ਇਕ ਸੀ ਖ਼ਰੈਤੀ ਭੈਂਗਾ…

ਖ਼ਰੈਤੀ ਭੈਂਗਾ (1913-1976) ‘ਸੁਣ ਭੈਂਗਿਆ ਵੇ ਓਏ ਬੜੇ ਮਹਿੰਗਿਆ ਵੇ, ਤੇਰੀਆਂ ਭੈਂਗੀਆਂ-ਭੈਂਗੀਆਂ ਅੱਖਾਂ ਕਲੇਜੇ ਨਾਲ ਰੱਖਾਂ, ਨਾਲ ਰੱਖਾਂ ਭੈਂਗਿਆ ਵੇ’ ਖ਼ਰੈਤੀ ਭੈਂਗੇ ਦੀ ਸ਼ਖ਼ਸੀਅਤ ਦੀ ਤਰਜਮਾਨੀ ਕਰਦਾ ਇਹ ਮਸ਼ਹੂਰ ਨਗ਼ਮਾ ਉਸ ਦੇ ਮਹਿੰਗਾ ਮਜ਼ਾਹੀਆ ਅਦਾਕਾਰ ਹੋਣ ਦੀ ਸ਼ਾਹਦੀ ਭਰਦਾ ਹੈ। ਉਹ ਹਰ ਪੰਜਾਬੀ ਫ਼ਿਲਮ ਵਿਚ ਹੀਰੋ ਨੂੰ ਬਰਾਬਰ ਦੀ ਟੱਕਰ ਦਿੰਦਾ ਸੀ। ਆਪਣੇ ਦੌਰ ਦੌਰਾਨ ਉਹ ਹਰ ਪੰਜਾਬੀ ਫ਼ਿਲਮ ਦੀ ਕਾਮਯਾਬੀ ਦੀ ਜ਼ਮਾਨਤ ਹੋਇਆ ਕਰਦਾ ਸੀ, ਜਿਸ ਦੀ ਗ਼ੈਰ-ਮੌਜੂਦਗੀ ਤੋਂ ਬਿਨਾਂ ਕੋਈ ਵੀ ਡਿਸਟਰੀਬਿਊਟਰ ਫ਼ਿਲਮਾਂ ਨੂੰ ਹੱਥ ਨਹੀਂ ਪਾਉਂਦਾ ਸੀ।

ਖ਼ਰੈਤੀ ਭੈਂਗੇ ਦਾ ਜਨਮ ਲਾਹੌਰ ਦੇ ਪੰਜਾਬੀ ਪੰਡਿਤ ਪਰਿਵਾਰ ਵਿਚ ਹੋਇਆ। ਉਸ ਦਾ ਅਸਲੀ ਨਾਂ ਪੰਡਿਤ ਖ਼ਰਾਇਤੀ ਲਾਲ ਸ਼ਰਮਾ ਸੀ। ਪੰਡਿਤ ਅਮਰਨਾਥ ਸ਼ਰਮਾ (ਸੰਗੀਤਕਾਰ ਨਹੀਂ) ਦਾ ਇਹ ਫ਼ਰਜ਼ੰਦ ਸਿਰਫ਼ ਭੈਂਗਾ ਹੋਣ ਦੀ ਅਦਾਕਾਰੀ ਹੀ ਕਰਦਾ ਸੀ ਨਾ ਕਿ ਉਹ ਪੈਦਾਇਸ਼ੀ ਭੈਂਗਾ ਸੀ। ਹਾਂ, ਮਾਮੂਲੀ ਜਿਹਾ ਭੈਂਗਾਪਣ ਜ਼ਰੂਰ ਸੀ। 1960ਵਿਆਂ ਦੇ ਦਹਾਕੇ ਤਕ ਆਉਂਦਿਆਂ ਖ਼ਰੈਤੀ ਦੇ ਨਾਂ ਨਾਲ ਇਸੇ ਅਦਾਕਾਰੀ ਕਾਰਨ ‘ਖ਼ਰੈਤੀ ਭੈਂਗਾ’ ਪੱਕੇ ਤੌਰ ‘ਤੇ ਜੁੜ ਗਿਆ। ਇਸ ਤੋਂ ਪਹਿਲਾਂ ਬਣੀਆਂ ਫ਼ਿਲਮਾਂ ਵਿਚ ਉਸ ਦੇ ਨਾਮ ਨਾਲ ਖ਼ਰੈਤੀ ਹੀ ਲਿਖਿਆ ਆਉਂਦਾ ਸੀ। ਖ਼ਰਾਇਤੀ ਲਾਲ ਸ਼ਰਮਾ ਨੇ ਅਦਾਕਾਰੀ ਦੀ ਸ਼ੁਰੂਆਤ ਥੀਏਟਰ ਤੋਂ ਕੀਤੀ। ਫਿਰ ਉਹ ਆਲ ਇੰਡੀਆ ਰੇਡੀਓ ਲਾਹੌਰ ਵਿਖੇ ਡਰਾਮਾ ਕਲਾਕਾਰ ਬਣ ਗਿਆ। ਇਥੇ ਉਹ ਤਾਰਾ ਚੰਦ ਦੇ ਨਾਂ ਨਾਲ ਦਿਹਾਤੀ ਪ੍ਰੋਗਰਾਮ ਪੇਸ਼ ਕਰਦਾ ਸੀ, ਜਿਸ ਵਿਚ ਹਾਸੇ-ਮਖੌਲ ਦੇ ਨਾਲ-ਨਾਲ ਦਿਹਾਤ ਸੁਧਾਰ ਦੀ ਗੱਲਬਾਤ ਵੀ ਕੀਤੀ ਜਾਂਦੀ ਸੀ।
ਮੁੰਬਈ ਅਤੇ ਕਲਕੱਤੇ ਤੋਂ ਬਾਅਦ ਲਾਹੌਰ ਪੰਜਾਬੀ ਅਤੇ ਉਰਦੂ-ਹਿੰਦੀ ਫ਼ਿਲਮਾਂ ਦਾ ਵੱਡਾ ਗੜ੍ਹ ਸੀ, ਜਿਸ ਨੇ ਬੰਬਈ ਫ਼ਿਲਮ ਸਨਅਤ ਨੂੰ ਨਾਮੀ-ਗ਼ਰਾਮੀ ਸਿਤਾਰੇ ਦਿਤੇ ਸਨ। 1940ਵਿਆਂ ਦੇ ਦਹਾਕੇ ਵਿਚ ਖ਼ਰੈਤੀ ਦੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਵੀ ਲਾਹੌਰ ਤੋਂ ਹੋਈ ਸੀ। ਪੰਚੋਲੀ ਆਰਟ ਪਿਕਚਰਜ਼, ਲਾਹੌਰ ਦੀਆਂ ਹਿੰਦੀ ਫ਼ਿਲਮਾਂ ‘ਖ਼ਜ਼ਾਨਚੀ'(1941), ‘ਖ਼ਾਨਦਾਨ’ ਤੇ ‘ਜ਼ਮੀਂਦਾਰ’ (1942) ਵਿਚ ਖ਼ਰੈਤੀ ਨੇ ਛੋਟੇ-ਛੋਟੇ ਕਿਰਦਾਰ ਬਖ਼ੂਬੀ ਅਦਾ ਕੀਤੇ। 1947 ਵਿਚ ਹਿੰਦੋਸਤਾਨ ਦੀ ਵੰਡ ਹੋ ਗਈ। ਫ਼ਸਾਦਾਂ ਦਾ ਝੰਭਿਆ ਖ਼ਰੈਤੀ ਵੀ ਆਪਣੇ ਸ਼ਹਿਰ ਲਾਹੌਰ ਨੂੰ ਅਲਵਿਦਾ ਕਹਿ ਕੇ ਹਿੰਦੋਸਤਾਨ ਦੇ ਸ਼ਹਿਰ ਗਾਜ਼ੀਆਬਾਦ ਆਣ ਵਸਿਆ। ਇਸ ਤੋਂ ਬਾਅਦ ਉਹ ਪਰਿਵਾਰ ਸਮੇਤ ਪੱਕੇ ਤੌਰ ‘ਤੇ ਮੁੰਬਈ ਚਲਾ ਗਿਆ। ਇਥੇ ਖ਼ਰੈਤੀ ਨੂੰ ਸਭ ਤੋਂ ਪਹਿਲਾਂ ਕੁਲਦੀਪ ਪਿਕਚਰਜ਼, ਬੰਬੇ ਦੀ ਦਾਊਦ ਚਾਂਦ ਨਿਰਦੇਸ਼ਿਤ ਹਿੰਦੀ ਫ਼ਿਲਮ ‘ਪਪੀਹਾ ਰੇ’ ਵਿਚ ਅਦਾਕਾਰੀ ਕਰਨ ਦਾ ਮੌਕਾ ਮਿਲਿਆ। ਇਸ ਫ਼ਿਲਮ ਤੋਂ ਬਾਅਦ ਖ਼ਰੈਤੀ ਨੇ 15 ਕੁ ਹੋਰ ਹਿੰਦੀ ਫ਼ਿਲਮਾਂ ਵਿਚ ਅਦਾਕਾਰੀ ਕੀਤੀ, ਪਰ ਉਸਨੂੰ ਮਕਬੂਲੀਅਤ ਅਤੇ ਸਕੂਨ ਪੰਜਾਬੀ ਫ਼ਿਲਮਾਂ ਵਿਚ ਕੰਮ ਕਰ ਕੇ ਹੀ ਮਿਲਿਆ।
ਦੇਸ਼ ਵੰਡ ਤੋਂ ਬਾਅਦ ਨਿਗਾਰਸਤਾਨ ਫ਼ਿਲਮਜ਼, ਬੰਬੇ ਦੀ ਰਿਲੀਜ਼ ਹੋਈ ਪੰਜਾਬੀ ਫ਼ਿਲਮ ‘ਛਈ’ (1950) ਬਤੌਰ ਮਜ਼ਾਹੀਆ ਅਦਾਕਾਰ ਉਸ ਦੀ ਪਹਿਲੀ ਫ਼ਿਲਮ ਸੀ। ਇਹ ਫ਼ਿਲਮ ਖ਼ਰੈਤੀ ਦੇ ਨਾਲ-ਨਾਲ ਅਦਾਕਾਰਾ ਗੀਤਾ ਬਾਲੀ ਦੀ ਵੀ ਬਤੌਰ ਹੀਰੋਇਨ ਪਹਿਲੀ ਪੰਜਾਬੀ ਫ਼ਿਲਮ ਸੀ। ਖ਼ਰੈਤੀ ਦੀ ਦੂਜੀ ਫ਼ਿਲਮ ਰੂਪਬਾਨੀ ਫ਼ਿਲਮਜ਼, ਬੰਬੇ ਦੀ ‘ਮੁਟਿਆਰ’ (1950) ਸੀ। ਤੀਜੀ ਫ਼ਿਲਮ ‘ਜੁਗਨੀ’ (1953) ਸੀ, ਜਿਸ ਵਿਚ ਉਸ ਨੇ ਆੜ੍ਹਤੀਏ ਬਲਾਕੀ ਸ਼ਾਹ/ਭੈਂਗੇ ਸ਼ਾਹ ਦਾ ਰੋਲ ਨਿਭਾਇਆ। ਕਵਾਤੜਾ ਫ਼ਿਲਮਜ਼, ਬੰਬੇ ਦੀ ‘ਕੌਡੇ ਸ਼ਾਹ’ (1953) ਵਿਚ ‘ਅਫ਼ੀਮਾ’ ਨਾਂ ਦਾ ਕਿਰਦਾਰ ਨਿਭਾਇਆ। 1959 ਵਿਚ ਰਿਲੀਜ਼ ਹੋਈ ਨਿਰਦੇਸ਼ਕ ਜੁਗਲ ਕਿਸ਼ੋਰ ਦੀ ਹਿੱਟ ਫ਼ਿਲਮ ‘ਭੰਗੜਾ’ ਖ਼ਰੈਤੀ ਦੇ ਫ਼ਿਲਮ ਕਰੀਅਰ ਵਿਚ ਮੀਲ ਪੱਥਰ ਸਾਬਤ ਹੋਈ। ਫ਼ਿਲਮ ਵਿਚ ਖ਼ਰੈਤੀ ਨੇ ‘ਕੌਡੇ ਸ਼ਾਹ’ (ਸਤੀਸ਼ ਛਾਬੜਾ) ਦੇ ਮੁਨਸ਼ੀ ‘ਮਹਿੰਗਾ ਮੱਲ’ ਦਾ ਰੋਲ ਨਿਭਾਇਆ। ਗੋਲਡਨ ਮੂਵੀਜ਼, ਬੰਬਈ ਦੀ ‘ਦੋ ਲੱਛੀਆਂ’ (1960) ਖ਼ਰੈਤੀ ਦੀ ਬਿਹਤਰੀਨ ਮਜ਼ਾਹੀਆ ਅਦਾਕਾਰੀ ਦਾ ਸਿਖ਼ਰ ਹੋ ਨਿੱਬੜੀ। ਮਜਨੂੰ ਦੀ ‘ਪਗੜੀ ਸੰਭਾਲ ਜੱਟਾ’ (1960) ਵਿਚ ਵੀ ਖ਼ਰੈਤੀ ਦੀ ਅਦਾਕਾਰੀ ਕਾਬਿਲ-ਏ-ਤਾਰੀਫ਼ ਸੀ। ਨਿਊ ਲਿੰਕ ਫ਼ਿਲਮਜ਼, ਬੰਬੇ ਦੀ ‘ਬਿੱਲੋ’ (1961) ਅਤੇ ਜੁਗਲ ਕਿਸ਼ੋਰ ਦੀ ਫ਼ਿਲਮ ‘ਗੁੱਡੀ’ (1961) ਵਿਚ ਖ਼ਰੈਤੀ ਨੇ ‘ਮਹਿੰਗੇ’ ਨਾਂ ਦਾ ਪਾਤਰ ਅਦਾ ਕੀਤਾ ਤੇ ਉਸਦਾ ਬੋਲਿਆ ਮਸ਼ਹੂਰ ਸੰਵਾਦ ‘ਖਿੱਚ ਕਾਂਟਾ’ ਅੱਜ ਵੀ ਫ਼ਿਲਮ ਪ੍ਰੇਮੀਆਂ ਨੂੰ ਯਾਦ ਹੈ।
ਰਾਜਕੁਮਾਰ ਕੋਹਲੀ ਨੇ ਜਦੋਂ ਆਪਣੇ ਪ੍ਰੋਡਕਸ਼ਨ ਸ਼ੰਕਰ ਮੂਵੀਜ਼, ਬੰਬੇ ਦੇ ਬੈਨਰ ਹੇਠ ਆਪਣੀ ਪਹਿਲੀ ਪੰਜਾਬੀ ਫ਼ਿਲਮ ‘ਪਿੰਡ ਦੀ ਕੁੜੀ’ ਬਣਾਈ ਤਾਂ ਉਹ ਵੀ ਖ਼ਰੈਤੀ ਨੂੰ ਲੈਣਾ ਨਾ ਭੁੱਲੇ। ਜੁਗਲ ਕਿਸ਼ੋਰ ਦੀ ਨਿਰਦੇਸ਼ਨਾ ਵਿਚ ਪਰਦਾਪੇਸ਼ ਹੋਈ ‘ਜੱਗਾ’ (1964) ਫ਼ਿਲਮ ਵਿਚ ਖ਼ਰੈਤੀ ਤੇ ਹਰਬੰਸ ‘ਤੇ ਫ਼ਿਲਮਾਈ ਗਈ ਕੱਵਾਲੀ ‘ਯਾਰੀ ਬੇਕਦਰਾਂ ਨਾਲ ਲਾ ਕੇ ਬੜਾ ਦੁੱਖ ਪਾਇਆ ਈ’ (ਐਸ ਬਲਬੀਰ-ਮਹਿੰਦਰ ਕਪੂਰ) ਵੀ ਬਹੁਤ ਹਿਟ ਹੋਈ। ਖ਼ਰੈਤੀ ਦੇ ‘ਭੰਗੜਾ’ ਫ਼ਿਲਮ ਤੋਂ ਜੋੜੀਦਾਰ ਬਣੇ ਕਾਮੇਡੀਅਨ ਗੋਪਾਲ ਸਹਿਗਲ ਨੇ ਜਦੋਂ ਆਪਣੇ ਨਿੱਜੀ ਬੈਨਰ ਦੀ ਫ਼ਿਲਮ ‘ਮਾਮਾ ਜੀ’ ਬਣਾਈ, ਤਾਂ ਉਸ ਨੇ ਖ਼ਰੈਤੀ ਨੂੰ ‘ਸੌਖਾਰਾਮ’ ਕਿਰਦਾਰ ਨਿਭਾਉਣ ਨੂੰ ਦਿੱਤਾ। ‘ਚੰਬੇ ਦੀ ਕਲੀ’ (1965) ਵਿਚ ਖ਼ਰੈਤੀ ‘ਮੁਣਸ਼ੀ ਸੁਜਾਖਾ ਰਾਮ ਭੈਂਗਾ’ ਦੇ ਰੋਲ ਵਿਚ ਸੀ। ਸਾਲ 1962 ਦੀ ਹਿੰਦ-ਚੀਨ ਜੰਗ ‘ਤੇ ਬਣੀ ਫ਼ਿਲਮ ‘ਧਰਤੀ ਵੀਰਾਂ ਦੀ’ (1965) ਵਿਚ ਖ਼ਰੈਤੀ ਨੇ ਹੱਟੀ ਵਾਲੇ ‘ਗੰਗਾ ਸ਼ਾਹ’ ਦਾ ਪਾਤਰ ਨਿਭਾਇਆ।
1960ਵਿਆਂ ਦਾ ਦਹਾਕਾ ਖ਼ਰੈਤੀ ਭੈਂਗੇ ਦੀ ਮਜ਼ਾਹੀਆ ਅਦਾਕਾਰੀ ਦਾ ਸਿਖ਼ਰ ਸੀ। ਹਰ ਪੰਜਾਬੀ ਫ਼ਿਲਮ ਵਿਚ ਉਸ ਦੀ ਮੌਜੂਦਗੀ ਲਾਜ਼ਮੀ ਸਮਝੀ ਜਾਂਦੀ ਸੀ। 1965 ਵਿਚ ਜਦੋਂ ਨਿਰਦੇਸ਼ਕ ਬਲਦੇਵ ਰਾਜ ਝੀਂਗਣ ਨੇ ਫ਼ਿਲਮ ‘ਸੱਪਣੀ’ ਬਣਾਈ ਤਾਂ ਖ਼ਰੈਤੀ ਦੀ ਮਕਬੂਲੀਅਤ ਨੂੰ ਮੱਦੇਨਜ਼ਰ ਰੱਖਦਿਆਂ ਉਸ ਦੇ ਨਾਂ ਨਾਲ ਮਿਲਦਾ ਵਿਸ਼ੇਸ਼ ਮਜ਼ਾਹੀਆ ਗੀਤ ‘ਸੁਣ ਭੈਂਗਿਆ ਵੇ ਬੜੇ ਮਹਿੰਗਿਆ ਵੇ’ (ਸ਼ਮਸ਼ਾਦ ਬੇਗਮ, ਮੁਹੰਮਦ ਰਫ਼ੀ ਤੇ ਸੁਰਿੰਦਰ ਕੋਹਲੀ) ਫ਼ਿਲਮਾਇਆ ਜੋ ਖ਼ੂਬ ਚੱਲਿਆ। ਰਾਜਕੁਮਾਰ ਕੋਹਲੀ ਨੇ ਤੀਸਰੀ ਪੰਜਾਬੀ ਫ਼ਿਲਮ ‘ਦੁੱਲਾ ਭੱਟੀ’ (1966) ਬਣਾਈ ਤਾਂ ਉਨ੍ਹਾਂ ਆਪਣੇ ਪਸੰਦੀਦਾ ਕਾਮੇਡੀਅਨ ਖ਼ਰੈਤੀ ਦਾ ਵਿਸ਼ੇਸ਼ ਰੋਲ ਰੱਖਿਆ।
1970ਵਿਆਂ ਦੇ ਦਹਾਕੇ ਵਿਚ ਫ਼ਿਲਮਾਂ ਬਲੈਕ ਐਂਡ ਵਾਈਟ ਤੋਂ ਬਾਅਦ ਕੁਝ ਅੰਸ਼ਕ ਤੇ ਫਿਰ ਰੰਗੀਨ ਬਣਨੀਆਂ ਸ਼ੁਰੂ ਹੋ ਗਈਆਂ ਸਨ। ਹੁਣ ਨਵਾਂ ਯੁੱਗ ਅਤੇ ਨਵੇਂ ਕਾਮੇਡੀਅਨਾਂ ਦੀ ਆਮਦ ਨਾਲ ਖ਼ਰੈਤੀ ਭੈਂਗੇ ਦੀ ਮਜ਼ਾਹੀਆ ਅਦਾਕਾਰੀ ਦਾ ਬੁਲੰਦ ਸਿਤਾਰਾ ਡੁੱਬਣਾ ਸ਼ੁਰੂ ਹੋ ਗਿਆ। 1971 ਤੋਂ 1977 ਤਕ ਬਣੀਆਂ ਕੁੱਲ 11 ਫ਼ਿਲਮਾਂ ਵਿਚ ਆਪਣੀ ਮਜ਼ਾਹੀਆ ਅਦਾਕਾਰੀ ਦਾ ਖ਼ੂਬਸੂਰਤ ਪ੍ਰਦਰਸ਼ਨ ਤਾਂ ਜ਼ਰੂਰ ਕੀਤਾ, ਪਰ ਹੁਣ ਪਹਿਲਾਂ ਵਰਗੀ ਚੜ੍ਹਤ ਨਹੀਂ ਸੀ।
ਸਾਲ 1973 ਵਿਚ ਮਾਲਵੇ ਦੇ ਬਠਿੰਡੇ ਸ਼ਹਿਰ ਦੇ ਥੀਏਟਰ ਕਲਾਕਾਰ ਮਿਹਰ ਮਿੱਤਲ ਨੇ ਪੰਜਾਬੀ ਫ਼ਿਲਮਾਂ ਵਿਚ ਕਾਮੇਡੀ ਦੀ ਅਜਿਹੀ ਹਨੇਰੀ ਲਿਆਂਦੀ ਕਿ ਇਸ ਦੇ ਅੱਗੇ ਪੁਰਾਣੇ ਮਜ਼ਾਹੀਆ ਅਦਾਕਾਰਾਂ ਦਾ ਟਿਕਣਾ ਮੁਸ਼ਕਿਲ ਹੋ ਗਿਆ। ਮਿਹਰ ਮਿੱਤਲ ਨੇ ਜਦੋਂ ਆਪਣੇ ਹੋਮ ਪ੍ਰੋਡਕਸ਼ਨ ਐਮ ਐਮ ਫ਼ਿਲਮਜ਼, ਬੰਬੇ ਦੀ ਪਹਿਲੀ ਪੰਜਾਬੀ ਫ਼ਿਲਮ ‘ਮਾਂ ਦਾ ਲਾਡਲਾ’ ਬਣਾਈ ਤਾਂ ਉਸ ਨੇ ਗੋਪਾਲ ਸਹਿਗਲ ਵਾਂਗ ਖ਼ਰੈਤੀ ਨੂੰ ਵੀ ਫ਼ਿਲਮ ਵਿਚ ਕੰਮ ਕਰਨ ਦਾ ਮੌਕਾ ਦਿੱਤਾ। ਬੇਦੀ ਐਂਡ ਬਖ਼ਸ਼ੀ ਫ਼ਿਲਮ ਦੀ ‘ਮਨ ਜੀਤੈ ਜਗੁ ਜੀਤ’ (1973) ਵਿਚ ਵੀ ਆਪਣੀ ਅਦਾਕਾਰੀ ਦੀ ਛਾਪ ਛੱਡੀ। 1974 ਵਿਚ ਰਿਲੀਜ਼ ਹੋਈ ‘ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ’ ਵਿਚ ਖ਼ਰੈਤੀ ਭੈਂਗੇ ਨੇ ਦੇਸ਼ ਭਗਤਾਂ ਦੇ ਸਾਥੀ ‘ਮਨੀ ਰਾਮ’ ਦਾ ਕਿਰਦਾਰ ਨਿਭਾਇਆ। ਕੁੱਲ 40 ਪੰਜਾਬੀ ਅਤੇ ਤਕਰੀਬਨ 20 ਕੁ ਹਿੰਦੀ ਫ਼ਿਲਮਾਂ ਵਿਚ ਅਦਾਕਾਰੀ ਕਰਨ ਵਾਲੇ ਇਸ ਅਦਾਕਾਰ ਦਾ 4 ਜਨਵਰੀ, 1976 ਨੂੰ ਬੰਬਈ ਵਿਖੇ ਦੇਹਾਂਤ ਹੋ ਗਿਆ। ਉਸ ਦੇ ਰੁਖ਼ਸਤ ਹੋਣ ਤੋਂ ਬਾਅਦ 1976 ਵਿਚ ਨਿਰਦੇਸ਼ਕ ਸੁਰਿੰਦਰ ਸਿੰਘ ਦੀ ਪੰਜਾਬੀ ਫ਼ਿਲਮ ‘ਧਰਤੀ ਸਾਡੀ ਮਾਂ’ ਰਿਲੀਜ਼ ਹੋਈ ਜੋ ਖ਼ਰੈਤੀ ਭੈਂਗੇ ਦੇ ਫ਼ਿਲਮ ਕਰੀਅਰ ਦੀ ਆਖ਼ਰੀ ਫ਼ਿਲਮ ਸਾਬਤ ਹੋਈ।
-ਮਨਦੀਪ ਸਿੰਘ ਸਿੱਧੂ