ਜੈ ਧਰਤੀ ਮਾਤਾ

ਮਰਹੂਮ ਡਾ. ਦਲਜੀਤ ਸਿੰਘ ਅੱਖਾਂ ਦੇ ਸੰਸਾਰ ਪ੍ਰਸਿੱਧ ਸਰਜਨ ਤਾਂ ਸਨ ਹੀ, ਉਹ ਲੋਕ ਮਸਲਿਆਂ ਬਾਰੇ ਵੀ ਗਾਹੇ-ਬਗਾਹੇ ਲਿਖਦੇ ਰਹੇ। ਉਨ੍ਹਾਂ ਦੀਆਂ ਇਹ ਲਿਖਤਾਂ ਹੁਣ ਕਿਤਾਬਾਂ ਦੇ ਰੂਪ ਵਿਚ ਵੀ ਮਿਲ ਜਾਂਦੀਆਂ ਹਨ। ਇਨ੍ਹਾਂ ਲਿਖਤਾਂ ਵਿਚ ਉਨ੍ਹਾਂ ਸੰਸਾਰ ਦਾ ਉਹ ਪਾਸਾ ਦਿਖਾਇਆ ਹੈ ਜੋ ਆਮ ਕਰ ਕੇ ਦਿਸਦਾ ਨਹੀਂ। ਸੰਸਾਰ ਦਾ ਇਹ ਦੂਜਾ ਪਾਸਾ ਉਨ੍ਹਾਂ ਬੜੀ ਸਾਦਗੀ ਅਤੇ ਸਹਿਜ ਨਾਲ ਪਾਠਕਾਂ ਅੱਗੇ ਪੇਸ਼ ਕੀਤਾ ਹੈ। ਇਸ ਲੇਖ ਵਿਚ ਉਨ੍ਹਾਂ ਧਰਤੀ ਮਾਂ ਦੀ ਬਾਤ ਸੁਣਾਈ ਹੈ ਜਿਸ ਉਤੇ ਵੱਖ-ਵੱਖ ਸਮਿਆਂ ਦੇ ਹਾਕਮ ਲਕੀਰਾਂ ਵਾਹ ਕੇ ਵੰਡੀਆਂ ਪਾ ਚੁਕੇ ਹਨ ਅਤੇ ਅੱਜ ਦੇ ਹਾਕਮ ਆਪਣੀ ਜ਼ਹਿਰੀਲੀ ਸਿਆਸਤ ਰਾਹੀਂ ਇਨ੍ਹਾਂ ਲਕੀਰਾਂ ਨੂੰ ਹੋਰ ਗੂੜ੍ਹੀਆਂ ਕਰੀ ਜਾਂਦੇ ਹਨ।

-ਸੰਪਾਦਕ

ਡਾ. ਦਲਜੀਤ ਸਿੰਘ

ਇਨਸਾਨ ਅਤੇ ਹੈਵਾਨ ਅੰਦਰ ਬੁਨਿਆਦੀ ਫਰਕ ਇਹ ਹੈ ਕਿ ਪਹਿਲੇ ਨੂੰ ਪੇਟ ਪੂਜਾ ਲਈ ਕਿਤੇ ਨਾ ਕਿਤੇ ਟਿਕ ਕੇ ਲਗਾਤਾਰ ਦਿਮਾਗੀ ਜਾਂ ਸਰੀਰਕ ਮਿਹਨਤ ਕਰਨੀ ਪੈਂਦੀ ਹੈ, ਜਦਕਿ ਦੂਸਰੇ ਨੂੰ ਕੁਦਰਤ ਦੇ, ਧਰਤੀ ਮਾਂ ਦੇ ਵਿਸ਼ਾਲ ਭੰਡਾਰੇ ਅੰਦਰੋਂ ਬਣੀ ਬਣਾਈ ਖੁਰਾਕ ਮਿਲ ਜਾਂਦੀ ਹੈ।
ਕੁਲ ਇਨਸਾਨੀ ਆਬਾਦੀ ਮਿਹਨਤ ਲਈ ਤਤਪਰ ਹੈ। ਮਿਹਨਤ ਦੇ ਮੌਕੇ ਸਭ ਥਾਂ ਇਕੋ ਜਿਹੇ ਨਹੀਂ ਹਨ। ਸਿਆਸੀ ਸਰਹੱਦਾਂ ‘ਚ ਬੇਅੰਤ ਫਰਕ ਹਨ। ਸਰਹੱਦਾਂ ‘ਚ ਫੌਜਾਂ ਅਤੇ ਪੁਲਿਸ ਹਨ। ਵੱਖ-ਵੱਖ ਨਿਜ਼ਾਮ ਹਨ। ਸਰਹੱਦਾਂ ਦੇ ਆਰ-ਪਾਰ ਬੇਅੰਤ ਸਾਂਝਾਂ ਹਨ ਅਤੇ ਦੁਸ਼ਮਣੀਆਂ ਵੀ। ਇਕ ਪਾਸੇ ਸਰਮਾਏਦਾਰੀ ਨਿਜ਼ਾਮ ਸਿਖਰਾਂ ਨੂੰ ਟੱਪ ਕੇ ਕੁਲ ਦੁਨੀਆਂ ਉਤੇ ਛਾ ਜਾਣ ਅਤੇ ਹੜੱਪਣ ਦੀਆਂ ਗੋਂਦਾਂ ਗੁੰਦਦਾ ਹੈ ਅਤੇ ਦੂਜੇ ਪਾਸੇ ਠੱਗੀ, ਫਰੇਬ ਤੇ ਸਾਮਰਾਜੀ ਘੁਸਪੈਠ ਜਾਂ ਖੁੱਲ੍ਹੇ ਧਾਵੇ ਤੋਂ ਜਾਨ ਬਚਾਉਣ ਲਈ ਬੇਅੰਤ ਦੇਸ਼ਾਂ ਦੇ ਲੋਕ ਯਤਨਸ਼ੀਲ ਹਨ।
ਦੂਜੀ ਸੰਸਾਰ ਜੰਗ ਪਿਛੋਂ ਦੋ ਮਹਾਂ ਸ਼ਕਤੀਆਂ ਉਭਰ ਕੇ ਆਈਆਂ। ਇਕ ਧੜਾ ਅਮਰੀਕੀ ਨਿਜੀ ਮਲਕੀਅਤ ਨਿਜ਼ਾਮ ਦਾ ਅਤੇ ਦੂਜਾ ਧੜਾ ਕੁੱਲ ਸਰਕਾਰੀ ਮਲਕੀਅਤ ਜਾਂ ‘ਸਮਾਜਵਾਦੀ’ ਸੋਵੀਅਤ ਸੰਘ ਦਾ। 1939-45 ਦੀ ਸੰਸਾਰ ਜੰਗ ਵਿਚ 13 ਫੀਸਦੀ ਰੂਸੀ ਲੋਕ ਮਾਰੇ ਗਏ ਸਨ ਅਤੇ ਉਸ ਦਾ ਯੂਰਪੀ ਭਾਗ ਲੜਾਈ ਨਾਲ ਤਹਿਸ ਨਹਿਸ ਹੋ ਚੁਕਾ ਸੀ। ਅਮਰੀਕੀ ਅਤੇ ਰੂਸੀ ਧੜਿਆਂ ਵਿਚਾਲੇ ਖਿੱਚੋਤਾਣ ਤੇ ਹਥਿਆਰਾਂ ਦੀ ਦੌੜ ਚਾਲੂ ਹੋ ਗਈ। ਅਮਰੀਕਾ ਨੇ ਅਮਲੀ ਤੌਰ ‘ਤੇ ਜਾਪਾਨ ਦੇ ਦੋ ਸ਼ਹਿਰ ਐਟਮ ਬੰਬ ਨਾਲ ਉਡਾਏ ਹੋਏ ਸਨ। ਉਸ ਦੇ ਫੌਜੀ ਅਤੇ ਸਿਆਸੀ ਨੇਤਾ ਹਰਦਮ ਸੋਵੀਅਤ ਸੰਘ ਨੂੰ ਮਿਟਾਉਣਾ ਚਾਹੁੰਦੇ ਸਨ, ਪਰ ਅੱਜ ਦੇ ਗਰੀਬ ਦੇਸ਼ ਉਤਰੀ ਕੋਰੀਆ ਵਾਂਗ ਉਸ ਸਮੇਂ ਦੇ ਕੰਗਾਲ ਸੋਵੀਅਤ ਸੰਘ ਨੇ ਵੀ ਐਟਮ ਬੰਬ (1949) ਅਤੇ ਅਮਰੀਕਾ ਤੋਂ ਇਕ ਸਾਲ ਪਿਛੋਂ 1953 ਵਿਚ ਹਾਈਡ੍ਰੋਜਨ ਬੰਬ ਦਾ ਸਫਲ ਟੈਸਟ ਕਰ ਦਿੱਤਾ ਅਤੇ ਫਿਰ ਸਭ ਤੋਂ ਪਹਿਲਾਂ ਧਰਤੀ ਦਾ ਉਪ-ਗ੍ਰਹਿ ਛੱਡ ਦਿੱਤਾ।
1949 ਵਿਚ ਜਾਪਾਨ ਤੋਂ ਮੁਕਤੀ ਹਾਸਲ ਕਰਨ ਵਾਲੇ ਉਤਰੀ ਕੋਰੀਆ ਉਤੇ ਅਮਰੀਕਾ ਨੇ ਹਮਲਾ ਕੀਤਾ। ਜਦੋਂ ਅਮਰੀਕਾ ਸਫਲਤਾ ਦੇ ਬਹੁਤ ਨੇੜੇ ਸੀ ਤਾਂ ਯਾਲੂ ਦਰਿਆ ਪਾਰੋਂ ਚੀਨੀ ਫੌਜਾਂ ਦਾਖਲ ਹੋਈਆਂ ਅਤੇ ਹਮਲਾਵਰ ਦੇ ਛੱਕੇ ਛੁਡਾ ਦਿੱਤੇ। ਅਮਰੀਕੀ ਲੋਕਾਂ ਨੂੰ ਇਹ ਜੰਗ ਕਮਿਊਨਿਜ਼ਮ ਨੂੰ ਰੋਕਣ ਲਈ ਦੱਸੀ ਗਈ ਸੀ। 1953 ਤੋਂ ਕੋਰੀਆ ਵਿਚ ਜੰਗਬੰਦੀ ਹੈ ਪਰ ਫੌਜਾਂ ਦੋਵੇਂ ਪਾਸੇ ਤਿਆਰ-ਬਰ-ਤਿਆਰ ਖੜ੍ਹੀਆਂ ਹਨ।
ਵੀਅਤਨਾਮ ਵਿਚ ਫਰਾਂਸ ਦਾ ਚਿਰਾਂ ਤੋਂ ਕਬਜ਼ਾ ਸੀ। ਦੂਜੀ ਸੰਸਾਰ ਜੰਗ ਪਿੱਛੋਂ ਫਰਾਂਸ ਨੇ ਆਪਣਾ ਕਬਜ਼ਾ ਜਾਰੀ ਰੱਖਿਆ, ਜਦਕਿ ਸਭ ਪਾਸੇ ਬਸਤੀਵਾਦ ਦਾ ਖਾਤਮਾ ਹੋ ਰਿਹਾ ਸੀ। ਹੋ ਚੀ ਮਿੰਨ ਦੀ ਕਿਸਾਨ ਗੁਰੀਲਾ ਫੌਜ ਨੇ ਫਰਾਂਸੀਸੀ ਫੌਜ ਦੇ ਗੋਡੇ ਲਵਾ ਦਿੱਤੇ ਅਤੇ ਵੀਅਤਨਾਮ ਆਜ਼ਾਦ ਕਰ ਲਿਆ। 1964 ਵਿਚ ਅਮਰੀਕਾ ਨੇ ਫਰਾਂਸ ਦੀ ਹਾਰ ਨੂੰ ਸਰਮਾਏਦਾਰੀ ਧੜੇ ਦੀ ਹੇਠੀ ਮੰਨ ਕੇ ਆਪਣੇ ਸਿੰਗ ਫਸਾ ਦਿੱਤੇ। ਕਰੀਬ ਦਸ ਸਾਲ ਵੀਅਤਨਾਮ ‘ਚ ਅਮਰੀਕੀ ਹਮਲਾ ਜਾਰੀ ਰਿਹਾ। ਅਖੀਰ ਉਸ ਨੂੰ ਧੱਕੇ ਖਾ ਕੇ ਨਿਕਲਣਾ ਪਿਆ। ਹੋ ਚੀ ਮਿੰਨ ਦੀ ਪੇਂਡੂ ਕਿਸਾਨ ਫੌਜ ਕੀ ਸੀ ਭਲਾ, ਜੇ ਉਸ ਦੇ ਪਿਛੇ ਰੂਸੀ ਮਦਦ ਨਾ ਹੁੰਦੀ? ਅਮਰੀਕੀ ਸਾਮਰਾਜੀ ਦੈਂਤ ਨੇ ਕੇਵਲ ਹਾਰ ਹੀ ਖਾਧੀ ਅਤੇ ਉਹ ਵਾਪਸ ਆਪਣੇ ਖੁਸ਼ਹਾਲ ਦੇਸ਼ ਅਮਰੀਕਾ ਨੂੰ ਪਰਤ ਗਿਆ ਪਰ ਗਰੀਬ ਸੋਵੀਅਤ ਸੰਘ ਮਦਦ ਕਰਦਿਆਂ ਆਪ ਖੋਖਲਾ ਹੋ ਗਿਆ।
ਵੀਅਤਨਾਮੀ ਦਲਦਲ ਵਿਚੋਂ ਮਾਰ ਖਾ ਕੇ ਅਮਰੀਕਾ ਨੇ ਅਗਲੀ ਚਾਲ ਸੋਵੀਅਤ ਰਸੂਖ ਵਾਲੇ ਦੇਸ਼ ਅਫਗਾਨਿਸਤਾਨ ਦੇ ਅੰਦਰ ਚੱਲੀ। ਪਾਕਿਸਤਾਨ ‘ਚ ਸਿਖਲਾਈ ਯਾਫਤਾ ‘ਦੇਸ਼ ਭਗਤਾਂ’ ਨੇ ਅਫਗਾਨ ਸਰਕਾਰ ਨਾਲ ਲੋਹਾ ਲੈਣਾ ਸ਼ੁਰੂ ਕੀਤਾ। ਸੋਵੀਅਤ ਸੰਘ ਨੂੰ ਮਜਬੂਰ ਹੋ ਕੇ ਆਪਣੀਆਂ ਫੌਜਾਂ ਅਫਗਾਨਿਸਤਾਨ ‘ਚ ਘੱਲਣੀਆਂ ਪਈਆਂ। ਅਮਰੀਕਾ ਦੇ ਤਿਆਰ ਤੇ ਲੈਸ ਕੀਤੇ ਦੇਸ਼ ਭਗਤਾਂ ਨੇ ਵੀਅਤਨਾਮ ਦਾ ਬਦਲਾ ਲੈ ਲਿਆ ਅਤੇ ਸੋਵੀਅਤ ਸੰਘ ਨੂੰ ਉਥੋਂ ਬੇਇੱਜਤ ਹੋ ਕੇ ਨਿਕਲਣਾ ਪਿਆ। ਦਰਅਸਲ ਅਫਗਾਨਿਸਤਾਨ ਦੀ ਜੰਗ ਨੇ ਸੋਵੀਅਤ ਸੰਘ ਦਾ ਵਿੱਤੀ ਲਹੂ ਚੂਸ ਲਿਆ। ਉਸ ਦੇ ਤੁਲ ਅਮਰੀਕਾ ਲਈ ਵੀਅਤਨਾਮੀ ਖਰਚਾ ਮਾਮੂਲੀ ਚੀਜ਼ ਸੀ।
ਸਾਲ 1991 ਵਿਚ ਸੋਵੀਅਤ ਸੰਘ ਖੇਰੂੰ-ਖੇਰੂੰ ਹੋ ਗਿਆ। ਆਰਥਕ ਮੰਦੀ ਨੇ ਮੁਸੀਬਤਾਂ ਪਾਈਆਂ। ਉਸ ਦਾ ਅਰਥਚਾਰਾ ਬੇਅੰਤ ਸਰਮਾਏਦਾਰੀ ਗਿੱਧਾਂ ਨੋਚ ਕੇ ਲੈ ਗਈਆਂ। ਉਸ ਦੇ ਚੋਟੀ ਦੇ ਇਕ ਤਿਹਾਈ ਸਾਇੰਸਦਾਨ ਦੂਜੇ ਦੇਸ਼ਾਂ ਨੂੰ ਚਲੇ ਗਏ। ਇਸ ਨਿਘਾਰ ਵਿਚ ਨਵੀਂ ਰੂਸੀ-ਸਾਂਝ ਦੇ ਗੁੱਟ ਨੇ ਜਨਮ ਲਿਆ ਜਿਸ ਨੇ ਜਿਵੇਂ ਕਿਵੇਂ ਇਕ ਵਾਰ ਫਿਰ ਲੱਕ ਸਿੱਧਾ ਕੀਤਾ ਅਤੇ ਬੇਅੰਤ ਔਖੀਆਂ ਘਾਟੀਆਂ ਵਿਚੋਂ ਲੰਘ ਕੇ ਮਸਾਂ ਹੁਣ ਜਾ ਕੇ ਸੁਰੱਖਿਅਤ ਮਹਿਸੂਸ ਕੀਤਾ ਹੈ।
ਸੋਵੀਅਤ ਸੰਘ ਦਾ ਢਹਿ-ਢੇਰੀ ਹੋਣਾ ਅਤੇ ਅਸੰਭਵ ਜਿਹੇ ਹਾਲਾਤ ਵਿਚ ਉਸ ਦਾ ਕੁੱਲ ਅਮਰੀਕੀ ਦਬਾਅ ਦੇ ਬਾਵਜੂਦ ਨਵੇਂ ਰੂਪ ਵਿਚ ਮੁੜ ਉਭਰ ਕੇ ਖੜ੍ਹੇ ਹੋ ਜਾਣਾ, ਬੇਅੰਤ ਅਚੰਭੇ ਵਾਲੀ ਗੱਲ ਹੈ।
1991 ਵਿਚ ਸੋਵੀਅਤ ਰੂਸ ਦੇ ਬਖੀਏ ਉਧੇੜਨ ਵਿਚ ਅਮਰੀਕਾ ਦਾ ਅੰਦਰਖਾਤੇ ਬਹੁਤ ਵੱਡਾ ਹੱਥ ਸੀ ਅਤੇ ਉਸ ਦੀ ਬਹੁਤ ਵੱਡੀ ਜਿੱਤ ਸੀ, ਜਿਸ ਨੇ ਉਸ ਦੇ ਪਿਛਲੇ ਸਾਰੇ ਧੋਣੇ ਧੋ ਦਿੱਤੇ, ਤੇ ਉਹ ਧਰਤੀ ਉਤੇ ਇਕਲੌਤੀ ਮਹਾਂ ਸ਼ਕਤੀ ਬਣ ਗਿਆ। ਇਸ ਮਹਾਂ ਸ਼ਕਤੀ ‘ਚ ਸੰਭਾਵਨਾ ਸੀ ਕਿ ਉਹ ਸੰਸਾਰ ਦੀ ਸਰਦਾਰੀ ਨੂੰ ਅਮਨ ਤੇ ਬਹਾਦਰੀ ਦੇ ਭਾਈਚਾਰੇ ਅਤੇ ਸਰਬੱਤ ਦੇ ਭਲੇ ਲਈ ਵਰਤਦਾ। ਮੰਦੇ ਭਾਗੀਂ ਇਸ ਦੀ ਮਨੋਬਿਰਤੀ ਸਾਮਰਾਜੀ ਕਬਜ਼ੇ ਅਤੇ ਲੁੱਟ ਖਸੁੱਟ ਦੀਆਂ ਲੀਹਾਂ ‘ਤੇ ਹੀ ਟਿਕੀ ਰਹੀ। ਇਸ ਦੀਆਂ ਤਾਂ ਗੋਂਦਾਂ ਹੀ ਹੋਰ ਸਨ।
ਅਮਰੀਕਾ ਪਤਾ ਨਹੀਂ ਕਿਹੜੇ ਭੂਤ ਦੇ ਵਸ ਹੈ? ਜਿੰਨੇ ਉਥੋਂ ਦੇ ਲੋਕ ਮਿਹਨਤੀ ਅਤੇ ਅਮਨਪਸੰਦ ਜਾਪਦੇ ਹਨ, ਓਨੀਆਂ ਹੀ ਉਥੋਂ ਦੀਆਂ ਸਰਕਾਰਾਂ ਨੇ ਪਿਛਲੇ ਡੇਢ ਸੌ ਸਾਲ ਅੰਦਰ ਸੌ ਤੋਂ ਵੱਧ ਦੇਸ਼ਾਂ ਅੰਦਰ ਦਖਲ ਅੰਦਾਜ਼ੀ ਕਰ ਕੇ ਜਾਂ ਰਾਜ ਪਲਟੇ ਕੀਤੇ ਹਨ, ਆਪ ਸਿੱਧੀ ਤਬਾਹੀ ਕੀਤੀ ਹੈ, ਤੇ ਜਾਂ ਆਪਣੇ ਥਾਪੇ ਹੋਏ ਹੱਥ ਠੋਕਿਆਂ ਤੋਂ ਕਤਲੇਆਮ ਕਰਵਾਇਆ ਹੈ। ਹਰ ਥਾਂ ਨਿਸ਼ਾਨਾ ਇਕੋ ਹੀ ਰਿਹਾ ਹੈ ਕਿ ਉਨ੍ਹਾਂ ਦੇਸ਼ਾਂ ਦੇ ਧਰਤੀ ਮਾਂ ਦੇ ਵਸੀਲਿਆਂ ਅਤੇ ਵਸੋਂ ਉਤੇ ਅਮਰੀਕੀ ਕੰਪਨੀਆਂ ਦਾ ਪੂਰਾ ਦਬਦਬਾ ਹੋਵੇ ਤਾਂ ਜੋ ਉਹ ਕੁਦਰਤ ਦੀਆਂ ਨਾਯਾਬ ਦਾਤਾਂ ਦੀ ਪੂਰੀ ਤਰ੍ਹਾਂ ਲੁੱਟ ਕਰ ਸਕਣ, ਤੇ ਸਿੱਧੀਆਂ ਬਸਤੀਆਂ ਬਣਾ ਕੇ ਸਿਰਦਰਦੀ ਮੁੱਲ ਲੈਣ ਦੀ ਥਾਂ ਅਜਿਹੀ ਖੁਦਮੁਖਤਾਰੀ ‘ਬਖਸ਼’ ਦੇਣ ਜਿਸ ਦੀਆਂ ਡੋਰਾਂ ਆਪਣੇ ਹੱਥ ਰਹਿਣ। ਇਸ ਤਰ੍ਹਾਂ ਦੇ ਨਿਜ਼ਾਮ ਵਾਲੇ ਸਿਸਟਮ ਨੂੰ ‘ਨਵ-ਬਸਤੀਵਾਦ’ ਕਿਹਾ ਜਾਂਦਾ ਹੈ। ਤੀਜੀ ਦੁਨੀਆਂ ਦੇ ਤਾਜ਼ਾ ਆਜ਼ਾਦ ਹੋਏ ਬਹੁਤੇ ਦੇਸ਼ ਇਸ ਚੂਹਾ-ਕੜਿੱਕੀ ਵਿਚ ਫਸੇ ਹੋਏ ਹਨ।
ਇਸੇ ਸਿਲਸਿਲੇ ਨੂੰ ਲੰਮੇ ਸਮੇਂ ਤੋਂ ਜਾਰੀ ਰੱਖਦਿਆਂ ਰੂਸ ਦੇ ਢਿੱਲੇ ਮੱਠੇ ਹੁੰਦਿਆਂ ਹੀ ਪ੍ਰਸਾਰ ਦੀ ਨਵੀਂ ਨੀਤੀ ਖੁੱਲ੍ਹ ਕੇ ਬੇਖੌਫ ਜਾਹਰ ਕਰ ਦਿੱਤੀ ਗਈ। ਇਹ ਸੀ, ਨਵੀਂ ਸਦੀ ਲਈ ਨਵੀਂ ਅਮਰੀਕੀ ਨੀਤੀ। ਇਸ ਅਨੁਸਾਰ ਸਾਲ 2020 ਤੱਕ ਅਮਰੀਕਾ ਨੇ ਧਰਤੀ, ਸਮੁੰਦਰ, ਹਵਾ ਅਤੇ ਖਲਾਅ ਅੰਦਰ ਮੁਕੰਮਲ ਸਰਦਾਰੀ ਕਾਇਮ ਕਰਨੀ ਹੈ ਅਤੇ ਦੁਨੀਆਂ ਦੇ ਕੁਲ ਦੇਸ਼ਾਂ ਨੂੰ ਆਪਣੇ ਅੰਗੂਠੇ ਹੇਠਾਂ ਰੱਖਣਾ ਹੈ। ਫਿਰ ਸਵਾਲ ਪੈਦਾ ਹੋਇਆ, ਜਿਵੇਂ ਹਰ ਨਵੀਂ ਸ਼ੁਰੂ ਕੀਤੀ ਜਾਣ ਵਾਲੀ ਜੰਗ ਸਮੇਂ ਹੁੰਦਾ ਹੈ ਕਿ ਅਮਰੀਕੀ ਲੋਕਾਂ ਨੂੰ ਇਸ ਨੀਤੀ ਉਤੇ ਰਜ਼ਾਮੰਦ ਕਰ ਕੇ ਨਾਲ ਕਿਵੇਂ ਤੋਰਿਆ ਜਾਵੇ?
ਸਾਮਰਾਜੀ ਨੀਤੀਆਂ ਨੂੰ ਚਾਲੂ ਕਰਨ ਅਤੇ ਸਿਰੇ ਚੜ੍ਹਾਉਣ ਲਈ ਨਿਰੇ-ਪੁਰੇ ਪ੍ਰਧਾਨ ਦੇ ਬਿਆਨ ਕੰਮ ਨਹੀਂ ਆਉਂਦੇ। ਉਹ ਤਾਂ ਕੁਝ ਸਾਲਾਂ ਲਈ ਸਾਮਰਾਜ ਦਾ ਆਪਣਾ ਥਾਪਿਆ ਮੁਹਰਾ ਹੁੰਦਾ ਹੈ। ਨੀਤੀਆਂ ਪ੍ਰਧਾਨ ਨਹੀਂ ਬਣਾਉਂਦਾ, ਉਸ ਲਈ ਨੀਤੀਆਂ ਤਾਂ ਪਹਿਲਾਂ ਹੀ ਬਣਾਈਆਂ ਜਾਂ ਬਣ ਰਹੀਆਂ ਹੁੰਦੀਆਂ ਹਨ। ਉਸ ਦੇ ਬਿਆਨ ਓਪਰੀ ਸ਼ੋਅ-ਬਾਜ਼ੀ ਦਾ ਹਿੱਸਾ ਹੁੰਦੇ ਹਨ। ਕੁਲ ਅਮਰੀਕੀ ਲੋਕ ਅਤੇ ਸੰਸਾਰ ਜਾਣਦਾ ਹੈ ਕਿ ਪ੍ਰਧਾਨ ਬੁਸ਼ ਦੇ ਬੇਥਵੇ ਅਤੇ ਝੂਠੇ ਬਿਆਨ ਤਾਂ ਸਦਾ ਅਚੰਭੇ ਦਾ ਕਾਰਨ ਬਣੇ ਰਹਿੰਦੇ ਸਨ, ਪਰ ਸਾਮਰਾਜੀ ਭਾਈਵਾਲ ਮੀਡੀਆ ਆਪੇ ਹੀ ‘ਸਭ ਅੱਛਾ’ ਕਰ ਕੇ ਠੀਕ-ਠਾਕ ਕਰ ਲੈਂਦਾ ਸੀ।
ਹਰ ਅਮਰੀਕਨ ਪ੍ਰਧਾਨ ਦਰਜਾ-ਬਦਰਜਾ ਮਿੱਥੀ ਯੋਜਨਾ ਅਨੁਸਾਰ ਸਾਮਰਾਜੀ ਏਜੰਡਾ ਵੱਖ-ਵੱਖ ਦੇਸ਼ਾਂ ‘ਚ ਵੱਖ-ਵੱਖ ਪੜਾਵਾਂ ਉਤੇ ਵਧਾਈ ਜਾਂਦਾ ਸੀ। ਪਿਛਲੇ ਸਭ ਪ੍ਰਧਾਨਾਂ ਅਤੇ ਉਨ੍ਹਾਂ ਦੇ ਨੇੜਲਿਆਂ ਨੂੰ ‘ਤਰੱਕੀ’ ਦੀ ਸੜਕ ਦਾ ਪੂਰਾ ਗਿਆਨ ਸੀ ਅਤੇ ਉਹ ਭੇਤ ਸੰਭਾਲ ਕੇ ਰੱਖਣ ਲਈ ਸਹੁੰ-ਬੱਧ ਸਨ। ਜਦੋਂ ਪ੍ਰਧਾਨ ਬੁਸ਼ ਆਇਆ ਤਾਂ ਉਸ ਦੇ ਹਿੱਸੇ ਸੀ ‘ਸੰਸਾਰ ਵਪਾਰ ਕੇਂਦਰ’ ਦੀ ਤਬਾਹੀ ਦੀ ਘਟਨਾ, ਜਿਸ ਨਾਲ ਸਭ ਅਮਨ ਪਸੰਦ ਅਮਰੀਕੀ ਲੋਕਾਂ ‘ਚ ਅਤਿਅੰਤ ਡਰ ਅਤੇ ਨਾਲ ਹੀ ਬਦਲੇ ਦੀ ਭਾਵਨਾ ਉਜਾਗਰ ਹੋ ਜਾਵੇ।
ਇਹ ਹਾਦਸਾ ਕੋਈ ਇਕ ਦਿਨ ਵਿਚ ਨਹੀਂ ਤਿਆਰ ਕੀਤਾ ਗਿਆ। ਲੰਮੀ ਸਾਮਰਾਜੀ ਸਕੀਮ ਅੰਦਰ ਇਸ ਨੂੰ ਤਿਆਰ ਕਰਨ ਅਤੇ ਸਿਖਰ ‘ਤੇ ਪਹੁੰਚਾਉਣ ਲਈ ਕਰੀਬ 25 ਸਾਲ ਲੱਗ ਗਏ ਸਨ। ਜਦੋਂ ਇਹ ਹਾਦਸਾ ਕੀਤਾ ਗਿਆ ਅਤੇ ਵਾਰ-ਵਾਰ ਟੀ. ਵੀ. ਉਤੇ ਦਿਖਾਇਆ ਗਿਆ ਤਾਂ ਦੋਸ਼ ਮੱਧ ਏਸ਼ੀਆ ਦੇ ਵਾਸੀਆਂ ਉਤੇ ਸੁਟਿਆ ਗਿਆ। ਨਾਲ ਹੀ ਅਫਗਾਨਿਸਤਾਨ ਅਤੇ ਫਿਰ ਇਰਾਕ ਵਿਚ ਜੰਗ ਸ਼ੁਰੂ ਕਰ ਦਿੱਤੀ ਗਈ, ਜੋ ਅੱਠਾਂ ਸਾਲਾਂ ਤੋਂ ਵੀ ਵੱਧ ਸਮੇਂ ਤੋਂ ਜਾਰੀ ਹੈ। ਪਾਕਿਸਤਾਨ ‘ਚ ਵੀ ਸੇਕ ਪਹੁੰਚਣਾ ਸ਼ੁਰੂ ਹੋ ਗਿਆ। ਇਰਾਨ ਨਾਲ ਵੱਖਰਾ ਪੇਚਾ ਪਾਇਆ ਗਿਆ ਹੈ। ਇਉਂ ਸਾਮਰਾਜੀ ਜੰਗਬਾਜ਼ਾਂ ਨੂੰ ਨਕੇਲ ਪਾ ਸਕਣ ਵਾਲੀ ਅਮਰੀਕੀ ਪਬਲਿਕ ਨੂੰ ਆਪ ਬੇਅੰਤ ਸਾਹ ਘੁਟਦੇ ਕਾਨੂੰਨਾਂ ਦੇ ਨਾਲ ਨਕੇਲ ਪਾ ਦਿੱਤੀ ਗਈ ਹੈ।
ਅੱਠ ਸਾਲਾਂ ਦੀ ਜੰਗ ਅਤੇ ਅਗਾਂਹ ਤੁਰੀਆਂ ਆਉਂਦੀਆਂ ਜੰਗਾਂ ਦੀਆਂ ਤਿਆਰੀਆਂ ਨੇ ਅਮਰੀਕਾ ਵਰਗੀ ਮਹਾਨ ਆਰਥਕ ਸ਼ਕਤੀ ਨੂੰ ਖੋਖਲਾ ਕਰ ਕੇ ਰੱਖ ਦਿੱਤਾ ਹੈ। ਅਮਰੀਕਾ ਦੇ ਨਾਲ ਬੇਅੰਤ ਦੇਸ਼ ਆਰਥਕ ਮੰਦੀ ਦਾ ਸ਼ਿਕਾਰ ਹੋ ਰਹੇ ਹਨ। ਹਾਲੇ ਤਾਂ ਸ਼ੁਰੂਆਤ ਹੈ, ਅਗਾਂਹ ਦੇਖਣਾ ਕੀ ਹੁੰਦਾ ਹੈ! ਬੜੇ ਦੇਸ਼ ਜਿਨ੍ਹਾਂ ਵਿਚ ਖਾਸ ਕਰ ਰੂਸ ਮੋਢੀ ਹੋਵੇਗਾ, ਇਹ ਦਿਲੋਂ ਚਾਹੁੰਦੇ ਹੋਣਗੇ ਕਿ ਅਮਰੀਕਾ ਆਪਣੀਆਂ ਜੰਗਾਂ ਵਿਚ ਲਗਾਤਾਰ ਉਲਝਿਆ ਰਹੇ ਅਤੇ ਹੋਰ ਨਿਤਾਣਾ ਹੁੰਦਾ ਜਾਵੇ। ਰੂਸ ਨੇ ਤਾਂ ਫੌਜੀ ਸਮਾਨ ਅਫਗਾਨਿਸਤਾਨ ਅੰਦਰ ਲਿਜਾਣ ਲਈ ਆਪਣੇ ਦੇਸ਼ ‘ਚੋਂ ਲਾਂਘਾ ਵੀ ਦਿੱਤਾ ਹੋਇਆ ਹੈ। ਯਾਦ ਰਹੇ, ਅੱਜ ਦਾ ਰੂਸ ਪਹਿਲਾਂ ਵਾਲੇ ਸੋਵੀਅਤ ਸੰਘ ਨਾਲੋਂ ਵੱਖਰਾ ਹੈ। ਇਹ ਦੇਸ਼ ਕਿਸੇ ਹੋਰ ਦੇਸ਼ ਦੀ ਰੱਖਿਆ ਕਰਨ ਲਈ ਆਪਣੀ ਗਰਦਨ ਅੱਗੇ ਕਰਨ ਵਾਲਾ ਨਹੀਂ ਹੈ।
ਬਾਹੂਬਲੀ ਸਮਰਾਟ ਲਈ ਆਪਣੇ ਲੋਹ ਲਸ਼ਕਰ ਨਾਲ ਕੁੱਲ ਧਰਤੀ ਨੂੰ ਰੌਂਦ ਦੇਣਾ ਕੋਈ ਮੁਸ਼ਕਿਲ ਗੱਲ ਨਹੀਂ ਹੈ। ਧਰਤੀ ਤੋਂ ਜੀਵਨ ਦਾ ਸਦਾ ਲਈ ਬੀਜ ਨਾਸ ਕਰਨ ਦੀ ਸ਼ਕਤੀ ਹੈ ਪਰ ਕੁਰਸੀਆਂ ਉਤੇ ਬਿਰਾਜਮਾਨ, ਧਰਤੀ ਦੀ ਕਿਸਮਤ ਦਾ ਫੈਸਲਾ ਕਰਨ ਵਾਲਿਆਂ ਨੂੰ ਇਹ ਖਿਆਲ ਨਹੀਂ ਕਿ ਹਰ ਦੇਸ਼ ਦਾ ਇਨਸਾਨ ਸੋਚਣ ਦੀ ਸ਼ਕਤੀ ਰੱਖਦਾ ਹੈ। ਨਾਲ ਹੀ ਕੁੱਲ ਸਾਮਰਾਜੀ ਸਕੀਮਾਂ ਉਤੇ ਪਾਣੀ ਫੇਰ ਦੇਣ ਲਈ ਆਪਣੀ ਜਾਨ ਨਿਛਾਵਰ ਕਰਨ ਦਾ ਸਾਹਸ ਵੀ ਰੱਖਦਾ ਹੈ। ਸਾਮਰਾਜੀ ਕਾਰੇ ਜਿਸ ਨੂੰ ਕਾਮਯਾਬੀ ‘ਤੇ ਕਾਮਯਾਬੀ ਦੇ ਸਿਹਰੇ ਪਾਏ ਜਾ ਰਹੇ ਹਨ, ਪੂਰਨ ਛਲਾਵਾ ਹਨ। ਅਸਲੀਅਤ ਇਹ ਹੈ ਕਿ ਸਾਮਰਾਜੀ ਫੌਜਾਂ ਜਾਨ ਉਤੇ ਖੇਡ ਜਾਣ ਵਾਲੀ ਲੋਕਾਈ ਦੀ ਦਲਦਲ ਵਿਚ ਫਸ ਗਈਆਂ ਹਨ, ਜਿਥੋਂ ਉਹ ਬਚ ਕੇ ਨਹੀਂ ਨਿਕਲ ਸਕਦੀਆਂ। ਇਥੇ ਉਹੀ ਕੁਝ ਹੋਣ ਵਾਲਾ ਹੈ, ਜੋ ਵੀਅਤਨਾਮ ਵਿਚ ਹੋਇਆ ਸੀ। ਸ਼ਾਇਦ ਉਸ ਤੋਂ ਬੁਰਾ ਹੋਵੇ।
ਹੁਣ ਵੱਡਾ ਸਵਾਲ ਉਠਦਾ ਹੈ। ਜੰਗਾਂ ਨੂੰ ਹਵਾ ਦੇਣ ਵਾਲੇ ਨੇਤਾ ਅਮਰੀਕਾ ਦੇ ਦੇਸ਼ ਭਗਤ ਹਨ ਜਾਂ ਦੇਸ਼ ਧ੍ਰੋਹੀ? ਉਹ ਕੌਮਾਂਤਰੀ ਕਾਨੂੰਨ ਦੇ ਰਖਵਾਲੇ ਹਨ ਜਾਂ ਕੌਮਾਂਤਰੀ ਕਾਤਲ ਮੁਜ਼ਰਮ?
ਧਰਤੀ ਸਭ ਦੀ ਮਾਂ ਹੈ। ਇਸ ਮਾਂ ਉਤੇ ਕੋਈ ਲਕੀਰਾਂ ਨਹੀਂ, ਲਕੀਰਾਂ ਕੇਵਲ ਨਕਸ਼ਿਆਂ ਉਤੇ ਹਨ। ਮਾਂ ਦੇ ਦੁੱਧ ਦੇ ਖਜ਼ਾਨੇ ਹਰ ਜਾਨਦਾਰ ਚੀਜ਼ ਲਈ ਹਨ, ਸਾਮਰਾਜਾਂ-ਕਾਰਪੋਰੇਸ਼ਨਾਂ ਦੀ ਮਲਕੀਅਤ ਨਹੀਂ। ਮਾਂ ਦੇ ਬੇਅੰਤ ਬੱਚਿਆਂ ਨੇ ਮਾਂ ਦੇ ਦੁੱਧ ਦੀ ਲਾਜ ਰੱਖ ਲੈਣੀ ਹੈ। ਮਾਂ ਦੀ ਕੁੱਖ ਨੋਚੀ ਨਹੀਂ ਜਾ ਸਕੇਗੀ। ਜੈ ਮਾਤਾ ਦੀ।