ਕੇਂਦਰ ਨੇ ਪੰਜਾਬ ਪੁਲਿਸ ਤੋਂ ਖੋਹੀ ਜੇਲ੍ਹ ਸੁਰੱਖਿਆ ਦੀ ਜ਼ਿੰਮੇਵਾਰੀ

ਚੰਡੀਗੜ੍ਹ: ਕੇਂਦਰ ਸਰਕਾਰ ਨੇ ਪੰਜਾਬ ਦੀਆਂ ਸੱਤ ਉਚ ਸੁਰੱਖਿਆ (ਹਾਈ ਸਕਿਊਰਿਟੀ) ਵਾਲੀਆਂ ਜੇਲ੍ਹਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੈਂਟਰਲ ਇੰਡਸਟਰੀਅਲ ਸਕਿਊਰਿਟੀ ਫੋਰਸ (ਸੀ.ਆਈ.ਐਸ਼ਐਫ਼) ਦੇ ਸਪੁਰਦ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਸੀ.ਆਈ.ਐਸ਼ਐਫ਼ ਦੀ ਤਾਇਨਾਤੀ ਦਾ ਖਰਚਾ ਰਾਜ ਸਰਕਾਰ ਨੂੰ ਸਹਿਣ ਕਰਨਾ ਹੋਵੇਗਾ, ਜਿਸ ਨਾਲ ਪਹਿਲਾਂ ਤੋਂ ਵਿੱਤੀ ਮੁਸ਼ਕਲਾਂ ਨਾਲ ਜੂਝ ਰਹੇ ਸੂਬੇ ਉਤੇ ਬੋਝ ਹੋਰ ਵਧੇਗਾ।

ਕੇਂਦਰੀ ਗ੍ਰਹਿ ਮੰਤਰਾਲੇ ਨੇ ਸੂਬੇ ਦੀਆਂ ਜੇਲ੍ਹਾਂ ਲਈ ਦੋ ਕੰਪਨੀਆਂ ਤਾਇਨਾਤ ਕਰਨ ਨੂੰ ਸਿਧਾਂਤਕ ਤੌਰ ਉਤੇ ਪ੍ਰਵਾਨਗੀ ਦਿੱਤੀ ਹੈ। ਦੱਸਣਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੀਟਿੰਗਾਂ ਦੌਰਾਨ ਸੂਬੇ ਦੀਆਂ ਜੇਲ੍ਹਾਂ ਵਿਚ ਬੰਦ ਗੈਂਗਸਟਰਾਂ ਅਤੇ ਹੋਰ ਖਤਰਨਾਕ ਅਪਰਾਧੀਆਂ ਦਾ ਮੁੱਦਾ ਉਠਾਉਂਦਿਆਂ ਇਨ੍ਹਾਂ ਜੇਲ੍ਹਾਂ ਦੇ ਸੁਰੱਖਿਆ ਪ੍ਰਬੰਧ ਨੀਮ ਫੌਜੀ ਬਲਾਂ ਹਵਾਲੇ ਕਰਨ ਉਤੇ ਜ਼ੋਰ ਦਿੱਤਾ ਸੀ। ਪੰਜਾਬ ਸਰਕਾਰ ਦਾ ਤਰਕ ਸੀ ਕਿ ਜੇਕਰ ਸੂਬੇ ਦੀਆਂ ਜੇਲ੍ਹਾਂ ਦੇ ਸੁਰੱਖਿਆ ਪ੍ਰਬੰਧ ਸਖਤ ਨਾ ਕੀਤੇ ਗਏ ਤਾਂ ਨਾਭਾ ਜੇਲ੍ਹ ਕਾਂਡ ਵਰਗਾ ਹੋਰ ਕੋਈ ਕਾਂਡ ਵਾਪਰਨ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਦੇ ਮੱਦੇਨਜ਼ਰ ਕੇਂਦਰੀ ਗ੍ਰਹਿ ਮੰਤਰਾਲੇ ਨੇ ਸੂਬੇ ਦੀਆਂ ਜੇਲ੍ਹਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਨੀਮ ਫੌਜੀ ਬਲਾਂ ਨੂੰ ਦੇਣ ਦੀ ਪ੍ਰਵਾਨਗੀ ਦੇ ਦਿੱਤੀ।
ਜਾਣਕਾਰ ਹਲਕਿਆਂ ਦਾ ਕਹਿਣਾ ਹੈ ਕਿ ਇਸ ਫੈਸਲੇ ਨਾਲ ਜੇਲ੍ਹਾਂ ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਰੋਕਣ, ਗੈਂਗਸਟਰਾਂ ਦੀਆਂ ਗਤੀਵਿਧੀਆਂ ਤੇ ਅਪਰਾਧ ਰੋਕਣ ਵਿਚ ਸਫਲਤਾ ਮਿਲੇਗੀ। ਉਂਜ, ਸੂਬੇ ਦੇ ਨਵੇਂ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪਿਛਲੇ ਦਿਨੀਂ ਜੇਲ੍ਹ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਵਿਚ ਚਿਤਾਵਨੀ ਦਿੱਤੀ ਸੀ ਕਿ ਜਿਸ ਜੇਲ੍ਹ ਵਿਚੋਂ ਮੋਬਾਈਲ ਫੋਨ ਜਾਂ ਨਸ਼ੀਲੇ ਪਦਾਰਥ ਮਿਲਣਗੇ, ਉਸ ਜੇਲ੍ਹ ਦੇ ਸੁਪਰਡੈਂਟ ਨੂੰ ਤੁਰਤ ਮੁਅੱਤਲ ਕਰ ਦਿੱਤਾ ਜਾਵੇਗਾ।
______________________
ਪੰਜਾਬ ਦੀ ਪ੍ਰਭੂਸੱਤਾ ਨੂੰ ਵੱਡਾ ਖੋਰਾ ਲੱਗੇਗਾ: ਗਾਂਧੀ
ਚੰਡੀਗੜ੍ਹ: ਪਟਿਆਲਾ ਤੋਂ ਸੰਸਦ ਮੈਂਬਰ ਧਰਮਵੀਰ ਗਾਂਧੀ ਨੇ ਪੰਜਾਬ ਦੀਆਂ ਸੱਤ ਜੇਲ੍ਹਾਂ ਦੀ ਕਮਾਨ ਸੈਂਟਰਲ ਇੰਡਸਟਰੀਅਲ ਸਿਕਿਊਰਟੀ ਫੋਰਸ ਨੂੰ ਦੇਣ ਦਾ ਵਿਰੋਧ ਕੀਤਾ ਹੈ। ਉਨ੍ਹਾਂ ਨੇ ਸਰਕਾਰ ਦੇ ਇਸ ਫੈਸਲੇ ਨੂੰ ਪੰਜਾਬ ਦੀ ਪ੍ਰਭੂਸੱਤਾ ਲਈ ਵੱਡਾ ਖੋਰਾ ਕਰਾਰ ਦਿੱਤਾ ਹੈ। ਡਾ. ਗਾਂਧੀ ਦਾ ਕਹਿਣਾ ਹੈ ਕਿ ਇਸ ਤੋਂ ਬਾਅਦ ਪੰਜਾਬ ਦੀ ਕਾਨੂੰਨ ਤੇ ਵਿਵਸਥਾ ਦੀ ਭਾਈਵਾਲ ਵੀ ਕੇਂਦਰ ਸਰਕਾਰ ਹੋਵੇਗੀ।
_____________________
ਜੇਲ੍ਹਾਂ ਦੀਆਂ ਕੰਟੀਨਾਂ ‘ਚੋਂ ਮਿਲ ਸਕੇਗੀ ਰੋਟੀ
ਲੁਧਿਆਣਾ: ਹੁਣ ਕੇਂਦਰੀ ਜੇਲ੍ਹਾਂ ਵਿਚ ਬਣੀਆਂ ਕੰਟੀਨਾਂ ਵਿਚ ਰੋਟੀ ਮਿਲਣ ਦੀ ਸੰਭਾਵਨਾ ਬਣ ਗਈ ਹੈ। ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਪੰਜਾਬ ਦੀਆਂ ਸਾਰੀਆਂ ਜੇਲ੍ਹਾਂ ਵਿਚ ਕੰਟੀਨਾਂ ਖੋਲ੍ਹਣ ਦਾ ਪ੍ਰਸਤਾਵ ਸਰਕਾਰ ਨੂੰ ਭੇਜਿਆ ਗਿਆ ਹੈ, ਜਿਥੇ ਕੈਦੀਆਂ ਵੱਲੋਂ ਤਿਆਰ ਰੋਟੀ ਮਿਲੇਗੀ। ਕੰਟੀਨ ਤੋਂ 200 ਰੁਪਏ ਵਿਚ ਰੋਟੀ ਮਿਲ ਜਾਇਆ ਕਰੇਗੀ। ਜੇਲ੍ਹ ਵਿਚ ਬੰਦ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਆਏ ਮੁਲਾਕਾਤੀਆਂ ਨੂੰ ਘੰਟਿਆਂ ਬੱਧੀ ਇੰਤਜ਼ਾਰ ਕਰਨਾ ਪੈਂਦਾ ਹੈ। ਪੰਜਾਬ ਦੀਆਂ ਕਈ ਜੇਲ੍ਹਾਂ ਵਿਚ ਕੰਟੀਨ ਨਹੀਂ ਹੈ, ਇਸ ਲਈ ਮੁਲਾਕਾਤੀਆਂ ਨੂੰ ਭੁੱਖੇ-ਪਿਆਸੇ ਬੈਠਣਾ ਪੈਂਦਾ ਸੀ। ਕਈ ਲੋਕ ਤਾਂ ਘਰੋਂ ਹੀ ਖਾਣਾ ਲੈ ਕੇ ਆਉਂਦੇ ਹਨ।