ਬਲਾਤਕਾਰੀਆਂ ਨਾਲ ਨਿਪਟਣ ਲਈ ਨਵਾਂ ਕਾਨੂੰਨ

ਗੁਲਜ਼ਾਰ ਸਿੰਘ ਸੰਧੂ
ਪਿਛਲੇ ਦਿਨਾਂ ਵਿਚ ਜਦੋਂ ਸਰਕਾਰ ਬਾਲੜੀਆਂ ਦੇ ਨਾਲ ਬਲਾਤਕਾਰ ਕਰਨ ਵਾਲੇ ਅਪਰਾਧੀਆਂ ਲਈ ਮੌਤ ਤੱਕ ਦੀ ਸਜ਼ਾ ਦਾ ਕਾਨੂੰਨ ਪਾਸ ਕਰਨ ਦੀ ਸੋਚ ਰਹੀ ਸੀ ਤਾਂ ਅਜਿਹਾ ਅਪਰਾਧ ਕਰਨ ਵਾਲੇ ਦੋ ਦੋਸ਼ੀਆਂ ਦੀ ਖਬਰ ਮੀਡੀਆ ਨੇ ਜਗ ਜਾਹਰ ਕੀਤੀ। ਇੰਦੌਰ ਦੇ 26 ਸਾਲਾ ਨਸ਼ੇੜੀ ਨੇ ਆਪਣੀ ਭੈਣ ਦੀ ਚਾਰ ਮਹੀਨੇ ਦੀ ਬਾਲੜੀ ਨਾਲ ਬਲਾਤਕਾਰ ਕਰਕੇ ਉਸ ਨੂੰ ਜੰਗਲੇ ਉਤੋਂ ਵਗਾਹ ਮਾਰਿਆ ਤੇ ਖਤਮ ਕਰ ਛੱਡਿਆ।

ਦੋਸ਼ੀ ਦਾ ਕਹਿਣਾ ਹੈ ਕਿ ਉਸ ਨੇ ਆਪਣੀ ਭੈਣ ਤੋਂ ਬਦਲਾ ਲੈਣ ਹਿੱਤ ਇਹ ਕੁਕਰਮ ਕੀਤਾ ਜਿਸ ਨੇ ਘਰੇਲੂ ਝਗੜੇ ਵਿਚ ਦੋਸ਼ੀ ਦੀ ਪਤਨੀ ਦਾ ਪੱਖ ਪੂਰਿਆ ਸੀ। ਮੁਹੱਲੇ ਵਾਲਿਆਂ ਨੇ ਉਸ ਨੂੰ ਖੂਬ ਕੁਟਾਪਾ ਚਾੜ੍ਹਿਆ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ। ਏਧਰ ਹਿਸਾਰ ਦੇ ਇੱਕ ਝੋਂਪੜੀ ਵਾਸੀ ਨੇ ਆਪਣੀ ਅੱਠ ਸਾਲਾ ਭਤੀਜੀ ਨੂੰ ਭਰਮਾ ਕੇ ਉਸ ਨੂੰ ਲਹੂ ਲੁਹਾਣ ਕੀਤਾ ਹੈ। ਉਸ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰਕੇ ਯੋਗ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਸਬੱਬ ਦੀ ਗੱਲ ਹੈ ਕਿ ਉਪਰੋਕਤ ਖਬਰਾਂ 22 ਅਪਰੈਲ ਨੂੰ ਅਖਬਾਰਾਂ ਵਿਚ ਉਦੋਂ ਛਪੀਆ ਜਦੋਂ 12 ਸਾਲ ਤੋਂ ਘੱਟ ਉਮਰ ਦੀ ਬਾਲੜੀ ਨਾਲ ਬਲਾਤਕਾਰ ਕਰਨ ਵਾਲੇ ਨੂੰ ਫਾਹੇ ਲਾਉਣ ਦਾ ਫੈਸਲਾ ਲਿਆ ਜਾ ਰਿਹਾ ਸੀ ਤੇ 12 ਤੋਂ 16 ਸਾਲ ਦੀ ਬਾਲੜੀ ਨਾਲ ਬਲਾਤਕਾਰ ਕਰਨ ਵਾਲੇ ਨੂੰ ਉਮਰ ਭਰ ਦੀ ਸਜ਼ਾ ਦੇਣ ਦਾ। ਬਲਾਤਕਾਰ ਦੇ ਆਮ ਮਾਮਲਿਆਂ ਵਿਚ ਘੱਟੋ ਘੱਟ ਸੱਤ ਸਾਲ ਦੀ ਕੈਦ ਨੂੰ ਵਧਾ ਕੇ 10 ਸਾਲ ਕੀਤਾ ਗਿਆ ਹੈ।
ਭਾਰਤ ਵਿਚ ਬਾਲੜੀਆਂ ਨਾਲ ਅਪਰਾਧ ਦੀਆਂ ਵਾਰਦਾਤਾਂ ਦਿਨੋ ਦਿਨ ਏਨੀਆਂ ਵਧ ਰਹੀਆਂ ਹਨ ਕਿ ਨਵਾਂ ਕਾਨੂੰਨ ਵੀ ਕਾਫੀ ਨਹੀਂ ਜਾਪਦਾ। ਫੇਰ ਵੀ ਚੁੱਕੇ ਗਏ ਕਦਮ ਦਾ ਸਵਾਗਤ ਕਰਨਾ ਬਣਦਾ ਹੈ। ਜਿਥੋਂ ਤੱਕ ਅਜਿਹੇ ਅਪਰਾਧਾਂ ਦੀ ਜਾਂਚ ਦਾ ਸਬੰਧ ਹੈ, ਦੋ ਮਹੀਨੇ ਵਿਚ ਪੂਰੀ ਕਰਨੀ ਪਵੇਗੀ ਅਤੇ ਇਸ ਨਾਲ ਸਬੰਧਤ ਅਪੀਲਾਂ ਦਾ ਨਿਪਟਾਰਾ ਵੀ ਛੇ ਮਹੀਨੇ ਦੇ ਅੰਦਰ ਕਰਨਾ ਲਾਜ਼ਮੀ ਹੋਵੇਗਾ। ਕੀ ਤੁਸੀਂ ਜਾਣਦੇ ਹੋ ਕਿ ਅਬੋਹਰ (ਫਾਜ਼ਿਲਕਾ) ਵਿਚ ਇੱਕ ਰੱਜੇ ਪੁੱਜੇ ਘਰ ਦਾ ਵਿਅਕਤੀ ਪੂਰਾ ਇੱਕ ਸਾਲ ਰੋਜ਼ਾਨਾ ਮਜ਼ਦੂਰੀ ਕਰਕੇ ਜੀਵਨ ਬਤੀਤ ਕਰਨ ਵਾਲੇ ਇੱਕ ਪਰਿਵਾਰ ਦੀ ਬਾਲੜੀ ਨਾਲ ਪੂਰਾ ਸਾਲ ਜਬਰ ਜਨਾਹ ਕਰਦਾ ਰਿਹਾ ਅਤੇ ਪੁਲਿਸ ਨੇ 21 ਮਾਰਚ ਨੂੰ ਦਰਜ ਕੀਤੀ ਸ਼ਿਕਾਇਤ ਦੇ ਬਾਵਜੂਦ ਹਾਲੀ ਤੱਕ ਦੋਸ਼ੀ ਨੂੰ ਨਹੀਂ ਫੜ੍ਹਿਆ। ਇਹ ਖਬਰ ਵੀ 22 ਅਪਰੈਲ ਦੇ ਪਰਚੇ ਵਿਚ ਉਸ ਖਬਰ ਦੇ ਨਾਲ ਨਾਲ ਛਪੀ ਹੈ, ਜਿਸ ਵਿਚ ਨਵੀਆਂ ਸਜ਼ਾਵਾਂ ਦਾ ਵੇਰਵਾ ਦਰਜ ਹੈ। ਆਸ ਹੈ ਕਿ ਫਾਸਟ ਟਰੈਕ ਅਦਾਲਤਾਂ ਦੀ ਸਥਾਪਨਾ ਕਰਕੇ ਇਸ ਘਿਨਾਉਣੀ ਮਾਨਸਿਕਤਾ ਅਤੇ ਦਰਿੰਦਗੀ ਨੂੰ ਨੱਥ ਪਾਈ ਜਾਵੇਗੀ। ਵਹਿਸ਼ੀਪਣ ਹੱਦਾਂ ਬੰਨੇ ਟੱਪ ਚੁਕਾ ਹੈ।
3 ਮਈ ਦੇ ਅਖਬਾਰਾਂ ਵਿਚ ਹਰਿਆਣਾ ਦੇ ਹਾਂਸੀ ਖੇਤਰ ਵਿਚ ਇਕ 17 ਸਾਲ ਦੀ ਕੁੜੀ ਨੇ ਅੱਠ ਬੰਦਿਆਂ ਵਲੋਂ ਬਲਾਤਕਾਰ ਕੀਤੇ ਜਾਣ ਮਗਰੋਂ ਆਤਮ ਹੱਤਿਆ ਕਰ ਲਈ। ਭਿਵਾਨੀ ਦੇ ਇਕ ਵਿਅਕਤੀ ਨੇ ਛੇ ਸਾਲ ਦੀ ਬਾਲੜੀ ਨਾਲ ਜਬਰਜਨਾਹ ਕਰਨ ਪਿਛੋਂ ਫਾਹਾ ਲੈ ਲਿਆ।
ਜੇਮਜ਼ ਫਰੇਜ਼ਰ ਦੀ ‘ਸੁਨਹਿਰੀ ਟਾਹਣੀ’: 1958 ਵਿਚ ਐਮæ ਐਸ਼ ਰੰਧਾਵਾ ਨੇ ਪੰਜਾਬ ਬਾਰੇ ਵੱਡ ਆਕਾਰੀ ਪੁਸਤਕ ਤਿਆਰ ਕਰਨ ਦਾ ਫੈਸਲਾ ਲਿਆ ਤਾਂ ਪੰਜਾਬ ਦੇ ਰਸਮ ਰਿਵਾਜ ਲਿਖਣ ਦਾ ਗੁਣਾ ਮੇਰੇ ‘ਤੇ ਆ ਪਿਆ। ਰਸਮਾਂ ਦੀ ਜੜ੍ਹ ਮਿਥਿਹਾਸਕ ਸਿਧਾਂਤਾਂ ਵਿਚ ਜਾ ਨਿਕਲਦੀ ਸੀ ਤੇ ਮੈਨੂੰ ਕਿਸੇ ਨੇ ਜੇਮਜ਼ ਫਰੇਜ਼ਰ ਦੀ ਵੱਡ ਆਕਾਰੀ ਰਚਨਾ ‘ਦਾ ਗੋਲਡਨ ਬੌਅ’ ਪੜ੍ਹਨ ਲਈ ਕਿਹਾ। ਮੈਂ ਵਰਕੇ ਫਰੋਲੇ ਤਾਂ ਪਤਾ ਲੱਗਾ ਕਿ ਮਾਨਵਤਾ ਦਾ ਜਾਦੂ ਧਾਰਮਿਕ ਵਿਸ਼ਵਾਸ ਵਿਚੋਂ ਫੁਟਦਾ ਹੈ ਤੇ ਵਿਗਿਆਨਕ ਸੋਚ ਦੀ ਪਾਣ ਚੜ੍ਹਦਾ ਹੈ। ਫਰੇਜ਼ਰ ਦੀ ਧਾਰਨਾ ਹੈ ਕਿ ਮਾਨਵ ਜਾਤੀ ਦਾ ਬਲੀਦਾਨ, ਦੇਵਤਿਆਂ ਦਾ ਮੁੜ ਅਵਤਾਰ ਧਾਰਨਾ ਅਤੇ ਨਵੇਂ ਪੋਚ ਵਲੋਂ ਪੁਰਾਣੇ ਬਾਦਸ਼ਾਹਾਂ ਦਾ ਕਤਲ ਸੈਂਕੜੇ ਵਰ੍ਹਿਆਂ ਦਾ ਸਫਰ ਕਰਕੇ ਵਰਤਮਾਨ ਤੱਕ ਪਹੁੰਚਣ ਦਾ ਹੈ। ਉਹ ਧਰਮ ਦਾ ਆਧਾਰ ਦੰਦ ਕਥਾ ਨੂੰ ਮੰਨਦਾ ਹੈ। ਜਿਥੇ ਦੰਦ ਕਥਾ ਸਿੱਧੇ ਤੌਰ ‘ਤੇ ਕੁਦਰਤ ਨੂੰ ਕੰਟਰੋਲ ਕਰਦੀ ਹੈ, ਧਾਰਮਿਕ ਮਰਿਆਦਾ ਕਿਸੇ ਪਰਾ-ਸਰੀਰਕ ਸ਼ਕਤੀ ਰਾਹੀਂ ਅਸਿੱਧੇ ਰੂਪ ਵਿਚ ਕੁਦਰਤ ਦਾ ਦਿਸ਼ਾ ਨਿਰਦੇਸ਼ ਕਰਦੀ ਹੈ।
ਐਮæ ਐਸ਼ ਰੰਧਾਵਾ ਨੇ ਮੈਨੂੰ ਫਰੇਜ਼ਰ ਦੀਆਂ ਬਾਰੀਕੀਆਂ ਵਿਚ ਉਲਝਾਏ ਬਿਨਾ ਮਾਮੇ-ਮਾਸੀਆਂ ਤੇ ਤਾਈਆਂ-ਚਾਚੀਆਂ ਦੇ ਗੋਡਿਆਂ ਮੁਢ ਬਹਿ ਕੇ ਤੇ ਉਨ੍ਹਾਂ ਕੋਲੋਂ ਰਸਮਾ ਰਿਵਾਜਾਂ ਦੀ ਜਾਣਕਾਰੀ ਲੈ ਕੇ ਆਪਣੇ ਜਿੰਮੇ ਲੱਗਾ ਕੰਮ ਫਟਾਫਟ ਮੁਕਾਉਣ ਦੇ ਰਾਹ ਪਾ ਦਿੱਤਾ। ਮੈਂ ਫਰੇਜ਼ਰ ਦੀ ਰੂਹ ਤੱਕ ਨਹੀਂ ਜਾ ਸਕਿਆ।
ਹੁਣ ਕੇæ ਐਲ਼ ਗਰਗ ਨੇ ਫਰੇਜ਼ਰ ਦੀ ਰਚਨਾ ਦਾ ਪੰਜਾਬੀ ਅਨੁਵਾਦ ‘ਸੁਨਹਿਰੀ ਟਾਹਣੀ’ (ਨਵਯੁਗ ਪਬਲਿਸ਼ਰਜ਼, ਪੰਨੇ 1100, ਮੁੱਲ 1500 ਰੁਪਏ) ਛਾਪ ਕੇ ਭਵਿੱਖ ਦੇ ਪੰਜਾਬੀ ਵਿਦਵਾਨਾਂ ਲਈ ਬਹੁਤ ਸਹਿਲ ਕਰ ਦਿੱਤਾ ਹੈ। ਗਰਗ ਅਜਿਹੇ ਅਨੁਵਾਦ ਕਰਨ ਦਾ ਮਾਹਰ ਹੈ। ਇਸ ਤੋਂ ਪਹਿਲਾਂ ਉਹ ਲੂ ਸ਼ੁਨ, ਫਰਾਂਸਿਸ ਬੇਕਨ, ਮਾਰਕ ਟਵੇਨਸ, ਜਾਨ ਸਟੇਨਬੈਕ ਆਦਿ ਪੌਣੀ ਦਰਜਨ ਲੇਖਕਾਂ ਦੀਆਂ ਰਚਨਾਵਾਂ ਪੰਜਾਬੀ ਪਾਠਕਾਂ ਦੇ ਵਿਹੜੇ ਪਹੁੰਚਾ ਚੁਕਾ ਹੈ। ਉਸ ਦੀ ਮਿਹਨਤ ਦਾ ਸਵਾਗਤ ਕਰਨਾ ਬਣਦਾ ਹੈ। ਜੋ ਕੰਮ ਅੱਜ ਦੇ ਦਿਨ ਜੰਗ ਬਹਾਦਰ ਗੋਇਲ ਕਰ ਰਿਹਾ ਹੈ। ਉਹ ਕੇæ ਐਲ਼ ਗਰਗ ਨੇ ਥੋੜ੍ਹਾ ਪਹਿਲਾਂ ਅਰੰਭ ਦਿੱਤਾ ਸੀ। ਅਜਿਹੇ ਕਾਰਜ ਸਿਰੜੀ ਵਿਅਕਤੀ ਹੀ ਕਰ ਸਕਦੇ ਹਨ।
ਅੰਤਿਕਾ: ਝੂਠ ਤੇ ਸੱਚ ਦਾ ਤਕਾਜ਼ਾ
ਸਚ ਬੋਲਨੇ ਕੀ ਜ਼ਿੱਦ ਨੇ
ਅਮਰ ਕਰ ਦੀਆ ਉਸੇ।
ਸੁਕਰਾਤ ਜਾਨਤਾ ਥਾ
ਪਿਆਲੇ ਮੈਂ ਜ਼ਹਿਰ ਥਾ। (ਮਿਸ਼ਦਾਕ ਆਜ਼ਮੀ)

ਝੂਠ ਤੋ ਕਾਤਿਲ ਠਹਿਰਾ
ਉਸ ਕਾ ਕਯਾ ਰੋਨਾ।
ਸਚ ਨੇ ਭੀ ਇਨਸਾਨ ਕਾ
ਖੂਨ ਬਹਾਇਆ ਹੈ। (ਸਾਹਿਰ ਲੁਧਿਆਣਵੀ)

ਜੀ ਚਾਹਤਾ ਹੈ ਸਚ ਬੋਲੇਂ
ਕਯਾ ਕਰੇਂ, ਹੌਸਲਾ ਨਹੀਂ ਹੋਤਾ। (ਬਸ਼ੀਰ ਬਦਰ)