‘ਆਪ’ ਦੇ ਵਿਧਾਇਕਾਂ ਖਿਲਾਫ ਪਰਚਿਆਂ ਦੀ ਖੁੱਲ੍ਹੀ ਪੋਲ

ਬਹੁਤੇ ਮੁਕੱਦਮੇ ਅਦਾਲਤਾਂ ਵਿਚ ਟਿਕ ਨਾ ਸਕੇ
ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੇ ਸੀਨੀਅਰ ਆਗੂਆਂ ਦਾ ਅਦਾਲਤਾਂ ਵਿਚੋਂ ਬਰੀ ਹੋਣ ਦਾ ਸਿਲਸਿਲਾ ਜਾਰੀ ਹੈ ਤੇ ਪਿਛਲੇ ਤਿੰਨਾਂ ਸਾਲਾਂ ਦੌਰਾਨ ਦਿੱਲੀ ਪੁਲਿਸ ਵੱਲੋਂ ਵੱਖ-ਵੱਖ ‘ਆਪ’ ਆਗੂਆਂ ਖਿਲਾਫ ਦਰਜ ਕੀਤੇ ਗਏ ਮੁਕੱਦਮੇ ਅਦਾਲਤਾਂ ਵਿਚ ਟਿਕ ਨਹੀਂ ਰਹੇ ਜਿਸ ਕਰ ਕੇ ਉਹ ਬਰੀ ਹੋਈ ਜਾ ਰਹੇ ਹਨ। ਓਖਲਾ ਤੋਂ ਵਿਧਾਇਕ ਅਮਾਨਤਉੱਲਾ ਖਾਂ ਨੂੰ ਪਟਿਆਲਾ ਹਾਊਸ ਅਦਾਲਤ ਨੇ 2010 ਦੇ ਇਕ ਮੁਕੱਦਮੇ ਵਿਚੋਂ ਬਰੀ ਕਰ ਦਿੱਤਾ।

ਵਧੀਕ ਮੁੱਖ ਮੈਟਰੋਪੋਲਿਟਨ ਮੈਜਿਸਟਰੇਟ ਨੇ ਵਿਧਾਇਕ ਤੇ ਹੋਰ ਆਗੂ ਸੈਫ਼ੂਦੀਨ ਸਿਦੀਕੀ ਨੂੰ ਬੱਚੇ ਅਗਵਾ ਕਰਨ ਤੇ ਸਰਕਾਰੀ ਕੰਮਾਂ ਵਿਚ ਰੁਕਾਵਟ ਪਾਉਣ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ। ਦਿੱਲੀ ਪੁਲਿਸ ਸਮੇਂ ਸਿਰ ਚਾਰਜਸ਼ੀਟ ਦਾਖਲ ਨਹੀਂ ਸੀ ਕਰ ਸਕੀ।
ਪਿਛਲੇ ਦਿਨਾਂ ਦੌਰਾਨ ਵੀ ‘ਆਪ’ ਦੇ 6 ਆਗੂਆਂ ਜਿਨ੍ਹਾਂ ਵਿਚ ਵਿਧਾਇਕ ਵੀ ਸ਼ਾਮਲ ਸਨ, ਵੱਖ-ਵੱਖ ਮਾਮਲਿਆਂ ਵਿਚੋਂ ਬਰੀ ਹੋ ਗਏ ਹਨ। 3 ਅਪਰੈਲ ਨੂੰ ਦਿੱਲੀ ਦੇ ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ 2015 ਦੇ ਵਿਧਾਨ ਸਭਾ ਚੋਣਾਂ ਦੌਰਾਨ ਚੋਣ ਜ਼ਾਬਤੇ ਦੇ ਦੋਸ਼ਾਂ ਤੋਂ ਮੁਕਤ ਹੋ ਗਏ। ‘ਆਪ’ ਦੇ ਵਿਧਾਇਕ ਮਨੋਜ ਕੁਮਾਰ ਵੀ 2015 ਦੇ ਜਬਰਨ ਵਸੂਲੀ ਦੇ 7 ਮਾਮਲਿਆਂ ਦਿੱਲੀ ਪੁਲਿਸ ਵੱਲੋਂ ਦਾਇਰ ਮੁਕੱਦਮੇ ਵਿਚੋਂ ਬਰੀ ਹੋਏ। 24 ਅਪਰੈਲ ਨੂੰ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੇ ਦੋ ਹੋਰ ਆਗੂ 2013 ਨੂੰ ਜਨਤਕ ਜਾਇਦਾਦ ਗੰਦੀ ਕਰਨ ਦੇ ਮੁਕੱਦਮੇ ਵਿਚੋਂ ਬਰੀ ਹੋਏ।
25 ਅਪਰੈਲ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਹੋਰ 9 ਲੋਕ, 2012 ਨੂੰ ਪ੍ਰਧਾਨ ਮੰਤਰੀ ਨਿਵਾਸ ਨੇੜੇ ਕੋਇਲਾ ਘੁਟਾਲੇ ਦੇ ਵਿਰੋਧ ਵਿਚ ਪ੍ਰਦਰਸ਼ਨ ਦੌਰਾਨ ਮਨਾਹੀ ਦੇ ਹੁਕਮਾਂ ਦੀ ਅਦੂਲੀ ਕਰਨ ਦੇ ਦੋਸ਼ਾਂ ਤੋਂ ਮੁਕਤ ਹੋਏ। 2 ਮਈ ਨੂੰ ‘ਆਪ’ ਦੇ ਸੀਨੀਅਰ ਨੇਤਾ ਆਸ਼ੀਸ਼ ਖੇਤਾਨ 2014 ਦੀਆਂ ਚੋਣਾਂ ਦੌਰਾਨ ਚੋਣ ਜ਼ਾਬਤੇ ਦੇ ਲੱਗੇ ਦੋਸ਼ਾਂ ਤੋਂ ਮੁਕਤ ਹੋ ਗਏ। ਇਸ ਤੋਂ ਪਹਿਲਾਂ ਵਿਧਾਇਕ ਸੁਰਿੰਦਰ ਸਿੰਘ ਕਮਾਂਡੋ ਵੀ ਬਰੀ ਹੋ ਚੁੱਕੇ ਹਨ।
_____________________
ਪੁਲਿਸ ਦੀ ਦੁਰਵਰਤੋਂ ਦੇ ਦੋਸ਼ ਸੱਚ ਸਾਬਤ ਹੋਏ: ਆਪ
‘ਆਪ’ ਦੇ ਵਿਧਾਇਕ ਜਰਨੈਲ ਸਿੰਘ ਨੇ ਕਿਹਾ ਕਿ ਜਿਉਂ-ਜਿਉਂ ਅਦਾਲਤਾਂ ਵਿਚ ਝੂਠੇ ਮੁਕੱਦਮੇ ਟਿਕ ਨਹੀਂ ਸਕੇ ਹਨ ਉਵੇਂ-ਉਵੇਂ ਭਾਜਪਾ ਤੇ ਕੇਂਦਰ ਸਰਕਾਰ ਅਧੀਨ ਕੰਮ ਕਰਦੀ ਦਿੱਲੀ ਪੁਲਿਸ ਦੇ ਮਾਮਲੇ ਅਦਾਲਤਾਂ ਵਿਚ ਟਿਕ ਨਹੀਂ ਸਕੇ ਹਨ। ਉਨ੍ਹਾਂ ਕਿਹਾ ਕਿ ‘ਆਪ’ ਦੇ ਦਿੱਲੀ ਪੁਲਿਸ ‘ਤੇ ਦੁਰਵਰਤੋਂ ਦੇ ਦੋਸ਼ ਸੱਚ ਸਾਬਤ ਹੋ ਰਹੇ ਹਨ। ਉਨ੍ਹਾਂ ਖਿਲਾਫ਼ ਵੀ ਸਰਕਾਰੀ ਕੰਮ ਵਿਚ ਰੁਕਾਵਟ ਪਾਉਣ ਦਾ ਮਾਮਲਾ ਦਰਜ ਕਰਵਾਇਆ ਗਿਆ ਸੀ।