ਨਿਰਮਾਤਾ-ਨਿਰਦੇਸ਼ਕ ਰਾਮਗੋਪਾਲ ਵਰਮਾ ਅਕਸਰ ਅਸਲ ਘਟਨਾਵਾਂ ‘ਤੇ ਫ਼ਿਲਮਾਂ ਬਣਾਉਣ ਦਾ ਤਜਰਬਾ ਕਰਦੇ ਰਹਿੰਦੇ ਹਨ। ਕੁਝ ਸਮਾਂ ਪਹਿਲਾਂ ਉਨ੍ਹਾਂ ਨੇ ਨੀਰਜ ਗਰੋਵਰ ਹੱਤਿਆ-ਕਾਂਡ ਤੋਂ ਪ੍ਰੇਰਿਤ ਹੋ ਕੇ ‘ਨੋਟ ਏ ਲਵਸਟੋਰੀ’ ਬਣਾਈ ਸੀ। ਹੁਣ ਉਨ੍ਹਾਂ ਮੁੰਬਈ ‘ਤੇ ਹੋਏ ਅਤਿਵਾਦੀ ਹਮਲੇ ਬਾਰੇ ਫਿਲਮ ‘ਦ ਅਟੈਕ ਆਫ 26/11’ ਬਣਾਈ ਹੈ। ਮੁੰਬਈ ਦੇ ਤਾਜ ਹੋਟਲ ‘ਤੇ ਹੋਏ ਹਮਲੇ ਤੋਂ ਬਾਅਦ ਰਾਮਗੋਪਾਲ ਵਰਮਾ ਉਦੋਂ ਉਸ ਸਮੇਂ ਦੇ ਮੁੱਖ ਮੰਤਰੀ ਵਿਲਾਸ ਰਾਓ ਦੇਸ਼ਮੁਖ ਨਾਲ ਤਾਜ ਹੋਟਲ ਵਿਚ ਅਤਿਵਾਦੀਆਂ ਵੱਲੋਂ ਰਚਾਈ ਗਈ ਵਿਨਾਸ਼ ਲੀਲ੍ਹਾ ਦੇਖਣ ਪਹੁੰਚੇ ਸਨ ਤੇ ਉਨ੍ਹਾਂ ਦੀ ਇਸ ਹਰਕਤ ਦਾ ਬਹੁਤ ਵਿਰੋਧ ਵੀ ਹੋਇਆ ਸੀ ਤੇ ਇਸੇ ਵਜ੍ਹਾ ਨਾਲ ਵਿਲਾਸ ਰਾਓ ਨੂੰ ਮੁੱਖ ਮੰਤਰੀ ਦੀ ਕੁਰਸੀ ਵੀ ਗਵਾਉਣੀ ਪੈ ਗਈ ਸੀ।
ਉਦੋਂ ਰਾਮੂ ਨੇ ਇਹ ਸਫਾਈ ਵੀ ਦਿੱਤੀ ਸੀ ਕਿ ਇਸ ਅਤਿਵਾਦੀ ਘਟਨਾ ‘ਤੇ ਫ਼ਿਲਮ ਬਣਾਉਣ ਦਾ ਉਨ੍ਹਾਂ ਦਾ ਕੋਈ ਇਰਾਦਾ ਨਹੀਂ ਹੈ ਪਰ ਹੁਣ ਉਨ੍ਹਾਂ ਇਸ ਘਟਨਾ ਨੂੰ ਮੁੱਖ ਰੱਖ ਕੇ ਫ਼ਿਲਮ ਬਣਾ ਹੀ ਦਿੱਤੀ ਹੈ। ਇਸ ਫ਼ਿਲਮ ਦਾ ਨਿਰਮਾਣ ਪਰਾਗ ਸੰਘਵੀ ਵੱਲੋਂ ਕੀਤਾ ਗਿਆ ਹੈ ਜਿਨ੍ਹਾਂ ਨੇ ਪਹਿਲਾਂ ਰਾਮੂ ਦੇ ਨਾਲ ‘ਸਰਕਾਰ’, ‘ਸਰਕਾਰ ਰਾਜ’ ਫ਼ਿਲਮਾਂ ਬਣਾਈਆਂ ਸਨ। ਰਾਮੂ ਦੀ ਇਸ ਫ਼ਿਲਮ ਦੀ ਖਾਸ ਗੱਲ ਇਹ ਹੈ ਕਿ ਨਾਨਾ ਪਾਟੇਕਰ ਨੂੰ ਛੱਡ ਕੇ ਇਸ ਵਿਚ ਕੋਈ ਵੀ ਨਾਮੀ ਕਲਾਕਾਰ ਨਹੀਂ ਹੈ। ਨਾਨਾ ਵੱਲੋਂ ਇਸ ਵਿਚ ਮੁੰਬਈ ਦੇ ਪੁਲਿਸ ਅਧਿਕਾਰੀ ਰਾਕੇਸ਼ ਭਾਰੀਆ ਦੀ ਭੂਮਿਕਾ ਨਿਭਾਈ ਗਈ ਹੈ। ਨਾਨਾ ਨੂੰ ਲੈਣ ਬਾਰੇ ਰਾਮੂ ਦਾ ਕਹਿਣਾ ਹੈ ਕਿ ਇਹ ਭੂਮਿਕਾ ਕਾਫੀ ਗੰਭੀਰ ਕਿਸਮ ਦੀ ਹੈ ਤੇ ਕਾਫੀ ਜ਼ਿੰਮੇਵਾਰੀ ਵਾਲੀ ਵੀ ਹੈ। ਇਸ ਲਈ ਨਾਨਾ ਪਾਟੇਕਰ ਵਰਗੇ ਸੀਨੀਅਰ ਕਲਾਕਾਰ ਨੂੰ ਲੈਣਾ ਸਹੀ ਲੱਗਿਆ।
ਰਾਮੂ ਦੀ ਇਸ ਫ਼ਿਲਮ ਦੀ ਕਹਾਣੀ ਦੀ ਸ਼ੁਰੂਆਤ ਸਮੁੰਦਰ ਤੋਂ ਹੁੰਦੀ ਦਿਖਾਈ ਗਈ ਹੈ। ਸ਼ੁਰੂ ਵਿਚ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਦਸ ਪਾਕਿਸਤਾਨੀ ਅਤਿਵਾਦੀਆਂ ਨੂੰ ਭਾਰਤੀ ਮਾਲਕ ਦੀ ਕਿਸ਼ਤੀ ‘ਤੇ ਸਵਾਰ ਕਰਵਾਇਆ ਜਾਂਦਾ ਹੈ ਤੇ ਕਿਸ਼ਤੀ ਦੇ ਮਾਲਕ ਦੀ ਹੱਤਿਆ ਕਰਕੇ ਕਿਸ ਢੰਗ ਨਾਲ ਮੁੰਬਈ ਦੇ ਕਫ ਪਰੇਡ ਇਲਾਕੇ ਵਿਚ ਪਹੁੰਚਦੇ ਹਨ। ਜਦੋਂ ਮੁੰਬਈ ‘ਤੇ 26/11 ਵਾਲੇ ਦਿਨ ਹਮਲਾ ਹੋਇਆ ਤਾਂ ਉਦੋਂ ਅਜਮਲ ਆਮਿਰ ਕਸਾਬ ਸਮੇਤ ਦਸ ਅਤਿਵਾਦੀਆਂ ਨੇ ਵੀਟੀ ਸਟੇਸ਼ਨ, ਤਾਜ ਹੋਟਲ, ਟ੍ਰਾਈਡੈਂਟ ਹੋਟਲ, ਕਾਮਾ ਹਸਪਤਾਲ ਲਿਓਪੋਨਡ ਕੈਫੇ ਤੇ ਨਰੀਮਨ ਹਾਊਸ ਵਿਚ ਅੰਨ੍ਹੇਵਾਹ ਗੋਲੀਬਾਰੀ ਕਰਕੇ 166 ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਤੇ ਤਕਰੀਬਨ 238 ਲੋਕਾਂ ਨੂੰ ਜ਼ਖਮੀ ਕੀਤਾ ਸੀ। ਹੁਣ ਇਨ੍ਹਾਂ ਥਾਵਾਂ ‘ਤੇ ਇਸ ਫ਼ਿਲਮ ਦੀ ਸ਼ੂਟਿੰਗ ਕਰਨਾ ਸੰਭਵ ਨਹੀਂ ਸੀ। ਇਸ ਲਈ ਸੈੱਟ ਖੜ੍ਹੇ ਕਰਕੇ ਇਸ ਫ਼ਿਲਮ ਦੀ ਸ਼ੂਟਿੰਗ ਕੀਤੀ ਗਈ। ਇਸ ਅਤਿਵਾਦੀ ਘਟਨਾ ‘ਤੇ ਫ਼ਿਲਮ ਬਣਾਉਣ ਬਾਰੇ ਨਿਰਮਾਤਾ ਪਰਾਗ ਸੰਘਵੀ ਇਹ ਤਰਕ ਦਿੰਦੇ ਹਨ ਕਿ ਉਹ ਇਸ ਫ਼ਿਲਮ ਰਾਹੀਂ ਪੂਰੀ ਦੁਨੀਆ ਨੂੰ ਦਿਖਾਉਣਾ ਚਾਹੁੰਦੇ ਹਨ ਕਿ ਕਿਸ ਤਰ੍ਹਾਂ ਅਤਿਵਾਦੀਆਂ ਦੇ ਹੱਥੋਂ ਮੁੰਬਈ ਸ਼ਹਿਰ ਨੂੰ ਦੁੱਖ ਸਹਿਣਾ ਪਿਆ ਸੀ। ਉਹ ਆਪਣੀ ਇਸ ਫ਼ਿਲਮ ਨੂੰ ਅੰਤਰਰਾਸ਼ਟਰੀ ਫ਼ਿਲਮ ਸਮਾਰੋਹਾਂ ਵਿਚ ਵੀ ਦਿਖਾਉਣਾ ਚਾਹੁੰਦੇ ਹਨ।
ਅੰਤਰਰਾਸ਼ਟਰੀ ਬਾਜ਼ਾਰ ਨੂੰ ਧਿਆਨ ਵਿਚ ਰੱਖ ਕੇ ਇਸ ਫ਼ਿਲਮ ਨੂੰ ਅੰਗਰੇਜ਼ੀ ਵਿਚ ਵੀ ਬਣਾਇਆ ਗਿਆ ਹੈ ਤੇ ਹਿੰਦੀ ਤੇ ਅੰਗਰੇਜ਼ੀ ਦੋਵਾਂ ਭਾਸ਼ਾਵਾਂ ਦੀ ਸ਼ੂਟਿੰਗ ਨਾਲ-ਨਾਲ ਕੀਤੀ ਗਈ। ਪਰਾਗ ਸੰਘਵੀ ਇਸ ਨੂੰ ਪਾਕਿਸਤਾਨ ਵਿਚ ਵੀ ਰਿਲੀਜ਼ ਕਰਨਾ ਚਾਹੁੰਦੇ ਹਨ ਪਰ ਉਨ੍ਹਾਂ ਦਾ ਮੰਨਣਾ ਹੈ ਕਿ ਪਾਕਿਸਤਾਨੀ ਸੈਂਸਰ ਬੋਰਡ ਉਥੇ ਇਸ ਫ਼ਿਲਮ ਨੂੰ ਪਾਸ ਨਹੀਂ ਕਰੇਗਾ। ਪਿਛਲੇ ਦਿਨੀਂ ਜਦੋਂ ਇਸ ਫ਼ਿਲਮ ਦੀ ਸ਼ੂਟਿੰਗ ਮੁੰਬਈ ਵਿਚ ਕੀਤੀ ਜਾ ਰਹੀ ਸੀ, ਉਦੋਂ ਮੁਸਲਮਾਨਾਂ-ਪੱਖੀ ਮੰਨੀ ਜਾਂਦੀ ਸਮਾਜਵਾਦੀ ਪਾਰਟੀ ਦੇ ਕਾਰਕੁਨਾਂ ਵੱਲੋਂ ਇਸ ਫ਼ਿਲਮ ਦਾ ਵਿਰੋਧ ਕੀਤਾ ਗਿਆ ਸੀ।
Leave a Reply