ਹਰਿਆਣਾ ‘ਚ ਮੁਸਲਮਾਨਾਂ ਨੂੰ ਨਮਾਜ਼ ਤੋਂ ਰੋਕਣ ਦਾ ਮਾਮਲਾ ਭਖਿਆ

ਚੰਡੀਗੜ੍ਹ: ਹਰਿਆਣਾ ਦੇ ਗੁਰੂਗ੍ਰਾਮ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਵਿਚ ਮੁਸਲਮਾਨਾਂ ਦੀ ਨਮਾਜ਼ ਅਦਾਇਗੀ ਵਿਚ ਵਿਘਨ ਪਾਉਣ ਨਾਲ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ਤੋਂ ਵੀ ਵੱਡੀ ਨਮੋਸ਼ੀ ਵਾਲੀ ਗੱਲ ਇਹ ਹੈ ਕਿ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੀ ਖਰੂਦੀਆਂ ਦੇ ਹੱਕ ਵਿਚ ਖੜ੍ਹ ਗਏ ਤੇ ਸਲਾਹ ਦੇ ਦਿੱਤੀ ਕਿ ਨਮਾਜ਼ ਮਸਜਿਦਾਂ ਜਾਂ ਈਦਗਾਹਾਂ ਦੇ ਅੰਦਰ ਹੀ ਅਦਾ ਕੀਤੀ ਜਾਣੀ ਹੈ।

ਮੁੱਖ ਮੰਤਰੀ ਦੀ ਹੱਲਾਸ਼ੇਰੀ ਕਾਰਨ ਅਜਿਹੀਆਂ ਹਰਕਤਾਂ ਕਰਨ ਵਾਲਿਆਂ ਕੁਝ ਹਿੰਦੂ ਜਥੇਬੰਦੀਆਂ ਹੋਰ ਜ਼ੋਰ-ਸ਼ੋਰ ਨਾਲ ਅਜਿਹੇ ਵਿਰੋਧ ਕਰਨ ਦੇ ਹੱਕ ਵਿਚ ਨਿੱਤਰ ਆਈਆਂ ਹਨ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਕੁਝ ਨੌਜਵਾਨਾਂ ਨੇ ਨਾਅਰੇਬਾਜ਼ੀ ਕਰ ਕੇ ਨਮਾਜ਼ ਵਿਚ ਵਿਘਨ ਪਾਇਆ ਸੀ। ਭਾਵੇਂ ਪੁਲਿਸ ਨੇ ਇਨ੍ਹਾਂ ਨੂੰ ਤੁਰਤ ਗ੍ਰਿਫਤਾਰ ਕਰ ਲਿਆ ਪਰ ਬਾਅਦ ਵਿਚ ਜ਼ਮਾਨਤ ਉਤੇ ਰਿਹਾਅ ਕਰ ਦਿੱਤਾ ਗਿਆ। ਇਸ ਘਟਨਾ ਤੋਂ ਬਾਅਦ ਵੱਖ-ਵੱਖ ਹਿੰਦੂ ਜਥੇਬੰਦੀਆਂ ਵੱਲੋਂ ਮੁਸਲਮਾਨਾਂ ਨੂੰ ਖੁੱਲ੍ਹੀਆਂ ਥਾਵਾਂ ਉਤੇ ਨਮਾਜ਼ ਪੜ੍ਹਨ ਤੋਂ ਰੋਕਿਆ ਜਾ ਰਿਹਾ ਹੈ।
ਹਿੰਦੂ ਸੰਗਠਨਾਂ ਵੱਲੋਂ ਖੁੱਲ੍ਹੀ ਜਗ੍ਹਾ ਉਤੇ ਨਮਾਜ਼ ਪੜ੍ਹਨ ਦੇ ਵਿਰੋਧ ਵਿਚ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਸਬੰਧੀ ਪੁਲਿਸ ਪ੍ਰਸ਼ਾਸਨ ਵੀ ਇਹੀ ਆਖ ਰਿਹਾ ਹੈ ਕਿ ਉਹ ਬਗੈਰ ਇਜਾਜ਼ਤ ਕਿਸੇ ਨੂੰ ਵੀ ਕਿਸੇ ਤਰ੍ਹਾਂ ਦਾ ਧਾਰਮਿਕ ਸਮਾਗਮ ਨਹੀਂ ਕਰਨ ਦੇਣਗੇ। ਦਾਅਵਾ ਕੀਤਾ ਜਾ ਰਿਹਾ ਹੈ ਕਿ ਗੁਰੂਗਰਾਮ ਦੇ 3-4 ਇਲਾਕਿਆਂ ਵਿਚ ਵਿਰੋਧ ਹੋਣ ਕਾਰਨ ਖੁੱਲ੍ਹੇ ਵਿਚ ਨਮਾਜ਼ ਨਹੀਂ ਹੋਣ ਦਿੱਤੀ ਗਈ।
ਇਹ ਪੂਰਾ ਮਾਮਲਾ ਗੁਰੂਗ੍ਰਾਮ ਦੇ ਸੈਕਟਰ 53 ਵਿਚ ਇਕ ਮੈਦਾਨ ਵਿਚ ਨਮਾਜ਼ ਦੇ ਵਿਰੋਧ ਦੇ ਬਾਅਦ ਸ਼ੁਰੂ ਹੋਇਆ ਜਿਸ ਵਿਚ ਕੁਝ ਨੌਜਵਾਨਾਂ ਨੇ ਨਮਾਜ਼ ਲਈ ਇਕੱਠੇ ਹੋਏ ਲੋਕਾਂ ਨਾਲ ਝੜਪ ਹੋ ਗਈ ਸੀ। ਇਸ ਪਿੱਛੋਂ ਪੁਲਿਸ ਨੇ ਨਮਾਜ਼ ਪੜ੍ਹਨੋਂ ਰੋਕਣ ਦੇ ਮਾਮਲੇ ਵਿਚ 6 ਜਣਿਆਂ ਨੂੰ ਗ੍ਰਿਫਤਾਰ ਕੀਤਾ ਸੀ ਜਿਸ ਦਾ ਹਿੰਦੂ ਸੰਗਠਨ ਵੱਲੋਂ ਵਿਰੋਧ ਕੀਤਾ ਗਿਆ। ਇਸ ਤੋਂ ਬਾਅਦ ਪੁਲਿਸ ਦੇ ਪਹਿਰੇ ਵਿਚ ਖੁੱਲ੍ਹੇ ਜਗ੍ਹਾ ਉਤੇ ਨਮਾਜ਼ ਪੜ੍ਹੀ ਗਈ ਸੀ।
ਹਿੰਦੂ ਸੰਗਠਨ ਨੇ ਦਾਅਵਾ ਕੀਤਾ ਹੈ ਕਿ ਪੁਲਿਸ ਨਾਲ ਉਨ੍ਹਾਂ ਦਾ ਸਮਝੌਤਾ ਹੋਇਆ ਹੈ ਜਿਸ ਦੇ ਤਹਿਤ ਮੁਸਲਮਾਨ ਭਾਈਚਾਰੇ ਦੇ ਲੋਕ ਮਸਜਿਦ ਦੇ ਅੰਦਰ ਹੀ ਨਮਾਜ਼ ਪੜ੍ਹਨਗੇ। ਪਰ ਦੂਜੇ ਹੀ ਪਾਸੇ ਮੁਸਲਮਾਨ ਭਾਈਚਾਰੇ ਦਾ ਇਸ ਦੇ ਉਲਟ ਦਾਅਵਾ ਹੈ ਕਿ ਨਮਾਜ਼ ਨਹੀਂ ਪੜ੍ਹਨ ਦਿੱਤੀ ਗਈ ਅਤੇ ਪ੍ਰਸ਼ਾਸਨ ਵੀ ਇਸ ਵਿਚ ਉਨ੍ਹਾਂ ਦੀ ਮਦਦ ਨਹੀਂ ਕਰ ਰਿਹਾ।
____________________
ਨਮਾਜ਼ ਮਸਜਿਦਾਂ ਅੰਦਰ ਹੀ ਹੋਵੇ: ਖੱਟਰ
ਚੰਡੀਗੜ੍ਹ: ਗਰਮ ਖਿਆਲੀ ਹਿੰਦੂ ਸੰਗਠਨਾਂ ਵੱਲੋਂ ਗੁੜਗਾਉਂ ਵਿਚ ਵੱਖ-ਵੱਖ ਥਾਵਾਂ ਉਤੇ ਖੁੱਲ੍ਹੇ ਵਿੱਚ ਨਮਾਜ਼ ਅਦਾ ਕਰਨ ਉਤੇ ਟਿੱਪਣੀ ਕਰਦਿਆਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਅਜਿਹੇ ਇਕੱਠ ਮਸਜਿਦਾਂ, ਈਦਗਾਹਾਂ ਜਾਂ ਨਿਜੀ ਥਾਵਾਂ ਉਤੇ ਹੀ ਹੋਣੇ ਚਾਹੀਦੇ ਹਨ। ਜੇ ਕੋਈ ਇਤਰਾਜ਼ ਨਹੀਂ ਕਰਦਾ ਤਾਂ ਕੋਈ ਗੱਲ ਨਹੀਂ, ਜੇ ਕੋਈ ਸੰਸਥਾ ਜਾਂ ਵਿਅਕਤੀ ਵਿਸ਼ੇਸ਼ ਇਤਰਾਜ਼ ਕਰਦਾ ਹੈ ਤਾਂ ਫਿਰ ਮਾਮਲਾ ਬਣਦਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਅਮਨ ਕਾਨੂੰਨ ਨੂੰ ਯਕੀਨੀ ਬਣਾਏਗੀ।