ਫ਼ਿਲਮ ਜਗਤ ਦੇ ਆਪਣੇ ਕਰੀਅਰ ਵਿਚ ਕਈ ਪ੍ਰਾਪਤੀਆਂ ਹਾਸਲ ਕਰ ਚੁੱਕੀ ਲੁਧਿਆਣਾ ਸ਼ਹਿਰ ਦੀ ਬਾਲੀਵੁੱਡ ਅਦਾਕਾਰਾ ਦਿਵਿਆ ਦੱਤਾ ਦਾ ਕਹਿਣਾ ਹੈ ਕਿ ਉਹ ਹਰ ਦਿਨ ਨਵਾਂ ਸੁਪਨਾ ਦੇਖਦੀ ਹੈ ਤੇ ਦੁੱਗਣੇ ਜੋਸ਼ ਨਾਲ ਇਨ੍ਹਾਂ ਸੁਪਨਿਆਂ ਨੂੰ ਪੂਰਾ ਕਰਨ ਵਿਚ ਜੁਟ ਵੀ ਜਾਂਦੀ ਹੈ। ਦਿਵਿਆ ਆਪਣੀ ਫ਼ਿਲਮ ‘ਜ਼ਿਲਾ ਗਾਜ਼ੀਆਬਾਦ’ ਵਿਚ ਸੰਜੇ ਦੱਤ, ਜਿੰਮੀ ਸ਼ੇਰਗਿੱਲ ਤੇ ਅਰਸ਼ਦ ਵਾਰਸੀ ਨਾਲ ਨਜ਼ਰ ਆਈ ਹੈ। ਇਹੀ ਨਹੀਂ 2013-14 ਵਿਚ ਭਾਰਤੀ ਫ਼ਿਲਮਾਂ ਦੇ ਵੱਡੇ ਨਿਰਦੇਸ਼ਕਾਂ ਦੀਆਂ ਫ਼ਿਲਮਾਂ ਵਿਚ ਵੀ ਦਿਵਿਆ ਦੀ ਅਦਾਕਾਰੀ ਨਜ਼ਰ ਆਏਗੀ। ਹੁਣੇ ਜਿਹੇ ਰਿਲੀਜ਼ ਹੋਈ ‘ਸਪੈਸ਼ਲ 26’ ਵਿਚ ਵੀ ਉਸ ਨੇ ਅਦਾਕਾਰੀ ਕੀਤੀ ਹੈ।
ਦਿਵਿਆ ਦਾ ਕਹਿਣਾ ਹੈ ਕਿ ਓਪਨ ਥੀਏਟਰ ਹੀ ਆਤਮ-ਵਿਸ਼ਵਾਸ ਪੈਦਾ ਕਰਦਾ ਹੈ। ਉਹ ਥੀਏਟਰ ਆਰਟਿਸਟ ਵੀ ਰਹੀ ਹੈ। ਉਸ ਨੇ ਜ਼ਿੰਦਗੀ ਦੀ ਹਕੀਕਤ ਬਿਆਨ ਕਰਨ ਵਾਲੇ ਨਾਟਕਾਂ ਵਿਚ ਹਿੱਸਾ ਲਿਆ ਹੈ। ਪਿੱਛੇ ਜਿਹੇ ਲੁਧਿਆਣਾ ਸ਼ਹਿਰ ਵਿਚ ਕਰਵਾਏ ਨਾਟਕ ‘ਤੇਰੀ ਅੰਮ੍ਰਿਤਾ’ ਵਿਚ ਉਹ ਓਮ ਪੁਰੀ ਨਾਲ ਰੰਗਮੰਚ ਵਿਚ ਹਿੱਸਾ ਲੈਣ ਪਹੁੰਚੀ ਸੀ। ਉਸ ਦਾ ਕਹਿਣਾ ਹੈ ਕਿ ਥੀਏਟਰ ਵਿਚ ਰੀਟੇਕ ਨਹੀਂ ਹੁੰਦਾ। ਥੀਏਟਰ ਨਾਲ ਹੀ ਕਰੀਅਰ ਦੀ ਰਾਹ ਸੌਖਾਲੀ ਹੁੰਦੀ ਹੈ। ਰੰਗਮੰਚ ਤੋਂ ਹੀ ਇਕ ਕਲਾਕਾਰ ਨੂੰ ਪਛਾਣ ਮਿਲਦੀ ਹੈ ਪਰ ਅੱਜ ਨੌਜਵਾਨਾਂ ਦਾ ਰੁਝਾਨ ਥੀਏਟਰ ਵੱਲ ਘੱਟ ਹੀ ਨਜ਼ਰ ਆਉਂਦਾ ਹੈ। ਥੀਏਟਰ ਨੂੰ ਪ੍ਰਮੋਟ ਕਰਨ ਦਾ ਹਮੇਸ਼ਾ ਤੋਂ ਉਸ ਦਾ ਸੁਪਨਾ ਰਿਹਾ ਹੈ। ਇਸ ਲਈ ਉਹ ਓਪਨ ਥੀਏਟਰ ਨਾਟਕਾਂ ਦੀ ਪੇਸ਼ਕਾਰੀ ਵਿਚ ਵੀ ਆਪਣਾ ਯੋਗਦਾਨ ਦਿੰਦੀ ਰਹੀ ਹੈ।
ਲੁਧਿਆਣਾ ਸ਼ਹਿਰ ਦੇ ਸੈਕਰਡ ਹਾਰਟ ਕਾਨਵੈਂਟ ਸਕੂਲ ਦੀ ਵਿਦਿਆਰਥਣ ਤੇ ਗਵਰਨਮੈਂਟ ਕਾਲਜ ਆਫ ਵੂਮੈਨ ਵਿਚ ਬੈਚਲਰਸ ਡਿਗਰੀ ਲੈਣ ਵਾਲੀ ਦਿਵਿਆ ਨੇ 1994 ਵਿਚ ਰਿਲੀਜ਼ ਹੋਈ ਆਪਣੀ ਪਹਿਲੀ ਫ਼ਿਲਮ ‘ਇਸ਼ਕ ਮੇਂ ਜੀਨਾ ਇਸ਼ਕ ਮੇਂ ਮਰਨਾ’ ਵਿਚ ਆਪਣਾ ਹੁਨਰ ਦਿਖਾਇਆ। ਇਸ ਫ਼ਿਲਮ ਦੀ ਸਫਲਤਾ ਤੋਂ ਬਾਅਦ ਦਿਵਿਆ ਨੂੰ ਕਈ ਫ਼ਿਲਮਾਂ ਦੀਆਂ ਪੇਸ਼ਕਸ਼ਾਂ ਮਿਲਣ ਲੱਗੀਆਂ। ਦਿਵਿਆ ਦਾ ਕਹਿਣਾ ਹੈ ਕਿ ਮਿਹਨਤ ਤੇ ਲਗਨ ਨੇ ਹੀ ਫ਼ਿਲਮ ਇੰਡਸਟਰੀ ਵਿਚ ਉਸ ਦੀ ਵੱਖਰੀ ਪਛਾਣ ਬਣਾਈ ਹੈ। ਕਿਸੇ ਟੀਚੇ ਨੂੰ ਹਾਸਲ ਕਰਨਾ ਹੋਵੇ ਤਾਂ ਸਮਰਪਣ ਬੇਹੱਦ ਜ਼ਰੂਰੀ ਹੈ। ਉਸ ਦਾ ਕਹਿਣਾ ਹੈ ਕਿ ਸਮਾਂ ਬਦਲਣ ਦੇ ਨਾਲ ਹੀ ਹਿੰਦੀ ਸਿਨੇਮੇ ਦਾ ਚਿਹਰਾ ਕਿੰਨਾ ਬਦਲ ਗਿਆ ਹੈ। ਇਸ ਦੀ ਝਲਕ ਮੌਜੂਦਾ ਦੌਰ ਦੀਆਂ ਫ਼ਿਲਮਾਂ ਵਿਚ ਨਜ਼ਰ ਆਉਂਦੀ ਹੈ। ਸੱਤ ਸਮੁੰਦਰ ਪਾਰ ਦੇ ਕਲਾਕਾਰਾਂ ਦਾ ਹਿੰਦੀ ਫ਼ਿਲਮਾਂ ਪ੍ਰਤੀ ਵਧਦਾ ਪਿਆਰ ਵੀ ਇਸ ਦੀ ਗਵਾਹੀ ਦਿੰਦਾ ਹੈ। 1990 ਦੇ ਦਹਾਕੇ ਤੇ ਹੁਣ ਤੱਕ ਦੇ ਫ਼ਿਲਮੀ ਸਫਰ ਵਿਚ ਦਿਵਿਆ ਦਾ ਕਹਿਣਾ ਹੈ ਕਿ ਜਦੋਂ ਉਸ ਨੇ ਫ਼ਿਲਮ ਜਗਤ ਵਿਚ ਕਦਮ ਰੱਖਿਆ ਸੀ ਤਾਂ ਉਦੋਂ ਰੋਮਾਂਸ ਤੇ ਚੰਗਿਆਈ ‘ਤੇ ਅਧਾਰਤ ਫ਼ਿਲਮਾਂ ਬਣਦੀਆਂ ਸਨ। ਉਸ ਸਮੇਂ ਫ਼ਿਲਮ ਜਗਤ ਵਿਚ ਬਹੁਤ ਸਾਰੀਆਂ ਤਬਦੀਲੀਆਂ ਹੋ ਰਹੀਆਂ ਸਨ। ਉਦੋਂ ਤੋਂ ਲੈ ਕੇ ਹੁਣ ਤੱਕ ਦਾ ਸਫਰ ਬਿਹਤਰੀਨ ਰਿਹਾ ਹੈ।
ਦਿਵਿਆ ਹੁਣ ਤੱਕ 60 ਫ਼ਿਲਮਾਂ ਵਿਚ ਕੰਮ ਕਰ ਚੁੱਕੀ ਹੈ। ਭਾਰਤੀ ਫ਼ਿਲਮ ਇੰਡਸਟਰੀ ਵਿਚ ਕਈ ਪ੍ਰਾਪਤੀਆਂ ਵੀ ਹਾਸਲ ਕੀਤੀਆਂ ਹਨ। ਦੋ ਅੰਤਰਰਾਸ਼ਟਰੀ ਫ਼ਿਲਮਾਂ ਵਿਚ ਵੀ ਕੰਮ ਕਰ ਚੁੱਕੀ ਹੈ। ਉਹ ਕਈ ਅਵਾਰਡਾਂ ਨਾਲ ਵੀ ਸਨਮਾਨਤ ਹੋ ਚੁੱਕੀ ਹੈ। ਦਿਵਿਆ ਦਾ ਕਹਿਣਾ ਹੈ ਕਿ ਸਫਲਤਾ ਪ੍ਰਾਪਤ ਕਰਨ ਲਈ ਲਗਨ, ਦ੍ਰਿੜ੍ਹਤਾ ਤੇ ਈਮਾਨਦਾਰੀ ਹੋਣੀ ਚਾਹੀਦੀ ਹੈ। ਇਸ ਦਾ ਕੋਈ ਸ਼ਾਰਟਕੱਟ ਨਹੀਂ ਹੁੰਦਾ। ਚਮਕਣ ਲਈ ਪਹਿਲਾਂ ਸੂਰਜ ਵਾਂਗ ਤਪਣਾ ਵੀ ਪੈਂਦਾ ਹੈ ਪਰ ਅੱਜ ਦੇ ਨੌਜਵਾਨਾਂ ਦੀ ਸੋਚ ਸ਼ਾਰਟਕੱਟ ਵਿਚ ਵਧੇਰੇ ਹੈ, ਛੋਟੇ ਰਸਤੇ ਰਾਹੀਂ ਭਾਵੇਂ ਮੰਜ਼ਲ ਨੇੜੇ ਦਿਸਦੀ ਹੋਵੇ ਪਰ ਬਹੁਤੀ ਦੇਰ ਤੱਕ ਸਫਲਤਾ ਦੀ ਰਾਹ ਟਿਕਿਆ ਨਹੀਂ ਰਿਹਾ ਜਾ ਸਕਦਾ।
Leave a Reply