ਇਤਿਹਾਸ ਦੀ ਕਿਤਾਬ ਦਾ ਮਾਮਲਾ ਹੋਰ ਭਖਿਆ

ਕਿਤਾਬ ਵਿਚ ਵੱਡੀ ਗੜਬੜ ਦੇ ਦਾਅਵੇ
ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬਾਰ੍ਹਵੀਂ ਜਮਾਤ ਦੀ ਕਿਤਾਬ ਵਿਚੋਂ ਪੰਜਾਬ ਅਤੇ ਗੁਰੂਆਂ ਦੇ ਇਤਿਹਾਸ ਦੀ ਜਾਣਕਾਰੀ ਮਨਫੀ ਕਰਨ ਦਾ ਮਾਮਲਾ ਹੋਰ ਭਖ ਗਿਆ ਹੈ। ਬੇਸ਼ੱਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਤਾਬ ਵਿਚੋਂ ਸਿੱਖ ਇਤਿਹਾਸ ਨਾਲ ਛੇੜਛਾੜ ਤੋਂ ਇਨਕਾਰ ਕਰ ਰਹੇ ਹਨ ਪਰ ਇਸ ਬਾਰੇ ਸ਼੍ਰੋਮਣੀ ਕਮੇਟੀ ਦੀ ਰਿਪੋਰਟ ਵਿਚ ਹੋਏ ਕੁਝ ਖੁਲਾਸਿਆਂ ਕਾਰਨ ਵਿਵਾਦ ਹੋਰ ਵਧ ਗਿਆ ਹੈ। ਉਧਰ, ਮਾਮਲਾ ਭਖਦਾ ਵੇਖ ਪੰਜਾਬ ਸਰਕਾਰ ਨੇ ਕਿਤਾਬ ਵਿਚਲੀਆਂ ਗਲਤੀਆਂ ਲਈ ਮੁਆਫੀ ਮੰਗੀ ਹੈ ਅਤੇ ਗਲਤੀਆਂ ਦੀ ਸੁਧਾਈ ਕਰਨ ਦਾ ਫੈਸਲਾ ਲਿਆ ਹੈ। ਸ਼੍ਰੋਮਣੀ ਅਕਾਲੀ ਦਲ ਨੇ ਚਿਤਾਵਨੀ ਦਿੱਤੀ ਹੈ ਕਿ ਕਾਂਗਰਸ ਨੂੰ ਸਿੱਖਾਂ ਤੇ ਪੰਜਾਬੀਆਂ ਦੇ ਜਜ਼ਬਾਤਾਂ ਨਾਲ ਖੇਡਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਸ਼੍ਰੋਮਣੀ ਕਮੇਟੀ ਵੱਲੋਂ ਬਣਾਈ ਜਾਂਚ ਕਮੇਟੀ ਨੇ ਰਿਪੋਰਟ ਵਿਚ ਦੱਸਿਆ ਹੈ ਕਿ ਇਤਿਹਾਸ ਦੀ ਕਿਤਾਬ ਵਿਚ ਵੱਡੀਆਂ ਗੜਬੜੀਆਂ ਹਨ। ਬਾਰ੍ਹਵੀਂ ਜਮਾਤ ਦੀ ਇਤਿਹਾਸ ਦੀ ਨਵੀਂ ਕਿਤਾਬ ‘ਚ ਸ਼ਹੀਦ ਊਧਮ ਸਿੰਘ ਬਾਰੇ ਹੈਰਾਨੀਜਨਕ ਤੱਥ ਪੇਸ਼ ਕੀਤੇ ਗਏ ਹਨ। ਕਿਤਾਬ ਵਿਚ ਕਿਹਾ ਗਿਆ ਹੈ ਕਿ ਸ਼ਹੀਦ ਊਧਮ ਸਿੰਘ ਨੇ ਫਾਂਸੀ ਤੋਂ ਪਹਿਲਾਂ ਵਾਰਿਸ ਸ਼ਾਹ ਵੱਲੋਂ ਲਿਖੀ ਹੀਰ ਦੀ ਸਹੁੰ ਚੁੱਕੀ ਸੀ ਜਦਕਿ ਇਸ ਤੋਂ ਪਹਿਲੀਆਂ ਕਿਤਾਬਾਂ ਅਨੁਸਾਰ ਊਧਮ ਸਿੰਘ ਨੇ ਫਾਂਸੀ ਤੋਂ ਪਹਿਲਾਂ ਗੁਟਕਾ ਸਾਹਿਬ ਦੀ ਸਹੁੰ ਚੁੱਕੀ ਸੀ।
ਇੰਨਾ ਹੀ ਨਹੀਂ ਕਿਤਾਬ ਵਿਚ ਲਿਖਿਆ ਹੈ ਕਿ ਜੇਕਰ ਵਿਦਿਆਰਥੀਆਂ ਨੇ ਮੰਗਲ ਪਾਂਡੇ ਬਾਰੇ ਜਾਣਨਾ ਹੈ ਤਾਂ ਉਹ ਆਮਿਰ ਖਾਨ ਤੇ ਰਾਣੀ ਮੁਖਰਜੀ ਦੀ ਫਿਲਮ ਦੇਖਣ। ਇਸ ਫਿਲਮ ਵਿਚੋਂ ਇਤਿਹਾਸਕ ਤੱਥ ਲੈ ਕੇ ਉਸ ਉਤੇ ਲਿਖਣ ਲਈ ਵੀ ਕਿਹਾ ਗਿਆ ਹੈ। ਮੰਗਲ ਪਾਂਡੇ 1857 ਦੀ ਆਜ਼ਾਦੀ ਦੀ ਲੜਾਈ ਦਾ ਪਹਿਲਾ ਸ਼ਹੀਦ ਸੀ।
ਪਹਿਲਾਂ ਤੋਂ ਮੌਜੂਦ ਇਤਿਹਾਸਕ ਤੱਥਾਂ ਮੁਤਾਬਕ ਸੂਫੀ ਮੱਤ ਦਾ ਜਨਮਦਾਤਾ ਬਾਬਾ ਫਰੀਦ ਜੀ ਨੂੰ ਮੰਨਿਆ ਜਾਂਦਾ ਹੈ ਪਰ ਨਵੀਂ ਕਿਤਾਬ ਅਨੁਸਾਰ ਸਖੀ ਸਰਵਰ ਸਈਅਦ ਅਹਿਮਦ ਸੁਲਤਾਨ ਵੱਲੋਂ ਸੂਫੀ ਮੱਤ ਦੀ ਸ਼ੁਰੂਆਤ ਹੋਈ ਦੱਸੀ ਗਈ ਹੈ। ਸਖ਼ੀ ਸਰਵਰ ਨੂੰ ਹਿੰਦੂਆਂ ਤੇ ਮੁਸਲਮਾਨਾਂ ਨਾਲ ਜੋੜ ਦਿੱਤਾ ਗਿਆ ਹੈ। ਕਿਤਾਬ ਵਿਚ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਕਿ ਪਾਕਿਸਤਾਨ ਦੀ ਮਸ਼ਹੂਰ ਗਾਇਕਾ ਰੇਸ਼ਮਾ ਨੇ ਸਖੀ ਸਰਵਰ ਦਾ ਗੀਤ ‘ਲਾਲ ਮੇਰੀ ਪੱਤ ਰੱਖਿਓ’ ਗਾਇਆ ਸੀ।
ਸਿੱਖ ਧਰਮ ਵਿਚ ਗੁਰਗੱਦੀ ਪ੍ਰਥਾ ਪ੍ਰਚੱਲਤ ਸੀ, ਗੁਰਗੱਦੀ ਸੌਂਪ ਕੇ ਹੀ ਅਗਲਾ ਗੁਰੂ ਮੰਨਿਆ ਜਾਂਦਾ ਸੀ ਪਰ ਕਿਤਾਬ ਵਿਚ ਗੁਰਗੱਦੀ ਨੂੰ ‘ਨਿਯੁਕਤੀ’ ਕਰਾਰ ਦਿੰਦਿਆਂ ਲਿਖਿਆ ਹੈ ਕਿ ਗੁਰੂ ਅੰਗਦ ਦੇਵ ਜੀ ਦੀ ਨਿਯੁਕਤੀ ਹੋਈ ਸੀ।
ਸ਼ਹਾਦਤ ਦਾ ਜ਼ਿਕਰ ਨਾ ਕਰਦਿਆਂ ਲਿਖਿਆ ਹੈ ਕਿ ਮੀਰ ਮਨੂੰ ਨੇ ਸਿੱਖਾਂ ਨੂੰ ਫਾਹੇ ਲਾਇਆ ਸੀ। ਇਤਿਹਾਸ ਨਾਲ ਕੀਤੀ ਛੇੜਛਾੜ ਦਾ ਪ੍ਰਮਾਣ ਇਹ ਵੀ ਹੈ ਕਿ ਕਿਤਾਬ ਵਿਚ ਗੁਰੂ ਨਾਨਕ ਦੇਵ ਜੀ ਦੀ ਭਗਤੀ ਲਹਿਰ ਨੂੰ ਰਾਮ ਭਗਤੀ ਲਹਿਰ ਨਾਲ ਜੋੜ ਦਿੱਤਾ ਗਿਆ ਹੈ।
ਕਿਤਾਬ ਵਿਚ ਪੰਜਾਬੀਆਂ ਵੱਲੋਂ ਆਜ਼ਾਦੀ ਲਹਿਰ ਵਿਚ ਪਾਏ ਯੋਗਦਾਨ ਨੂੰ ਬਿਲਕੁਲ ਖਤਮ ਕਰ ਦਿੱਤਾ ਹੈ। ਇਥੋਂ ਤੱਕ ਕਿਹਾ ਗਿਆ ਹੈ ਕਿ ਪੰਜਾਬ ਦਾ ਆਜ਼ਾਦੀ ਲਹਿਰ ਨਾਲ ਕੋਈ ਖਾਸ ਵਾਸਤਾ ਨਹੀਂ ਸੀ। ਸਗੋਂ ਆਜ਼ਾਦੀ ਦੇ ਜ਼ਿਆਦਾਤਰ ਨਾਇਕ ਪੰਜਾਬ ਤੋਂ ਬਾਹਰੀ ਸੂਬਿਆਂ ਦੇ ਦੱਸੇ ਗਏ ਹਨ।
_________________
ਕੈਪਟਨ ਵੱਲੋਂ ਅਕਾਲੀਆਂ ਵੱਲ ਉਂਗਲ
ਚੰਡੀਗੜ੍ਹ: ਕੈਪਟਨ ਅਮਰਿੰਦਰ ਸਿੰਘ ਨੇ ਵਿਅੰਗਮਈ ਢੰਗ ਨਾਲ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੁਣ ਨਵੇਂ ਸਿਲੇਬਸ ‘ਤੇ ਸਵਾਲ ਖੜ੍ਹੇ ਕਰ ਰਿਹਾ ਹੈ ਜਦਕਿ ਇਸ ਕਮੇਟੀ ਨੂੰ ਅਸਲ ਵਿਚ ਉਸ (ਗਠਜੋੜ ਸਰਕਾਰ) ਵੱਲੋਂ ਹੀ ਗਠਿਤ ਕੀਤਾ ਗਿਆ ਸੀ। ਇਸ ਕਮੇਟੀ ਨੇ ਸਕੂਲ ਦੇ ਸਿਲੇਬਸ ‘ਤੇ ਮੁੜ ਕਾਰਜ ਕੀਤਾ ਹੈ। ਮੁੱਖ ਮੰਤਰੀ ਨੇ ਹੈਰਾਨੀ ਪ੍ਰਗਟਾਈ ਕਿ ਗਿਆਰ੍ਹਵੀਂ ਕਲਾਸ ਦੇ ਇਤਿਹਾਸ ਦੀ ਜਿਸ ਕਿਤਾਬ ਨੂੰ ਮੁੱਦਾ ਬਣਾ ਕੇ ਵਿਰੋਧੀ ਧਿਰ ਵੱਲੋਂ ਹਮਲੇ ਕੀਤੇ ਜਾ ਰਹੇ ਹਨ, ਉਹ ਤਾਂ ਅਜੇ ਤੱਕ ਜਾਰੀ ਹੀ ਨਹੀਂ ਕੀਤੀ ਗਈ।
_________________
ਸਰਕਾਰ ਨੇ ਬਣਾਈ ਸਥਾਈ ਕਮੇਟੀ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਾਰ੍ਹਵੀਂ ਜਮਾਤ ਦੇ ਇਤਿਹਾਸ ਦੇ ਸਿਲੇਬਸ ਵਿਚ ਤਬਦੀਲੀ ਦੇ ਮਸਲੇ ਉਤੇ ਛੇ ਵੱਡੇ ਇਤਿਹਾਸਕਾਰਾਂ ਦੀ ਕਮੇਟੀ ਬਣਾ ਦਿੱਤੀ ਹੈ। ਕੈਪਟਨ ਨੇ ਕਿਹਾ ਕਿ ਇਸ ਛੇ ਮੈਂਬਰੀ ਕਮੇਟੀ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੋ ਮੈਂਬਰ ਲਏ ਜਾਣਗੇ ਤੇ ਇਸ ਦੀ ਅਗਵਾਈ ਪ੍ਰੋ. ਕਿਰਪਾਲ ਸਿੰਘ ਹਿਸਟੋਰੀਅਨ ਕਰਨਗੇ।
__________________
ਸ਼੍ਰੋਮਣੀ ਕਮੇਟੀ ਦਾ ਸਰਕਾਰ ਨੂੰ ਅਲਟੀਮੇਟਮ
ਅੰਮ੍ਰਿਤਸਰ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਜਮਾਤ ਦੀ ਇਤਿਹਾਸ ਦੀ ਕਿਤਾਬ ਗ਼ਚ ਕੀਤੇ ਫੇਰਬਦਲ ਖਿਲਾਫ ਸ਼੍ਰੋਮਣੀ ਕਮੇਟੀ ਪੰਜਾਬ ਸਰਕਾਰ ਨੂੰ 10 ਦਿਨ ਦਾ ਅਲਟੀਮੇਟਮ ਦਿੱਤਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ 10 ਦਿਨਾਂ ਅੰਦਰ ਪੁਰਾਣਾ ਸਿਲੇਬਸ ਲਾਗੂ ਕੀਤਾ ਜਾਵੇ ਨਹੀਂ ਤਾਂ 19 ਮਈ ਨੂੰ ਮੰਜੀ ਸਾਹਿਬ ਦੀਵਾਨ ਹਾਲ ਵਿਚ ਪੰਥਕ ਇਕੱਠ ਕੀਤਾ ਜਾਵੇਗਾ ਤੇ ਅੱਗੇ ਦੀ ਰਣਨੀਤੀ ਤੈਅ ਕੀਤੀ ਜਾਵੇਗੀ।