ਰਸੂਖਵਾਨ ਬੈਂਕ ਡਿਫਾਲਟਰਾਂ ਤੋਂ ਵਸੂਲੀ ਬਣੀ ਚੁਣੌਤੀ

ਚੰਡੀਗੜ੍ਹ: ਪੰਜਾਬ ਵਿਚ ਸਹਿਕਾਰੀ ਵਿਭਾਗ ਅਧੀਨ ਖੇਤੀਬਾੜੀ ਵਿਕਾਸ ਬੈਂਕ ਲਈ ਸਿਆਸੀ ਰਸੂਖਵਾਨਾਂ ਤੋਂ ਕਰਜ਼ੇ ਦੀ ਵਸੂਲੀ ਵੱਡੀ ਚੁਣੌਤੀ ਬਣੀ ਹੋਈ ਹੈ। ਵਿਭਾਗ ਮੁਤਾਬਕ ਵੱਡੇ ਕਿਸਾਨਾਂ ਸਿਰ 276 ਕਰੋੜ ਰੁਪਏ ਦਾ ਕਰਜ਼ਾ ਹੈ, ਜਿਸ ਦੀ ਵਸੂਲੀ ਅਸੰਭਵ ਹੋਈ ਪਈ ਹੈ। ਇਨ੍ਹਾਂ ਵਿਚ 25 ਵਿਅਕਤੀ ਅਜਿਹੇ ਹਨ, ਜੋ ਰਾਜਨੀਤਿਕ ਪ੍ਰਭਾਵ ਵਾਲੇ ਮੰਨੇ ਜਾਂਦੇ ਹਨ।

ਰਾਜਸੀ ਰਸੂਖ ਵਾਲਿਆਂ ਤੋਂ ਬੈਂਕ ਨੇ 10 ਕਰੋੜ ਰੁਪਏ ਤੋਂ ਵੱਧ ਦੀ ਵਸੂਲੀ ਕਰਨੀ ਹੈ। ਇਨ੍ਹਾਂ ਵਿਚ ਜ਼ਿਆਦਾ ਗਿਣਤੀ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਆਗੂਆਂ ਦੀ ਹੈ। ਇਨ੍ਹਾਂ ਵਿਚੋਂ ਕਈਆਂ ਨੇ ਤਾਂ ਕਰਜ਼ੇ ਦੀ ਕੋਈ ਕਿਸ਼ਤ ਮੋੜੀ ਹੀ ਨਹੀਂ। ਬਾਦਲ ਪਰਿਵਾਰ ਦੇ ਸਭ ਤੋਂ ਕਰੀਬੀ ਮੰਨੇ ਜਾਂਦੇ ਮਲੋਟ ਖੇਤਰ ਨਾਲ ਸਬੰਧਤ ਅਕਾਲੀ ਆਗੂ ਦਿਆਲ ਸਿੰਘ ਕੋਲਿਆਂਵਾਲੀ, ਸਾਬਕਾ ਅਕਾਲੀ ਸੰਸਦ ਮੈਂਬਰ ਅਮਰੀਕ ਸਿੰਘ ਆਲੀਵਾਲ, ਸਰੂਪ ਸਿੰਘ ਢਿੱਲੋਂ, ਰਾਜਿੰਦਰ ਕੌਰ ਹਿੰਦ ਮੋਟਰਜ਼ ਬਰਨਾਲਾ, ਕਾਂਗਰਸ ਆਗੂ ਰਮਨ ਭੱਲਾ, ਅਕਾਲੀ ਆਗੂ ਸੁਰਿੰਦਰ ਸਿੰਘ ਧੂਰੀ ਦਾ ਪੁੱਤ ਰਮਨਜੋਤ ਸਿੰਘ ਤੇ ਭਾਜਪਾ ਦੇ ਨੇਤਾ ਵੀ ਸ਼ਾਮਲ ਹਨ। ਸਭ ਤੋਂ ਵੱਡੇ ਡਿਫਾਲਟਰ ਵਜੋਂ ‘ਆਪ’ ਨਾਲ ਸਬੰਧਤ ਗੁਰਮੀਤ ਸਿੰਘ ਦਾ ਜ਼ਿਕਰ ਕੀਤਾ ਗਿਆ ਹੈ। ਬੈਂਕ ਅਧਿਕਾਰੀਆਂ ਮੁਤਾਬਕ ‘ਆਪ’ ਆਗੂ ਨੇ 78 ਲੱਖ ਰੁਪਏ ਦਾ ਕਰਜ਼ਾ ਲਿਆ ਸੀ ਤੇ ਇਸ ਸਮੇਂ ਕਰਜ਼ੇ ਦੀ ਰਕਮ ਵਧ ਕੇ ਇਕ ਕਰੋੜ 40 ਲੱਖ ਰੁਪਏ ਤੱਕ ਪਹੁੰਚ ਚੁੱਕੀ ਹੈ।
ਬੈਂਕ ਅਧਿਕਾਰੀਆਂ ਵੱਲੋਂ ਜ਼ਿਆਦਾਤਰ ਮਾਮਲਿਆਂ ਵਿਚ ਡਿਫਾਲਟਰ ਕਰਜ਼ਦਾਰ ਦੀ ਜ਼ਮੀਨ ਨਿਲਾਮ ਕਰਨ ਅਤੇ ਗ੍ਰਿਫਤਾਰੀ ਵਾਰੰਟ ਹਾਸਲ ਕਰਨ ਦੀ ਕਾਰਵਾਈ ਵੀ ਸ਼ੁਰੂ ਹੋਈ ਸੀ, ਪਰ ਸਿਆਸੀ ਦਬਾਅ ਕਾਰਨ ਅਮਲ ਨਾ ਹੋ ਸਕਿਆ। ਬੈਂਕ ਅਧਿਕਾਰੀਆਂ ਦਾ ਦੱਸਣਾ ਹੈ ਕਿ ਦਿਆਲ ਸਿੰਘ ਕੋਲਿਆਂਵਾਲੀ ਦੇ ਕਰਜ਼ੇ ਦਾ ਮਾਮਲਾ ਦੇਖਿਆ ਜਾਵੇ ਤਾਂ ਕਰਜ਼ੇ ਦੀ ਵਸੂਲੀ ਲਈ 2 ਕੇਸਾਂ ਵਿਚ ਜ਼ਮੀਨ ਦੀ ਨਿਲਾਮੀ ਕੀਤੀ ਜਾ ਸਕਦੀ ਹੈ। ਸੂਤਰਾਂ ਮੁਤਾਬਕ ਕਾਰਵਾਈ ਕਰਨ ਲਈ ਸੀਨੀਅਰ ਅਧਿਕਾਰੀਆਂ ਵੱਲੋਂ ਬੈਂਕ ਦੀ ਸਬੰਧਤ ਸ਼ਾਖਾ ਮਲੋਟ ਦੇ ਪ੍ਰਬੰਧਕ ਨੂੰ ਕਾਰਵਾਈ ਸ਼ੁਰੂ ਕਰਨ ਲਈ ਕਿਹਾ, ਪਰ ਸ਼ਾਖਾ ਪ੍ਰਬੰਧਕ ਨੇ ਕੋਈ ਕਾਰਵਾਈ ਨਹੀਂ ਕੀਤੀ। ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਨੁਸਾਰ ਮਲੋਟ ਸ਼ਾਖਾ ਦੇ ਪ੍ਰਬੰਧਕ ਨੂੰ ਮੁਅੱਤਲ ਕਰ ਦਿੱਤਾ ਹੈ। ਇਸੇ ਤਰ੍ਹਾਂ ਦਸੂਹਾ ਦੇ ਹੀ ਇਕ ਅਕਾਲੀ ਆਗੂ ਭਗਵੰਤ ਸਿੰਘ ਤੋਂ ਵੀ ਬੈਂਕ ਨੇ 57 ਲੱਖ ਰੁਪਏ ਦੀ ਵਸੂਲੀ ਕਰਨੀ ਹੈ। ਹਾਲਾਂਕਿ ਹੋਰ ਕੇਸਾਂ ਵਾਂਗ ਕਰਜ਼ਾ ਨਾ ਮੋੜਨ ਦੀ ਸੂਰਤ ਵਿਚ ਬੈਂਕ ਭਗਵੰਤ ਸਿੰਘ ਤੇ ਉਸ ਦੇ ਪੁੱਤ ਦੀ ਜ਼ਮੀਨ ਜੋ ਬੈਂਕ ਕੋਲ ਗਿਰਵੀ ਰੱਖੀ ਸੀ, ਦੀ ਨਿਲਾਮੀ ਕਰਨ ਦੇ ਸਮਰੱਥ ਹੈ। ਬੈਂਕ ਨੇ ਦਿਆਲ ਸਿੰਘ ਕੋਲਿਆਂਵਾਲੀ ਤੇ ਪਰਿਵਾਰ ਦੇ ਹੋਰ ਮੈਂਬਰਾਂ ਤੋਂ ਇਕ ਕਰੋੜ 5 ਲੱਖ ਰੁਪਏ ਵਸੂਲਣੇ ਹਨ।
ਅਕਾਲੀ ਆਗੂ ਮਲਵਿੰਦਰ ਸਿੰਘ ਪਿੰਡ ਚੌੜਾ (ਪਟਿਆਲਾ) ਤੋਂ 14 ਲੱਖ 52 ਹਜ਼ਾਰ ਰੁਪਏ ਦੀ ਵਸੂਲੀ ਕਰਨੀ ਹੈ। ਇਸ ਤੋਂ ਇਲਾਵਾ ਅਮਰੀਕ ਸਿੰਘ ਆਲੀਵਾਲ ਤੋਂ 80 ਲੱਖ ਰੁਪਏ, ਲਹਿਰਾਗਾਗਾ ਦੇ ਅਕਾਲੀ ਆਗੂ ਨਿਰੰਜਣ ਸਿੰਘ ਭੁਟਾਲ ਤੋਂ 20 ਲੱਖ 60 ਹਜ਼ਾਰ ਰੁਪਏ, ਕਪੂਰਥਲਾ ਨਾਲ ਸਬੰਧਤ ਅਕਾਲੀ ਆਗੂ ਤੇ ਸਾਬਕਾ ਟਰਾਂਸਪੋਰਟ ਮੰਤਰੀ ਰਘਬੀਰ ਸਿੰਘ ਤੋਂ 86 ਲੱਖ 56 ਹਜ਼ਾਰ 575 ਰੁਪਏ, ਰਾਜਿੰਦਰ ਕੌਰ ਹਿੰਦ ਮੋਟਰਜ਼ ਤੋਂ 41 ਲੱਖ 30 ਹਜ਼ਾਰ ਰੁਪਏ, ਕਾਂਗਰਸ ਨਾਲ ਸਬੰਧਤ ਆਗੂ ਰਮਨ ਭੱਲਾ ਤੋਂ 20 ਲੱਖ 70 ਹਜ਼ਾਰ ਰੁਪਏ, ਮੁਕੇਰੀਆਂ ਦੇ ਭਾਜਪਾ ਆਗੂ ਬਲਰਾਜ ਸਿੰਘ ਤੋਂ 62 ਲੱਖ ਰੁਪਏ, ਅਬੋਹਰ ਦੇ ਅਕਾਲੀ ਆਗੂ ਇੰਦਰਸੇਨ ਤੋਂ 63 ਲੱਖ 92 ਹਜ਼ਾਰ ਰੁਪਏ, ਅਕਾਲੀ ਆਗੂ ਜਗਤਾਰ ਸਿੰਘ ਦਸੂਹਾ ਤੋਂ 19 ਲੱਖ ਰੁਪਏ ਕਰਜ਼ਾ ਵਸੂਲਣਾ ਹੈ। ਅਬੋਹਰ ਦੇ ਹੀ ਕਾਂਗਰਸੀ ਆਗੂ ਰਾਵਿੰਦਰ ਕੁਮਾਰ ਤੇ ਪਰਿਵਾਰ ਨੇ 56 ਲੱਖ ਰੁਪਏ ਦਾ ਕਰਜ਼ਾ ਮੋੜਨਾ ਹੈ। ਗਿੱਦੜਬਾਹਾ ਦੇ ਅਕਾਲੀ ਪਰਿਵਾਰ ਰਾਜਵਿੰਦਰ ਸਿੰਘ ਤੋਂ 69 ਲੱਖ ਰੁਪਏ, ਡੇਰਾਬਸੀ ਦੇ ਧਨਵੰਤ ਸਿੰਘ ਤੋਂ 60 ਲੱਖ ਰੁਪਏ, ਬਰਨਾਲਾ ਦੇ ਕਾਂਗਰਸੀ ਆਗੂ ਪਰਦੀਪ ਸਿੰਘ ਤੋਂ 29 ਲੱਖ 50 ਹਜ਼ਾਰ ਰੁਪਏ, ਸੁਰਿੰਦਰ ਸਿੰਘ ਧੂਰੀ ਦੇ ਪੁੱਤਰ ਤੋਂ 17 ਲੱਖ ਰੁਪਏ, ਕਿਸਾਨ ਯੂਨੀਅਨ ਨਾਲ ਸਬੰਧਤ ਤਿੰਨ ਆਗੂਆਂ ਸਾਹਿਬ ਸਿੰਘ ਤੋਂ ਬੁਢਲਾਡਾ ਤੋਂ 39 ਲੱਖ ਰੁਪਏ, ਬਲਦੇਵ ਸਿੰਘ ਮੁਕਤਸਰ ਤੋਂ 42 ਲੱਖ ਰੁਪਏ ਤੇ ਸੁਖਦੇਵ ਕੌਰ ਪਤਨੀ ਦਾਰਾ ਸਿੰਘ ਤੋਂ 40 ਲੱਖ 70 ਹਜ਼ਾਰ ਰੁਪਏ ਲੈਣੇ ਹਨ। ਸੁਰਜੀਤ ਸਿੰਘ ਬੁਢਲਾਡਾ ਤੋਂ 32 ਲੱਖ ਰੁਪਏ ਲੈਣੇ ਹਨ। ਇਸ ਵਿਅਕਤੀ ਦਾ ਸਬੰਧ ਪੀਪਲਜ਼ ਪਾਰਟੀ ਆਫ ਪੰਜਾਬ ਨਾਲ ਰਿਹਾ ਹੈ।
ਇਸੇ ਤਰ੍ਹਾਂ ਮਘਾਣੀਆਂ ਦੇ ਅਕਾਲੀ ਆਗੂ ਗੁਰਪਿਆਰ ਸਿੰਘ ਨੇ ਬੈਂਕ ਦਾ 31 ਲੱਖ ਰੁਪਏ ਦਾ ਕਰਜ਼ਾ ਮੋੜਨਾ ਹੈ। ਕਾਂਗਰਸ ਦੇ ਮੁਕਤਸਰ ਜਿਲ੍ਹੇ ਨਾਲ ਸਬੰਧਤ ਹਰਮੀਤ ਸਿੰਘ ਨੇ 36 ਲੱਖ 80 ਹਜ਼ਾਰ ਰੁਪਏ ਦਾ ਕਰਜ਼ਾ ਦੇਣਾ ਹੈ। ਭਾਜਪਾ ਆਗੂ ਕਮਲ ਕੁਮਾਰ ਜੋ ਅਬੋਹਰ ਖੇਤਰ ਦਾ ਰਹਿਣ ਵਾਲਾ ਹੈ, ਨੇ 24 ਲੱਖ 70 ਹਜ਼ਾਰ ਰੁਪਏ ਦਾ ਕਰਜ਼ਾ ਅਜੇ ਦੇਣਾ ਹੈ। ਪੰਜਾਬ ਦੇ ਸਾਬਕਾ ਆਈਏਐੱਸ ਅਧਿਕਾਰੀ ਸਰੂਪ ਸਿੰਘ ਢਿੱਲੋਂ ਅਤੇ ਉਸ ਦੇ ਪੁੱਤ ਮਨਰਾਜ ਸਿੰਘ ਨੇ 12 ਲੱਖ ਰੁਪਏ ਦਾ ਕਰਜ਼ਾ ਮੋੜਨਾ ਹੈ।
_______________________
ਕਾਰਵਾਈ ਲਈ ਪਹਿਲਾ ਨੰਬਰ ਕੋਲਿਆਂਵਾਲੀ ਦਾ
ਚੰਡੀਗੜ੍ਹ: ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਵੱਡੇ ਕਿਸਾਨਾਂ ਜਿਵੇਂ ਅਕਾਲੀ ਆਗੂ ਦਿਆਲ ਸਿੰਘ ਕੋਲਿਆਂਵਾਲੀ ਅਤੇ ਹੋਰਨਾਂ ਤੋਂ ਕਰਜ਼ੇ ਦੀ ਵਸੂਲੀ ਲਈ ਵਿਭਾਗ ਵੱਲੋਂ ਸਖਤੀ ਨਾਲ ਮੁਹਿੰਮ ਚਲਾਈ ਜਾਵੇਗੀ। ਉਨ੍ਹਾਂ ਕਿਹਾ ਕਿ ਸਹਿਕਾਰੀ ਅਦਾਰਿਆਂ ਦਾ ਕਰਜ਼ਾ ਨਾ ਮੋੜਨ ਵਾਲਿਆਂ ਵਿਚ ਕਾਂਗਰਸ ਨਾਲ ਸਬੰਧਤ ਆਗੂ ਵੀ ਸ਼ਾਮਲ ਹਨ। ਇਨ੍ਹਾਂ ਵੱਡੇ ਕਿਸਾਨਾਂ ਵੱਲ 276 ਕਰੋੜ ਰੁਪਏ ਦਾ ਕਰਜ਼ਾ ਖੜ੍ਹਾ ਹੈ, ਜਿਸ ਸਬੰਧੀ ਹਰ ਮਹੀਨੇ 20 ਵੱਡੇ ਕਿਸਾਨਾਂ ਖਿਲਾਫ ਕਾਰਵਾਈ ਅਰੰਭੀ ਜਾਵੇਗੀ।