ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਖਰਕਾਰ ਇਰਾਨ ਨਾਲ ਹੋਏ ਪਰਮਾਣੂ ਸਮਝੌਤੇ ਉਤੇ ਲੀਕ ਫੇਰ ਦਿੱਤੀ ਹੈ। ਉਹ ਆਪਣੀ ਚੋਣ ਮੁਹਿੰਮ ਵਾਲੇ ਦਿਨਾਂ ਤੋਂ ਹੀ ਇਸ ਸਮਝੌਤੇ ਦਾ ਵਿਰੋਧ ਕਰਦੇ ਆ ਰਹੇ ਸਨ। ਹੁਣ ਉਨ੍ਹਾਂ ਇਹ ਸਮਝੌਤਾ ਰੱਦ ਕਰਦਿਆਂ ਕਿਹਾ ਹੈ: “ਹੁਣ ਇਹ ਸਾਫ ਹੈ ਕਿ ਅਸੀਂ ਇਰਾਨ ਨੂੰ ਪਰਮਾਣੂ ਬੰਬ ਬਣਾਉਣ ਤੋਂ ਰੋਕ ਨਹੀਂ ਸਕਦੇ। ਇਰਾਨ ਨਾਲ ਇਹ ਸਮਝੌਤਾ ਮੁੱਢ ਤੋਂ ਹੀ ਨੁਕਸਦਾਰ ਸੀ।
ਇਸ ਲਈ ਮੈਂ ਇਹ ਐਲਾਨ ਕਰਦਾ ਹਾਂ ਕਿ ਅਮਰੀਕਾ ਇਰਾਨ ਪਰਮਾਣੂ ਸਮਝੌਤੇ ਤੋਂ ਬਾਹਰ ਆ ਰਿਹਾ ਹੈ।” ਇਸ ਦੇ ਨਾਲ ਹੀ ਇਰਾਨ ਉਤੇ ਨਵੀਆਂ ਆਰਥਕ ਪਾਬੰਦੀਆਂ ਆਇਦ ਕਰ ਦਿੱਤੀਆਂ ਗਈਆਂ ਅਤੇ ਇਰਾਨ ਨੂੰ ਇਮਦਾਦ ਦੇਣ ਵਾਲੇ ਮੁਲਕਾਂ ਨੂੰ ਵੀ ਖਬਰਦਾਰ ਰਹਿਣ ਲਈ ਕਿਹਾ ਗਿਆ ਹੈ। ਟਰੰਪ ਦੇ ਇਸ ਫੈਸਲੇ ਉਤੇ ਕਿਸੇ ਨੂੰ ਬਹੁਤੀ ਹੈਰਾਨੀ ਨਹੀਂ ਹੋਈ ਕਿਉਂਕਿ ਉਹ ਇਹ ਫੈਸਲਾ ਰੱਦ ਕਰਨ ਬਾਰੇ ਲਗਾਤਾਰ ਬਿਆਨ ਦਿੰਦੇ ਰਹੇ ਹਨ। ਫੈਸਲਾ ਰੱਦ ਕਰਨ ਦੇ ਐਲਾਨ ਵਿਚ ਉਨ੍ਹਾਂ ਕਿਹਾ ਹੈ: “ਮੈਂ ਜੋ ਵਾਅਦਾ ਕਰਦਾ ਹਾਂ, ਨਿਭਾਉਂਦਾ ਹਾਂ।” ਉਨ੍ਹਾਂ ਓਬਾਮਾ ਪ੍ਰਸ਼ਾਸਨ ਦੀ ਵੀ ਤਿੱਖੀ ਨੁਕਤਾਚੀਨੀ ਕੀਤੀ ਹੈ। ਇਸ ਤੋਂ ਪਹਿਲਾਂ ਉਹ ਪਿਛਲੇ ਰਾਸ਼ਟਰਪਤੀ ਬਰਾਕ ਓਬਾਮਾ ਵੱਲੋਂ ਲਾਗੂ ਕੀਤਾ ਸਿਹਤ ਪ੍ਰੋਗਰਾਮ ‘ਓਬਾਮਾ ਕੇਅਰ’ ਪਿਛੇ ਸੁੱਟ ਚੁਕੇ ਹਨ। ਆਪਣੇ 10 ਮਿੰਟਾਂ ਦੇ ਐਲਾਨ ਵਿਚ ਟਰੰਪ ਨੇ ਕਿਹਾ ਕਿ ਇਸ ਸਮਝੌਤੇ ਦੇ ਬਾਵਜੂਦ ਇਰਾਨ ਨੇ ਆਪਣਾ ਪਰਮਾਣੂ ਪ੍ਰੋਗਰਾਮ ਬੰਦ ਨਹੀਂ ਕੀਤਾ ਹੈ, ਇਸੇ ਕਰ ਕੇ ਇਹ ਸਮਝੌਤਾ ਇਕਪਾਸੜ ਹੋ ਕੇ ਰਹਿ ਗਿਆ। ਅਜਿਹੇ ਸਮਝੌਤਿਆਂ ਨਾਲ ਅਮਰੀਕਾ ਨੂੰ ਬਲੈਕਮੇਲ ਨਹੀਂ ਕੀਤਾ ਜਾ ਸਕਦਾ। ਯਾਦ ਰਹੇ, ਇਰਾਨ ਨਾਲ ਇਹ ਪਰਮਾਣੂ ਸਮਝੌਤਾ ਵੀਆਨਾ ਵਿਚ ਜੁਲਾਈ 2015 ਨੂੰ ਸਿਰੇ ਚੜ੍ਹਿਆ ਸੀ। ਇਸ ਵਿਚ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੇ ਪੰਜ ਪੱਕੇ ਮੈਂਬਰਾਂ- ਅਮਰੀਕਾ, ਰੂਸ ਫੈਡਰੇਸ਼ਨ, ਚੀਨ, ਫਰਾਂਸ ਤੇ ਇੰਗਲੈਂਡ ਤੋਂ ਇਲਾਵਾ ਜਰਮਨੀ ਅਤੇ ਯੂਰਪੀ ਯੂਨੀਅਨ ਸ਼ਾਮਲ ਹੋਏ ਸਨ। ਉਸ ਵਕਤ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਸਨ ਅਤੇ ਇਹ ਸਮਝੌਤਾ ਅਮਰੀਕੀ ਵਿਦੇਸ਼ ਮੰਤਰੀ ਜੌਹਨ ਕੇਰੀ ਦੀ ਅਗਵਾਈ ਹੇਠ ਹੋਇਆ ਸੀ। ਉਦੋਂ ਇਸ ਨੂੰ ਸੰਸਾਰ ਅਮਨ ਦੇ ਰਾਹ ਦਾ ਮੀਲ ਪੱਥਰ ਗਰਦਾਨਿਆ ਗਿਆ ਸੀ।
ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਟਰੰਪ ਦੇ ਇਸ ਫੈਸਲੇ ਨੂੰ ‘ਗੰਭੀਰ ਗਲਤੀ’ ਕਰਾਰ ਦਿੱਤਾ ਹੈ। ਉਨ੍ਹਾਂ ਮੁਤਾਬਕ ਇਹ ਸਮਝੌਤਾ ਤੋੜ ਕੇ ਅਮਰੀਕਾ ਦੀ ਭਰੋਸੇਯੋਗਤਾ ਦਾਅ ਉਤੇ ਲਾ ਦਿੱਤੀ ਗਈ ਹੈ। ਇਕ ਪਾਸੇ ਤਾਂ ਰਾਸ਼ਟਰਪਤੀ ਟਰੰਪ ਉਤਰੀ ਕੋਰੀਆ ਨਾਲ ਗੱਲਬਾਤ ਚਲਾਉਣ ਵਾਲੇ ਪਾਸੇ ਵਧ ਰਹੇ ਹਨ, ਦੂਜੇ ਪਾਸੇ ਅਜਿਹੇ ਫੈਸਲੇ ਕੀਤੇ ਜਾ ਰਹੇ ਹਨ। ਹਕੀਕਤ ਇਹ ਹੈ ਕਿ ਇਰਾਨ ਵਾਲੇ ਸਮਝੌਤੇ ਕਰ ਕੇ ਹੀ ਉਤਰੀ ਕੋਰੀਆ ਲਈ ਗੱਲਬਾਤ ਦਾ ਰਾਹ ਖੁੱਲ੍ਹਣ ਦਾ ਮੌਕਾ ਬਣਿਆ ਹੈ। ਉਂਜ ਵੀ ਸਰਕਾਰਾਂ ਬਦਲਦੀਆਂ ਰਹਿੰਦੀਆਂ ਹਨ ਪਰ ਕਿਸੇ ਮੁਲਕ ਦੀ ਪਹੁੰਚ ਵਿਚ ਅਜਿਹੀ ਵੱਡੀ ਤਬਦੀਲੀ ਲੀਹੋਂ ਲਹਿਣ ਵਾਲੀ ਗੱਲ ਹੈ। ਇਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਦਾ ਐਲਾਨ ਹੈ ਕਿ ਮੁਲਕ ਕੁਝ ਸਮਾਂ ਇਸ ਸਮਝੌਤੇ ਦਾ ਪਾਬੰਦ ਰਹੇਗਾ ਸਗੋਂ ਪਹਿਲਾਂ ਖਬਰਾਂ ਇਹ ਵੀ ਸਨ ਕਿ ਇਰਾਨ ਅਮਰੀਕਾ ਵੱਲੋਂ ਸਮਝੌਤੇ ਤੋਂ ਬਾਹਰ ਆਉਣ ਦੇ ਬਾਵਜੂਦ ਬਾਕੀ ਧਿਰਾਂ ਨਾਲ ਸਮਝੌਤਾ ਨਿਭਾਉਣ ਦੇ ਹੱਕ ਵਿਚ ਹੈ। ਇਸ ਦਾ ਵੱਡਾ ਕਾਰਨ ਇਰਾਨ ਦਾ ਇਨ੍ਹਾਂ ਮੁਲਕਾਂ ਨਾਲ ਸ਼ੁਰੂ ਹੋਇਆ ਕਾਰੋਬਾਰ ਹੈ ਜੋ ਇਕ ਵਕਫੇ ਤੋਂ ਬਾਅਦ ਸੰਭਵ ਹੋ ਸਕਿਆ ਹੈ। ਉਂਜ, ਹੋਰ ਧਿਰਾਂ ਵੱਲੋਂ ਸਮਝੌਤੇ ਤੋਂ ਪਿਛਾਂਹ ਹਟਣ ਦੀ ਸੂਰਤ ਵਿਚ ਇਰਾਨ ਵੱਲੋਂ ਯੂਰੇਨੀਅਮ ਸੋਧਣ ਦਾ ਕਾਰਜ ਮੁੜ ਚਾਲੂ ਕਰਨ ਦੀਆਂ ਕਿਆਸਅਰਾਈਆਂ ਵੀ ਹਨ। ਫਰਾਂਸ, ਇੰਗਲੈਂਡ ਅਤੇ ਜਰਮਨੀ ਨੇ ਵੀ ਸਾਂਝੇ ਬਿਆਨ ਵਿਚ ਟਰੰਪ ਦੇ ਫੈਸਲੇ ਨੂੰ ਅਫਸੋਸਨਾਕ ਦੱਸਿਆ ਹੈ ਅਤੇ ਕਿਹਾ ਹੈ ਕਿ ਉਹ ਵੱਧ ਤੋਂ ਵੱਧ ਸਮਾਂ ਇਸ ਸਮਝੌਤੇ ਨਾਲ ਖੜ੍ਹਨਗੇ ਕਿਉਂਕਿ ਇਸ ਸਮਝੌਤੇ ਦਾ ਮੁੱਖ ਮਕਸਦ ਸੰਸਾਰ ਸ਼ਾਂਤੀ ਵੱਲ ਪੁੱਟਿਆ ਗਿਆ ਕਦਮ ਸੀ। ਇਨ੍ਹਾਂ ਮੁਲਕਾਂ ਨੇ ਇਰਾਨ ਨੂੰ ਫਿਲਹਾਲ ਜ਼ਬਤ ਦਿਖਾਉਣ ਦੀ ਤਾਕੀਦ ਕੀਤੀ ਹੈ। ਸੰਯੁਕਤ ਰਾਸ਼ਟਰ ਨੇ ਅਮਰੀਕੀ ਰਾਸ਼ਟਰਪਤੀ ਦੇ ਐਲਾਨ ‘ਤੇ ਫਿਕਰ ਜਾਹਰ ਕੀਤਾ ਹੈ। ਟਰੰਪ ਦੇ ਸਾਥੀ ਅਤੇ ਵਿਦੇਸ਼ ਮੰਤਰੀ ਜੇਮਸ ਮੈਟਿਸ ਨੇ ਕਿਹਾ ਹੈ ਕਿ ਇਸ ਸਮਝੌਤੇ ‘ਤੇ ਬਰਕਰਾਰ ਰਹਿਣਾ ਅਮਰੀਕਾ ਦੇ ਹਿਤ ਵਿਚ ਹੋਵੇਗਾ।
ਅਸਲ ਵਿਚ, ਇਰਾਨ ਪਰਮਾਣੂ ਸਮਝੌਤੇ ਦਾ ਮੁੱਖ ਮਕਸਦ ਇਰਾਨ ਨੂੰ ਘੱਟੋ-ਘੱਟ ਦਸ ਸਾਲ ਲਈ ਪਰਮਾਣੂ ਬੰਬ ਬਣਾਉਣ ਤੋਂ ਰੋਕਣਾ ਸੀ ਤਾਂ ਕਿ ਮੱਧ ਪੂਰਬ ਏਸ਼ੀਆ ਵਿਚ ਪਰਮਾਣੂ ਹਥਿਆਰਾਂ ਦੀ ਦੌੜ ਤੇਜ਼ ਨਾ ਹੋਵੇ। ਟਰੰਪ ਦੇ ਇਸ ਫੈਸਲੇ ਦਾ ਸਿੱਧਾ ਅਸਰ ਮੱਧ ਪੂਰਬੀ ਖਿੱਤੇ ਦੀ ਸਿਆਸਤ ਉਤੇ ਪੈਣਾ ਹੈ। ਚੇਤੇ ਰਹੇ, ਬਰਾਕ ਓਬਾਮਾ ਨੂੰ ਸਾਲ 2009 ਦਾ ਵੱਕਾਰੀ ਨੋਬੇਲ ਇਨਾਮ ਇਸ ਖਿੱਤੇ ਵਿਚ ਅਮਨ-ਅਮਾਨ ਲਈ ਉਠਾਏ ਕਦਮਾਂ ਲਈ ਮਿਲਿਆ ਸੀ। ਉਸ ਵੇਲੇ ਓਬਾਮਾ ਦੀ ਇਸ ਵਿਦੇਸ਼ ਨੀਤੀ ਦੀ ਖੂਬ ਪ੍ਰਸ਼ੰਸਾ ਹੋਈ ਸੀ। ਹੁਣ ਹਾਲਾਤ ਦੀ ਸਿਤਮਜ਼ਰੀਫੀ ਦੇਖੋ ਕਿ ਡੋਨਲਡ ਟਰੰਪ ਦੀ ਰਿਪਬਲੀਕਨ ਪਾਰਟੀ ਦੇ ਕੁਝ ਕਾਂਗਰਸ ਮੈਂਬਰਾਂ ਨੇ ਟਰੰਪ ਨੂੰ ਨੋਬੇਲ ਅਮਨ ਇਨਾਮ ਦੇਣ ਬਾਰੇ ਨੋਬੇਲ ਕਮੇਟੀ ਕੋਲ ਸਿਫਾਰਿਸ਼ ਕੀਤੀ ਹੈ। ਹਕੀਕਤ ਇਹ ਹੈ ਕਿ ਜਦੋਂ ਤੋਂ ਡੋਨਲਡ ਟਰੰਪ ਨੇ ਰਾਸ਼ਟਰਪਤੀ ਵਜੋਂ ਅਮਰੀਕਾ ਦੀ ਕਮਾਨ ਸੰਭਾਲੀ ਹੈ, ਨਫਰਤ ਤੋਂ ਸਿਵਾ ਕੋਈ ਹੋਰ ਗੱਲ ਉਨ੍ਹਾਂ ਦੇ ਮੁਖਾਰ-ਬਿੰਦ ਵਿਚੋਂ ਨਿਕਲੀ ਨਹੀਂ ਹੈ। ਮੁਸਲਮਾਨਾਂ ਖਿਲਾਫ ਉਸ ਦੇ ਜ਼ਹਿਰੀਲੇ ਭਾਸ਼ਨ ਕਿਸੇ ਤੋਂ ਲੁਕੇ ਹੋਏ ਨਹੀਂ। ਮੁਲਕ ਦੀ ‘ਗੰਨ ਲਾਬੀ’ ਖਿਲਾਫ ਕੋਈ ਫੈਸਲਾ ਕਰਨ ਤੋਂ ਉਹ ਸਦਾ ਟਲਦੇ ਰਹੇ ਹਨ ਹਾਲਾਂਕਿ ਅਮਰੀਕਾ ਅੰਦਰ ਗੋਲੀਬਾਰੀ ਦੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਇਸ ਲੌਬੀ ਨੂੰ ਨੱਥ ਪਾਉਣ ਦੀ ਮੰਗ ਵੱਡੇ ਪੱਧਰ ਉਤੇ ਹਰ ਪਾਸਿਓਂ ਉਠਦੀ ਰਹੀ ਹੈ। ਟਰੰਪ ਦੇ ਨਵੇਂ ਫੈਸਲੇ ਨੇ ਬਿਨਾ ਸ਼ੱਕ ਸੰਸਾਰ ਅਮਨ ਲਈ ਇਕ ਵਾਰ ਫਿਰ ਖਤਰਾ ਖੜ੍ਹਾ ਕਰ ਦਿੱਤਾ ਹੈ। ਹੁਣ ਇਹ ਬਾਕੀ ਧਿਰਾਂ ਉਤੇ ਨਿਰਭਰ ਹੈ ਕਿ ਉਹ ਇਰਾਨ ਦੇ ਮਾਮਲੇ ਵਿਚ ਅਗਲਾ ਰੁਖ ਕੀ ਅਖਤਿਆਰ ਕਰਦੀਆਂ ਹਨ।