ਮਜ਼ਦੂਰ ਜਮਾਤ ਦਾ ਮਹਾਨ ਸੰਗੀਤਕਾਰ ਹਾਂਸ ਆਈਸਲਰ

ਕੁਲਵਿੰਦਰ
ਹਾਂਸ ਆਈਸਲਰ ਨੂੰ ‘ਸੰਗੀਤ ਦਾ ਕਾਰਲ ਮਾਰਕਸ’ ਹੋਣ ਦਾ ਦਰਜਾ ‘ਹਾਊਸ ਕਮੇਟੀ ਔਨ ਅਨ-ਅਮੈਰਿਕਨ ਐਕਟਿਵਟੀਜ਼’ ਨੇ ਦਿੱਤਾ ਸੀ। ਕਮੇਟੀ ਵਲੋਂ ਉਸ ਨੂੰ ਹਾਲੀਵੁਡ ਵਿਚ ਸੋਵੀਅਤ ਏਜੰਟ ਗਰਦਾਨਿਆ ਗਿਆ। ਅਖੀਰ ਅਮਰੀਕੀ ਹਾਕਮਾਂ ਦਾ ਡਰਾਮਾ ਖਤਮ ਹੋਇਆ ਅਤੇ 28 ਮਾਰਚ 1948 ਨੂੰ ਹਾਂਸ ਆਈਸਲਰ ਨੂੰ ਅਮਰੀਕਾ ਛੱਡਣਾ ਪਿਆ। ਇਸ ਸੱਤ ਸਾਲ ਪਹਿਲਾਂ ਆਈਸਲਰ ਨੂੰ ਨਾਜ਼ੀ ਪਾਰਟੀ ਦੇ ਸੱਤਾ ਵਿਚ ਆਉਣ ਕਾਰਨ ਆਪਣਾ ਦੇਸ਼ ਜਰਮਨੀ ਛੱਡਣਾ ਪਿਆ ਸੀ।

ਹਾਂਸ ਆਈਸਲਰ ਦਾ ਜਨਮ 6 ਜੁਲਾਈ 1898 ਨੂੰ ਆਸਟਰੀਆ ਵਿਚ ਹੋਇਆ। ਪਹਿਲੀ ਸੰਸਾਰ ਜੰਗ ਵਿਚ ਹਿੱਸਾ ਲੈਣ ਤੋਂ ਬਾਅਦ ਵਿਆਨਾ ਵਿਖੇ ਆਈਸਲਰ ਨੇ ਪ੍ਰਸਿਧ ਸੰਗੀਤਕਾਰ ਆਰਨੋਲਡ ਸਕੂਨਵਰਗ ਤੋਂ ਸੰਗੀਤ ਦੀ ਸਿੱਖਿਆ ਹਾਸਲ ਕੀਤੀ। ਉਹ ਆਰਨੋਲਡ ਦੇ ਪਹਿਲੇ ਸ਼ਿਸ਼ ਸਨ ਜਿਨ੍ਹਾਂ ਨੇ ਬਾਰਾਂ ਸੁਰੀ ਜਾਂ ਲੜੀਵਾਰ ਸੰਗੀਤ ਦੀ ਰਚਨਾ ਕੀਤੀ। 1925 ਵਿਚ ਉਹ ਬਰਲਿਨ ਚਲੇ ਗਏ ਜੋ ਉਸ ਵੇਲੇ ਕਲਾ, ਸੰਗੀਤ ਅਤੇ ਸਿਆਸਤ ਦਾ ਗੜ੍ਹ ਸੀ।
ਜਦ ਆਈਸਲਰ ਨੂੰ ਇਹ ਸਮਝ ਆਈ ਕਿ ਸਿਆਸਤ ਖ਼ੁਦ ਨੂੰ ਸੰਗੀਤ ਨਾਲ ਜੋੜਦੀ ਹੈ ਤਾਂ ਇਹ ਤਰਕਸੰਗਤ ਸੀ ਕਿ ਸੰਗੀਤਕਾਰ ਵਜੋਂ ਉਹ ਖ਼ੁਦ ਸਿਆਸਤ ਨਾਲ ਜੁੜਦੇ। ਉਨ੍ਹਾਂ ਮਹਿਸੂਸ ਕੀਤਾ ਕਿ ਸੰਗੀਤ ਨੂੰ ਜਿਣਸ ਬਣਾ ਕੇ, ਲੋਕਾਂ ਤੋਂ ਦੂਰ ਕਰ ਕੇ ਮਨੁੱਖ ਅਤੇ ਕਲਾ, ਦੋਵਾਂ ਦਾ ਨੁਕਸਾਨ ਕਰਨ ਵਾਲੇ ਪ੍ਰਬੰਧ ਦਾ ਵਿਰੋਧ ਕੀਤਾ ਜਾਣਾ ਚਾਹੀਦਾ ਹੈ। ਆਈਸਲਰ ਅਨੁਸਾਰ, “ਸਾਡੇ ਕੋਲ ਕੋਈ ਦੂਜਾ ਮੌਕਾ ਨਹੀਂ ਸੀ। ਅਸੀਂ ਸਿਰਫ਼ ਬੁਰਜ਼ੂਆ ਜਮਾਤ ਕੋਲ ਅਤੇ ਜਾਂ ਸਾਡੀ ਪਰਵਰਿਸ਼ ਕਰਨ ਵਾਲੀ ਮਜ਼ਦੂਰ ਜਮਾਤ ਕੋਲ ਜਾ ਸਕਦੇ ਸਾਂ।” ਆਈਸਲਰ ਮਾਰਕਸਵਾਦੀ ਵਿਚਾਰਧਾਰਾ ਤੋਂ ਪ੍ਰਭਾਵਤ ਹੋਏ। ਉਹ ਜਰਮਨੀ ਦੀ ਕਮਿਊਨਿਸਟ ਪਾਰਟੀ ਦੇ ਮੈਂਬਰ ਬਣ ਗਏ ਅਤੇ ਮਾਰਕਸਵਾਦੀ ਮਜ਼ਦੂਰ ਸਕੂਲ ਵਿਚ ਪੜ੍ਹਾਉਣ ਲੱਗੇ। ਆਪਣੇ ਗੁਰੂ ਸਕੂਨਵਰਗ ਤੋਂ ਬਗਾਵਤ ਕਰ ਕੇ ਉਨ੍ਹਾਂ ਨੇ ਜਾਜ਼ ਅਤੇ ਕਾਬਰਟ ਸੰਗੀਤ ਤੋਂ ਪ੍ਰਭਾਵਤ ਲੋਕਪ੍ਰਿਆ ਸੰਗੀਤ ਸ਼ੈਲੀ ਵਿਕਸਤ ਕੀਤੀ। 1929 ਵਿਚ ਜ਼ੀਟੁੰਗਸਾਊਸ਼ਚਿੰਟੀ ਨਾਂ ਦੀ ਖਬਰੀ ਸੰਗੀਤ ਰਚਨਾ ਕੀਤੀ। ਅਖ਼ਬਾਰੀ ਖਬਰ ਸ਼ੈਲੀ ‘ਤੇ ਆਧਾਰਿਤ ਇਹ ਰਚਨਾ ਪਹਿਲੀ ਸੰਸਾਰ ਜੰਗ ਤੋਂ ਬਾਅਦ ਜਰਮਨੀ ਦੇ ਆਮ ਲੋਕਾਂ ਦੀਆਂ ਤੰਗੀਆਂ ਤਰੁਸ਼ੀਆਂ ਨਾਲ ਸਬੰਧਤ ਹੈ।
ਇਸੇ ਦੌਰਾਨ ਉਨ੍ਹਾਂ ਦੀ ਦੋਸਤੀ ਪ੍ਰਸਿਧ ਨਾਟਕਕਾਰ ਬ੍ਰੈਖ਼ਤ ਨਾਲ ਹੋਈ ਜੋ ਸਾਰੀ ਉਮਰ ਜਾਰੀ ਰਹੀ। ਇਸ ਦੌਰ ਵਿਚ ਉਨ੍ਹਾਂ ਨੇ ਬ੍ਰੈਖ਼ਤ ਦੇ ‘ਦਿ ਡਸੀਜਨ’ (1930), ‘ਦਿ ਮਦਰ’ (1932), ‘ਸ਼ੈਵਿਕ ਇਨ ਦਿ ਸੈਕਿੰਡ ਵਰਲਡ ਵਾਰ’ (1957) ਆਦਿ ਨਾਟਕਾਂ ਲਈ ਸੰਗੀਤ ਦੀ ਰਚਨਾ ਕੀਤੀ। ਉਹ 1930ਵਿਆਂ ਵਿਚ ਜਰਮਨੀ ਦੀ ਸਿਆਸੀ ਉਥਲ ਪੁਥਲ ਵੇਲੇ ਹੋਏ ਵਿਰੋਧ ਸੰਗੀਤ ਰਚਨਾ ਵਿਚ ਸ਼ਾਮਲ ਹੋਏ ਅਤੇ ਉਨ੍ਹਾਂ ਦਾ ਸਾਲੀਡੈਰਟੀ ਸਾਂਗ ਸਮੁੱਚੇ ਯੂਰਪ ਵਿਚ ਜਨਤਕ ਵਿਰੋਧ ਦਾ ਖਾੜਕੂ ਗੀਤ ਬਣ ਗਿਆ। ਬ੍ਰੈਖ਼ਤ ਨਾਲ਼ ਮਿਲ਼ ਕੇ ਉਨ੍ਹਾਂ ਨੇ ਅਜਿਹੇ ਗੀਤਾਂ ਦੀ ਰਚਨਾ ਕੀਤੀ ਜੋ ਜ਼ਿੰਦਗੀ ਨੂੰ ਹੇਠਾਂ ਤੋਂ ਦੇਖਦੇ ਸਨ। ਨਿਰਦੇਸ਼ਕ ਸਲਾਤਨ ਡੂਡੋ ਨਾਲ਼ ਮਿਲ਼ ਕੇ ਬ੍ਰੈਖ਼ਤ-ਆਈਸਲਰ ਜੋੜੀ ਨੇ ‘ਕੂਹਲੀ ਵੈਮਪ’ ਫ਼ਿਲਮ ਬਣਾਈ। ਬਾਅਦ ਵਿਚ ਇਸ ਫਿਲਮ ‘ਤੇ ਪਾਬੰਦੀ ਲਗਾ ਦਿੱਤੀ ਗਈ।
ਪਰਾਗ, ਹਾਲੈਂਡ, ਵਿਆਨਾ, ਪੈਰਿਸ, ਲੰਡਨ ਅਤੇ ਹੋਰਨਾਂ ਸ਼ਹਿਰਾਂ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਆਈਸਲਰ ਦੇ ਸੰਗੀਤ ਨੂੰ ਸੁਣਨ ਲਈ ਇਕੱਠੇ ਹੁੰਦੇ। ਉਨ੍ਹਾਂ ਦਾ ਸੰਗੀਤ ਉਨ੍ਹਾਂ ਦੇ ਜੀਵਨ ਦੇ ਯਥਾਰਥ ਨੂੰ ਪੇਸ਼ ਕਰਦਾ, ਉਨ੍ਹਾਂ ਨੂੰ ਹੌਸਲਾ ਅਤੇ ਅਗਲੇ ਸੰਘਰਸ਼ ਲਈ ਉਤਸ਼ਾਹ ਦਿੰਦਾ ਸੀ। ਇਸ ਲਈ ਇਹ ਕੁਦਰਤੀ ਸੀ ਕਿ ਜਦ ਜਰਮਨੀ ਵਿਚ ਹਿਟਲਰ ਦੀ ਅਗਵਾਈ ਵਿਚ ਨਾਜ਼ੀਵਾਦੀ ਸੱਤਾ ਵਿਚ ਆਏ ਤਾਂ ਆਈਸਲਰ ਦੇ ਸੰਗੀਤ ਨੂੰ ਬਰਬਾਦ ਕੀਤਾ ਗਿਆ। ਉਨ੍ਹਾਂ ਦੇ ਸੰਗੀਤ ਦੇ ਰਿਕਾਰਡਾਂ ਨੂੰ ਤੋੜਿਆ ਗਿਆ।
1933 ਵਿਚ ਨਾਜ਼ੀਆਂ ਵਲੋਂ ਜਰਮਨੀ ਵਿਚ ਬ੍ਰੈਖ਼ਤ-ਆਈਸਲਰ ਦੀਆਂ ਰਚਨਾਵਾਂ ‘ਤੇ ਪਾਬੰਦੀ ਲਗਾਉਣ ‘ਤੇ ਇਹ ਦੋਵੇਂ ਕਲਾਕਾਰ ਮਾਸਕੋ ਹੁੰਦੇ ਹੋਏ ਅਮਰੀਕਾ ਪਹੁੰਚ ਗਏ। ਨਿਊ ਯਾਰਕ ਵਿਚ ਆਈਸਲਰ ਨਿਊ ਸਕੂਲ ਵਿਖੇ ਪੜ੍ਹਾਉਣ ਲੱਗੇ। ਇਥੇ ਹੀ ਉਨ੍ਹਾਂ ਨੇ ਆਪਣੀਆਂ ਦੋ ਰਚਨਾਵਾਂ ‘ਅਕਸਪੈਰੀਮੈਂਟਲ ਚੈਂਬਰ’ ਅਤੇ ‘ਡਾਕੂਮੈਂਟਰੀ ਸੰਗੀਤ’ ਦੀ ਰਚਨਾ ਕੀਤੀ। ਬਾਅਦ ਵਿਚ ਉਹ ਲਾਸ ਏਂਜਲਸ ਚਲੇ ਗਏ ਅਤੇ ਅਨੇਕਾਂ ਹਾਲੀਵੁਡ ਫ਼ਿਲਮਾਂ ਲਈ ਸੰਗੀਤ ਦੀ ਰਚਨਾ ਕੀਤੀ। ਇਨ੍ਹਾਂ ਵਿਚੋਂ ਕੁਝ ਤਾਂ ਆਸਕਰ ਇਨਾਮ ਲਈ ਵੀ ਨਾਮਜ਼ਦ ਹੋਈਆਂ।
ਹਾਲੀਵੁਡ ਵਿਚ ਆਈਸਲਰ ਦੀ ਸਫ਼ਲਤਾ ਅਮਰੀਕੀ ਹਾਕਮਾਂ ਲਈ ਚੁਣੌਤੀ ਬਣ ਗਈ। ਨਤੀਜੇ ਵਜੋਂ ਉਨ੍ਹਾਂ ਨੇ ਸਟੂਡੀਓ ਮਾਲਕਾਂ ਕੋਲੋਂ ਆਈਸਲਰ ਦੇ ਨਾਂ ਨੂੰ ਹਾਲੀਵੁੱਡ ਦੀ ਬਦਨਾਮ ਕਾਲੀ ਸੂਚੀ ਵਿਚ ਦਰਜ ਕਰਵਾਇਆ ਗਿਆ। ਇਸ ਸੂਚੀ ਵਿਚ ਦਰਜ ਕਲਾਕਾਰਾਂ ਨੂੰ ਕੰਮ ਦੇਣ ਦੀ ਮਨਾਹੀ ਸੀ। ਹਾਊਸ ਕਮੇਟੀ ਔਨ ਅਨ-ਅਮੈਰਿਕਨ ਐਕਟਿਵਟੀਜ਼ ਵਲੋਂ ਆਈਸਲਰ ‘ਤੇ ਮੁਕੱਦਮਾ ਚਲਾਇਆ ਗਿਆ। ਇਹ ਵੱਖਰੀ ਗੱਲ ਹੈ ਕਿ ਅਮੈਰਿਕਨ ਕਮੇਟੀ ਫਾਰ ਜਸਟਿਸ ਫਾਰ ਹਾਂਸ ਆਈਸਲਰ ਦੀ ਸੰਸਾਰ ਵਿਆਪੀ ਮੁਹਿੰਮ ਦੇ ਦਬਾਅ ਸਦਕਾ ਮਕਦੱਮੇ ਦੀ ਕਾਰਵਾਈ ਨੂੰ ਅੱਧ-ਵਿਚਕਾਰ ਹੀ ਰੋਕਣਾ ਪਿਆ।
1948 ਵਿਚ ਅਮਰੀਕਾ ਤੋਂ ਆਈਸਲਰ ਪੂਰਬੀ ਜਰਮਨੀ ਚਲੇ ਗਏ। ਉਨ੍ਹਾਂ ਦੇ ਪੂਰਬੀ ਜਰਮਨੀ ਦੇ ਕੌਮੀ ਗੀਤ ਲਈ ਸੰਗੀਤ ਦੀ ਰਚਨਾ ਕੀਤੀ। ਪ੍ਰੋਲੇਤਾਰੀ ਸੰਗੀਤ ਦੀ ਵਿਰਾਸਤ ਦੇ ਵਾਰਸ ਤਿਆਰ ਕਰਨ ਲਈ ਉਨ੍ਹਾਂ ਨੇ ਅਣਗਿਣਤ ਲੋਕਾਂ ਨੂੰ ਸੰਗੀਤ ਦੀ ਸਿੱਖਿਆ ਦਿੱਤੀ। ਬਾਅਦ ਵਿਚ ਆਈਸਲਰ ਇਕ ਵਾਰ ਫਿਰ ਤੋਂ ਬਾਰਾਂ ਸੁਰੀ ਪੱਧਤੀ ਵਲ ਵਾਪਸ ਪਰਤੇ। ਉਨ੍ਹਾਂ ਦੀ ਰਚਨਾ ‘ਫੋਰਟੀਨ ਵੇਅਜ਼ ਆਫ਼ ਡਿਸਕਰਾਈਬਿੰਗ ਦੀ ਰੇਨ’ ਇਸ ਪੱਧਤੀ ਦੀ ਸ਼ਾਹਕਾਰ ਰਚਨਾ ਮੰਨੀ ਜਾਂਦੀ ਹੈ।
ਪੂਰਬੀ ਜਰਮਨੀ ਵਿਚ ਵੀ ਆਈਸਲਰ ਬ੍ਰੈਖ਼ਤ ਨਾਲ ਮਿਲ਼ ਕੇ ਕੰਮ ਕਰਦੇ ਰਹੇ। 1956 ਵਿਚ ਬ੍ਰੈਖ਼ਤ ਦੀ ਮੌਤ ਨਾਲ਼ ਇਹ ਜੋੜੀ ਟੁੱਟ ਗਈ। ਆਈਸਲਰ ਬਾਕੀ ਉਮਰ ਇਸ ਸਦਮੇ ਤੋਂ ਪੂਰੀ ਤਰ੍ਹਾਂ ਉਭਰ ਨਹੀਂ ਸਕੇ। 6 ਸਤੰਬਰ, 1962 ਨੂੰ ਹਾਂਸ ਆਈਸਲਰ ਦੀ ਮੌਤ ਹੋ ਗਈ। ਉਨ੍ਹਾਂ ਦੀ ਮੌਤ ਦੇ ਬਾਅਦ ਪੂਰਬੀ ਜਰਮਨੀ ਦੇ ਹਾਕਮਾਂ ਨਾਲ਼ ਉਸ ਦੀਆਂ ਅਸਹਿਮਤੀਆਂ ਦੀਆਂ ਸੂਚਨਾਵਾਂ ਕਾਰਨ ‘ਛੁਪੇ ਹੋਏ ਬਾਗ਼ੀ’ ਨੂੰ ਲੱਭਣ ਹਿਤ 1970 ਵਿਚ ਪੱਛਮੀ ਜਰਮਨੀ ਵਿਚ ਉਨ੍ਹਾਂ ਦੀਆਂ ਰਚਨਾਵਾਂ ਦਾ ਪ੍ਰਕਾਸ਼ਨ ਹੋਇਆ। ਹੁਣ ਸਰਮਾਏਦਾਰਾ ਵਿਰੋਧਤਾਈਆਂ ਅਤੇ ਸੰਕਟ ਕਾਰਨ ਮਜ਼ਦੂਰ ਜਮਾਤ ਦੇ ਸੰਗੀਤਕਾਰ ਦੀਆਂ ਰਚਨਾਵਾਂ ਦੀ ਮੁੜ ਤੋਂ ਹੋਈ ਲੋਕਪ੍ਰਿਅਤਾ ਕਾਰਨ ਬੁਰਜੂਆ ਸੰਗੀਤ ਵਲੋਂ ਆਈਸਲਰ ਦਾ ਸੰਗੀਤ ਆਦਰਯੋਗ ਹੋ ਗਿਆ। ਬ੍ਰੈਖ਼ਤ ਦੇ ਬਾਈਕਾਟ ਦੇ ਖਾਤਮੇ ਨਾਲ ਹੀ ਆਈਸਲਰ ਦੇ ਸੰਗੀਤ ਨੂੰ ਵੀ ਬੁਰਜੂਆ ਥੀਏਟਰ ਅਤੇ ਬਹਿਸਾਂ ਚਰਚਾਵਾਂ ਦਾ ਹਿੱਸਾ ਬਣਾ ਲਿਆ ਗਿਆ ਪਰ ਬੁਰਜੂਆ ਮਾਹਰ, ਆਈਸਲਰ ਦੇ ਸੰਗੀਤ ਦੇ ਇਨਕਲਾਬੀ ਪੱਖ ਨੂੰ ਖਾਰਜ ਕਰਦੇ ਹਨ। ਇਨ੍ਹਾਂ ਮਾਹਰਾਂ ਅਨੁਸਾਰ ਆਈਸਲਰ ਦੀ “ਦੁਵਿਧਾ ਸਿਰਫ਼ ਇਹੀ ਸੀ ਕਿ ਸਕੂਨਵਰਗ ਤੋਂ ਪ੍ਰਭਾਵਿਤ ਉਨ੍ਹਾਂ ਦੀਆਂ ਕੀਮਤੀ ਰਚਨਾਵਾਂ ਦੇ ਨਾਲ਼ ਹੀ ਉਨ੍ਹਾਂ ਨੇ ਖੁਦ ਨੂੰ ਕਮਿਊਨਿਸਟ ਕਾਰਕੁਨ ਵਜੋਂ ਰੁਝੇ ਰੱਖਣਾ ਸੀ।”
ਆਈਸਲਰ ਸੰਗਰਾਂਦੀ ਦੌਰ ਦੇ ਕਲਾਕਾਰ ਸਨ। ਉਹ ਉਦਾਰਵਾਦੀ ਬੁਰਜੂਆ ਪਿਛੋਕੜ ਚੋਂ ਆਏ ਪਰ ਇਨਕਲਾਬੀ ਮਜ਼ਦੂਰ ਜਮਾਤ ਦੀ ਲਹਿਰ ਦੇ ਵਿਚਾਰਾਂ ਅਤੇ ਨਿਸ਼ਾਨਿਆਂ ਨੂੰ ਪ੍ਰਣਾਏ। ਉਨ੍ਹਾਂ ਨੇ ਬੁਰਜੂਆ ਸਮਾਜ ਵਿਚ ਕੰਮ ਕੀਤਾ ਪਰ ਇਸ ਦੇ ਪ੍ਰਬੰਧ ਤੇ ਵਿਚਾਰਧਾਰਾ ਅਤੇ ਇਸ ਦੀ ਕਲਾ ਦੇ ਰੁਝਾਨਾਂ ਦਾ ਵੀ ਵਿਰੋਧ ਕੀਤਾ। ਉਨ੍ਹਾਂ ਸਾਹਮਣੇ ਅਜਿਹਾ ਸੰਗੀਤ ਰਚਣ ਦਾ ਮੁਸ਼ਕਿਲ ਅਤੇ ਵਿਰੋਧਾਭਾਸੀ ਕਾਰਜ ਸੀ, ਜੋ ਸੁਹਜ ਮਿਆਰਾਂ ਨਾਲ ਸਮਝੌਤਾ ਕੀਤੇ ਬਗੈਰ ਮਜ਼ਦੂਰ ਜਮਾਤ ਵਲੋਂ ਜਜ਼ਬ ਕੀਤਾ ਜਾ ਸਕੇ ਅਤੇ ਲੁੱਟ ਤੇ ਫਾਸੀਵਾਦ ਦੇ ਖਤਰੇ ਖਿਲਾਫ਼ ਸੰਘਰਸ਼ ਵਿਚ ਵਰਤਿਆ ਜਾ ਸਕੇ।
ਆਈਸਲਰ ਦਾ ਪ੍ਰੋਲੇਤਾਰੀ ਲੜਾਕੂ ਸੰਗੀਤ ਮਾਰਕਸਵਾਦੀ-ਲੈਨਿਨਵਾਦੀ ਨਜ਼ਰੀਏ ਤੋਂ ਮਜ਼ਦੂਰ ਜਮਾਤ ਦੀਆਂ ਮੰਗਾਂ ਨੂੰ ਅਵਾਜ਼ ਦਿੰਦਾ ਸੀ। ਉਨ੍ਹਾਂ ਦੀਆਂ ‘ਸੋਲਜ਼ਰੀਤਸਲਿਦ’ ਅਤੇ ‘ਇਬੀਟਸਫਰੰਟਲਿਡ’ ਜਿਹੀਆਂ ਰਚਨਾਵਾਂ ਇੰਟਰਨੈਸ਼ਨਲ ਜਿਹੇ ਗੀਤਾਂ ਦੇ ਬਰਾਬਰ ਖੜ੍ਹਦੀਆਂ ਹਨ। ਆਪਣੇ ਸੰਗੀਤਕ ਪ੍ਰੋਗਰਾਮਾਂ ਵਿਚ ਉਹ ਮੁਜ਼ਾਹਰਾਕਾਰੀਆਂ ਨਾਲ ਘੁਲ਼ ਮਿਲ਼ ਜਾਂਦੇ ਸਨ ਅਤੇ ਉਨ੍ਹਾਂ ਨਾਲ ਆਪਣੇ ਗੀਤ ਗਾਉਂਦੇ ਸਨ। ਬ੍ਰੈਖ਼ਤ ਅਨੁਸਾਰ, “ਉਨ੍ਹਾਂ ਦੀ ਰਚਨਾ ਵਿਚ ਸ਼ਾਮਲ ਹੋ ਕੇ ਤੁਸੀਂ ਖ਼ੁਦ ਨੂੰ ਸਿਰਜੇ ਜਾ ਰਹੀ ਨਵੀਂ ਦੁਨੀਆਂ ਦੇ ਮਕਸਦ ਅਤੇ ਦ੍ਰਿਸ਼ਟੀਕੋਣ ਨੂੰ ਸਮਰਪਿਤ ਹੋ ਜਾਂਦੇ ਹੋ।” ਆਈਸਲਰ ਦੁਆਰਾ ਰਚੇ ਸੰਗੀਤ ਦਾ ਘੇਰਾ ਵਿਆਪਕ ਹੈ। ਉਨ੍ਹਾਂ ਦੀਆਂ ਰਚਨਾਵਾਂ ਵਿਚ ਬਾਲ ਗੀਤਾਂ ਤੋਂ ਲੈ ਕੇ ਗੀਤ-ਚੱਕਰ, ਮਾਰਚਿੰਗ ਗੀਤਾਂ ਤੋਂ ਲੈ ਕੇ ਸਿੰਫੋਨਿਕ ਰਚਨਾਵਾਂ ਤੱਕ ਸ਼ਾਮਲ ਹਨ। ਉਨ੍ਹਾਂ ਦੇ ਸੰਗੀਤ ਦੀ ਲੋਕਪ੍ਰਿਅਤਾ ਸਾਰੀਆਂ ਸਰਹੱਦਾਂ ਨੂੰ ਪਾਰ ਕਰ ਜਾਂਦੀ ਹੈ। ਉਨ੍ਹਾਂ ਦੇ ਸਪੇਨ ਦੀ ਘਰੇਲੂ ਜੰਗ ਦੌਰਾਨ ਆਈਸਲਰ ਦੇ ਗੀਤ ਹੌਂਸਲਾ ਅਤੇ ਜੁਰਅਤ ਪੈਦਾ ਕਰਦੇ ਸਨ।
ਆਈਸਲਰ ਵਿਲੱਖਣ ਸਿਧਾਂਤਕਾਰ ਅਤੇ ਮਾਹਰ ਲੇਖਕ (ਕਰਤਾ) ਸਨ। ਆਪਣੀ ਲਿਖਤਾਂ ਰਾਹੀਂ ਉਨ੍ਹਾਂ ਸੰਗੀਤ ਦੇ ਜਮਾਤੀ ਪੱਖ ਨੂੰ ਜ਼ਾਹਰ ਕੀਤਾ। 1947 ਵਿਚ ਥਿਓਡੋਰ ਅਡਾਰਨੋ ਨਾਲ਼ ਮਿਲ਼ ਕੇ ਲਿਖੀ ਉਨ੍ਹਾਂ ਦੀ ਕਿਤਾਬ ‘ਕੰਪੋਜ਼ਿੰਗ ਫਾਰ ਫ਼ਿਲਮਜ਼’ ਫ਼ਿਲਮ ਸੰਗੀਤ ਦੀ ਸ਼ਾਹਕਾਰ ਰਚਨਾ ਮੰਨੀ ਜਾਂਦੀ ਹੈ। ਉਨ੍ਹਾਂ ਦੀਆਂ ਚੋਣਵੀਆਂ ਰਚਨਾਵਾਂ ਨੂੰ ‘ਏ ਰੈਬਲ ਇਨ ਮਿਊਜ਼ਿਕ’ ਦੇ ਨਾਂ ਹੇਠ ਛਾਪਿਆ ਗਿਆ ਹੈ। ਆਈਸਲਰ ਅਨੁਸਾਰ, “ਕਲਾ ਅਤੇ ਸੰਗੀਤ ਆਮ ਤੌਰ ‘ਤੇ ਜਮਾਤੀ ਸੰਘਰਸ਼ ਵਿਚ ਅਧਿਆਪਕ ਹਨ।” ਉਨ੍ਹਾਂ ਮੁਤਾਬਿਕ, ਇਨਕਲਾਬੀ ਸੰਗੀਤਕਾਰ ਦੇ ਤਿੰਨ ਕਾਰਜ ਹੁੰਦੇ ਹਨ: ਪਹਿਲਾ ਹੜਤਾਲੀ ਤੇ ਪ੍ਰਚਾਰਕ, ਦੂਜਾ ਆਰਕੈਸਟਰਾ ਤੇ ਫ਼ਿਲਮ ਸੰਗੀਤ ਵਿਚ ਤਕਨੀਕੀ ਪ੍ਰਯੋਗ ਅਤੇ ਤੀਜਾ ਮਜ਼ਦੂਰ ਜਮਾਤ ਦੀ ਸੰਗੀਤਕ ਸਿੱਖਿਆ ਲਈ ਲੋੜੀਂਦੇ ਨਵੇਂ ਤਰੀਕੇ ਲੱਭਣਾ। ਆਈਸਲਰ ਨੇ ਖ਼ੁਦ ਨੂੰ ਇਨ੍ਹਾਂ ਤਿੰਨਾਂ ਹੀ ਕਾਰਜਾਂ ਲਈ ਸਮਰਪਿਤ ਕੀਤਾ। ਇਹੀ ਵਜ੍ਹਾ ਹੈ ਕਿ ਹਾਂਸ ਆਈਸਲਰ ਦਾ ਸੰਗੀਤ ਅਤੇ ਲਿਖਤਾਂ ਉਨ੍ਹਾਂ ਕਲਾਕਾਰਾਂ ਲਈ ਉਹ ਪੈੜਾਂ ਹਨ ਜਿਨ੍ਹਾਂ ਤੇ ਅੱਗੇ ਵਧ ਕੇ ਉਨ੍ਹਾਂ ਨੇ ਪ੍ਰੋਲੇਤਾਰੀ ਸੰਗੀਤ ਦੀ ਸਿਰਜਣਾ ਕਰਨੀ ਹੈ।