾ ਸ਼ੌਕ ਸੀ। ਮਾਤਾ-ਪਿਤਾ ਵੱਲੋਂ ਵਿਰਸੇ ਵਿਚ ਮਿਲੇ ਸੰਸਕਾਰਾਂ ਕਾਰਨ ਉਹ ਨਰਮ ਦਿਲ, ਜਜ਼ਬਾਤੀ ਤੇ ਸੰਵੇਦਨਸ਼ੀਲ ਸੀ। ਉਸ ਨਾਲ ਇਕ ਕਹਾਣੀ, ਗਰਭਵਤੀ ਹਿਰਨੀ ਨੂੰ ਮਾਰਨ ‘ਤੇ ਉਸ ਦੇ ਬੱਚਿਆਂ ਨੂੰ ਤੜਫਦੇ ਦੇਖ ਕੇ ਉਸ ਦਾ ਮਨ ਅਹਿੰਸਾ ਵੱਲ ਮੋੜਾ ਖਾ ਗਿਆ, ਨਾਲ ਜੁੜੀ ਹੋਈ ਹੈ।
ਉਨ੍ਹਾਂ ਦਿਨਾਂ ਵਿਚ ਸੰਤ-ਮਹਾਤਮਾ ਤੇ ਜੋਗੀ ਆਦਿ ਕਸ਼ਮੀਰ ਵਿਚਲੇ ਤੀਰਥਾਂ ਦੀ ਯਾਤਰਾ ਲਈ ਜਾਂਦੇ ਜਾਂ ਮੁੜਦੇ ਹੋਏ ਰਾਜੌਰੀ ਵਿਚ ਠਹਿਰਦੇ ਸਨ। ਬੰਦਾ ਸਿੰਘ ਬਹਾਦਰ ਉਨ੍ਹਾਂ ਸਾਧੂਆਂ ਦੀ ਸੰਗਤ ਕਰਨ ਲੱਗ ਪਿਆ। ਜਾਨਕੀ ਦਾਸ ਬੈਰਾਗੀ ਯਾਤਰਾ ਕਰਦਿਆਂ ਰਾਜੌਰੀ ਠਹਿਰਿਆ। ਉਸ ਦੇ ਉਪਦੇਸ਼ਾਂ ਨੇ ਉਸ ਨੂੰ ਇਸ ਕਦਰ ਕੀਲ ਲਿਆ ਕਿ ਉਹ ਘਰ-ਘਾਟ ਛੱਡ ਕੇ ਉਸ ਦੀ ਮੰਡਲੀ ਵਿਚ ਰਲ ਗਿਆ। ਇਹ ਗੁਰਦਾਸਪੁਰ, ਹੁਸ਼ਿਆਰਪੁਰ ਹੁੰਦੇ ਹੋਏ ਪਹਾੜਾਂ ਤੇ ਜੰਗਲਾਂ ਨੂੰ ਗਾਹੁੰਦੇ ਸਿਰਮੌਰ ਦੇ ਇਲਾਕੇ ਵਿਚ ਘੁੰਮਦੇ ਰਹੇ। ਜਾਨਕੀ ਦਾਸ ਨਾਲ ਮਿਲਾਪ ਕਾਰਨ ਉਸ ਦਾ ਮਨ ਮੀਟ ਅਤੇ ਸ਼ਰਾਬ ਆਦਿ ਨੂੰ ਘ੍ਰਿਣਾ ਕਰਨ ਲੱਗ ਪਿਆ।
1686 ਦੇ ਵਿਸਾਖੀ ਮੇਲੇ ਸਮੇਂ ਜਾਨਕੀ ਦਾਸ ਦੀ ਇਹ ਮੰਡਲੀ ਕਸੂਰ ਨੇੜੇ ਬਾਬਾ ਰਾਮ ਥੰਮਣ ਦੇ ਡੇਰੇ ਪੁੱਜੀ। ਉਥੇ ਗੁਰੂ ਨਾਨਕ ਦੇਵ ਜੀ ਦੇ ਰਿਸ਼ਤੇਦਾਰ ਬਾਬਾ ਰਾਮ ਥੰਮਣ ਦੀ ਸਮਾਧ ਹੈ। ਉਥੇ ਮੇਲੇ ਸਮੇਂ ਸਾਧੂਆਂ ਦੀਆਂ ਮੰਡਲੀਆਂ ਆਉਂਦੀਆਂ ਹਨ।
ਸਵਾਮੀ ਰਾਮਦਾਸ ਸਮਰੱਥ ਸਵਾਮੀ ਰਾਮਾਨੰਦ ਦਾ ਚੇਲਾ ਸੀ ਜੋ ਵੈਸ਼ਨਵ ਬਿਰਾਗੀ ਸੀ। ਐਮ. ਐਸ਼ ਚਾਂਦਲਾ ਅਨੁਸਾਰ ਸਵਾਮੀ ਰਾਮਦਾਸ ਸਮਰੱਥ ਗੁਰੂ ਹਰਿਗੋਬਿੰਦ ਸਾਹਿਬ ਨੂੰ ਸ੍ਰੀਨਗਰ (ਗੜ੍ਹਵਾਲ) ਦੇ ਸਥਾਨ ‘ਤੇ ਮਿਲਿਆ ਸੀ। ਸਵਾਮੀ ਸ਼ਿਵਾ ਜੀ ਦਾ ਵੀ ਗੁਰੂ ਸੀ। ਗੁਰੂ ਜੀ ਸ਼ਾਹੀ ਪਹਿਰਾਵੇ ਵਿਚ ਠਾਠ ਨਾਲ ਘੋੜੇ ‘ਤੇ ਸਵਾਰ ਸਨ ਅਤੇ ਵੱਡੀ ਗਿਣਤੀ ਵਿਚ ਆਪਣੇ ਹਥਿਆਰਬੰਦ ਸਿੱਖਾਂ ਨਾਲ ਸ਼ਿਕਾਰ ਖੇਡ ਰਹੇ ਸਨ। ਉਸ ਨੇ ਅਚੰਭੇ ਨਾਲ ਗੁਰੂ ਜੀ ਨੂੰ ਕਿਹਾ, “ਨਾਨਕ ਕੀ ਗਾਦੀ ਦੇ ਵਾਰਸ ਹੋ, ਕਿਆ ਯਹ ਠਾਠ-ਬਾਠ ਆਪ ਕੋ ਸ਼ੋਭਾ ਦੇਤਾ ਹੈ?” ਗੁਰੂ ਜੀ ਨੇ ਉਤਰ ਦਿੱਤਾ, “ਜ਼ਾਹਿਰਾ ਅਮੀਰੀ, ਬਾਤਨ ਫਕੀਰੀ, ਗੁਰੂ ਨਾਨਕ ਨੇ ਮਾਇਆ ਤਿਆਗੀ ਥੀ, ਸੰਸਾਰ ਨਹੀਂ ਤਿਆਗਾ ਥਾ।” ਸਵਾਮੀ ਨੇ ਖੁਸ਼ ਹੋ ਕੇ ਕਿਹਾ, “ਯਹ ਬਾਤ ਹਮਾਰੇ ਮਨ ਭਾਵਤੀ ਹੈ।”
ਸ਼ਿਵਾ ਜੀ ਨੇ ਸਵਾਮੀ ਨੂੰ ਉਤਰੀ ਭਾਰਤ ਵਿਚ ਆਪਣੀਆਂ ਕਾਰਵਾਈਆਂ ਤੇਜ਼ ਕਰ ਦੇਣ ਲਈ ਕਿਹਾ ਤਾਂ ਕਿ ਔਰੰਗਜ਼ੇਬ ਅਤੇ ਉਸ ਦੀ ਫੌਜ, ਆਪਣਾ ਸਾਰਾ ਧਿਆਨ ਦੱਖਣ ਵੱਲ ਨਾ ਲਾ ਸਕਣ। ਸਵਾਮੀ ਨੇ ਬੇਨਤੀ ਮੰਨਦਿਆਂ ਉਤਰੀ ਭਾਰਤ ਵਿਚ ਫਿਰ-ਤੁਰ ਕੇ ਪ੍ਰਚਾਰ ਕਰਨਾ ਸ਼ੁਰੂ ਕੀਤਾ। ਸਵਾਮੀ ਵੱਖ-ਵੱਖ ਬੈਰਾਗੀ ਡੇਰਿਆਂ ਦਾ ਭ੍ਰਮਣ ਕਰਦਾ ਹੋਇਆ ਵਿਸਾਖੀ ਦੇ ਮੇਲੇ ਮੌਕੇ 1686 ਵਿਚ ਰਾਮ ਥੰਮਣ ਜਾ ਪਹੁੰਚਿਆ ਤਾਂ ਕਿ ਉਥੇ ਆਏ ਬੈਰਾਗੀ ਮੁਖੀਆਂ ਨਾਲ ਵਿਚਾਰ-ਵਟਾਂਦਰਾ ਕਰ ਸਕਣ। ਉਨ੍ਹਾਂ ਦਾ ਸੰਦੇਸ਼ ਸੀ, “ਬੈਰਾਗ ਦਾ ਅਰਥ ਮੰਗਤਿਆਂ ਵਾਂਗ ਹੱਥ ਵਿਚ ਠੂਠਾ ਫੜ੍ਹ ਕੇ ਥਾਂ-ਥਾਂ ਮੰਗਦੇ ਫਿਰਨਾ ਨਹੀਂ ਹੈ। ਆਪਣੀਆਂ ਸਮਾਜਕ ਅਤੇ ਨੈਤਿਕ ਜ਼ਿੰਮੇਵਾਰੀਆਂ ਵੱਲੋਂ ਭੱਜਣਾ ਨਹੀਂ ਹੈ। ਦੁਨੀਆਵੀ ਵਸਤਾਂ ਦਾ ਮੋਹ ਤਿਆਗਣਾ ਹੈ। ਇਸ ਦਾ ਅਰਥ ਦੁਨਿਆਵੀ ਬੰਧਨਾਂ ਤੋਂ ਆਜ਼ਾਦ ਹੋ ਕੇ ਆਪ ਦੇਸ਼ ਕੌਮ ਦੇ ਮਾਣ ਸਤਿਕਾਰ ਅਤੇ ਆਜ਼ਾਦੀ ਲਈ ਲੜ ਮਰਨ ਲਈ ਤਿਆਰ ਹੋਣਾ ਹੈ। ਜੇ ਉਹ ਅਜਿਹਾ ਨਹੀਂ ਕਰਦਾ ਤਾਂ ਉਹ ਦੂਸਰਿਆਂ ਦੀ ਕਮਾਈ ‘ਤੇ ਪਲਣ ਵਾਲੀ ਜੋਕ ਹੈ।”
ਇਸ ਤਰ੍ਹਾਂ ਦੇ ਭਾਸ਼ਣਾਂ ਦਾ ਬੰਦਾ ਸਿੰਘ ਬਹਾਦਰ ‘ਤੇ ਬਹੁਤ ਪ੍ਰਭਾਵ ਪਿਆ। ਉਸ ਨੇ ਬੇਨਤੀ ਕੀਤੀ ਕਿ ਉਸ ਨੂੰ ਆਪਣਾ ਚੇਲਾ ਬਣਾ ਲੈਣ। ਸਵਾਮੀ ਨੇ ਪਰਖ ਤੋਂ ਪਿੱਛੋਂ ਆਪਣਾ ਚੇਲਾ ਬਣਾ ਲਿਆ ਅਤੇ ਦੀਕਸ਼ਾ ਦਿੱਤੀ। ਉਸ ਦਾ ਨਾਂ ਮਾਧੋ ਦਾਸ ਰੱਖ ਦਿੱਤਾ।
ਸ਼ਿਵਾ ਜੀ ਦੀ ਤਾਜ਼ਪੋਸ਼ੀ (6 ਜੂਨ) 16 ਜੂਨ 1674 ਨੂੰ ਹੋ ਗਈ ਸੀ। ਸ਼ਿਵਾ ਜੀ ਆਜ਼ਾਦ ਤੇ ਖੁਦਮੁਖਤਾਰ ਰਾਜਾ ਸੀ ਅਤੇ ਨੇੜਲੇ ਭਵਿਖ ਵਿਚ ਉਸ ਨੂੰ ਮੁਗਲਾਂ ਤੋਂ ਵੀ ਕੋਈ ਖਤਰਾ ਨਹੀਂ ਸੀ। ਸੋ ਉਸ ਨੇ ਆਪਣਾ ਧਿਆਨ ਦੱਖਣ ਵੱਲ ਕੀਤਾ। ਉਸ ਨੇ ਗੋਲਕੰਡਾ ਦੇ ਰਾਜੇ ਨਾਲ ਮਿਲ ਕੇ ਤਾਮਿਲਨਾਡੂ ਤੇ ਦੱਖਣ ਵਿਚ ਬੀਜਾਪੁਰ ‘ਤੇ ਸਾਂਝਾ ਹਮਲਾ ਕੀਤਾ। ਉਸ ਨੇ ਆਪਣੇ ਰਾਜ ਦੀ ਸੁਰੱਖਿਆ ਅਤੇ ਮਾਲੀਏ ਦੀ ਵਸੂਲੀ ਯਕੀਨੀ ਬਣਾਉਣਾ ਸੀ। ਆਪਣੇ ਇਸ ਮੰਤਵ ਲਈ ਉਸ ਨੇ ਰਾਏਗੜ੍ਹ ਤੋਂ ਉਤਰ ਦਾ ਇਲਾਕਾ ਮੋਰੋਪੰਤ ਪੇਸ਼ਵਾ ਨੂੰ ਸੰਭਾਲ ਦਿੱਤਾ। ਮੋਰੋਪੰਤ ਸਵਾਮੀ ਜੀ ਦੇ ਡੇਰੇ ਕਤਲੀ (ਨਾਸਕ) ਵਿਚ ਆਇਆ। ਮੋਰੋਪੰਤ ਨੇ ਸਵਾਮੀ ਜੀ ਦੇ ਚੇਲਿਆਂ ਨੂੰ ਕਸਰਤ ਕਰਦਿਆਂ ਅਤੇ ਲੜਾਈ ਦਾ ਅਭਿਆਸ ਕਰਦਿਆਂ ਦੇਖਿਆ। ਚੇਲਿਆਂ ਵਿਚ ਮਾਧੋ ਦਾਸ ਨੂੰ ਲੜਾਈ ਲੜਦਿਆਂ ਚੁਸਤੀ ਤੇ ਫੁਰਤੀ ਅਤੇ ਸਰੀਰਕ ਗਠਣ ਨੇ ਉਸ ਨੂੰ ਪ੍ਰਭਾਵਿਤ ਕੀਤਾ। ਮੋਰੋਪੰਤ ਨੇ ਸਵਾਮੀ ਦੀ ਆਗਿਆ ਨਾਲ ਮਾਧੋ ਦਾਸ ਨੂੰ ਆਪਣੀ ਫੌਜ ਵਿਚ ਭਰਤੀ ਕਰ ਲਿਆ। ਮੋਰੋਪੰਤ ਦੀ ਨੌਕਰੀ ਸਮੇਂ ਉਸ ਨੇ ਮਹੱਤਵਪੂਰਨ ਯੁੱਧ ਕਲਾ, ਰੁਹੇਲਾ ਯੁੱਧ ਦੀ ਸਿਖਿਆ ਵੀ ਗ੍ਰਹਿਣ ਕੀਤੀ। ਉਸ ਨੇ ਗੋਆ ਅਤੇ ਚਾਉਲ ਦੀਆਂ ਲੜਾਈਆਂ ਵਿਚ ਵੀ ਹਿੱਸਾ ਲਿਆ ਅਤੇ ਮੁਗਲ ਫੌਜਾਂ ਨਾਲ ਕਈ ਝੜਪਾਂ ਵਿਚ ਸ਼ਾਮਿਲ ਸੀ। ਜਦੋਂ ਉਸ ਨੇ ਉਘੇ ਮਰਾਠਾ ਖਾਨਦਾਨ ਛੋਟੀਆਂ-ਛੋਟੀਆਂ ਗਰਜ਼ਾਂ ਪਿੱਛੇ ਮੁਗਲਾਂ ਨਾਲ ਰਲਦੇ ਦੇਖੇ ਤਾਂ ਉਸ ਨੂੰ ਦੁੱਖ ਹੋਇਆ। ਉਨ੍ਹਾਂ ਦੀ ਮਦਦ ਨਾਲ ਮੁਗਲਾਂ ਨੇ ਮਰਾਠਿਆਂ ਦੇ ਕਈ ਗੜ੍ਹਾਂ ‘ਤੇ ਕਬਜ਼ਾ ਕਰ ਕੇ ਸ਼ੰਭਾ ਜੀ ਦੀਆਂ ਫੌਜਾਂ ਨੂੰ ਕੁਝ ਕਿਲ੍ਹਿਆਂ ਤਕ ਸੀਮਤ ਕਰ ਦਿੱਤਾ। ਵਾਹੀਯੋਗ ਜਮੀਨ ‘ਤੇ ਕਬਜ਼ਾ ਕਰ ਲਿਆ। ਸ਼ੰਭਾ ਜੀ ਤੇ ਉਸ ਦੇ ਵਜ਼ੀਰ ਕਵੀ ਦਾਸ ਦੀਆਂ ਜੀਭਾਂ ਕੱਟ ਦਿੱਤੀਆਂ ਸਨ। ਦੋਵਾਂ ਨੂੰ ਗਿਆਰਾਂ ਸਾਥੀਆਂ ਸਮੇਤ 24 ਦਿਨ ਤੱਕ ਤਸੀਹੇ ਦੇ ਕੇ ਕਤਲ ਕਰ ਦਿੱਤਾ ਗਿਆ। ਉਨ੍ਹਾਂ ਦੇ ਖੋਪੜ ਵਿਚ ਫੂਸ ਭਰ ਕੇ ਦੱਖਣ ਦੇ ਸ਼ਹਿਰਾਂ ਅਤੇ ਕਸਬਿਆਂ ਵਿਚ ਵਾਜੇ-ਗਾਜੇ ਨਾਲ ਘੁੰਮਾਇਆ ਗਿਆ।
ਇਸ ਨਾਲ ਮਾਧੋ ਦਾਸ ਨੇ ਸਮਝਿਆ ਕਿ ਬਾਦਸ਼ਾਹ ਔਰੰਗਜ਼ੇਬ ਦੇ ਜਿਉਂਦਿਆਂ ਮੁਗਲ ਸਰਕਾਰ ਦਾ ਖਾਤਮਾ ਔਖਾ ਹੈ। ਜਦੋਂ ਤੱਕ ਰਾਜਾ ਜੈ ਸਿੰਘ ਤੇ ਉਸ ਦਾ ਪੁੱਤਰ ਰਾਮ ਸਿੰਘ ਅਤੇ ਹੋਰ ਰਾਜਪੂਤ ਤੇ ਜੱਟ ਜਰਨੈਲ ਔਰੰਗਜ਼ੇਬ ਨਾਲ ਹਨ ਤਾਂ ਕੋਈ ਵੀ ਹਥਿਆਰਬੰਦ ਵਿਦਰੋਹ ਲੰਮੇ ਸਮੇਂ ਤੱਕ ਲੜਿਆ ਨਹੀਂ ਜਾ ਸਕਦਾ। ਇਸੇ ਨਿਰਾਸ਼ਾ ਕਾਰਨ ਉਹ ਨੌਕਰੀ ਛੱਡ ਕੇ ਮੱਠ ਵਿਚ ਵਾਪਸ ਆ ਗਿਆ।
ਸਵਾਮੀ ਰਾਮ ਦਾਸ ਸਮਰੱਥ ਦੀ ਮੌਤ ਪਿੱਛੋਂ ਕਤਲੀ ਸਥਿਤ ਮੱਠ ਦਾ ਅਨੁਸ਼ਾਸਨ ਤੇ ਪ੍ਰਾਣ ਸ਼ਕਤੀ ਖਤਮ ਹੋ ਚੁਕੀ ਸੀ। ਮਾਧੋ ਦਾਸ ਮੱਠ ਦੇ ਵਰਤਾਰੇ ਕਾਰਨ ਗੋਦਾਵਰੀ ਦੇ ਕਿਨਾਰੇ ਆ ਬਹਿੰਦਾ। ਉਦਾਸ ਮਨ ਨਾਲ ਗੋਦਾਵਰੀ ਵਿਚ ਪੈਂਦੀਆਂ ਘੁੰਮਣ ਘੇਰੀਆਂ ਨੂੰ ਦੇਖ ਆਪ ਵੀ ਇਨ੍ਹਾਂ ਵਿਚ ਗੁਆਚ ਜਾਂਦਾ। ਇਕ ਦਿਨ ਔਘੜ ਪੰਥ ਦਾ ਜੋਗੀ ਮਿਲ ਗਿਆ ਜਿਸ ਨੂੰ ਲੋਕ ਲੋਨੀ ਕਹਿੰਦੇ ਸਨ। ਉਸ ਦਾ ਪਿੰਡ ਲੋਨੀ ਨਾਸਿਕ ਦੇ ਦੱਖਣ ਪੂਰਬ ਵੱਲ 80 ਕਿਲੋਮੀਟਰ ‘ਤੇ ਸੀ। ਜੋਗੀ ਤੋਂ ਪ੍ਰਭਾਵਿਤ ਹੋ ਕੇ ਆਪਣੀ ਰਾਮ ਕਹਾਣੀ ਉਸ ਨੂੰ ਸੁਣਾਈ। ਉਹ ਜੋਗੀ ਨਾਲ ਲੋਨੀ ਚਲਿਆ ਗਿਆ। ਜੋਗੀ ਨੇ ਉਸ ਨੂੰ ਤਾਂਤ੍ਰਿਕ ਵਿੱਦਿਆ ਸਿਖਾਈ। ਤਾਂਤ੍ਰਿਕ ਵਿੱਦਿਆ ਕਾਰਨ ਉਹ ਖੁਸ਼ ਅਤੇ ਹੰਕਾਰੀ ਹੋ ਗਿਆ। ਮਰਨ ਦੇ ਕਿਨਾਰੇ ਲੋਨੀ ਨੇ ਉਸ ਨੂੰ ਤਾਂਤ੍ਰਿਕ ਵਿੱਦਿਆ ਵਾਲੀ ਪੋਥੀ ਵੀ ਦੇ ਦਿੱਤੀ।
ਮਾਧੋ ਦਾਸ, ਲੋਨੀ ਦੇ ਸਵਰਗ ਸਿਧਾਰਨ ਪਿੱਛੋਂ ਇਕੱਲਪੁਣੇ ਤੋਂ ਦੁਖੀ ਹੋ ਕੇ ਰਾਜਸਥਾਨ ਵਿਚ ਦਾਦੂਵਾੜੇ ਜੈਤ ਰਾਮ ਕੋਲ ਚਲਿਆ ਗਿਆ। ਜੈਤ ਰਾਮ ਤੇ ਮਾਧੋ ਦਾਸ ਹਾਣੀ ਸਨ। ਮਾਧੋ ਦਾਸ ਪਹਿਲਾਂ ਵੀ ਦਾਦੂਵਾੜੇ ਜਾਂਦਾ-ਆਉਂਦਾ ਰਹਿੰਦਾ ਸੀ। ਮਾਧੋ ਦਾਸ ਸੁਭਾਅ ਤੋਂ ਅਭਿਲਾਸ਼ੀ ਸੀ। ਉਦਮੀ ਅਤੇ ਤਲਖ ਸੀ ਪਰ ਜੈਤ ਰਾਮ ਨਿਮਰ ਤੇ ਨਿਮਾਣਾ ਸੀ। ਮਾਧੋ ਦਾਸ ਵੱਲੋਂ ਆਪਣੀ ਬਹਾਦਰੀ ਦੀਆਂ ਘਟਨਾਵਾਂ ਅਤੇ ਤਾਂਤ੍ਰਿਕ ਵਿੱਦਿਆ ਬਾਰੇ ਦੱਸਣ ‘ਤੇ ਜੈਤ ਰਾਮ ਨੇ ਕਿਹਾ, “ਦੁਨੀਆਂ ਦੁੱਖਾਂ ਦਾ ਘਰ ਹੈ। ਸੰਸਾਰਕ ਵਸਤਾਂ ਨਾਲੋਂ ਮੋਹ ਤਿਆਗ, ਨਿਰਲੇਪ ਰਹਿ ਕੇ ਸਮਾਂ ਗੁਜ਼ਾਰ। ਤੈਥੋਂ ਪਹਿਲਾਂ ਬਥੇਰੇ ਇਹ ਕੂੜ ਦਾ ਸੌਦਾ ਕਰ ਕੇ ਤੁਰ ਗਏ।” ਮਾਧੋ ਦਾਸ ਕੁਝ ਮਹੀਨਿਆਂ ਪਿਛੋਂ ਲੋਨੀ ਨੂੰ ਮੁੜ ਗਿਆ।
ਮਾਧੋ ਦਾਸ ਦੀ ਲੋਨੀ ਦੇ ਮੱਠ ਤੋਂ ਗੈਰਹਾਜ਼ਰੀ ਕਾਰਨ ਜੋਗੀ ਦੇ ਦੂਜੇ ਚੇਲਿਆਂ ਨੇ ਮੱਠ ‘ਤੇ ਕਬਜ਼ਾ ਕਰ ਲਿਆ। ਬਜ਼ੁਰਗ ਜੋਗੀ ਨੇ ਉਸ ਨੂੰ ਸਮਝਾਇਆ ਕਿ ਹੁਣ ਉਸ ਦੀ ਇਥੇ ਪੁੱਗਣੀ ਨਹੀਂ। ਉਸ ਨੇ ਨਾਂਦੇੜ ਦੇ ਡੇਰੇ ਜਾਣ ਲਈ ਕਿਹਾ। ਨਾਂਦੇੜ ਦੇ ਡੇਰੇ ਦੇ ਮੁਖੀ ਨੇ ਔਘੜ ਨਾਥ ਤੋਂ ਮਾਧੋ ਦਾਸ ਬਾਰੇ ਪਹਿਲਾਂ ਹੀ ਸੁਣਿਆ ਹੋਇਆ ਸੀ। ਮਾਧੋ ਦਾਸ ਦੇ ਪਛਾਣ ਦੱਸਣ ‘ਤੇ ਉਸ ਨੂੰ ਡੇਰੇ ਵਿਚ ਦਾਖਲਾ ਤਾਂ ਮਿਲ ਗਿਆ ਪਰ ਜੋਗੀ ਦੇ ਵਿਸ਼ਵਾਸਪਾਤਰਾਂ ਵਿਚ ਥਾਂ ਨਾ ਮਿਲੀ।
ਡੇਰੇ ਵਿਚ ਰਹਿੰਦਿਆਂ ਮਾਧੋ ਦਾਸ ਤਾਂਤ੍ਰਿਕ ਵਿੱਦਿਆ ਕਾਰਨ ਲੋਕਾਂ ਵਿਚ ਹਰਮਨਪਿਆਰਾ ਹੋ ਗਿਆ ਅਤੇ ਡੇਰੇ ਦੇ ਮੁਖੀ ਨੇ ਆਪਣਾ ਵਾਰਸ ਥਾਪ ਦਿੱਤਾ। ਮੁਖੀ ਦੇ ਮਰਨ ਪਿੱਛੋਂ ਉਹ ਡੇਰੇ ਦਾ ਮੁਖੀ ਬਣ ਗਿਆ। ਡੇਰੇ ਵਿਚ ਬਿਨਾ ਭੇਦਭਾਵ ਦੇ ਲੰਗਰ ਛਕਾਇਆ ਜਾਂਦਾ ਸੀ। ਪੈਸੇ ਨਾਲ ਗਰੀਬਾਂ ਦੀ ਮਦਦ ਕੀਤੀ ਜਾਂਦੀ ਸੀ। ਲੋਕਾਂ ਵਿਚ ਉਸ ਦਾ ਸਤਿਕਾਰ ਸੀ ਪਰ ਉਹ ਅਜੇ ਵੀ ਅਸ਼ਾਂਤ ਸੀ।
1692 ਵਿਚ ਮਾਧੋ ਦਾਸ ਡੇਰਾ ਛੱਡ ਕੇ ਗੋਦਾਵਰੀ ਦੇ ਕਿਨਾਰੇ ਕਿਨਾਰੇ ਚੱਲ ਪਿਆ। ਨਾਂਦੇੜ ਨੇੜੇ ਸੁਹਾਵਣੀ ਥਾਂ ਨੇ ਉਸ ਨੂੰ ਮੋਹ ਲਿਆ। ਸ਼ਹਿਰ ਤੋਂ ਬਾਹਰ ਕੁਝ ਦੂਰੀ ‘ਤੇ ਗੋਦਾਵਰੀ ਦੇ ਕਿਨਾਰੇ ਆਪਣੀ ਕੁਟੀਆ ਬਣਾ ਕੇ ਰਹਿਣ ਲੱਗਾ। ਜੰਤਰਾਂ-ਮੰਤਰਾਂ ਕਾਰਨ ਇਥੇ ਵੀ ਪ੍ਰਸਿਧ ਹੋ ਗਿਆ। ਪ੍ਰਸਿਧੀ ਕਾਰਨ ਚੰਚਲ ਹੋ ਗਿਆ। ਉਸ ਦੇ ਚੇਲੇ ਵੀ ਬਣ ਗਏ।
ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਛੱਡਣ ਪਿਛੋਂ, ਆਪਣੇ ਬੱਚੇ ਤੇ ਮਾਤਾ ਗੁਜਰੀ ਸ਼ਹੀਦ ਕਰਵਾਉਣ, ਚਮਕੌਰ ਸਾਹਿਬ ਤੇ ਮੁਕਤਸਰ ਦੀਆਂ ਲੜਾਈਆਂ ਲੜਨ ਪਿੱਛੋਂ ਤਲਵੰਡੀ ਸਾਬੋ ਠਹਿਰੇ ਸਨ। ਉਥੋਂ ਦੱਖਣ ਨੂੰ ਜਾਂਦਿਆਂ ਉਹ ਕੇਵਲ, ਝੋਰੜੀ, ਸਰਸਾ, ਨੌਹਰਾ, ਛੀਨ ਤਲਾਈ, ਭਾਦਰਾ, ਸੁਹੇਵਾ, ਮਧੂ ਸਿੰਘਣਾ ਆਦਿ ਤੋਂ ਹੋ ਕੇ ਪਿੰਡ ਨਰਾਇਣਾ ਪੁੱਜੇ। ਉਥੇ ਦਾਦੂ ਭਗਤ ਦਾ ਦੁਆਰਾ ਹੈ। ਦਾਦੂ ਦਾ ਚੇਲਾ ਜੈਤ ਰਾਮ ਇਥੇ ਰਹਿੰਦਾ ਸੀ।
ਗੁਰੂ ਜੀ ਨੇ ਔਰੰਗਜ਼ੇਬ ਦੇ ਜ਼ੁਲਮ ਬਾਰੇ ਗੱਲਾਂ ਕੀਤੀਆਂ। ਆਪਣੀ ਸਾਰੀ ਹੱਡਬੀਤੀ ਸੁਣਾਈ। ਜੈਤ ਰਾਮ ਨੂੰ ਮਾਧੋ ਦਾਸ ਨੇ ਰਾਜਿਆਂ ਦੇ ਆਪਣੇ ਮਤਲਬ ਖਾਤਰ ਮੁਗਲਾਂ ਨਾਲ ਰਲਣ ਬਾਰੇ ਦੱਸਿਆ ਸੀ। ਜੈ ਸਿੰਘ ਅਤੇ ਮਰਾਠਿਆਂ ਦੇ ਬਾਰੇ ਵੀ ਦੱਸਿਆ ਸੀ। ਗੁਰੂ ਜੀ ਨੇ ਜੈਤ ਰਾਮ ਨੂੰ ਕਿਹਾ ਕਿ ਰਾਜਪੂਤ ਰਾਜਿਆਂ ਕੋਲੋਂ ਮੁਗਲਾਂ ਵਿਰੁਧ ਉਨ੍ਹਾਂ ਨੂੰ ਸਹਾਇਤਾ ਦਿਵਾਏ। ਜੈਤ ਰਾਮ ਨੇ ਕਿਹਾ, “ਮਾਰਵਾੜ ਵਿਚ ਮੁਗਲਾਂ ਤੇ ਮਰਾਠਿਆਂ ਵਿਚ ਲੜਾਈ ਜ਼ੋਰਾਂ ‘ਤੇ ਹੈ। ਉਹ ਤੁਹਾਡੀ ਮਦਦ ਨਹੀਂ ਕਰ ਸਕਦੇ।” ਉਸ ਨੇ ਗੁਰੂ ਜੀ ਨੂੰ ਮਾਧੋ ਦਾਸ ਬਾਰੇ ਦੱਸ ਪਾਈ, “ਉਹ ਬੜਾ ਜਵਾਨ ਜੋਸ਼ੀਲਾ ਅਤੇ ਅੱਗ ਵਰਗਾ ਰਾਜਪੂਤ ਪੰਜਾਬੀ ਹੈ। ਉਸ ਨੂੰ ਮਹਾਂਰਾਸ਼ਟਰ ਵਿਚ ਰਹਿੰਦਿਆਂ ਬਹੁਤ ਸਾਲ ਹੋ ਗਏ ਹਨ। ਉਹ ਬਾਦਸ਼ਾਹਤ ਨੂੰ ਹਰਾਉਣ ਦੇ ਢੰਗ-ਤਰੀਕੇ ਜਾਣਦਾ ਹੈ। ਉਹ ਸ਼ਿਵਾਜੀ ਦੀ ਫੌਜ ਵਿਚ ਰਹਿ ਚੁਕਾ ਹੈ। ਕਈ ਲੜਾਈਆਂ ਵੀ ਲੜ ਚੁਕਾ ਹੈ। ਗੁਰੀਲੇ ਯੁੱਧ ਦਾ ਮਾਹਰ ਹੈ।” ਜੈਤ ਰਾਮ ਨੇ ਗੁਰੂ ਜੀ ਨੂੰ ਉਸ ਦੇ ਥਾਂ ਟਿਕਾਣੇ ਬਾਰੇ ਵੀ ਦੱਸ ਦਿੱਤਾ।