ਅਕਾਲ ਤਖਤ ਸਾਹਮਣੇ ਢਾਡੀ ਦੀਵਾਨ ਵਾਲਾ ਵਿਵਾਦ ਨਿਬੜਿਆ

ਅੰਮ੍ਰਿਤਸਰ: ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਢਾਡੀ ਦੀਵਾਨ ਸਜਾਉਣ ਦੇ ਸਮੇਂ ਸਬੰਧੀ ਢਾਡੀ ਸਭਾਵਾਂ ਵਿਚ ਚੱਲ ਰਿਹਾ ਵਿਵਾਦ ਆਖਰਕਾਰ ਮੁੱਕ ਗਿਆ ਹੈ। ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਦੋਵਾਂ ਢਾਡੀ ਸਭਾਵਾਂ ਦੇ ਆਗੂਆਂ ਨਾਲ ਗੱਲਬਾਤ ਕਰ ਕੇ ਝਗੜੇ ਨੂੰ ਹੱਲ ਕਰ ਦਿੱਤਾ ਗਿਆ। ਭਵਿਖ ਵਿਚ ਸਮੂਹ ਢਾਡੀ ਜਥਿਆਂ ਨੂੰ ਢਾਡੀ ਦਰਬਾਰ ਲਾਉਣ ਵਾਸਤੇ ਬਰਾਬਰ ਦਾ ਸਮਾਂ ਦਿੱਤਾ ਜਾਵੇਗਾ।

ਅਕਾਲ ਤਖਤ ਦੇ ਸਕੱਤਰੇਤ ਵਿਖੇ ਜਥੇਦਾਰ ਵੱਲੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸ਼੍ਰੋਮਣੀ ਢਾਡੀ ਸਭਾ ਅਤੇ ਮੀਰੀ ਪੀਰੀ ਢਾਡੀ ਸਭਾ ਦੇ ਆਗੂਆਂ ਨੂੰ ਸੱਦਿਆ ਗਿਆ। ਢਾਡੀ ਸਭਾਵਾਂ ਦੇ ਗਿਲੇ ਸ਼ਿਕਵੇ ਸੁਣਨ ਮਗਰੋਂ ਮਸਲੇ ਨੂੰ ਹੱਲ ਕਰਨ ਲਈ ਤਜਵੀਜ਼ ਪੇਸ਼ ਕੀਤੀ ਗਈ, ਜਿਸ ਤਹਿਤ ਢਾਡੀ ਸਭਾਵਾਂ ਦੀ ਥਾਂ ਹੁਣ ਨਿੱਜੀ ਤੌਰ ਉਤੇ ਢਾਡੀ ਜਥਿਆਂ ਨੂੰ ਬਰਾਬਰ ਸਮਾਂ ਦਿੱਤਾ ਜਾਵੇਗਾ।
ਨਵੇਂ ਨਿਯਮਾਂ ਮੁਤਾਬਕ ਦੋਵੇਂ ਢਾਡੀ ਸਭਾਵਾਂ ਦੇ ਜਥੇ ਤਿੰਨ-ਤਿੰਨ ਦਿਨ ਦੀਵਾਨ ਸਜਾਉਣਗੇ। ਛੇ ਦਿਨਾਂ ਬਾਅਦ ਅਕਾਲ ਤਖਤ ਦੀ ਹਦਾਇਤ ਉਤੇ ਧਰਮ ਪ੍ਰਚਾਰ ਕਮੇਟੀ ਵੱਲੋਂ ਢਾਡੀ ਜਥਿਆਂ ਦੀ ਡਿਊਟੀ ਲਾਈ ਜਾਵੇਗੀ, ਜਿਸ ਮੁਤਾਬਕ ਜਥੇ ਢਾਡੀ ਦੀਵਾਨ ਲਾਉਣਗੇ ਅਤੇ ਸਾਰਿਆਂ ਨੂੰ ਬਰਾਬਰ ਸਮਾਂ ਮਿਲੇਗਾ। ਦੱਸ ਦਈਏ ਕਿ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸ਼੍ਰੋਮਣੀ ਢਾਡੀ ਸਭਾ ਅਤੇ ਮੀਰੀ ਪੀਰੀ ਢਾਡੀ ਸਭਾ ਵਿਚਾਲੇ ਦੀਵਾਨ ਲਾਉਣ ਲਈ ਦਿੱਤੇ ਸਮੇਂ ਦੀ ਵੰਡ ਕਾਰਨ ਵਿਵਾਦ ਪੈਦਾ ਹੋ ਗਿਆ ਸੀ। ਇਕ ਧਿਰ ਦਾ ਦਾਅਵਾ ਹੈ ਕਿ ਉਨ੍ਹਾਂ ਕੋਲ ਵਧੇਰੇ ਜਥੇ ਹਨ, ਇਸ ਲਈ ਦੀਵਾਨ ਸਜਾਉਣ ਦਾ ਸਮਾਂ ਵੀ ਵੱਧ ਮਿਲਣਾ ਚਾਹੀਦਾ ਹੈ।
ਦੋਵਾਂ ਦੇ ਵਿਵਾਦ ਕਾਰਨ ਸ੍ਰੀ ਅਕਾਲ ਤਖਤ ਦੇ ਸਾਹਮਣੇ ਦੀਵਾਨ ਲਾਉਣ ਉਤੇ ਰੋਕ ਲਾ ਦਿੱਤੀ ਗਈ ਸੀ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸ਼੍ਰੋਮਣੀ ਢਾਡੀ ਸਭਾ ਨੇ ਅਕਾਲ ਤਖਤ ਦੇ ਜਥੇਦਾਰ ਦੇ ਫੈਸਲੇ ਦੇ ਵਿਰੋਧ ਵਿਚ ਖਾਲਸਾ ਹੈਰੀਟੇਜ ਸਟਰੀਟ ਵਿਚ ਦੀਵਾਨ ਸਜਾ ਦਿੱਤਾ। ਇਸ ਜਥੇ ਦਾ ਦੋਸ਼ ਸੀ ਕਿ ਇਸ ਸਾਰੀ ਕਾਰਵਾਈ ਪਿੱਛੇ ਕੋਈ ਡੂੰਘੀ ਸਾਜ਼ਿਸ਼ ਹੈ। ਅਕਾਲ ਤਖਤ ਦੇ ਸਾਹਮਣੇ ਦੀਵਾਨ ਸਜਾਉਣ ਦੀ ਪਰੰਪਰਾ ਬਹਾਲ ਹੋਣੀ ਚਾਹੀਦੀ ਹੈ। ਇਹ ਮਾਮਲਾ ਸ਼੍ਰੋਮਣੀ ਕਮੇਟੀ ਦੇ ਪਿਛਲੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਕੋਲ ਵੀ ਪੁੱਜਾ ਸੀ, ਪਰ ਇਸ ਦਾ ਸਮੇਂ ਸਿਰ ਹੱਲ ਨਾ ਕਰਨ ਕਰ ਕੇ ਗੱਲ ਇਥੋਂ ਤੱਕ ਪੁੱਜ ਗਈ ਸੀ।