ਕਾਂਗਰਸ ਵਿਵਾਦ ਵਿਚ ਘਿਰੀ, ਅਕਾਲੀਆਂ ਨੂੰ ਗੜ੍ਹ ਬਚਾਉਣ ਦੀ ਵੰਗਾਰ
ਚੰਡੀਗੜ੍ਹ (ਗੁਰਵਿੰਦਰ ਸਿੰਘ ਵਿਰਕ): ਪੰਜਾਬ ਵਿਧਾਨ ਸਭਾ ਦੀ ਸ਼ਾਹਕੋਟ ਜ਼ਿਮਨੀ ਚੋਣ ਸਿਆਸਤ ਦੇ ਨਵੇਂ ਰੰਗ ਦਿਖਾ ਰਹੀ ਹੈ। ਹਾਕਮ ਧਿਰ ਕਾਂਗਰਸ ਜਿਥੇ ਆਪਣੇ ‘ਦਾਗੀ’ ਉਮੀਦਵਾਰ ਕਰ ਕੇ ਵਿਵਾਦਾਂ ਵਿਚ ਘਿਰੀ ਹੋਈ ਹੈ, ਉਥੇ ਮੁੱਖ ਵਿਰੋਧੀ ਧਿਰ- ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਚੋਣ ਲੜਨ ਦੇ ਹੱਕ ਵਿਚ ਨਾ ਹੋਣ ਕਰ ਕੇ ਸਿਆਸੀ ਖਲਾਅ ਪੈਦਾ ਹੋ ਗਿਆ ਹੈ। ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂ ਅਜਿਹੇ ਹਾਲਾਤ ਦੇਖ ਕੇ ਭਾਵੇਂ ਕੱਛਾਂ ਵਜਾ ਰਹੇ ਹਨ ਪਰ ਉਪ ਚੋਣ ਹਮੇਸ਼ਾ ਹਾਕਮ ਧਿਰ ਦੀ ਝੋਲੀ ਪੈਣ ਵਾਲਾ ਫਾਰਮੂਲਾ ਉਸ ਲਈ ਚੁਣੌਤੀ ਤੋਂ ਘੱਟ ਨਹੀਂ। ਇਹ ਹਲਕਾ ਅਕਾਲੀਆਂ ਦਾ ਗੜ੍ਹ ਹੈ, ਪਰ ਸੂਬੇ ਵਿਚ ਸੱਤਾ ਬਦਲੀ ਨਵੇਂ ਸਮੀਕਰਨਾਂ ਵੱਲ ਸੰਕੇਤ ਦੇ ਰਹੀ ਹੈ।
ਕਾਂਗਰਸ ਲਈ ਨਮੋਸ਼ੀ ਵਾਲੀ ਗੱਲ ਇਹ ਹੈ ਕਿ ਪੰਜਾਬ ਦੇ ਸਿਆਸੀ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਜਦੋਂ ਸੱਤਾਧਾਰੀ ਧਿਰ ਦੇ ਉਮੀਦਵਾਰ ਦੇ ਐਲਾਨ ਦੇ ਮਹਿਜ਼ 24 ਘੰਟਿਆਂ ਅੰਦਰ ਉਸ ਖਿਲਾਫ ਪਰਚਾ ਦਰਜ ਹੋਇਆ ਹੋਵੇ। ਕਾਂਗਰਸੀ ਉਮੀਦਵਾਰ ਖਿਲਾਫ ਕਾਰਵਾਈ ਨੇ ਇਸ ਦਾਅਵੇ ਨੂੰ ਹੋਰ ਪੱਕਾ ਕਰ ਦਿੱਤਾ ਹੈ ਕਿ ਅਫਸਰਸ਼ਾਹੀ ਉਤੇ ਕੈਪਟਨ ਸਰਕਾਰ ਦੀ ਪਕੜ ਢਿੱਲੀ ਹੈ। ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਉਤੇ ਨਾਜਾਇਜ਼ ਮਾਈਨਿੰਗ ਦੇ ਦੋਸ਼ ਹਨ। ਕਾਂਗਰਸ ਪਾਰਟੀ ਪਰਚਾ ਦਰਜ ਹੋਣ ਦੇ ਬਾਵਜੂਦ ਜਿਥੇ ਸ਼ੇਰੋਵਾਲੀਆ ਨੂੰ ਮੈਦਾਨ ਵਿਚੋਂ ਹਟਾਉਣ ਲਈ ਤਿਆਰ ਨਹੀਂ, ਉਥੇ ਪਰਚਾ ਦਰਜ ਕਰਨ ਵਾਲਾ ਥਾਣੇਦਾਰ ਪਰਮਿੰਦਰ ਸਿੰਘ ਬਾਜਵਾ ਜਿਦ ‘ਤੇ ਅੜਿਆ ਹੋਇਆ ਹੈ ਕਿ ਜੇ ਪਰਚਾ ਰੱਦ ਹੋਇਆ ਤਾਂ ਉਹ ਹਾਈ ਕੋਰਟ ਜਾਵੇਗਾ। ਉਧਰ, ਕਿਹਾ ਜਾ ਰਿਹਾ ਹੈ ਕਿ ਕਾਂਗਰਸ ਨੇ ਇਸ ਥਾਣੇਦਾਰ ਦੇ ਵਿਰੋਧੀਆਂ ਨਾਲ ਮਿਲੇ ਹੋਣ ਦੇ ‘ਸਬੂਤ’ ਲੱਭ ਲਏ ਹਨ।
ਇਸ ਤੋਂ ਇਲਾਵਾ ਥਾਣੇਦਾਰ ਦਾ ਜਲੰਧਰ ਦੇ ਇਕ ਵੱਡੇ ਹੋਟਲ ਦਾ ਵੀਡੀਓ ਵਾਇਰਲ ਹੋਇਆ ਹੈ, ਜਿਸ ਵਿਚ ਉਹ ਕਿਸੇ ਔਰਤ ਨਾਲ ਦਿਖਾਈ ਦੇ ਰਿਹਾ ਹੈ। ਸੀæਸੀæਟੀæਵੀæ ਕੈਮਰੇ ਦੀ ਫੁਟੇਜ ‘ਤੇ ਆ ਰਹੇ ਸਮੇਂ ਅਤੇ ਮਿਤੀ ਦੇ ਹਿਸਾਬ ਨਾਲ ਇਹ ਫੁਟੇਜ ਉਸੇ ਰਾਤ ਦੀ ਹੈ ਜਦੋਂ ਇਸ ਅਫਸਰ ਨੇ ਲਾਡੀ ਸ਼ੇਰੋਵਾਲੀਆ ਖਿਲਾਫ਼ ਪਰਚਾ ਦਰਜ ਕੀਤਾ ਸੀ। ਇਸੇ ਰਾਤ ਬਾਜਵਾ ਦੇ ਨਾਮ 33 ਹਜ਼ਾਰ ਰੁਪਏ ਦਾ ਸ਼ਰਾਬ ਦਾ ਹੀ ਬਿੱਲ ਬਣਿਆ ਹੈ। ਕਾਂਗਰਸ ਦਾ ਦਾਅਵਾ ਹੈ ਕਿ ਥਾਣੇਦਾਰ ਨੇ ਪਰਚਾ ਦਰਜ ਕਰਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਲੀਡਰ ਸੁਖਪਾਲ ਸਿੰਘ ਖਹਿਰਾ ਅਤੇ ਅਕਾਲੀ ਆਗੂ ਦਲਜੀਤ ਸਿੰਘ ਚੀਮਾ ਨਾਲ ਫੋਨ ਉਤੇ ਗੱਲ ਕੀਤੀ ਸੀ। ਇਹ ਮਾਮਲਾ ਚੋਣ ਕਮਿਸ਼ਨ ਕੋਲ ਵੀ ਪੁੱਜ ਗਿਆ ਹੈ।
ਦੱਸ ਦਈਏ ਕਿ ਪੰਜਾਬ ਦੀਆਂ ਸਿਆਸੀ ਧਿਰਾਂ ਅਗਲੇ ਵਰ੍ਹੇ ਆਮ ਚੋਣਾਂ ਤੋਂ ਪਹਿਲਾਂ ਇਸ ਉਪ ਚੋਣ ਨੂੰ ਕਾਫੀ ਅਹਿਮ ਮੰਨ ਰਹੀਆਂ ਹਨ। ਇਹ ਪਹਿਲੀ ਵਾਰ ਹੈ ਜਦੋਂ ਕਿਸੇ ਜ਼ਿਮਨੀ ਚੋਣ ਲਈ ਇੰਨਾ ਜ਼ੋਰ ਲੱਗਾ ਹੋਇਆ ਹੋਵੇ। ਇਥੋਂ ਤੱਕ ਕਿ ਸਿਆਸਤ ਤੋਂ ਸੰਨਿਆਸ ਦੀ ਤਿਆਰੀ ਕਰੀ ਬੈਠੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਕਾਫੀ ਸਰਗਰਮ ਲੱਗ ਰਹੇ ਹਨ। ਆਮ ਆਦਮੀ ਪਾਰਟੀ ਵੀ ਇਸ ਚੋਣ ਨੂੰ ਪੰਜਾਬ ਵਿਚ ਵਾਪਸੀ ਵਜੋਂ ਦੇਖ ਰਹੀ ਹੈ। ਹਾਲਾਂਕਿ ਸੂਬਾ ਪ੍ਰਧਾਨ ਭਗਵੰਤ ਮਾਨ ਅਤੇ ਪਾਰਟੀ ਦੇ ਭੁਲੱਥ ਤੋਂ ਵਿਧਾਇਕ ਤੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਇਹ ਚੋਣ ਲੜਨ ਦੇ ਹੱਕ ਵਿਚ ਨਹੀਂ ਸਨ। ਇਨ੍ਹਾਂ ਆਗੂਆਂ ਦਾ ਦਾਅਵਾ ਹੈ ਕਿ ਪਾਰਟੀ ਅਜੇ ਚੋਣ ਜਿੱਤਣ ਦੀ ਹਾਲਤ ਵਿਚ ਨਹੀਂ ਹੈ।
ਇਸ ਉਪ ਚੋਣ ਦਾ ਇਕ ਅਹਿਮ ਪੱਖ ਇਹ ਹੈ ਕਿ ਇਸ ਵਾਰ ਸਿਆਸੀ ਧਿਰਾਂ ਹਲਕੇ ਦੇ ਅਹਿਮ ਮਸਲਿਆਂ ਦੀ ਥਾਂ ਇਕ ਦੂਜੇ ਨੂੰ ਘੇਰਨ ਉਤੇ ਵੱਧ ਜ਼ੋਰ ਦੇ ਰਹੀਆਂ ਹਨ। ਵਿਧਾਨ ਸਭਾ ਚੋਣਾਂ ‘ਚ ਜਿਥੇ ਨਸ਼ੇ ਵੱਡਾ ਮੁੱਦਾ ਬਣੇ ਸਨ, ਉਥੇ ਰੇਤੇ ਦੀ ਨਾਜਾਇਜ਼ ਮਾਈਨਿੰਗ ਵੀ ਅਕਾਲੀ-ਭਾਜਪਾ ਦੀ ਹਾਰ ਦਾ ਵੱਡਾ ਕਾਰਨ ਰਹੀ ਹੈ, ਪਰ ਹੁਣ ਕਾਂਗਰਸ ਦੇ ਆਪਣੇ ਹੀ ਆਗੂਆਂ ਦੇ ਇਸ ਮਾਮਲੇ ਵਿਚ ਫਸਣ ਕਾਰਨ ਚੋਣ ਕਾਫੀ ਦਿਲਚਸਪ ਹੋਣ ਦੀ ਸੰਭਾਵਨਾ ਹੈ। ਸ਼੍ਰੋਮਣੀ ਅਕਾਲੀ ਦਲ ਇਸ ਮੁੱਦੇ ਨੂੰ ਆਪਣਾ ਹਥਿਆਰ ਬਣਾ ਕੇ ਕਾਂਗਰਸ ਨੂੰ ਘੇਰ ਰਿਹਾ ਹੈ।
ਸ਼ਾਹਕੋਟ ਹਲਕੇ ਦੀ ਚੋਣ 28 ਮਈ ਨੂੰ ਹੋਣੀ ਹੈ। ਇਹ ਸੀਟ ਵਿਧਾਇਕ ਅਜੀਤ ਸਿੰਘ ਕੋਹਾੜ ਦੀ ਮੌਤ ਕਾਰਨ ਖਾਲੀ ਹੋਈ ਸੀ। ਅਜੀਤ ਸਿੰਘ ਕੋਹਾੜ ਸ਼ਾਹਕੋਟ ਹਲਕੇ ਤੋਂ ਲਗਾਤਾਰ 5 ਵਾਰ ਵਿਧਾਇਕ ਬਣੇ ਸਨ ਤੇ ਕੈਬਨਿਟ ਵਿਚ ਮੰਤਰੀ ਦੇ ਅਹੁਦੇ ਉਤੇ ਵੀ ਰਹਿ ਚੁੱਕੇ ਹਨ। ਇਹ ਚੋਣ ਜਿਥੇ ਕੈਪਟਨ ਸਰਕਾਰ ਦੇ ਸਵਾ ਸਾਲ ਦੇ ਸ਼ਾਸਨ ਦੀ ਪਰਖ ਹੋਵੇਗੀ, ਉਥੇ ਅਕਾਲੀ ਦਲ ਵੱਲੋਂ ਆਪਣੇ ਗੜ੍ਹ ਨੂੰ ਸਲਾਮਤ ਰੱਖਣਾ ਚੁਣੌਤੀ ਹੈ।
ਅਕਾਲੀ ਦਲ ਨੇ ਨੈਬ ਸਿੰਘ ਕੋਹਾੜ ਨੂੰ ਮੈਦਾਨ ਵਿਚ ਉਤਾਰਿਆ ਹੋਇਆ ਹੈ ਜਦ ਕਿ ਆਮ ਆਦਮੀ ਪਾਰਟੀ ਨੇ ਰਤਨ ਸਿੰਘ ਕਾਕੜਕਲਾਂ ਨੂੰ ਉਮੀਦਵਾਰ ਐਲਾਨਿਆ ਹੈ। ਸ੍ਰੀ ਕਾਕੜਕਲਾਂ ਪਾਰਟੀ ਦਾ ਪੁਰਾਣਾ ਵਲੰਟੀਅਰ ਅਤੇ ਜਿਲ੍ਹਾ ਜਲੰਧਰ ਦਿਹਾਤੀ ਇਕਾਈ ਦਾ ਸਕੱਤਰ ਹੈ। ਅਕਾਲੀ ਦਲ (ਅੰਮ੍ਰਿਤਸਰ) ਵੀ ਬਹੁਜਨ ਮੁਕਤੀ ਪਾਰਟੀ ਨਾਲ ਗੱਠਜੋੜ ਕਰ ਕੇ ਸੁਲੱਖਣ ਸਿੰਘ ਨਾਲ ਮੈਦਾਨ ਵਿਚ ਨਿੱਤਰਿਆ ਹੈ।