ਦਿਆਲ ਸਿੰਘ ਕਾਲਜ ਦੇ ‘ਸੰਘੀਕਰਨ’ ਉਤੇ ਅੜੀ ਬਰਕਰਾਰ

ਚੰਡੀਗੜ੍ਹ: ਦਿੱਲੀ ਦੇ ਦਿਆਲ ਸਿੰਘ ਕਾਲਜ ਦਾ ਨਾਮ ਚੁੱਪ-ਚੁਪੀਤੇ ਬਦਲਣ ਦਾ ਮਾਮਲਾ ਭਖਦਾ ਜਾ ਰਿਹਾ ਹੈ। ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਪ੍ਰਕਾਸ਼ ਜਾਵੜੇਕਰ ਜਿਥੇ ਦਾਅਵਾ ਕੀਤਾ ਕਿ ਨਾਮ ਬਦਲਣ ਦੀ ਕੋਸ਼ਿਸ਼ ਕਰਨ ਵਾਲਿਆਂ ਖਿਲਾਫ਼ ਕਾਰਵਾਈ ਹੋਵੇਗੀ, ਉਥੇ ਸੰਸਥਾ ਦੇ ਚੇਅਰਮੈਨ ਅਮਿਤਾਭ ਸਿਨਹਾ ਨੇ ਕੇਂਦਰ ਨੂੰ ਲਲਕਾਰਦਿਆਂ ਆਖ ਦਿੱਤਾ ਹੈ ਕਿ ਦਿੱਲੀ ਯੂਨੀਵਰਸਿਟੀ ਖੁਦਮੁਖਤਿਆਰ ਸੰਸਥਾ ਹੈ ਅਤੇ ਸਰਕਾਰ ਉਸ ਦੇ ਪ੍ਰਸ਼ਾਸਕੀ ਮਾਮਲਿਆਂ ‘ਚ ਦਖਲ ਨਹੀਂ ਦੇ ਸਕਦੀ।

ਉਨ੍ਹਾਂ ਸਿੱਧੇ ਤੌਰ ਉਤੇ ਮਨੁੱਖੀ ਵਸੀਲਾ ਵਿਕਾਸ ਮੰਤਰੀ ਪ੍ਰਕਾਸ਼ ਜਾਵੜੇਕਰ ਨਾਲ ਆਢਾ ਲੈ ਲਿਆ ਹੈ ਅਤੇ ਉਨ੍ਹਾਂ ਨੂੰ ਕਾਨੂੰਨੀ ਕਾਰਵਾਈ ਕਰਨ ਲਈ ਵੰਗਾਰਿਆ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਸ੍ਰੀ ਜਾਵੜੇਕਰ ਨੇ ਕਿਹਾ ਸੀ ਕਿ ਸਰਕਾਰ ਦਿਆਲ ਸਿੰਘ ਕਾਲਜ ਦਾ ਨਾਮ ਬਦਲੇ ਜਾਣ ਦੀ ਇਜਾਜ਼ਤ ਨਹੀਂ ਦੇਵੇਗੀ ਅਤੇ ਮੰਤਰਾਲੇ ਦੀ ਸਹਿਮਤੀ ਤੋਂ ਬਿਨਾਂ ਕਾਲਜ ਦਾ ਨਾਮ ਬਦਲੇ ਜਾਣ ਕਰ ਕੇ ਉਹ ਪ੍ਰਬੰਧਕ ਕਮੇਟੀ ਖਿਲਾਫ਼ ਕਾਰਵਾਈ ਕਰਨਗੇ। ਨਾਮ ਬਦਲੀ ਵਾਲਾ ਵਿਵਾਦ ਕਾਲਜ ਵੱਲੋਂ 25 ਅਪਰੈਲ ਨੂੰ ਕਰਵਾਏ ਗਏ ਸਮਾਗਮ ਦੌਰਾਨ ਸੁਰਜੀਤ ਹੋਇਆ। ਸਮਾਗਮ ਵਾਸਤੇ ਲਾਏ ਬੈਨਰਾਂ ਉਪਰ ‘ਵੰਦੇ ਮਾਤਰਮ ਦਿਆਲ ਸਿੰਘ ਕਾਲਜ, ਯੂਨੀਵਰਸਿਟੀ ਆਫ ਦੇਹਲੀ’ ਲਿਖਿਆ ਹੋਇਆ ਸੀ। ਇਸ ਤਬਦੀਲੀ ਬਾਰੇ ਪਹਿਲਾਂ ਕਿਸੇ ਨੂੰ ਕੁਝ ਨਹੀਂ ਦੱਸਿਆ ਗਿਆ। ਇਹ ਮੰਨਿਆ ਜਾ ਰਿਹਾ ਸੀ ਕਿ ਕਾਲਜ ਦੀ ਗਵਰਨਿੰਗ ਕੌਂਸਲ ਦੇ 17 ਨਵੰਬਰ 2017 ਦੇ ਫੈਸਲੇ ਦੇ ਤਿੱਖੇ ਵਿਰੋਧ ਅਤੇ ਇਸ ਬਾਰੇ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਵੱਲੋਂ ਰਾਜ ਸਭਾ ਵਿਚ ਦਿੱਤੇ ਗਏ ਭਰੋਸੇ ਤੋਂ ਬਾਅਦ ਨਾਮ ਬਦਲੀ ਵਾਲਾ ਫੈਸਲਾ ਠੰਢੇ ਬਸਤੇ ਵਿਚ ਪੈ ਚੁੱਕਾ ਸੀ, ਪਰ 25 ਅਪਰੈਲ ਵਾਲੇ ਸਮਾਗਮ ਦੇ ਵਾਇਰਲ ਹੋਏ ਵੀਡੀਓਜ਼ ਨੇ ਇਸ ਨੂੰ ਸੁਰਜੀਤ ਕਰ ਦਿੱਤਾ।
ਦੱਸ ਦਈਏ ਕਿ ਸਰਦਾਰ ਦਿਆਲ ਸਿੰਘ ਮਜੀਠੀਆ 19ਵੀਂ ਸਦੀ ਦੇ ਮਹਾਨ ਸਮਾਜ ਸੁਧਾਰਕ ਤੇ ਦੂਰਅੰਦੇਸ਼ ਪਰਉਪਕਾਰੀ ਸਨ। ਉਨ੍ਹਾਂ ਨੇ ਜਿਥੇ ਟ੍ਰਿਬਿਊਨ ਟਰੱਸਟ ਸਥਾਪਤ ਕਰ ਕੇ ਲਾਹੌਰ ਵਿਚ ‘ਦਿ ਟ੍ਰਿਬਿਊਨ’ ਅਖਬਾਰ ਸ਼ੁਰੂ ਕੀਤਾ, ਉਥੇ ਪੰਜਾਬ ਨੈਸ਼ਨਲ ਬੈਂਕ, ਦਿਆਲ ਸਿੰਘ ਲਾਇਬਰੇਰੀ ਤੇ ਦਿਆਲ ਸਿੰਘ ਕਾਲਜ ਵਰਗੇ ਅਦਾਰੇ ਵੀ ਕਾਇਮ ਕਰਵਾਏ। ਉਨ੍ਹਾਂ ਦੀ ਵਸੀਅਤ ਮੁਤਾਬਕ 1910 ਵਿਚ ਲਾਹੌਰ ਵਿਚ ਸਥਾਪਤ ਹੋਇਆ ਕਾਲਜ ਭਾਰਤ ਦੀ ਵੰਡ ਤੋਂ ਬਾਅਦ ਕਰਨਾਲ ਤੇ ਦਿੱਲੀ ਵਿਚ ਦੋ ਕਾਲਜਾਂ ਦੇ ਰੂਪ ਵਿਚ ਮੁੜ ਵਜੂਦ ਵਿਚ ਆਇਆ। ਲਾਹੌਰ ਵਿਚ ਇਹ ਅਜੇ ਵੀ ਕਾਇਮ ਹੈ ਅਤੇ ਦਿਆਲ ਸਿੰਘ ਸਰਕਾਰੀ ਕਾਲਜ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਜਦੋਂ ਤੋਂ ਅਮਿਤਾਭ ਸਿਨਹਾ, ਦਿੱਲੀ ਵਾਲੇ ਕਾਲਜ ਗਵਰਨਿੰਗ ਕੌਂਸਲ ਦੇ ਮੁਖੀ ਬਣੇ, ਉਨ੍ਹਾਂ ਨੇ ਕਾਲਜ ਦੇ ‘ਸੰਘੀਕਰਨ’ ਦੇ ਯਤਨ ਸ਼ੁਰੂ ਕੀਤੇ ਹੋਏ ਸਨ। ਕਾਲਜ ਨੂੰ ਸ਼ਾਮ ਦੀ ਥਾਂ ਸਵੇਰ ਦੇ ਕਾਲਜ ‘ਚ ਬਦਲਣ ਦੇ ਬਹਾਨੇ ਇਸ ਦਾ ਨਾਂ ਵੰਦੇ ਮਾਤਰਮ ਮਹਾਂਵਿਦਿਆਲਿਆ ਰੱਖਣ ਦੀ ਤਜਵੀਜ਼ ਨੂੰ ਪਿਛਲੇ ਸਾਲ ਨਵੰਬਰ ਮਹੀਨੇ ਅਮਲੀ ਰੂਪ ਦੇਣਾ ਸ਼ੁਰੂ ਹੋ ਗਿਆ ਸੀ।
______________________
ਅਕਾਲੀਆਂ ਦੀ ਐਨ.ਡੀ.ਏ. ‘ਚ ਹੈਸੀਅਤ ਪਤਾ ਲੱਗੀ: ਸਰਨਾ
ਅੰਮ੍ਰਿਤਸਰ: ਅਕਾਲੀ ਦਲ (ਦਿੱਲੀ) ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਆਰ.ਐਸ਼ਐਸ਼ ਨੇ ਬਾਦਲ ਦਲੀਆਂ ਨੂੰ ਉਨ੍ਹਾਂ ਦੀ ਐਨ.ਡੀ.ਏ. ਵਿਚ ਹੈਸੀਅਤ ਵਿਖਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਥੋੜ੍ਹੇ ਸਮੇਂ ਲਈ ਥਾਪੇ ਕਾਲਜ ਦੇ ਚੇਅਰਮੈਨ ਨੇ ਕੇਂਦਰੀ ਮੰਤਰੀ ਦੀ ਚਿੱਠੀ ਜਾਰੀ ਹੋਣ ਦੇ ਬਾਵਜੂਦ ਦਿਆਲ ਸਿੰਘ ਕਾਲਜ ਦਾ ਨਾਂ ਬਦਲਣ ਦੀ ਹਿਮਾਕਤ ਕੀਤੀ ਹੈ।
___________________________
ਪ੍ਰਧਾਨ ਮੰਤਰੀ ਨੂੰ ਪੱਤਰ ਲਿਖੇਗੀ ਸ਼੍ਰੋਮਣੀ ਕਮੇਟੀ
ਅੰਮ੍ਰਿਤਸਰ: ਦਿਆਲ ਸਿੰਘ ਕਾਲਜ ਦੇ ਨਾਮ ਦੇ ਮੁੱਦੇ ‘ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਇਹ ਮਾਮਲਾ ਮੁੜ ਕੇਂਦਰ ਸਰਕਾਰ ਕੋਲ ਲਿਜਾਇਆ ਜਾਵੇਗਾ। ਲੌਂਗੋਵਾਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਪਹਿਲਾਂ ਵੀ ਭਾਰਤ ਸਰਕਾਰ ਕੋਲ ਇਸ ਮਾਮਲੇ ਵਿਚ ਪਹੁੰਚ ਕੀਤੀ ਗਈ ਸੀ ਤੇ ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਾਲਜ ਦਾ ਨਾਂ ਦਿਆਲ ਸਿੰਘ ਕਾਲਜ ਹੀ ਰੱਖਣ ਦਾ ਭਰੋਸਾ ਦਿੱਤਾ ਸੀ। ਇਸ ਦੇ ਬਾਵਜੂਦ ਕਾਲਜ ਕਮੇਟੀ ਦੇ ਚੇਅਰਮੈਨ ਅਮਿਤਾਭ ਸਿਨਹਾ ਵੱਲੋਂ ਕਾਲਜ ਦਾ ਨਾਂ ਬਦਲਣ ਦੀ ਜਿੱਦ ਕੀਤੀ ਜਾ ਰਹੀ ਹੈ।