ਸੰਸਾਰੀਕਰਨ ਦੇ ਦੌਰ ਵਿਚ ਧਰਮ ਆਧਾਰਿਤ ਸਿਨੇਮਾ

ਕੁਲਦੀਪ ਕੌਰ
ਫੋਨ: +91-98554-04330
ਆਧੁਨਿਕ ਦੌਰ ਵਿਚ ਮਨੁੱਖੀ ਹੋਂਦ ਦਾ ਕੋਈ ਵੀ ਹਿੱਸਾ ਸੰਸਾਰੀਕਰਨ ਤੋਂ ਅਛੂਤਾ ਨਹੀਂ ਰਿਹਾ। ਸੰਸਾਰੀਕਰਨ ਵਿਚ ਸੰਚਾਰ ਸਾਧਨਾਂ ਜਿਵੇਂ ਅਖਬਾਰਾਂ, ਰੇਡੀਓ, ਟੀ.ਵੀ., ਸਿਨੇਮਾ ਅਤੇ ਇੰਟਰਨੈਟ ਨੇ ਫੈਸਲਾਕੁਨ ਭੂਮਿਕਾ ਅਦਾ ਕੀਤੀ ਹੈ। ਸੂਚਨਾ ਕ੍ਰਾਂਤੀ ਅਤੇ ਜਾਣਕਾਰੀ ਦੇ ਭੰਡਾਰਾਂ ਨੇ ਦੁਨੀਆਂ ਦੇ ਵੱਖ-ਵੱਖ ਖਿੱਤਿਆਂ, ਸਭਿਆਚਾਰਾਂ ਅਤੇ ਵਿਲੱਖਣਤਾਵਾਂ ਸਬੰਧੀ ਆਪਸੀ ਸਮਝ ਬਣਾਉਣ ਵਿਚ ਵੀ ਮਹਤੱਵਪੂਰਨ ਰੋਲ ਅਦਾ ਕੀਤਾ ਹੈ।

ਇਸ ਦੇ ਨਾਲ ਹੀ ਸੰਸਾਰੀਕਰਨ ਨੇ ਮਨੁੱਖੀ ਸਮਾਜ ਦੇ ਮਹਤੱਵਪੂਰਨ ਪਹਿਲੂਆਂ ਜਿਵੇਂ ਫਲਸਫਾ, ਮਨੋਵਿਗਿਆਨ, ਧਰਮ ਤੇ ਤਰਕ ਸ਼ਾਸਤਰ ਦੀ ਪੇਸ਼ਕਾਰੀ ਅਤੇ ਵਿਆਖਿਆ ਨੂੰ ਵੀ ਨਵੇਂ ਅਰਥ ਦਿੱਤੇ ਹਨ। ਸਿਨੇਮਾ ਜਨ-ਸੰਚਾਰ ਦਾ ਜ਼ੋਰਦਾਰ ਮਾਧਿਅਮ ਹੋਣ ਦੇ ਨਾਲ ਨਾਲ ਸਮਾਜਿਕ-ਧਾਰਮਿਕ ਵਰਤਾਰਿਆਂ ਅਤੇ ਪਰੰਪਰਾਵਾਂ ਦੇ ਪ੍ਰਚਾਰ ਤੇ ਪ੍ਰਸਾਰ ਦਾ ਜ਼ਰੀਆ ਵੀ ਬਣਦਾ ਰਿਹਾ ਹੈ। ਸੰਸਾਰ ਪੱਧਰ ‘ਤੇ ਸਿਨੇਮਾ ਦੀ ਸ਼ੁਰੂਆਤ ਤੋਂ ਹੀ, ਧਰਮ ਬਹੁਤ ਸਾਰੀਆਂ ਫਿਲਮਾਂ ਦਾ ਆਧਾਰ ਬਣਦਾ ਰਿਹਾ ਹੈ।
ਭਾਰਤੀ ਸਿਨੇਮਾ ਦੀ ਪਹਿਲੀ ਫਿਲਮ ‘ਰਾਜਾ ਹਰੀਸ਼ ਚੰਦਰ’ (1913) ਤੋਂ ਲੈ ਕੇ ਅੱਜ ਤੱਕ ਧਰਮ ਅਤੇ ਮਿਥਿਹਾਸ ਸਿਨੇਮਾ ਵਿਚ ਬਹੁਤ ਸਾਰੀਆਂ ਫਿਲਮੀ ਪਟਕਥਾਵਾਂ ਦਾ ਆਧਾਰ ਬਣਦਾ ਰਿਹਾ ਹੈ। ਸੰਸਾਰ ਸਿਨੇਮਾ ਦੀ ਤਰਜ਼ ‘ਤੇ ਹਿੰਦੀ ਸਿਨੇਮਾ ਵਿਚ ਵੀ ਧਰਮ ਨੂੰ ਕਈ ਫਿਲਮਾਂ ਦੇ ਕੇਂਦਰੀ ਧੁਰੇ ਦੇ ਤੌਰ ‘ਤੇ ਪੇਸ਼ ਕੀਤਾ ਗਿਆ ਹੈ। ਸੰਸਾਰੀਕਰਨ ਦੇ ਦੌਰ ਨੇ ਧਰਮ ਦੇ ਸੰਸਥਾਈ ਰੂਪ ‘ਤੇ ਬਹੁਤ ਸਾਰੇ ਸਵਾਲ ਖੜ੍ਹੇ ਕੀਤੇ ਹਨ। ਵੱਖ-ਵੱਖ ਅਧਿਐਨ ਇਹ ਸਾਬਿਤ ਕਰਦੇ ਹਨ ਕਿ ਧਰਮ ਦਾ ਮੌਜੂਦਾ ਸਰੂਪ ਵਪਾਰਕ ਅਤੇ ਸ਼ੋਸ਼ਣ ਕਰਨ ਵਾਲਾ ਹੈ। ਇਸ ਵਿਚਾਰ ਚਰਚਾ ਲਈ ਹਿੰਦੀ ਫਿਲ਼ਮਾਂ ‘ਓਹ ਮਾਈ ਗੌਡ’ ਅਤੇ ‘ਪੀ.ਕੇ.’ ਦੀ ਚੋਣ ਕੀਤੀ ਗਈ ਹੈ ਜਿਸ ਦਾ ਆਧਾਰ ਇਨ੍ਹਾਂ ਫਿਲ਼ਮਾਂ ਦੀ ਰਿਲ਼ੀਜ਼ ਸਮੇਂ ਹੋਏ ਵਿਵਾਦਾਂ ਅਤੇ ‘ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ’ ਦੇ ਇਲਜ਼ਾਮਾਂ ਦੀਆਂ ਖਬਰਾਂ ਨੂੰ ਬਣਾਇਆ ਗਿਆ ਹੈ। ਇਹ ਪਰਚਾ 2012 ਵਿਚ ਰਿਲੀਜ਼ ਹੋਈ ਫਿਲਮ ‘ਓਹ ਮਾਈ ਗੌਡ’ ਅਤੇ 2014 ਵਿਚ ਰਿਲੀਜ਼ ਹੋਈ ਫਿਲਮ ‘ਪੀ.ਕੇ.’ ਵਿਚ ਧਰਮ ਦੀ ਪੇਸ਼ਕਾਰੀ ਦੇ ਤਰੀਕਿਆਂ ਦੀ ਪੜਚੋਲ਼ ‘ਤੇ ਆਧਾਰਿਤ ਹੈ ਜਿਸ ਰਾਹੀਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਫਿਲਮਸਾਜ਼ਾਂ ਨੇ ਇਨ੍ਹਾਂ ਫਿਲਮਾਂ ਵਿਚ ਧਰਮ ਦੀ ਧਾਰਨਾ ਅਤੇ ਧਰਮ ਨੂੰ ਵਿਚਾਰਧਾਰਕ ਤੌਰ ‘ਤੇ ਕਿਵੇਂ ਪੇਸ਼ ਕੀਤਾ। ਇਸ ਪੇਸ਼ਕਾਰੀ ਨਾਲ ਖੜ੍ਹੇ ਹੋਏ ਵਿਵਾਦਾਂ ਦਾ ਆਧਾਰ ਕੀ ਸੀ? ਇਸ ਧਾਰਨਾ ਦੀ ਪੇਸ਼ਕਾਰੀ ਨੂੰ ਸਮਝਣ ਲਈ ਨਿਰਧਾਰਤ ਫਿਲਮਾਂ ‘ਓਹ ਮਾਈ ਗੌਡ’ ਅਤੇ ‘ਪੀ.ਕੇ.’ ਦੇ ਵਿਸ਼ਾ-ਵਸਤੂ, ਕਹਾਣੀ, ਸੁਨੇਹੇ, ਕਿਰਦਾਰਾਂ ਅਤੇ ਪਟਕਥਾ ਨੂੰ ਘੋਖਿਆ ਗਿਆ ਹੈ।
ਦਸੰਬਰ 1895 ਨੂੰ ਜਦੋਂ ਲਿਊਮੀਅਰ ਭਰਾਵਾਂ ਨੇ ਆਪਣੀ ਪਹਿਲੀ ਫਿਲਮ ਦਾ ਪਹਿਲਾ ਸ਼ੋਅ ਦਿਖਾਇਆ ਤਾਂ ਦਰਸ਼ਕ ਜੀਸਸ ਕ੍ਰਾਈਸਟ ਨੂੰ ਪਰਦੇ ‘ਤੇ ਚਲਦੇ-ਫਿਰਦੇ ਦੇਖ ਕੇ ਹੈਰਾਨ ਹੋ ਗਏ। ਉਸ ਸ਼ੋਅ ਤੋਂ ਬਾਅਦ ਸੰਸਾਰ ਸਿਨੇਮਾ ਵਿਚ ਧਰਮ ਨੂੰ ਆਧਾਰ ਬਣਾ ਕੇ ਹਜ਼ਾਰਾਂ ਫਿਲਮਾਂ ਬਣੀਆ ਹਨ। ਸਿਨੇਮਾ ਚਿੰਤਕ ਆਂਦਰੇ ਬਜ਼ੇਨ ਦੇ ਕਥਨ ਅਨੁਸਾਰ, “ਸਿਨੇਮਾ ਦੀ ਤਾਂ ਹਮੇਸ਼ਾ ਹੀ ਧਰਮ ਵਿਚ ਦਿਲਚਸਪੀ ਰਹੀ ਹੈ”। ਜੀਸਸ ਤੋਂ ਬਿਨਾਂ ਦੁਨੀਆਂ ਦੇ ਵੱਖ-ਵੱਖ ਖਿੱਤਿਆਂ ਦੇ ਫਿਲਮਸਾਜ਼ਾਂ ਨੇ ਧਰਮ ਅਤੇ ਧਾਰਮਿਕ ਸ਼ਖਸੀਅਤਾਂ ਦੀ ਜ਼ਿੰਦਗੀ ਤੇ ਸਿੱਖਿਆਵਾਂ ਨੂੰ ਫਿਲਮਾਂ ਦੀ ਪਟਕਥਾ ਲਿਖਣ ਲਈ ਵਰਤਿਆ ਹੈ।
ਸਿਨੇਮਾ ਅਤੇ ਧਰਮ ਦੇ ਆਪਸੀ ਰਿਸ਼ਤੇ ਨੂੰ ਸਮਝਣ ਲਈ ਤਿੰਨ ਧਾਰਨਾਵਾਂ ਮਹਤੱਵਪੂਰਨ ਮੰਨੀਆਂ ਜਾਂਦੀਆਂ ਹਨ। ਪਹਿਲੀ ਧਾਰਨਾ ਹੈ: ‘ਫਿਲਮ ਵਿਚ ਧਰਮ’ ਜਿਸ ਅਨੁਸਾਰ ਕਿਸੇ ਫਿਲਮ ਵਿਚ ਧਰਮ ਨਾਲ ਜੁੜੇ ਮੁੱਦਿਆਂ, ਵਿਸ਼ਵਾਸਾਂ, ਰਵਾਇਤਾਂ, ਕਰਮ-ਕਾਡਾਂ ਨੂੰ ਫਿਲਮ ਦੇ ਵਿਸ਼ਾ-ਵਸਤੂ ਵਿਚ ਕਿਵੇਂ ਫਿਲਮਾਇਆ ਜਾਂਦਾ ਹੈ, ਉਸ ਦਾ ਅਧਿਐਨ ਕਰਨਾ। ਦੂਜੀ ਧਾਰਨਾ ਹੈ: ‘ਫਿਲਮ ਧਰਮ ਦੇ ਤੌਰ ‘ਤੇ’ ਜਿਸ ਅਨੁਸਾਰ ਫਿਲਮ ਅਤੇ ਧਰਮ ਵਿਚਕਾਰ ਪਾਈਆਂ ਜਾਂਦੀਆਂ ਸਮਾਨਤਾਵਾਂ ਅਤੇ ਅਸਮਾਨਤਾਵਾਂ ਦੀ ਘੋਖ ਕੀਤੀ ਜਾਂਦੀ ਹੈ। ਤੀਸਰੀ ਧਾਰਨਾ ਵਿਚ ‘ਫਿਲਮ ਅਤੇ ਦਰਸ਼ਕ’ ਦੇ ਆਪਸੀ ਰਿਸ਼ਤੇ ਦੀ ਪੜਚੋਲ ਕੀਤੀ ਜਾਂਦੀ ਹੈ।
ਭਾਰਤ ਵਿਚ ਸਿਨੇਮਾ ਬਸਤੀਵਾਦੀ ਦੌਰ ਵਿਚ ਸ਼ੁਰੂ ਹੋਇਆ ਪਰ ਇਸ ਵਿਚ ਸ਼ਾਮਿਲ ਫਿਲਮਾਂ ਦਾ ਵਿਸ਼ਾ-ਵਸਤੂ ਅਤੇ ਪਟਕਥਾ ਭਾਰਤੀ ਇਤਿਹਾਸ ਅਤੇ ਮਿਥਿਹਾਸ ਦੇ ਘੇਰਿਆਂ ਦੇ ਅੰਦਰ ਹੀ ਵਿਚਰਦੀ ਰਹੀ। ਭਾਰਤ ਵਿਚ ਸਿਨੇਮਾ ਨੇ ਮੂਲ ਰੂਪ ਵਿਚ ਭਾਰਤੀ ਜਨਤਾ ਦੇ ਦਿਲੋ-ਦਿਮਾਗਾਂ ਅੰਦਰ ‘ਭਾਰਤੀ ਰਾਸ਼ਟਰ’ ਅਤੇ ‘ਭਾਰਤੀ ਧਰਮ’ ਦੀਆਂ ਧਾਰਨਾਵਾਂ ਬਣਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ। ਭਾਰਤੀ ਸਿਨੇਮਾ ਵਿਚ ਸਮੇਂ-ਸਮੇਂ ਅਜਿਹੀਆਂ ਅਨੇਕਾਂ ਫਿਲ਼ਮਾਂ ਬਣੀਆਂ ਹਨ ਜਿਨ੍ਹਾਂ ਵਿਚ ਧਾਰਮਿਕ ਰੀਤੀ-ਰਿਵਾਜਾਂ, ਧਾਰਮਿਕ ਭਾਈਚਾਰਾ, ਧਾਰਮਿਕ ਭਾਵਨਾਵਾਂ ਅਤੇ ਧਰਮ ਦੀ ਮਨੁੱਖੀ ਜੀਵਨ ਵਿਚ ਸਾਰਥਿਕਤਾ ਨੂੰ ਸੰਗੀਤ ਅਤੇ ਢੁਕਵੀਂ ਦ੍ਰਿਸ਼ਾਵਲੀ ਨਾਲ ਫਿਲਮਾਇਆ ਗਿਆ ਹੈ।
2013 ਵਿਚ ਰਿਲੀਜ਼ ਹੋਈ ਫਿਲਮ ‘ਓਹ ਮਾਈ ਗੌਡ’ ਧਰਮ ਦੀ ਸੰਸਥਾ ‘ਤੇ ਤਿੱਖਾ ਵਿਅੰਗ ਕਰਦੀ ਹੈ। ਫਿਲਮ ਦੀ ਕਹਾਣੀ ਗੁਜਰਾਤੀ ਭਾਸ਼ਾ ਦੇ ਨਾਟਕ ‘ਕਾਂਜੀ ਵਿਰੁਧ ਕਾਂਜੀ’ ਉਤੇ ਆਧਾਰਿਤ ਹੈ। ਫਿਲਮ ਪੁਰਾਣੀਆਂ ਕਲਾਤਮਿਕ ਵਸਤਾਂ ਜਿਨ੍ਹਾਂ ਵਿਚ ਰੱਬ ਦੀਆਂ ਮੂਰਤੀਆਂ ਵੀ ਸ਼ਾਮਿਲ ਹਨ, ਦੇ ਥੋਕ ਦੇ ਵਪਾਰੀ ਕਾਂਝੀ ਲਾਲ ਮਹਿਤਾ ਦੀ ਧਰਮ ਦੇ ਵਪਾਰੀਕਰਨ ਅਤੇ ਗਲਤ ਵਿਆਖਿਆ ਨਾਲ ਟਕਰਾਉ ‘ਤੇ ਆਧਾਰਿਤ ਹੈ। ਭੂਚਾਲ ਕਾਰਨ ਢਹਿ ਗਈ ਆਪਣੀ ਦੁਕਾਨ ਦੀ ਤਬਾਹੀ ਲਈ ਰੱਬ ਨੂੰ ਜ਼ਿੰਮੇਵਾਰ ਠਹਿਰਾ ਕੇ ਕਾਂਜੀ ਅਦਾਲਤ ਵਿਚ ਰੱਬ ‘ਤੇ ਮੁਕੱਦਮਾ ਕਰ ਦਿੰਦਾ ਹੈ। ਉਸ ਦੀ ਦਲੀਲ ਬਿਲਕੁਲ ਸਪਸ਼ਟ ਹੈ ਕਿ ਉਸ ਦੀ ਦੁਕਾਨ ਦਾ ਮੁਆਵਜ਼ਾ ਥਾਂ-ਥਾਂ ਖੁੱਲ੍ਹੇ ‘ਰੱਬ ਦੇ ਘਰਾਂ’ ਨੂੰ ਅਦਾ ਕਰਨਾ ਚਾਹੀਦਾ ਹੈ, ਕਿਉਂਕਿ ਉਹ ਹੀ ਆਮ ਜਨਤਾ ਅਤੇ ਰੱਬ ਦੇ ਵਿਚਕਾਰ ਮਾਧਿਅਮ ਦਾ ਕੰਮ ਕਰਦੇ ਹਨ। ਇਸ ਮਾਧਿਅਮ ਦੀ ਆੜ ਵਿਚ ਐਸ਼ਪ੍ਰਸਤੀ ਵਾਲੀ ਜ਼ਿੰਦਗੀ ਜੀਅ ਰਹੇ ਅਤੇ ਰੱਬੀ ਗਿਆਨ ਤੋਂ ਕੋਰੇ ਪੰਡਿਤਾਂ ਤੇ ਉਨ੍ਹਾਂ ਦੇ ਚੇਲਿਆਂ ਨੂੰ ਹੱਥਾਂ-ਪੈਰਾਂ ਦੀ ਪੈ ਜਾਂਦੀ ਹੈ। ਉਹ ਆਪਣੇ ਸਿਆਸੀ ਪ੍ਰਭੂਆਂ ਦੇ ਸਹਾਰੇ ਕਾਂਜੀ ਦੀ ਜ਼ਿੰਦਗੀ ਨਰਕ ਬਣਾ ਦਿੰਦੇ ਹਨ। ਅੱਧ ਤੋਂ ਬਾਅਦ ਫਿਲਮ ਕਮਜ਼ੋਰ ਪੈ ਕੇ ਰੱਬ ਦੀ ਮੌਜੂਦਗੀ ਦੀ ਤਸਦੀਕ ਕਰ ਦਿੰਦੀ ਹੈ। ਇਸ ਦੇ ਬਾਵਜੂਦ ਫਿਲਮ ਦੀ ਸਫਲਤਾ ਧਰਮ ਨੂੰ ‘ਵਿਸ਼ਵਾਸ ਦੇ ਤੌਰ ‘ਤੇ’ ਅਤੇ ਧਰਮ ਨੂੰ ‘ਉਪਰੀ ਬਾਣੇ ਦੇ ਤੌਰ ‘ਤੇ’ ਦਰਸ਼ਕਾਂ ਨਾਲ ਸੰਵਾਦ ਰਚਾਉਣ ਵਿਚ ਪਈ ਹੈ। ਫਿਲਮ ਦਾ ਕੇਂਦਰੀ ਧੁਰਾ ਧਰਮ ਨੂੰ ਵਿਅਕਤੀ ਦੇ ਨਿੱਜੀ ਮਸਲੇ ਦੇ ਤੌਰ ‘ਤੇ ਸਥਾਪਿਤ ਕਰਨਾ ਹੈ।
ਫਿਲਮ ਧਰਮ ਦੇ ਨਾਂ ‘ਤੇ ਧਰਮ ਗੁਰੂਆਂ ਦੀ ਲਾਲਸਾ ਅਤੇ ਪਾਖੰਡ ਨੂੰ ਨੰਗਿਆ ਕਰਦੀ ਹੈ। ਫਿਲਮ ਵਿਚ ਹਰ ਧਰਮ ਦੀਆਂ ਖੋਖਲੀਆਂ ਰਸਮਾਂ ਤੇ ਸਵਾਲ ਚੁੱਕਿਆ ਗਿਆ ਹੈ ਜਿਵੇਂ:
ਧਰਮ ਅਸਥਾਨਾਂ ਦੀ ਆਮਦਨ ਦਾ ਕੋਈ ਵੇਰਵਾ ਜਨਤਕ ਕਿਉਂ ਨਹੀਂ ਕੀਤਾ ਜਾਂਦਾ ਜਦਕਿ ਹਰ ਸੰਸਥਾ ਵਾਂਗ ਧਾਰਮਿਕ ਸੰਸਥਾ ਵੀ ਆਰਥਿਕ ਸਿਧਾਂਤਾਂ ‘ਤੇ ਹੀ ਕੰਮ ਕਰਦੀ ਹੈ।
ਜੇ ਧਰਮ ਅਸਥਾਨ ਰੱਬ ਦੇ ਘਰ ਹਨ ਤਾਂ ਉੱਥੇ ਕੁਝ ਲੋਕਾਂ ਲਈ ਉਚੇਚ ਕਿਉਂ ਕੀਤੀ ਜਾਂਦੀ ਹੈ, ਜਦਕਿ ਆਰਥਿਕ ਤੌਰ ‘ਤੇ ਕਮਜ਼ੋਰ ਵਰਗਾਂ ਨਾਲ ਭੇਦਭਾਵ ਕੀਤਾ ਜਾਂਦਾ ਹੈ।
ਧਾਰਮਿਕ ਸੰਸਥਾਵਾਂ ਸਮਾਜਿਕ ਵੰਡੀਆਂ ਪ੍ਰਤੀ ਸੰਵੇਦਨਸ਼ੀਲ ਨਾ ਹੋ ਕੇ ਖੁਦ ਵੀ ਸ਼ੋਸ਼ਣ-ਕਰਤਾ ਦਾ ਰੂਪ ਧਾਰ ਲੈਂਦੀਆਂ ਹਨ।
ਕੀ ਧਾਰਮਿਕ ਸੰਸਥਾ ਤੋਂ ਨਿਰਾਸ਼ ਤੇ ਬੇਮੁਖ ਲੋਕਾਂ ਲਈ ਕੋਈ ਸਮਾਜਿਕ ਢਾਹਰ ਨਹੀਂ?
ਕੀ ਧਰਮ ਵੀ ਸੱਤਾ ਹੀ ਹੈ ਜੋ ਸਿਆਸੀ ਸੱਤਾ ਨੂੰ ਸਮਾਜਿਕ ਤੌਰ ‘ਤੇ ਨੈਤਿਕ ਮਨਜ਼ੂਰੀ ਦਿਵਾਉਣ ਲਈ ‘ਵਿਸ਼ਵਾਸ’ ਦੇ ਸੰਦ ਦੀ ਸਹਾਇਤਾ ਲੈਂਦੀ ਹੈ।
ਫਿਲਮ ਵਿਚ ਫਿਲਮਸਾਜ਼ ਉਪਰੋਕਤ ਵਰਤਾਰਿਆਂ ਅਤੇ ਰਵਾਇਤਾਂ ਸਬੰਧੀ ਧਾਰਮਿਕ ਚਿੰਨ੍ਹਾਂ ਅਤੇ ਸੰਕੇਤਾਂ ਦੀ ਵਰਤੋਂ ਕਰਦਾ ਹੈ। ਉਹ ਕੈਮਰੇ ਦੀ ਅੱਖ ਰਾਹੀਂ ਅਤੇ ਧਾਰਮਿਕ ਆਗੂਆਂ ਦੇ ਵਿਹਾਰ ਰਾਹੀਂ ਉਪਰੋਕਤ ਸਵਾਲਾਂ ਦੇ ਜਵਾਬ ਤਲਾਸ਼ਦਾ ਹੈ। ਉਦਾਹਰਣ ਦੇ ਤੌਰ ‘ਤੇ ਨਿਮਨਲ਼ਿਖਤ ਸੰਵਾਦ ਦੇਖੇ ਜਾ ਸਕਦੇ ਹਨ:
ਜਹਾਂ ਧਰਮ ਹੈ, ਵਹਾਂ ਸੱਤਿਆ ਕੀ ਜਗਹ ਨਹੀਂ ਹੈ; ਔਰ ਜਹਾਂ ਸੱਤਿਆ ਹੈ, ਵਹਾਂ ਧਰਮ ਕੀ ਜ਼ਰੂਰਤ ਹੀ ਨਹੀਂ।
ਹਨੂੰਮਾਨ ਇਤਨੀ ਚਿੱਲਰ ਕਾ ਕਿਆ ਕਰੇਗੇਂ?
ਯੇ ਲੋਗ ਮੁਝੇ ਭਗਵਦ ਗੀਤ ਸਿਖਾਏਗੇਂ? ਇਨ ਲੋਗੋਂ ਕੀ ਆਈ ਕਿਊ ਰੂਮ ਟੈਂਪਰੇਚਰ ਸੇ ਭੀ ਕਮ ਹੈ।
ਇਸ ਫਿਲਮ ਦਾ ਅੰਤ ਕਾਲਪਨਿਕ ਅਤੇ ਉਪਦੇਸ਼ ਵਾਲਾ ਹੋਣ ਦੇ ਬਾਵਜੂਦ ਫਿਲਮ ਦਰਸ਼ਕਾਂ ਨੂੰ ਇਹ ਸੁਨੇਹਾ ਦੇਣ ਵਿਚ ਕਾਮਯਾਬ ਰਹਿੰਦੀ ਹੈ ਕਿ ਸੰਸਾਰੀਕਰਨ ਦੇ ਮੌਜੂਦਾ ਦੌਰ ਵਿਚ ਧਰਮ ਦੀਆਂ ਵੇਲਾ ਵਿਹਾ ਚੁੱਕੀਆਂ ਰਸਮਾਂ ਅਤੇ ਧਾਰਨਾਵਾਂ ਨਾਲ ਸੰਵਾਦ ਰਚਾਉਣਾ ਜ਼ਰੂਰੀ ਹੈ। ਫਿਲਮ ਧਰਮ ਨੂੰ ਤਰਕ ਅਤੇ ਦਲੀਲ ਨਾਲ ਜੋੜਨ ਦੇ ਕੇਂਦਰੀ ਨੁਕਤੇ ਦੇ ਦੁਆਲੇ ਘੁੰਮਦੀ ਹੈ।
ਦੂਜੀ ਫਿਲਮ ‘ਪੀ.ਕੇ.’ ਸੰਨ 2014 ਵਿਚ ਰਿਲੀਜ਼ ਹੋਈ। ਇਸ ਫਿਲਮ ਨਾਲ ਜੁੜੇ ਹੋਏ ਵਿਵਾਦ ਜ਼ਿਆਦਾ ਤਿੱਖੇ ਸਨ। ਇਸ ਫਿਲਮ ਲਈ ਫਿਲਮਸਾਜ਼ ਨੇ ਬਿਲਕੁਲ ਵੱਖਰੀ ਤਰਾਂ੍ਹ ਦੀ ਪਟਕਥਾ ਦੀ ਚੋਣ ਕੀਤੀ। ਫਿਲਮ ਦੀ ਪਟਕਥਾ ਆਮ ਲੋਕਾਂ ਦੀ ਜੀਵਨ-ਜਾਚ ਵਿਚ ਗੁੰਨ੍ਹੀ ਤੇ ਪਰੋਈ ਧਾਰਮਿਕ ਚੇਤਨਾ ਨੂੰ ਆਲੋਚਨਾਤਮਕ ਢੰਗ ਨਾਲ ਸੰਬੋਧਿਤ ਹੁੰਦੀ ਹੈ। ਫਿਲਮਸਾਜ਼ ਇਸ ਫਿਲਮ ਲਈ ਇਕ ਅਨੋਖੇ ਕਿਰਦਾਰ ਦੀ ਰਚਨਾ ਕਰਦਾ ਹੈ ਜਿਸ ਦਾ ਨਾਮ ਪੀ.ਕੇ. ਹੈ ਅਤੇ ਜੋ ਗਲਤੀ ਨਾਲ ਆਪਣੇ ਗ੍ਰਹਿ ਤੋਂ ਵਿਛੜ ਕੇ ਧਰਤੀ ‘ਤੇ ਆ ਗਿਆ ਹੈ। ਫਿਲਮਸਾਜ਼ ਉਸ ਨੂੰ ਕੋਰੀ ਸਲੇਟ ਵਾਂਗ ਪੇਸ਼ ਕਰਦਾ ਹੈ ਜਿਹੜਾ ਧਰਮ ਦੇ ਵਪਾਰੀਕਰਨ ਅਤੇ ਤਰਕਹੀਣਤਾ ‘ਤੇ ਸਵਾਲ ਖੜ੍ਹੇ ਕਰਦਾ ਹੈ।
ਇਸ ਫਿਲਮ ਨੂੰ ਰਾਜੂ ਹਿਰਾਨੀ ਦੀ ਸੁਪਰਹਿਟ ਫਿਲਮ ‘ਥ੍ਰੀ ਈਡੀਅਟਜ਼’ਨਾਲ ਜੋੜ ਕੇ ਵੀ ਵਿਚਾਰਿਆ ਜਾ ਸਕਦਾ ਹੈ। ‘ਥ੍ਰੀ ਈਡੀਅਟਜ਼’ ਦੇ ਇਕ ਦ੍ਰਿਸ਼ ਵਿਚ ਇੰਜਨੀਅਰਿੰਗ (ਆਧੁਨਿਕ ਗਿਆਨ) ਦਾ ਪੇਪਰ ਦੇਣ ਜਾ ਰਹੇ ਵਿਦਿਆਰਥੀਆਂ ਨੂੰ ‘ਪਾਸ’ ਹੋਣ ਲਈ ਰੱਬ ਨਾਲ ਡੀਲ ਕਰਦਿਆਂ ਦਿਖਾਇਆ ਗਿਆ ਹੈ। ਕੋਈ ਉਸ ਦੀ ਮੂਰਤੀ ਅੱਗੇ ਨਾਰੀਅਲ ਤੋੜਦਾ ਹੈ ਤੇ ਕੋਈ ਆਰਤੀ ਕਰਦਾ ਹੈ। ਇਉਂ ਫਿਲ਼ਮਸਾਜ਼ ਇਹ ਦਿਖਾਉਣ ਵਿਚ ਕਾਮਯਾਬ ਰਿਹਾ ਹੈ ਕਿ ਸੰਸਾਰੀਕਰਨ ਦੇ ਇਸ ਦੌਰ ਵਿਚ ਵੀ ਵਿਗਿਆਨਕ ਚੇਤਨਾ ਧਰਮ ਅੱਗੇ ਹਾਰ ਜਾਂਦੀ ਹੈ। ਇਸੇ ਦਲੀਲ ਨੂੰ ਉਹ ‘ਪੀ.ਕੇ.’ ਵਿਚ ਉਹ ਹੋਰ ਵਿਸਥਾਰ ਨਾਲ ਫਿਲਮਾਉਂਦਾ ਹੈ। ਦਿਲਚਸਪ ਤੱਥ ਇਹ ਹੈ ਕਿ ਜਿਥੇ ‘ਥ੍ਰੀ ਈਡੀਅਟਜ਼’ ਦੇ ਇਸ ਪੱਖ ‘ਤੇ ਕਿਸੇ ਨੇ ਕੋਈ ਧਿਆਨ ਨਹੀਂ ਦਿੱਤਾ, ‘ਪੀ.ਕੇ.’ ਦਾ ਪੋਸਟਰ ਰਿਲੀਜ਼ ਹੁੰਦਿਆਂ ਹੀ ਖਬਰਾਂ ਵਿਚ ਛਾ ਗਈ। ਫਿਲ਼ਮ ਵਿਚ ਧਰਮ ਦੇ ਨਾਮ ‘ਤੇ ਹੁੰਦੇ ਅੰਧਵਿਸ਼ਵਾਸਾਂ, ਕੁਰੀਤੀਆਂ ਅਤੇ ਸ਼ੋਸ਼ਣ ਦੇ ਆਮ ਵਿਅਕਤੀ ਨਾਲ ਹੁੰਦੇ ਪਾਖੰਡਾਂ ਅਤੇ ਧੋਖੇ ਦਾ ਸੰਵੇਦਨਸ਼ੀਲ ਚਿਤਰਨ ਕੀਤਾ ਗਿਆ ਹੈ।
ਫਿਲਮ ਆਪਣਾ ਸੁਨੇਹਾ ਦੇਣ ਲਈ ਦੂਜੇ ਗ੍ਰਹਿ ਤੋਂ ਆਏ ਅਜਿਹੇ ਇਕ ਅਜਿਹੇ ਕਿਰਦਾਰ ਦੀ ਵਰਤੋਂ ਕਰਦੀ ਹੈ ਜਿਸ ਦਾ ਕਦੇ ਧਰਮ ਅਤੇ ਇਸ ਦੀ ਵਿਸੰਗਤੀਆਂ ਨਾਲ ਵਾਹ ਨਹੀਂ ਪਿਆ, ਉਪਰੋਂ ਉਹ ਹਰ ਧਾਰਮਿਕ ਵਰਤਾਰੇ ਨੂੰ ਵਿਗਿਆਨਕ ਨਜ਼ਰੀਏ ਨਾਲ ਦੇਖਦਾ ਹੈ। ਆਪਣੇ ਵਾਪਸ ਜਾਣ ਵਾਲੇ ਰਿਮੋਟ ਨੂੰ ਪ੍ਰਾਪਤ ਕਰਨ ਦੀ ਜੱਦੋ-ਜਹਿਦ ਵਿਚ ਉਸ ਦਾ ਵਾਹ ਜਦੋਂ ਧਰਮ ਦੇ ਮੱਠਾਂ ਨਾਲ ਪੈਂਦਾ ਹੈ ਤਾਂ ਉਸ ਨੂੰ ਸਮਝ ਆਉਂਦੀ ਹੈ ਕਿ ਧਰਮ ਜੀਵਨ-ਜਾਚ ਸਿਖਾਉਣ ਦੀ ਬਿਜਾਏ ਵਪਾਰਕ ਸੰਗਠਨ ਬਣ ਚੁੱਕਾ ਹੈ। ਇਸ ਤਰ੍ਹਾਂ ਇਹ ਫਿਲਮ ਸੰਸਾਰੀਕਰਨ ਦੇ ਦੌਰ ਵਿਚ ਧਰਮ ਦੀ ਸਮਾਜਿਕ ਸਾਰਥਿਕਤਾ ਅਤੇ ਇਸ ਦੀਆਂ ਬਦਲ ਚੁੱਕੀਆਂ ਕਦਰਾਂ-ਕੀਮਤਾਂ ‘ਤੇ ਵਿਅੰਗ ਕਰਦੀ ਹੈ।
ਇਨ੍ਹਾਂ ਦੋਵਾਂ ਫਿਲਮਾਂ ਦਾ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਕੁਝ ਮੁਸਲਿਮ ਸੰਗਠਨਾਂ ਵੱਲੋਂ ਤਿੱਖਾ ਵਿਰੋਧ ਕੀਤਾ ਗਿਆ। ‘ਹਿੰਦੂ ਰਾਸ਼ਟਰ’ ਦੀ ਧਾਰਨਾ ਦੇ ਆਧਾਰ ‘ਤੇ ਸੱਤਾ ਵਿਚ ਆਈ ਭਾਰਤੀ ਜਨਤਾ ਪਾਰਟੀ ਅਤੇ ਇਸ ਦੇ ਸਹਿਯੋਗੀ ਸੰਗਠਨਾਂ ਵੱਲੋਂ ਇਸ ਨੂੰ ‘ਲਵ ਜਹਾਦ’ ਨਾਲ ਜੋੜ ਕੇ ਭਾਰਤ-ਪਾਕਿਸਤਾਨ ਵਿਚਲੀ ਕੁੜੱਤਣ ਨੂੰ ਹਵਾ ਦੇਣ ਦੀ ਕੋਸ਼ਿਸ਼ ਕੀਤੀ ਗਈ। ਭਾਰਤ ਦੇ ਯੋਗ ਗੁਰੂ ਰਾਮਦੇਵ ਨੇ ਭਾਰਤੀ ਜਨਤਾ ਨੂੰ ਫਿਲਮ ਦਾ ਬਾਈਕਾਟ ਕਰਨ ਦਾ ਸੱਦਾ ਦਿੱਤਾ। ਦੂਜੇ ਪਾਸੇ ਭਾਰਤ ਦੀ ਸੁਪਰੀਮ ਕੋਰਟ ਨੇ ਫਿਲਮ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਭਾਰਤੀ ਨੌਜਵਾਨ ਇੰਨਾ ਬੇਵਕੂਫ ਨਹੀਂ ਕਿ ਉਹ ਇਕ ਫਿਲਮ ਨੂੰ ਆਪਣੇ ਧਰਮ ਲਈ ਖਤਰਾ ਮੰਨ ਲਵੇ।
ਇਨ੍ਹਾਂ ਦੋਵਾਂ ਫਿਲਮ ਦਾ ਤਿੱਖਾ ਵਿਰੋਧ ਇਹ ਦਰਸਾਉਂਦਾ ਹੈ ਕਿ ਜਿਥੇ ਸੰਸਾਰੀਕਰਨ ਨੇ ਮਨੁੱਖੀ ਸੋਚ ਅਤੇ ਸਮਝ ਦੇ ਸਾਰੇ ਪਹਿਲੂਆਂ ਨੂੰ ਨਵੇਂ ਸਿਰਿਉਂ ਘੜਨ ਦੀ ਕੋਸ਼ਿਸ਼ ਕੀਤੀ ਹੈ, ਉਥੇ ਧਰਮ ਨਾਲ ਜੁੜੇ ਵਰਤਾਰਿਆਂ ਦੀ ਜੜ੍ਹਤਾ ਨੂੰ ਇਹ ਕਿਸੇ ਵੀ ਪੱਧਰ ‘ਤੇ ਸੰਬੋਧਿਤ ਹੋਣ ਵਿਚ ਕਾਮਯਾਬ ਨਹੀਂ ਰਿਹਾ। ਇਨ੍ਹਾਂ ਫਿਲਮਾਂ ਤੋਂ ਪਹਿਲਾਂ ਵੀ ਜਦੋਂ ਦੀਪਾ ਮਹਿਤਾ ਨੇ ਫਿਲਮ ‘ਫਾਇਰ’ ਅਤੇ ‘ਵਾਟਰ’ ਰਾਹੀਂ ਹਿੰਦੂ ਧਰਮ ਦੀ ਨਵੀਂ ਵਿਆਖਿਆ ਕਰਨ ਦੀ ਕੋਸ਼ਿਸ਼ ਕੀਤੀ ਸੀ ਤਾਂ ਉਸ ਨੂੰ ਜਾਨੋਂ ਮਾਰਨ ਤੱਕ ਦੀਆਂ ਧਮਕੀਆਂ ਦਾ ਸਾਹਮਣਾ ਕਰਨਾ ਪਿਆ। ਦੂਜੇ ਪਾਸੇ ਵਿਰੋਧ ਕਰਨ ਵਾਲਿਆਂ ਦੀ ਸਿਆਸਤ ਦਾ ਮੁੱਖ ਧੁਰਾ ਵੀ ਧਰਮ ਹੀ ਹੈ। ਇਨ੍ਹਾਂ ਫਿਲਮਾਂ ਰਾਹੀ ਜਿਥੇ ਕਲਾਤਮਿਕ ਢੰਗ ਨਾਲ ਸਿਆਸਤ ਅਤੇ ਧਰਮ ਦੇ ਆਪਸੀ ਰਿਸ਼ਤਿਆਂ ਨੂੰ ਸੂਤਰਬੱਧ ਕੀਤਾ ਗਿਆ, ਉਥੇ ਸਿਨੇਮਾ ਵਰਗੇ ਸਮਰੱਥ ਸੰਚਾਰ ਮਾਧਿਅਮ ਦੁਆਰਾ ਧਰਮ ਦੀ ਵਿਆਖਿਆ ਦਾ ਯਤਨ ਵੀ ਅਕਾਰਥ ਨਹੀਂ ਗਿਆ।