ਚੰਡੀਗੜ੍ਹ: ਵਿਸ਼ਵ ਸਿਹਤ ਸੰਸਥਾ (ਡਬਲਿਊ.ਐਚ.ਓ.) ਵੱਲੋਂ ਦੁਨੀਆਂ ਵਿਚ ਹਵਾ ਪ੍ਰਦੂਸ਼ਣ ਸਬੰਧੀ ਪੇਸ਼ ਕੀਤੇ ਅੰਕੜਿਆਂ ਨੇ ਵੱਡੇ ਖਤਰੇ ਵੱਲ ਇਸ਼ਾਰਾ ਕੀਤਾ ਹੈ। ਦੁਨੀਆਂ ਦੇ 14 ਅਤਿ ਪ੍ਰਦੂਸ਼ਿਤ ਸ਼ਹਿਰਾਂ ਵਿਚੋਂ 13 ਸ਼ਹਿਰ ਭਾਰਤ ਦੇ ਦੱਸੇ ਗਏ ਹਨ। ਇਹ ਮਾਪ ਹਵਾ ਵਿਚ ਇਕੱਠੇ ਕੀਤੇ ਗਏ ਜ਼ਹਿਰੀਲੇ ਕਣਾਂ ਦਾ ਹੈ। ਪਿਛਲੇ ਕਾਫੀ ਸਾਲਾਂ ਤੋਂ ਕੌਮਾਂਤਰੀ ਵਾਤਾਵਰਣ ਨਾਲ ਜੁੜੀਆਂ ਵੱਡੀਆਂ ਕੌਮਾਂਤਰੀ ਸੰਸਥਾਵਾਂ ਤੋਂ ਅਜਿਹੀਆਂ ਰਿਪੋਰਟਾਂ ਮਿਲਦੀਆਂ ਰਹਿੰਦੀਆਂ ਹਨ।
ਹਵਾ ਪ੍ਰਦੂਸ਼ਣ ਨਾਲ ਹਰ ਸਾਲ ਲਗਭਗ 70 ਲੱਖ ਮੌਤਾਂ ਹੁੰਦੀਆਂ ਹਨ, ਇਨ੍ਹਾਂ ਵਿਚੋਂ ਤਕਰੀਬਨ 24 ਲੱਖ ਮੌਤਾਂ ਭਾਰਤ ਵਿਚ ਹੀ ਹੁੰਦੀਆਂ ਹਨ, ਭਾਵ 34 ਫੀਸਦੀ ਮੌਤਾਂ ਸਿਰਫ ਭਾਰਤ ਵਿਚ ਹੀ ਹੁੰਦੀਆਂ ਹਨ। ਹਵਾ ਵਿਚ ਵਧਦੇ ਜ਼ਹਿਰੀਲੇ ਕਣ ਦਿਲ, ਫੇਫੜਿਆਂ ਅਤੇ ਸਾਹ ਦੀਆਂ ਬਿਮਾਰੀਆਂ ਦਾ ਕਾਰਨ ਬਣਦੇ ਹਨ। ਅਜਿਹੀਆਂ ਬਿਮਾਰੀਆਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਵਧਦੇ ਕੈਂਸਰ ਦੇ ਮਰੀਜ਼ ਜ਼ਹਿਰੀਲੇ ਵਾਤਾਵਰਣ ਦੀ ਹੀ ਦੇਣ ਹਨ। ਵਾਤਾਵਰਣ ਵਿਚ ਸੁਧਾਰ ਲਿਆਉਣ ਸਬੰਧੀ ਕਾਨੂੰਨ ਬਣਾਏ ਜਾ ਰਹੇ ਹਨ ਪਰ ਇਨ੍ਹਾਂ ਉਤੇ ਅਮਲ ਕਰਨਾ ਹਾਲੇ ਬਾਕੀ ਹੈ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਸ ਨੇ 2016 ਵਿਚ 2.5 ਮਾਈਕਰੋ ਮੀਟਰ ਤੋਂ ਵੀ ਘੱਟ ਦੇ ਘੇਰੇ ਵਿਚ ਪਾਰਟੀਕੁਲੇਟ ਮੈਟਰ (ਹਵਾ ਵਿਚ ਜ਼ਹਿਰੀਲੇ ਕਣਾਂ) ਦੇ 2.5 ਤੋਂ ਵੱਧ ਪੱਧਰ (ਪੀਐਮ2.5) ਵਾਲੇ ਦੁਨੀਆਂ ਦੇ ਜਿਹੜੇ 15 ਸ਼ਹਿਰਾਂ ਦੀ ਸੂਚੀ ਜਾਰੀ ਕੀਤੀ ਸੀ, ਉਨ੍ਹਾਂ ਵਿਚੋਂ 14 ਸ਼ਹਿਰ ਭਾਰਤੀ ਹਨ। ਇਨ੍ਹਾਂ ਵਿਚ ਕੌਮੀ ਰਾਜਧਾਨੀ ਦਿੱਲੀ, ਕਾਨਪੁਰ, ਵਾਰਾਣਸੀ, ਪਟਿਆਲਾ, ਸ੍ਰੀਨਗਰ, ਗਯਾ, ਆਗਰਾ ਤੇ ਪਟਨਾ ਆਦਿ ਸ਼ਾਮਲ ਹਨ। ਰਿਪੋਰਟ ਮੁਤਾਬਕ ਜ਼ਹਿਰੀਲੇ ਕਣਾਂ ਵਾਲੀ ਹਵਾ ਦੇ ਸਾਹ ਰਾਹੀਂ ਇਨਸਾਨੀ ਸਰੀਰ ਵਿਚ ਜਾਣ ਦੇ ਆਸਾਰ ਸਾਫ ਹਵਾ ਨਾਲੋਂ ਵੱਧ ਰਹਿੰਦੇ ਹਨ। ਇਸ ਰਿਪੋਰਟ ਵਿਚ ਯੂਪੀ ਦੇ ਕਾਨਪੁਰ ਨੂੰ ਸੰਸਾਰ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਕਰਾਰ ਦਿੱਤਾ ਗਿਆ ਹੈ, ਜਿਥੇ ਹਵਾ ਵਿਚ ਪ੍ਰਤੀ ਘਣ ਮੀਟਰ ਵਿਚ ਪੀਐਮ2.5 ਦੀ ਔਸਤ 173 ਮਾਈਕਰੋਗ੍ਰਾਮ ਪਾਈ ਗਈ ਹੈ। ਪੀਐਮ2.5 ਦੇ ਮਾਮਲੇ ਵਿਚ ਕੌਮੀ ਰਾਜਧਾਨੀ ਦਿੱਲੀ ਦਾ ਛੇਵਾਂ ਨੰਬਰ ਹੈ, ਜਿਸ ਵਿਚ ਇਹ ਔਸਤ 143 ਸੀ, ਜਦੋਂ ਕਿ ਪੀਐਮ10 ਦੇ ਮਾਮਲੇ ਵਿਚ ਦਿੱਲੀ ਦਾ ਤੀਜਾ ਆਲਮੀ ਦਰਜਾ ਹੈ। ਗਰੀਨ ਪੀਸ ਇੰਡੀਆ ਮੁਤਾਬਕ ਦਿੱਲੀ ਪੀਐਮ10 ਦੇ ਚਾਰ ਮੁੱਖ ਪ੍ਰਦੂਸ਼ਿਤ ਸ਼ਹਿਰਾਂ ਵਿਚੋਂ ਚੋਟੀ ਉਤੇ ਹੈ, ਜਿਥੇ ਇਸ ਦਾ ਸਭ ਤੋਂ ਵੱਡਾ ਕਾਰਨ ਵਾਹਨਾਂ ਤੋਂ ਪੈਦਾ ਹੁੰਦੀ ਧੂੜ ਹੈ। ਸੂਚੀ ਵਿਚ ਪਟਿਆਲਾ 13ਵੇਂ ਤੇ ਸ੍ਰੀਨਗਰ 10ਵੇਂ ਸਥਾਨ ਉਤੇ ਹੈ।
ਪੀਐਮ2.5 ਪੱਖੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਸੰਸਦੀ ਹਲਕਾ ਵਾਰਾਣਸੀ 2016 ਵਿਚ ਸੰਸਾਰ ਦਾ ਤੀਜਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਸੀ ਤੇ ਪੀਐਮ10 ਦੇ ਮਾਮਲੇ ਵਿਚ ਇਸ ਦਾ ਛੇਵਾਂ ਨੰਬਰ ਸੀ। ਇਸੇ ਤਰ੍ਹਾਂ ਬਿਹਾਰ ਦੀ ਰਾਜਧਾਨੀ ਪਟਨਾ ਦਾ ਦੋਵਾਂ ਪੀਐਮ2.5 ਤੇ ਪੀਐਮ10 ਦੇ ਮਾਮਲੇ ‘ਚ ਦੁਨੀਆਂ ਵਿੱਚ ਪੰਜਵਾਂ ਸਥਾਨ ਹੈ।
_________________
ਗ੍ਰੀਨ ਟ੍ਰਿਬਿਊਨਲ ਨੇ ਪ੍ਰਦੂਸ਼ਿਤ ਸ਼ਹਿਰਾਂ ਬਾਰੇ ਮੰਗਿਆ ਜਵਾਬ
ਨਵੀਂ ਦਿੱਲੀ: ਕੌਮੀ ਗ੍ਰੀਨ ਟ੍ਰਿਬਿਊਨਲ ਨੇ ਦਿੱਲੀ, ਚਾਰ ਉਤਰੀ ਰਾਜਾਂ ਅਤੇ ਬਿਹਾਰ ਤੋਂ ਵਿਸ਼ਵ ਸਿਹਤ ਸੰਗਠਨ ਵੱਲੋਂ ਵਿਸ਼ਵ ਵਿਚ 20 ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਬਾਰੇ ਜਾਰੀ ਤਾਜ਼ਾ ਰਿਪੋਰਟ ਬਾਰੇ ਜਵਾਬ ਮੰਗਿਆ ਹੈ। ਵਿਸ਼ਵ ਸਿਹਤ ਸੰਗਠਨ ਦੇ ਵਿਸ਼ਵ ਹਵਾ ਪ੍ਰਦੂਸ਼ਣ ਅੰਕੜਿਆਂ ਮੁਤਾਬਕ ਵਿਸ਼ਵ ਦੇ ਸਭ ਤੋਂ ਵੱਧ 15 ਪ੍ਰਦੂਸ਼ਿਤ ਸ਼ਹਿਰਾਂ ਵਿਚੋਂ 14 ਭਾਰਤ ਵਿਚ ਹਨ ਅਤੇ ਸਭ ਤੋਂ ਮਾੜੀ ਹਾਲਤ ਕਾਨਪੁਰ ਦੀ ਹੈ ਅਤੇ ਉਸ ਪਿੱਛੋਂ ਫਰੀਦਾਬਾਦ, ਵਾਰਾਣਸੀ ਅਤੇ ਗਯਾ ਦਾ ਨਾਂ ਆਉਂਦਾ ਹੈ।