ਉਮਰ ਦੇ ਇਸ ਪੜਾਅ ‘ਤੇ ਰਾਣੀ ਮੁਖਰਜੀ ਹੁਣ ਆਪੋਜ਼ਿਟ ਕਲਾਕਾਰ ‘ਤੇ ਧਿਆਨ ਨਹੀਂ ਦੇ ਰਹੀ ਪਰ ਬੈਨਰ ਦਾ ਖਿਆਲ ਜ਼ਰੂਰ ਰੱਖ ਰਹੀ ਹੈ। ਉਂਜ, ਉਸ ਦਾ ਨਖਰਾ ਕੁਝ ਘਟਿਆ ਹੋਇਆ ਦਿਖਾਈ ਦੇ ਰਿਹਾ ਹੈ। ਇਸੇ ਲਈ ਹੀ ਉਹ ਅਦਾਕਾਰ ਰਣਦੀਪ ਹੁੱਡਾ ਨਾਲ ਕਰਨ ਜੌਹਰ ਦੀ ਨਵੀਂ ਫ਼ਿਲਮ ‘ਬਾਂਬੇ ਟਾਕੀਜ਼’ ਵਿਚ ਸਕਰੀਨ ਸ਼ੇਅਰ ਕਰਨ ਲਈ ਤਿਆਰ ਹੋ ਚੁੱਕੀ ਹੈ। ਉਹ ਪਹਿਲੀ ਵਾਰ ਰਣਦੀਪ ਨਾਲ ਕੰਮ ਕਰਨ ਵਾਲੀ ਹੈ। ‘ਬਾਂਬੇ ਟਾਕੀਜ਼’ ਚਾਰ ਕਹਾਣੀਆਂ ਦਾ ਗੁਲਦਸਤਾ ਤੇ ਭਾਰਤੀ ਸਿਨੇਮਾ ਦੇ ਸੌ ਸਾਲ ਪੂਰੇ ਕਰਨ ਦੀ ਦਾਸਤਾਨ ਹੈ ਜਿਸ ਵਿਚ ਦਿਬਾਕਰ ਬੈਨਰਜੀ, ਜੋਇਆ ਅਖ਼ਤਰ ਤੇ ਕਰਨ ਜੌਹਰ ਤਿੰਨਾਂ ਨੇ ਆਪਣਾ ਯੋਗਦਾਨ ਦਿੱਤਾ ਹੈ। ਰਾਣੀ-ਰਣਦੀਪ ਵਾਲੀ ਸਟੋਰੀ ਦਾ ਨਿਰਦੇਸ਼ਨ ਖੁਦ ਕਰਨ ਜੌਹਰ ਕਰੇਗਾ।
ਇਸ ਤੋਂ ਪਹਿਲਾਂ ਰਾਣੀ ਨੇ ਸਾਲ 2006 ਵਿਚ ਕਰਨ ਜੌਹਰ ਨਾਲ ‘ਕਭੀ ਅਲਵਿਦਾ ਨ ਕਹਿਨਾ’ ਵਿਚ ਕੰਮ ਕੀਤਾ ਸੀ। ਖਾਸ ਗੱਲ ਇਹ ਹੈ ਕਿ ਤਿੰਨ ਮਈ ਨੂੰ ਜਿਸ ਦਿਨ ਇਹ ਫ਼ਿਲਮ ਰਿਲੀਜ਼ ਹੋਵੇਗੀ, ਉਸੇ ਦਿਨ ਭਾਰਤੀ ਫ਼ਿਲਮ ਇੰਡਸਟਰੀ ਦੇ ਵੀ ਸੌ ਸਾਲ ਪੂਰੇ ਹੋਣਗੇ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਰਾਣੀ ਮੁਖਰਜੀ ਦੇ ਲੀਡ ਰੋਲ ਵਾਲੀ ਫ਼ਿਲਮ ‘ਅੱਈਆ’ ਭਾਵੇਂ ਅਸਫਲ ਸਿੱਧ ਹੋਈ ਹੋਵੇ ਪਰ ਪਿਛਲੇ ਸਾਲ ਦੀ ਹੀ ਰਿਲੀਜ਼ ਉਸ ਦੀ ਇਕ ਹੋਰ ਫ਼ਿਲਮ ‘ਤਲਾਸ਼’ ਜਿਸ ਵਿਚ ਉਸ ਨਾਲ ਆਮਿਰ ਖਾਨ ਤੇ ਕਰੀਨਾ ਕਪੂਰ ਸਨ, ਦੀ ਚੰਗੀ ਸਫਲਤਾ ਨੇ ਰਾਣੀ ਲਈ ਇਕ ਵਾਰ ਫਿਰ ਫ਼ਿਲਮ ਦੇ ਬੂਹੇ ਖੋਲ੍ਹ ਦਿੱਤੇ ਹਨ।
______________________________
ਰਵੀਨਾ ਟੰਡਨ ਦੀ ਵਾਪਸੀ
ਪਿਛਲੇ ਸਾਲ ਕ੍ਰਿਸ਼ਮਾ ਕਪੂਰ ਨੇ ਫਿਲਮ ‘ਡੇਂਜਰਸ ਇਸ਼ਕ’ ਤੇ ਸ੍ਰੀਦੇਵੀ ਨੇ ‘ਇੰਗਲਿਸ਼ ਵਿੰਗਲਿਸ਼’ ਨਾਲ ਪਰਦੇ ‘ਤੇ ਸਫਲ ਵਾਪਸੀ ਕੀਤੀ ਸੀ ਤੇ ਇਸ ਸਾਲ ਵੀ ਕੁਝ ਅਭਿਨੇਤਰੀਆਂ ਵਾਪਸੀ ਦੀ ਤਿਆਰੀ ਵਿਚ ਹਨ ਜਿਨ੍ਹਾਂ ਵਿਚ ਰਵੀਨਾ ਟੰਡਨ ਵੀ ਸ਼ਾਮਲ ਹੈ। ਵਿਆਹ ਕਰਕੇ ਰਵੀਨਾ ਟੰਡਨ ਥਡਾਨੀ ਬਣ ਚੁੱਕੀ ਇਹ ਅਦਾਕਾਰਾ ‘ਸ਼ੋਭਨਾ 7 ਨਾਈਟਸ’ ਨਾਮੀ ਫਿਲਮ ਨਾਲ ਵਾਪਸੀ ਕਰ ਰਹੀ ਹੈ। ਇਸ ਫਿਲਮ ਬਾਰੇ ਰਵੀਨਾ ਦਾ ਕਹਿਣਾ ਹੈ ਕਿ ਕੌਮਾਂਤਰੀ ਫਿਲਮ ਸਮਾਗਮਾਂ ਵਿਚ ਇਸ ਫਿਲਮ ਨੂੰ ਪਸੰਦ ਕੀਤਾ ਜਾ ਰਿਹਾ ਹੈ ਤੇ ਉਥੇ ਇਸ ਨੂੰ ਕਈ ਇਨਾਮ ਵੀ ਮਿਲੇ ਹਨ। ਫਿਲਹਾਲ ਇਹ ਫਿਲਮ ਵੱਖ-ਵੱਖ ਫਿਲਮ ਸਮਾਗਮਾਂ ਵਿਚ ਪ੍ਰਦਰਸ਼ਿਤ ਕੀਤੀ ਜਾ ਰਹੀ ਹੈ । 1990 ਦੇ ਦਹਾਕੇ ਦੀ ਤੁਲਨਾ ਵਿਚ ਅੱਜ ਦੇ ਬਾਲੀਵੁੱਡ ਵਿਚ ਆਈਆਂ ਤਬਦੀਲੀਆਂ ਬਾਰੇ ਰਵੀਨਾ ਦਾ ਕਹਿਣਾ ਹੈ ਕਿ ਅੱਜ ਬਾਲੀਵੁੱਡ ਵਧੇਰੇ ਪ੍ਰੋਫੈਸ਼ਨਲ ਹੋ ਚੁੱਕਾ ਹੈ ਪਰ ਕਈ ਮਾਮਲਿਆਂ ਵਿਚ ਇਹ 90 ਦੇ ਦਹਾਕੇ ਨਾਲੋਂ ਕਿਤੇ ਬਿਹਤਰ ਹੈ। ਹੁਣ ਸਭ ਕੁਝ ਬਹੁਤ ਤੇਜ਼ੀ ਨਾਲ ਹੋ ਰਿਹਾ ਹੈ ਤੇ ਮਿਹਨਤਾਨਾ ਵੀ ਵਧੀਆ ਹੈ। ਅੱਜ ਲੋਕ ਇਕ ਫਿਲਮ ਵਿਚ ਕੰਮ ਕਰਕੇ ਓਨਾ ਕਮਾ ਰਹੇ ਹਨ ਜਿੰਨਾ 10 ਫਿਲਮਾਂ ਵਿਚ ਕੰਮ ਕਰਕੇ ਕਮਾਇਆ ਜਾਂਦਾ ਸੀ। ਰਵੀਨਾ ਟੰਡਨ 1991 ਵਿਚ ਫਿਲਮ ‘ਪੱਥਰ ਕੇ ਫੂਲ’ ਨਾਲ ਬਾਲੀਵੁੱਡ ਦੇ ਵਿਹੜੇ ਵਿਚ ਆਈ ਸੀ। ਇਸ ਫਿਲਮ ਲਈ ਉਸ ਨੂੰ ਫਿਲਮਫੇਅਰ ਵਾਲਾ ਵੱਕਾਰੀ ਇਨਾਮ ਵੀ ਮਿਲਿਆ ਸੀ।
Leave a Reply