ਸ਼ੀਸ਼ਾ ਸਭਨਾਂ ਦਾ ਇੱਕੋ ਜਿਹਾ ਮੀਆਂ…

ਚੰਗੇਰੇ ਭਵਿੱਖ ਲਈ ਪਰਦੇਸੀਂ ਜਾ ਵੱਸਣਾ ਪੰਜਾਬ ਦੀ ਨਵੀਂ ਪੀੜ੍ਹੀ ਦਾ ਸੁਪਨਾ ਵੀ ਹੈ ਅਤੇ ਚੰਗੇ ਭਾਗਾਂ ਦੇ ਦਰ ਖੁਲ੍ਹਣਾ ਵੀ। ਪਰਦੇਸਾਂ ਵਿਚ ਖਾਸ ਕਰਕੇ ਅਮਰੀਕਾ, ਕੈਨੇਡਾ ਜਿਹੇ ਵਿਕਸਿਤ ਮੁਲਕਾਂ ਵਿਚ ਸਾਡੀ ਨਵੀਂ ਪੀੜ੍ਹੀ ਨੇ ਮੱਲਾਂ ਵੀ ਬਥੇਰੀਆਂ ਮਾਰੀਆਂ ਹਨ, ਪਰ ਸਾਡੀ ਪਿਛਲੇਰੀ ਪੀੜ੍ਹੀ ਲਈ ਕਈ ਵਾਰ ਪਰਦੇਸ ਇਕ ਅਜੀਬ ਕੁੜਿੱਕੀ ਬਣ ਜਾਂਦੇ ਹਨ-ਨਾ ਉਹ ਏਧਰਲੇ ਰਹਿ ਜਾਂਦੇ ਹਨ ਤੇ ਨਾ ਉਧਰਲੇ। ਇਸੇ ਨੂੰ ਬਲਕਾਰ ਸਿੰਘ ਬਾਜਵਾ ਨੇ Ḕਕੋਠੀ ਲੱਗਣਾḔ ਕਿਹਾ ਹੈ। ਇਸ ਲੇਖ ਵਿਚ ਉਨ੍ਹਾਂ ਵਡੇਰੀ ਉਮਰੇ ਪਹੁੰਚੇ ਪੰਜਾਬੀਆਂ ਦੀ ਇਲਾਜ ਕੈਨੇਡਾ ਰਹਿ ਕੇ ਕਰਵਾਇਆ ਜਾਵੇ ਜਾਂ ਇੰਡੀਆ ਤੋਂ ਸਸਤੇ ਭਾਅ ਦੀ ਦੁਵਿਧਾ ਦੀ ਗੱਲ ਕੀਤੀ ਹੈ ਅਤੇ ਅਖੀਰ ਨਤੀਜਾ ਇਹੋ ਕੱਢਿਆ ਹੈ ਕਿ ਕੈਨੇਡਾ ਬਿਹਤਰ ਹੈ।

-ਸੰਪਾਦਕ

ਬਲਕਾਰ ਸਿੰਘ ਬਾਜਵਾ
ਇੱਕ ਦਿਨ ਪੱਤਰਕਾਰ ਤੇ ਲੇਖਕ ਬਲਬੀਰ ਮੋਮੀ ਨਾਲ ਅਗਲੇ ਪਿਛਲੇ ਦੁੱਖਾਂ-ਸੁੱਖਾਂ ਦੀ ਪਟਾਰੀ ਖੁੱਲ੍ਹ ਪਈ, ‘ਸਿਹਤ ਕਿਵੇਂ ਆ ਬਈ?’
‘ਤਕਰੀਬਨ ਠੀਕ ਈ ਆ।’
‘ਤਕਰੀਬਨ ਕਿਵੇਂ ਬਈ? ਚੰਗੀ ਜਾਂ ਮਾੜੀ?’
‘ਤਕਰੀਬਨ ਠੀਕ ਐ, ਆਹ ਵਿਚੋਂ ਹੋਰਵੇਂ ਜਿਹੇ, ਹੋਰ ਪਾਸੇ ਤੋਰਾ ਤੋਰ ਦਿੱਤਾ ਈ…।’
‘ਬਈ ਸੱਚ ਕਹਿਨਾਂ। ਯਾਦ ਈ, ਜਦੋਂ ਜਵਾਬ ਪੂਰਾ ਠੀਕ ਨਈਂ ਸੀ ਹੁੰਦਾ, ਕਹੀਦਾ ਸੀ, ਮਾਹਟਰ ਜੀ, ਤਕਰੀਬਨ ਠੀਕ ਈ ਐ। ਉਹ ਹੀ ਅੱਜ ਕੱਲ੍ਹ ਸਾਡਾ ਹਾਲ ਈ, ਸਿਹਤ ਪੂਰੀ ਠੀਕ ਨਈਂ। ਤੇਰੀ ਕਿਵੇਂ ਐ?’
‘ਸ਼ੀਸ਼ਾ ਸਭ ਦਾ ਇੱਕੋ ਮੀਆਂ ਮੁਹੰਮਦ ਬਖਸ਼ਾ’, ਏਦਾਂ ਹੀ ਇੱਕ ਗੁੱਝੀ ਜਿਹੀ ਹਾਜ਼ਰ ਜਵਾਬੀ ਰੇੜ੍ਹ ਗਿਆ।
ਦੋਸਤੋ! ਜੇ ਜਨਮੇਜਾ ਸਿੰਘ ਜੌਹਲ ਦਾ ‘ਕੈਮਰਾ ਚੁੱਪ ਨਹੀਂ’ ਤਾਂ ਸ਼ੀਸ਼ਾ ਬਜ਼ੁਰਗਾਂ ਦਾ ਵੀ ਚੁੱਪ ਨਹੀਂ। ਉਸੇ ਤਰ੍ਹਾਂ ਹੀ ਜਿਵੇਂ ਗੁਰਭਜਨ ਗਿੱਲ ਦੀ ਸਚਿੱਤਰ ਵਾਰਤਕ ਪੁਸਤਕ ‘ਕੈਮਰੇ ਦੀ ਅੱਖ ਬੋਲਦੀ’ ਹੈ। ਵਡੇਰੀ ਉਮਰੇ ਅਸੀਂ ਹਮ ਉਮਰੇ ਇੱਕੋ ਜਿਹੇ ਹੀ ਹਾਲ-ਅਹਿਵਾਲ ਵਿਚ ਹੁੰਦੇ ਹਾਂ। ਲਗਭਗ ਇੱਕੋ ਜਿਹੇ ਸਿਹਤ ਮਸਲੇ, ਮਾਮਲੇ, ਮੁਹਾਂਦਰੇ ਤੇ ਪੈੜ ਚਾਲਾਂ। ਕਿਸੇ ਨੂੰ ਉਚੀ ਸੁਣਨ ਲੱਗ ਪੈਂਦਾ, ਕਿਸੇ ਨੂੰ ਮੋਟੇ ਸ਼ੀਸ਼ੇ ਲੱਗ ਜਾਂਦੇ ਨੇ, ਕਿਸੇ ਦੇ ਗੋਡੇ ਘਸਣ ਕਰਕੇ ਲੱਤਾਂ ਤਿੰਨ ਪਹੀਏ ਟੈਂਪੂ ਵਾਂਗ ਸਾਈਕਲ ਸਟੈਂਡ ਬਣ ਜਾਂਦੀਆਂ ਨੇ, ਕਿਸੇ ਨੂੰ ਸ਼ੱਕਰ ਰੋਗ, ਕਿਸੇ ਨੂੰ ਦਿਲ ਰੋਗ ਅਤੇ ਸਭ ਤੋਂ ਵੱਧ ਆਮ ਘੇਰਨ ਵਾਲਾ ਗਦੂਦ ਰੋਗ (ਪਿਸ਼ਾਬ ਸਮੱਸਿਆ), ਜਿਸ ਦੇ ਅੱਗੋਂ ਕਈ ਕਾਰਨ, ਕਿਸਮਾਂ, ਆਦਿ ਘੇਰ ਲੈਂਦੀਆਂ ਹਨ। ਇਨ੍ਹਾਂ ਨੂੰ ਇੱਕ ਦੂਜੇ ਨਾਲ ਸਾਂਝੇ ਕਰਦਿਆਂ ਪੀੜਾਂ, ਚੀਸਾਂ, ਟੀਸਾਂ ਤੇ ਦੁੱਖ ਘਟਦੇ ਨੇ ਅਤੇ ਸਹਿਣਯੋਗਤਾ ਵਧਦੀ ਹੈ। ਜਦੋਂ ਸਭ ਦੀ ਇੱਕੋ ਜਿਹੀ ਕਹਾਣੀ ਹੋਵੇ, ਬੰਦਾ ਐਵੇਂ ਆਪਣੇ ਨਸੀਬਾਂ ਨੂੰ ਨਹੀਂ ਕੋਸਣ ਲੱਗਦਾ। ‘ਦੁੱਖ-ਸੁੱਖ ਨਾਲ ਉਮਰ, ਸਰੀਰਾਂ, ਘਰ ਘਰ ਇਹੋ ਅੱਗ’ ਹੋਵੇ ਤਾਂ ਬੰਦਾ ਪੀਰਾਂ, ਫਕੀਰਾਂ, ਬਾਬਿਆਂ, ਡੇਰਿਆਂ, ਮੜੀ ਮਸਾਣਾਂ ਵਿਚ ਮੱਥੇ ਰਗੜਨ ਦੇ ਰਾਹੇ ਨਹੀਂ ਪੈਂਦਾ। ਨਾ ਹੀ ਮਾਇਆ ਰੋੜ੍ਹਦੈ।
‘ਕੇਰਾਂ ਮੈਂ ਬਰੈਂਪਟਨ ਦੇ ਇਕ ਹਸਪਤਾਲੋਂ ਨਿਕਲਦਿਆਂ ਇੱਕ ਬਜ਼ੁਰਗ ਨੂੰ ਹਮਦਰਦ ਰਾਈਡ ਦਿੱਤੀ। ਸਿਹਤ ਬਾਰੇ ਆਪਣੀ ਕਥਾ ਸੁਣਾਉਂਦਿਆਂ ਸਿਰ ਉਤਾਂਹ ਚੁੱਕ, ਦੋਵੇਂ ਹੱਥ ਅੱਡ ਕਹਿੰਦਾ, “ਉਹ ਉਪਰਲਾ ਰੱਬ, ਮਾਲਕ ਹੀ ਜਾਣੇ, ਮਿਹਰ ਕਰੇ, ਜਿੰਨੀ ਲਿਖੀ ਹੈ, ਓਨੀ ਹੀ ਭੋਗਣੀ ਹੈ।”
ਮੇਰੇ ਕੋਲੋਂ ਰਹਿ ਨਾ ਹੋਇਆ, “ਜੇ ਉਹਦੇ ਹੱਥ ‘ਚ ਹੀ ਸਭ ਕੁਝ ਹੈ ਤਾਂ ਹੁਣ ਹਸਪਤਾਲਾਂ, ਡਾਕਟਰਾਂ ਦੇ ਗੇੜ ਵਿਚ ਆਹ ਬੱਸਾਂ ‘ਚ ਕਿਉਂ ਠੇਡੇ ਖਾਂਦਾ ਫਿਰਦੈਂ, ਘਰ ਬੈਠਾ ਹੀ ਉਸ ਮਾਲਕ ਨੂੰ ਧਿਆਈ ਜਾਹ, ਕਿੰਨਾ ਸੌਖਾ ਇਲਾਜ ਏ।”
ਇਹ ਸੁਣ ਉਹ ਥੋੜ੍ਹਾ ਭਮੱਤਰ ਜਿਹਾ ਗਿਆ। ਮੇਰੇ ਵੱਲ ਕੌੜਾ ਜਿਹਾ ਝਾਕਿਆ। ਜਾਪਿਆ ਜਿਵੇਂ ਉਹਦੇ ਵਹਿਮਾਂ ਭਰਮਾਂ ਨੂੰ ਇੱਕ ਬਾਦਲੀਲ ਕਰਾਰੀ ਚੋਟ ਲੱਗੀ ਹੋਵੇ।
ਹੁਣੇ ਹੁਣੇ ਹੀ ਇੱਕ ਬੁਢੇਪੇ ਰੋਗ ‘ਚੋਂ ਦੀ ਲੰਘਿਆ ਹਾਂ। ਚਿੱਤ ਕਰਦੈ ਆਪਣੇ ਸ਼ੀਸ਼ੇ ਵਰਗੇ ਭਰਾਵਾਂ ਨਾਲ ਆਪਣਾ ਸ਼ੀਸ਼ੇ ਵਾਲਾ ਤਾਜ਼ਾ ਤਾਜ਼ਾ ਅਕਸ ਹੀ ਸਾਂਝਾ ਕਰ ਲਵਾਂ। ਇਹਦੇ ਨਾਲ ਹਮਸਫਰਾਂ ਨੂੰ ਸ਼ਾਇਦ ਕੁਝ ਸੇਧਾਂ, ਕੁਝ ਜਾਣਕਾਰੀ ਮਿਲ ਸਕੇ। ਗਦੂਦ ਰੋਗ (ਗਦੂਦਾਂ ਦਾ ਫੁਲਣਾ) 60 ਕੁ ਸਾਲਾਂ ਬਾਅਦ ਸਭ ਨੂੰ ਹੋ ਹੀ ਜਾਂਦੈ। ਹਰ ਬੰਦੇ ਦੇ ਸੰਸਕਾਰ, ਵਾਤਾਵਰਣ ਉਹਨੂੰ ਕਈ ਕਿਸਮ ਦੇ ਇਲਾਜ ਕਰਨ ਲਾ ਦਿੰਦੇ। ਹਰ ਇੱਕ ਦਾ ਆਪੋ ਆਪਣਾ ਨਜ਼ਰੀਆ ਹੁੰਦੈ। ਛੋਟੀ ਤੋਂ ਵੱਡੀ ਮਰਜ ਤੱਕ ਜਿੰਨੇ ਬੰਦੇ, ਓਨੇ ਇਲਾਜ, ਦਵਾ ਦਾਰੂ। ਮਰੀਜ ਨੂੰ ਹਰ ਇੱਕ ਲੁਕਮਾਨ ਹਕੀਮ ਬਣ ਬਹੁੜਦਾ ਹੀ ਨਹੀਂ, ਟਕਰਦੈ ਵੀ ਏ। ‘ਸਭ ਸਿਆਣਿਆਂ ਇੱਕੋ ਮੱਤ, ਮੂਰਖ ਆਪੋ ਆਪਣੀ।’ ਇਹ ਮੱਤ ‘ਕੇਰਾਂ ਤਾਂ ਬੰਦੇ ਨੂੰ ਪਨਸਾਰੀ ਦੀ ਹੱਟੀ ਦੇ ਰਾਹੇ ਤੋਰ ਦਿੰਦੀ ਐ, ਅਤੇ ਦੌਰੀ ਡੰਡਾ ਖੜਕਣ ਲੱਗ ਪੈਂਦੈ। ਝੋਲਾ ਛਾਪ ਡਾਕਟਰਾਂ ਨੂੰ ਵੀ ਅਜ਼ਮਾਉਂਦੈ। ਪੁੱਜਤ ਯੋਗਤਾ ਮੁਤਾਬਕ ਠੇਡੇ ਖਾ ਖੂ ਫਿਰ ਅਖੀਰ ਮਾਹਰ ਡਾਕਟਰਾਂ ਦਾ ਦਰ ਆ ਮੱਲਦੈ। ਉਦੋਂ ਤੱਕ ਕਈ ਵਾਰੀ ਰੋਗ ਕੁਝ ਜ਼ਿਆਦਾ ਹੀ ਵਿਗੜ ਗਿਆ ਹੁੰਦੈ।
ਇੰਡੀਆ ਗਿਆ ਕਾਹਲਾ ਪਰਵਾਸੀ ਤੁਰੰਤ ਇਲਾਜ ਲਈ ਭਾਰਤੀ ਡਾਕਟਰਾਂ ਦੇ ਢਹੇ ਚੜ੍ਹ ਜਾਂਦੈ। ਮੈਂ ਭਾਰਤੀ ਡਾਕਟਰਾਂ ਦੀ ਨਿੰਦਿਆ ਨਹੀਂ ਕਰਦਾ, ਪਰ ਜਿੱਦਾਂ ਦੇ ਉਥੇ ਦੀ ਪੈਸਾ ਬਟੋਰਨੀ ਨਿਜੀ ਦੁਕਾਨਦਾਰੀ ਤੇ ਬਾਜ਼ਾਰੀ ਇਲਾਜਾਂ, ਨਕਲੀ ਦੁਆਈਆਂ, ਗੈਰ ਕਾਨੂੰਨੀ ਫਾਰਮੇਸੀਆਂ, ਲੈਬਾਂ, ਕੱਚ-ਘਰੜ ਝੋਲਾ ਛਾਪ ਡਾਕਟਰਾਂ ਤੇ ਦਵਾਈ ਫਰਮਾਂ ਦੇ ਆਪਸੀ ਕਮਿਸ਼ਨਾਂ ਦੇ ਕਿੱਸੇ ਸੁਣੀਂਦੇ ਹਨ, ਬੰਦਾ ਡਰ ਜਾਂਦੈ। ਚੰਡੀਗੜ੍ਹ ਪੀ. ਜੀ. ਆਈ. ਤੋਂ ਲੈ ਕੇ ਵੱਡੇ ਵੱਡੇ ਨਾਂਵਾਂ ਵਾਲੇ ਨਿਜੀ ਹਸਪਤਾਲ ਕਮਾਲ ਦੇ ਹਨ। ਅਖਬਾਰਾਂ ‘ਚ ਉਨ੍ਹਾਂ ਦੇ ਵਿਗਿਆਪਨ ਪੂਰੇ ਪੰਨਿਆਂ ‘ਤੇ ਰੋਜ਼ਾਨਾ ਛਾਏ ਹੁੰਦੇ ਨੇ, ਪਰ ਦਿਲ ਨਹੀਂ ਖਲੋਂਦਾ।
ਏਦਾਂ ਦੇ ਇੱਕ ਵੱਡੇ ਹਸਪਤਾਲ ‘ਚ ਇੱਕ ਮਿੱਤਰ ਦਾ ਤਜਰਬਾ ਵੀ ਯਾਦ ਸੀ। ਜਿਸ ਦਾ ਇਲਾਜ ਹੋ ਗਿਆ ਪਰ ਕੁਝ ਜ਼ਿਆਦਾ ਹੀ ਵਧੀਆ ਹੋ ਗਿਆ। ਪਿਸ਼ਾਬ ਅਰੋਕ ਚੱਲ ਪਿਆ। ਡਾਇਪਰ ਲਾਉਣੇ ਪਏ। ਕੈਨੇਡਾ ਆ ਕੇ ਮੁੜ ਡਾਕਟਰ ਨੇ ਸਰਜਰੀ ਕਰ ਕੇ ਸੈਟ ਕੀਤਾ। ਸਿਵਿਕ ਹਸਪਤਾਲ, ਬਰੈਂਪਟਨ ਦੀ ਇੱਕ ਜਾਣੂ ਨਰਸ ਦੀਆਂ ਸੁਣਾਈਆਂ ਗੱਲਾਂ ਯਾਦ ਆ ਜਾਂਦੀਆਂ। ਜੇ ਮਿਸਾਲਾਂ ਦੇਣੀਆਂ ਸ਼ੁਰੂ ਕਰਾਂ ਤਾਂ ਨਾਵਲਿਟ ਬਣ ਜਾਵੇਗਾ।
ਦੋ ਕੁ ਸਾਲਾਂ ਤੋਂ ਬੁਢੇਪਾ ਪਿਸ਼ਾਬ ਸਮੱਸਿਆ ਮਹਿਸੂਸ ਹੋ ਰਹੀ ਸੀ। ਐਤਕੀਂ ਇੰਡੀਆ ਜਾ ਰਿਹਾ ਸਾਂ। ਫੈਮਿਲੀ ਡਾਕਟਰ ਨੂੰ ਦਸਿਆ, ਕਹਿੰਦਾ, “ਇੰਡੀਆ ਜਾ ਆ, ਮਾਮੂਲੀ ਜਿਹੀ ਸਰਜਰੀ ਨਾਲ ਮਸਲਾ ਹੱਲ ਹੋ ਜਾਊ।” ਤਕਲੀਫ ਨਾਲ ਦਰ ਗੁਜ਼ਰ ਕਰਦਾ ਰਿਹਾ। ਵਿਚੇ ਖਿਆਲ ਆਵੇ, ਇਥੋਂ ਕਿਸੇ ਚੰਗੇ ਡਾਕਟਰ ਦੀ ਸਲਾਹ ਲੈਣ ‘ਚ ਕੀ ਹਰਜ ਐ। ਇੱਕ ਨਿਜੀ ਯੂਰਾਲੋਜੀ ਹਸਪਤਾਲ ਨੇੜੇ ਹੀ ਇੱਕ ਕੋਠੀ ‘ਚ ਚੱਲ ਰਿਹਾ ਸੀ। ਦਰ ਜਾ ਹੀ ਖੜਕਾਇਆ। ਹਸਪਤਾਲ ਅੰਦਰ ਇੱਕ ਕੋਨੇ ‘ਚ ਦੇਵੀ-ਦੇਵਤਿਆਂ ਦੀਆਂ ਫੋਟੋਆਂ ਅਤੇ ਮੂਰਤੀਆਂ ਸਾਹਮਣੇ ਧੂਫ ਬੱਤੀਆਂ ਨੇ ਮੱਥਾ ਠਣਕਾਇਆ। ਵਿਗਿਆਨੀ ਡਾਕਟਰ ਹੋਵੇ ਤੇ ਆਹ ਵਿਸ਼ਵਾਸ, ਦੋਵੇਂ ਇਕੱਠੇ! ਘਰ ‘ਚ ਜੋ ਮਰਜੀ ਕਰੋ, ਹਸਪਤਾਲ ‘ਚ ਇਹਦਾ ਵਿਖਾਲਾ ਕਿਉਂ! ਉਵੇਂ ਹੀ ਜਿਵੇਂ ਬਾਜ਼ਾਰ ਦੀਆਂ ਦੁਕਾਨਾਂ ਅਤੇ ਸ਼ੋਅਰੂਮਾਂ ‘ਚ ਵੇਖੀਦੈ।
ਕੁਝ ਮਰੀਜ ਅਤੇ ਉਨ੍ਹਾਂ ਦੇ ਪਰਿਵਾਰ ਰਿਸੈਪਸ਼ਨ ‘ਚ ਬੈਠੇ ਸਨ। ਫਿਰੋਜ਼ਪੁਰ ਵੱਲ ਦਾ ਇੱਕ ਚੰਗਾ ਖਾਂਦਾ-ਪੀਂਦਾ ਕਿਸਾਨ ਪਰਿਵਾਰ ਲੱਗਦਾ ਸੀ। ਚਿੱਟੇ ਚਾਦਰਿਆਂ, ਪਜਾਮਿਆਂ ਵਾਲੇ ਭਊ ਅਤੇ ਸੋਨੇ ਦੇ ਕੜੇ, ਛਾਪਾਂ-ਚੂੜੀਆਂ ਤੇ ਕੋਕਿਆਂ ਵਾਲੀਆਂ ਬੀਬੀਆਂ। ਉਹ ਆਪਣੀ ਮਰੀਜ ਬੀਬੀ ਦਾ ਹਾਲ-ਚਾਲ ਪੁੱਛਣ ਵਿਚ ਨੱਠ-ਭੱਜ ਰਹੇ ਸਨ। ਨਰਸ ਬਾਹਰ ਬਿਠਾਉਂਦੀ, ਉਹ ਮੁੜ ਮਰੀਜ ਕੋਲ ਜਾ ਖੜ੍ਹਦੇ। ਕੋਈ ਘੰਟੇ ਕੁ ਪਿੱਛੋਂ ਡਾਕਟਰ ਗੇਟ ਦੇ ਨਾਲ ਬਣੇ ਆਪਣੇ ਕੈਬਿਨ ਵੱਲ ਜਾਂਦਾ ਨਜ਼ਰੀਂ ਪਿਆ। ਸ਼ਾਇਦ ਆਪਣੀ ਉਪਰਲੀ ਰਿਹਾਇਸ਼ ‘ਚੋਂ ਚਾਹ ਪਾਣੀ ਪੀ ਕੇ ਉਤਰਿਆ ਸੀ। ਪੰਜ ਕੁ ਵਜੇ ਸਨ। ਰਿਸੈਪਸ਼ਨਿਸਟ ਨਰਸ ਤੋਂ ਇਸ਼ਾਰਾ ਮਿਲਿਆ ਅਤੇ ਡਾਕਟਰ ਕੋਲ ਜਾ ਹਾਜ਼ਰ ਹੋਇਆ। ਸਮੱਸਿਆ ਦੱਸੀ। ਉਹਨੇ ਮੇਰੀ ਪ੍ਰਾਈਵੇਸੀ ਦਾ ਮੌਕਾ ਵਿਖਾਉਣ ਲਈ ਕਿਹਾ। ਬੈਟਰੀ ਮਾਰ ਅੱਖ ਦੇ ਫਲਕਾਰੇ ਵਿਚ ਬੋਲਿਆ, “ਕੱਲ ਆ ਜਾਓ, ਸਰਜਰੀ ਕਰ ਦਿਆਂਗਾ। 20 ਹਜ਼ਾਰ ਲੱਗੇਗਾ ਤੇ ਸ਼ਾਮ ਤੱਕ ਛੁੱਟੀ ਮਿਲ ਜਾਵੇਗੀ।”
ਇੱਕ ਵਾਰੀ ਤਾਂ ਹੱਥ ‘ਤੇ ਸਰੋਂ ਜੰਮਦੀ ਜਾਪੀ। ਮਨ ਕਰੇ ਇਹ ਕੰਮ ਮੁਕਾ ਹੀ ਚੱਲੀਏ। ਕਿਤੇ ਕੈਨੇਡਾ ਜਾ ਕੇ ਕੋਈ ਲੰਮਾ ਚੱਕਰ ਹੀ ਨਾ ਪੈ ਜਾਵੇ। ਵੇਟਿੰਗ ਬੜੀ ਹੈ। ਚਾਰ ਕੁ ਸੌ ਡਾਲਰ ਦੀ ਹੀ ਤਾਂ ਗੱਲ ਏ।
ਸੋਚਦਾ ਰਿਹਾ। ਸਨੇਹੀਆਂ ਵੱਲੋਂ ਦੱਸੀਆਂ ਦਵਾਈਆਂ ਵੀ ਵਰਤੀਆਂ, ਪਰ ਬੇਫਾਇਦਾ। ਇੱਕ ਫਾਰਮੇਸੀ ਵਾਲੇ ਨੇ ਇੱਕ ਦਵਾਈ ਦੇ ਕਈ ਗਰੇਡਾਂ ਅਤੇ ਵੱਖ ਵੱਖ ਮੁੱਲ ਦੀਆਂ ਦਵਾਈਆਂ ਦਾ ਦਾਜ ਵਾਂਗ ਵਿਖਾਲਾ ਪਾ ਧਰਿਆ। ਇਸ ਵਰਤਾਰੇ ਦੇ ਸੰਨ੍ਹ ਮਨ ਨਾ ਟਿਕਿਆ-ਨਾ ਡਾਕਟਰ ‘ਤੇ, ਨਾ ਫਾਰਮੇਸੀਆਂ/ਲੈਬਾਂ ‘ਤੇ। ਇਸ ਤੋਂ ਪਹਿਲਾਂ ਇੱਕ ਸਕਿੱਨ ਡਾਕਟਰ ਅਤੇ ਕੁਝ ਡੈਂਟਿਸਟਾਂ ਦਾ ਹੱਥ ਵੇਖ ਚੁਕਾ ਸਾਂ। ਫੀਸਾਂ ਅਤੇ ਹਸਪਤਾਲੀ ਮਾਹੌਲ ‘ਚ ਵੀ ਅੰਤਰ ਬੜੇ ਸਨ। ਇਨ੍ਹਾਂ ਦੇ ਮਿਲੇ-ਜੁਲੇ ਜਿਹੇ ਤਜਰਬੇ ਜ਼ਿਹਨ ‘ਚ ਇੱਕ ਘੜਮੱਸ ਜਿਹਾ ਪਾ ਦਿੰਦੇ। ਘਰਵਾਲੀ ਜੋ ਪਹਿਲਾਂ ਹੀ ਕੈਨੇਡਾ ਤੋਂ ਸਫਰ ਦੀਆਂ ਦਵਾਈਆਂ ਵਾਲਾ ਵਾਹਵਾ ਭਾਰਾ ਬੈਗ ਚੁੱਕੀ ਫਿਰਦੀ ਸੀ, ਜਦੋਂ ਇਥੇ ਕਿਸੇ ਮਾੜੀ ਮੋਟੀ ਅਹੁਰ ‘ਚ ਪੀੜਤ ਹੋ ਜਾਂਦੀ ਤਾਂ ਨਿਜੀ ਡਾਕਟਰ ਟੈਸਟਾਂ, ਦਵਾਈਆਂ ਦੀ ਇੱਕ ਲੰਮੀ ਸੂਚੀ ਫੜ੍ਹਾ ਦਿੰਦੇ। ਲੈਬਾਂ, ਦਵਾਈਆਂ ਬਾਰੇ ਅਖਬਾਰਾਂ ‘ਚ ਡਰਾਉਣੇ ਜਿਹੇ ਚਰਚੇ ਡਰਾ ਦਿੰਦੇ। ਫਸਿਆਂ ਨੂੰ ਫਟਕਣ ਕੀ ਆਖ! ਦਵਾਈਆਂ ਕਾਫੀ ਮਿਕਦਾਰ ਤੇ ਉਚੀ ਡਿਗਰੀ ਵਾਲੀਆਂ ਹੁੰਦੀਆਂ। ਜਿਨ੍ਹਾਂ ਨਾਲ ਉਹ ਕਈ ਵਾਰੀ ਰਾਤ ਤੜਫਦਿਆਂ ਕੱਟਦੀ।
ਕੋਠੀ ਲੱਗਿਆਂ ਨੂੰ ਇੱਕ ਇਹ ਵੀ ਸੰਤਾਪ ਭੋਗਣਾ ਪੈਂਦੈ। ਲੁਧਿਆਣਾ ਦਾ ਪ੍ਰਦੂਸ਼ਣ ਤਾਂ ਚੰਗੇ ਭਲੇ ਬੰਦੇ ਨੂੰ ਮੰਜੇ ‘ਤੇ ਪਾ ਦਿੰਦੈ। ਪੰਜਾਬ ਆਈ ਬੀਬੀ ਵਿਚਾਰੀ ਨੇ ਨੂੰਹਾਂ, ਪੁੱਤਾਂ ਲਈ ਘੁਮਾਰ ਮੰਡੀ ਦੇ ਸ਼ੋਅ ਰੂਮਾਂ ਅਤੇ ਬੁਟੀਕਾਂ ‘ਚ ਵੀ ਜਾਣਾ ਹੁੰਦਾ ਸੀ। ਢਿੱਲੀ ਹੋਣ ‘ਤੇ ਮੈਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ।
ਅਖੀਰ ਦਿਨ ਗਿਣਦਿਆਂ, ਸੁਖੀ ਸਾਂਦੀ ਦਿਨ ਪੂਰੇ ਕਰ ਕੈਨੇਡਾ ਆ ਗਏ। ਆਪਣੇ ਸਰੀਰਕ ਰੋਗ ਦੀਆਂ ਅਪੁਆਇੰਟਮੈਂਟਾਂ ਬੱਚਿਆਂ ਕੋਲੋਂ ਪਹਿਲਾਂ ਹੀ ਬਣਵਾਈਆਂ ਹੁੰਦੀਆਂ। ਇਹ ਚੱਕਰ ਦੋਹੀਂ ਥਾਂਈਂ ਇਲਾਜ ਦਾ ਬੜੇ ਕਮਾਲ ਦੀ ਤੁਲਨਾ ਕਰਾਉਂਦਾ ਰਹਿੰਦਾ।
ਮੈਂ ਤਾਂ ਪਿਸ਼ਾਬ ਮਰਜ ਤੋਂ ਛੇਤੀ ਤੋਂ ਛੇਤੀ ਛੁਟਕਾਰਾ ਪਾਉਣਾ ਚਾਹੁੰਦਾ ਸਾਂ। ਅਪੁਆਇੰਟਮੈਂਟਾਂ ਲੰਮੀਆਂ ਜ਼ਰੂਰ ਸਨ, ਪਰ ਜਿਸ ਸਲੀਕੇ ਅਤੇ ਤਰੀਕੇ ਨਾਲ ਡਾਕਟਰ ਤੇ ਹਸਪਤਾਲੀ ਸਿਸਟਮ ਚੱਲਦੈ, ਉਹ ਤਾਂ ਇੱਕ ਵਾਰੀ ਪੂਰੀ ਸੰਤੁਸ਼ਟੀ ਕਰਾ ਦਿੰਦੈ। ਤਿੰਨ ਕੁ ਮਹੀਨਿਆਂ ਦੀਆਂ ਅਰੰਭਕ ਅਪੁਆਇੰਟਾਂ ਪਿੱਛੋਂ ਮੇਰੀ ਸਰਜਰੀ ਦਾ ਦਿਨ ਆ ਢੁੱਕਾ। ਇੱਕ ਪੂਰਵ ਮਿਲਣੀ ‘ਚ ਡਾਕਟਰ ਇਬਰਾਹੀਮ ਅਸਲਮ ਵੇਖ ਕੇ ਕਹਿੰਦਾ, “ਤੁਹਾਡੇ ਅਸਲ ਮਸਲੇ ਦੇ ਹੱਲ ਲਈ ਪਹਿਲਾਂ ਇੱਕ ਹੋਰ ਸਰਜਰੀ ਕਰਨੀ ਪਏਗੀ। ਸੁਰਾਖ ਬਹੁਤਾ ਹੀ ਭੀੜਾ ਹੈ। ਸਿਸਥੋਸਕੋਪੀ ਕਰਨ ਲਈ ਪਾਈਪ ਅੰਦਰ ਨਹੀਂ ਜਾ ਰਹੀ।”
ਮੈਂ ਕਿਹਾ, “ਡਾਕਟਰ ਸਾਹਿਬ ਅੱਜ ਹੀ ਕਰ ਦਿਉ। ਮੈਂ ਤਕੜਾ ਹਾਂ। ਆਪਣੇ ਦੋਹਾਂ ਗੋਡਿਆਂ ਦੇ ਇਲਾਜ ਇੱਕੋ ਵਾਰੀ ਕਰਾ ਕੇ ਜੌੜੇ ਹੀ ਜੰਮ ਧਰੇ ਸਨ।”
ਡਾਕਟਰ ਗੁੱਝੇ ਜਿਹੇ ਮਸ਼ਕੂਲੇ ਨਾਲ ਕਹਿੰਦਾ, “ਜੇ ਇਹ ਦੋ ਹੁੰਦੇ ਤਾਂ ਇਨ੍ਹਾਂ ਦਾ ਵੀ ਇੱਕੋ ਵਾਰੀ ਕਰ ਦਿੰਦਾ।” ਕੋਲ ਖੜ੍ਹੀਆਂ ਨਰਸਾਂ ਮੁਸਕਰਾ ਪਈਆਂ। “ਇਸ ਵਾਸਤੇ ਹੁਣ ਤੁਹਾਨੂੰ ਪਹਿਲਾਂ ਮੇਰੇ ਕਿਸੇ ਹੋਰ ਵਿਭਾਗ ਦੀ ਅਪੁਆਇੰਟਮੈਂਟ ਮਿਲੇਗੀ।” ਸੋਚਦਾ ਸੀ, ਚੰਗਾ ਬਚੇ। ਲੁਧਿਆਣੇ ਵਾਲੇ ਨੇ ਤਾਂ ਪੈਸੇ ਵੱਟ, ਚੀਰ-ਫਾੜ ਕਰ ਤੋਰ ਦੇਣਾ ਸੀ। ‘ਅੱਗੇ ਤੇਰੇ ਭਾਗ ਲੱਛੀਏ’ ਵਾਂਗ ਅਗਲੀ ਸਮੱਸਿਆ ਪਿਆ ਭੁਗਤੀਂ।
ਸਰਜਰੀ ਵਾਲੇ ਦਿਨ ਆਪਣੀ ਸਾਥਣ ਨੂੰ ਨਾਲ ਲੈ ਘੰਟਾ ਪਹਿਲਾਂ ਹੀ ਵਾਰੀ ਜਾ ਮੱਲੀ। ਹਰ ਪੈਰ ‘ਤੇ ਏਥੇ ਦਾ ਹੈਲਥ ਸਿਸਟਮ ਆਪਣੀ ਉਚੇਰੀ ਵਿਲੱਖਣਤਾ ਅਤੇ ਮੁਹਾਰਤ ਜਾਹਰ ਕਰਦਾ। ਪ੍ਰੀਸਰਜਰੀ ਅਪੁਆਇੰਟਮੈਂਟ ਵਿਚ ਬਲੱਡ, ਈ. ਸੀ. ਜੀ. ਤੇ ਐਲਰਜੀ ਵਗੈਰਾ ਦੇ ਟੈਸਟ ਹੋਏ। ਰਿਪੋਰਟਾਂ ਤਿਆਰ ਹੋ ਕੰਪਿਊਟਰ ‘ਤੇ ਚੜ੍ਹ ਗਈਆਂ। ਸਰਜਰੀ ਵਾਲੇ ਦਿਨ ਸਰਜਰੀ ਵਿਭਾਗ ਵਿਚ ਬਹੁ ਸਭਿਆਚਾਰੀ, ਬਹੁਕੌਮੀ ਲੋਕ ਚੈਕ-ਇਨ ਹੋ ਰਹੇ ਸਨ। ਵਾਲੰਟੀਅਰ ਨਰਸਾਂ ਬੜੇ ਸੋਹਣੇ ਤੇ ਨਿਮਰ ਤਰੀਕੇ ਤੇ ਸਲੀਕੇ ਨਾਲ ਵੱਖ ਵੱਖ ਡੈਸਕਾਂ ‘ਤੇ ਬਿਠਾ ਦਿੰਦੀਆਂ। ਇੱਕ ਡੈਸਕ ਵਾਲੀ ਨੇ ਫਿਰ ਇੱਕ ਵਾਰੀ ਸਭ ਕੁਝ ਵੇਖਿਆ ਤੇ ਇੰਟਰਾ-ਵੀਨਸ ਸੂਈ ਦਾ ਜੁਗਾੜ ਫਿੱਟ ਕਰ ਦਿੱਤਾ। ਘੰਟੇ ਕੁ ਪਿੱਛੋਂ ਸਬੰਧਤ ਬੈਡ ‘ਤੇ ਗੁਲੂਕੋਜ਼ ਲਾ ਦਿੱਤੀ। ਡਾ. ਅਸਲਮ ਆਇਆ, ਦੱਸਿਆ ਕਿ ਅੱਜ ਦੋਵੇਂ ਕੰਮ ਹੋ ਜਾਣਗੇ। ਉਹਦਾ ਸਹਾਇਕ ਅਨੈਸਥੇਸੀਏ ਬਾਰੇ ਦੱਸ ਗਿਆ। ਇੱਕ ਸਮਾਰਟ ਗੋਰੀ ਨਰਸ ਐਨਾ ਆਪਣੀ ਜਾਣ-ਪਛਾਣ ਦੇ ਕੇ ਹੋਰ ਹਦਾਇਤਾਂ ਵੀ ਦੇ ਗਈ।
ਪੌਣੇ ਕੁ ਘੰਟੇ ‘ਚ ਐਨ ਸਰਜਰੀ ਲਾਈਟਾਂ ਹੇਠ ਪਹੁੰਚ ਗਿਆ। ਮੂੰਹ ‘ਤੇ ਮਾਸਕ ਲੱਗਣ ਪਿਛੋਂ ਪਤਾ ਉਦੋਂ ਲੱਗਾ ਜਦੋਂ ਸਭ ਕੁਝ ਹੋ ਚੁਕਾ ਸੀ। ਅੱਖ ਖੁੱਲ੍ਹਣ ‘ਤੇ ਨਰਸ ਨੂੰ ਪੁੱਛਿਆ, “ਸਰਜਰੀ ਹੋ ਗਈ ਐ?”
“ਸਭ ਕੁਝ ਹੋ ਗਿਐ। ਹੁਣ ਤੁਹਾਨੂੰ ਰਿਕਵਰੀ ਰੂਮ ‘ਚ ਲਿਜਾਇਆ ਜਾ ਰਿਹੈ।”
ਪਿਸ਼ਾਬ ਦੀ ਹਾਜਤ ਹੋਈ। ਪਿਸ਼ਾਬ ਕਰਦਿਆਂ ਨਿਗਾਹ ਪਈ। ਵਾਕਿਆ ਹੀ ਚਮਤਕਾਰ ਹੋ ਚੁਕਾ ਸੀ। ਨਾਲੋ ਨਾਲ ਪੂਰੇ ਅਮਲ ਦੌਰਾਨ ਇਸ ਸਾਰੇ ਸਿਸਟਮ ਦੀ ਤੁਲਨਾ ਲੁਧਿਆਣੇ ਵਾਲੇ ਹਸਪਤਾਲ ਨਾਲ ਹੋਈ ਗਈ। ਰਿਕਵਰੀ ਰੂਮ ‘ਚ ਨਰਸ ਨੇ ਜੂਸ ਦਿੱਤਾ। ਮੂੰਹੋਂ ਨਿਕਲਿਆ, “ਯੂ ਡਾਕਟਰ, ਆਰ ਰੀਅਲੀ ਏਂਜਲਜ਼ (ਫਰਿਸ਼ਤੇ) ਹੋ ਧਰਤੀ ‘ਤੇ।”
ਲੋਕ ਐਵੇਂ ਰੱਬ ਪੱਥਰਾਂ ‘ਚੋਂ ਭਾਲਦੇ ਫਿਰਦੇ ਨੇ। ਇਹ ਜੇ ਅਸਲ ਮਾਨਵ ਸੇਵਾ। ਪਖੰਡੀ ਸਾਧੂ, ਬਾਬੇ ਤਾਂ ਐਵੇਂ ਲੋਕਾਂ ਨੂੰ ਦੋਜਖ, ਨਰਕ ਦੇ ਡਰਾਵੇ ਦੇ ਦੇ ਠੱਗੀ ਜਾ ਰਹੇ ਹਨ। ਹਸਪਤਾਲ ਹਨ, ਅਸਲ ਰੱਬ ਦੇ ਘਰ! ਜਿਹੜੇ ਮਾਨਵਤਾ ਨੂੰ ਜੀਵਨ ਦਾਨ ਦਿੰਦੇ ਹਨ ਤੇ ਦੁੱਖ ਨਿਵਾਰਨ ਕਰਦੇ ਹਨ। ਜੇ ਕੋਈ ਸਾਡੀ ਕਮਾਈ ਦੇ ਦਸਵੰਧ ਦਾ ਹੱਕਦਾਰ ਹੈ ਤਾਂ ਉਹ ਹਸਪਤਾਲ ਹਨ।
2009-10 ਦੀ ਭਾਰਤ ਫੇਰੀ ਦੌਰਾਨ ਮੇਰੀ ਪਤਨੀ ਦੇ ਪੈਰਾਂ ਤੇ ਲੱਤਾਂ ‘ਚ ਸੋਜ ਆਈ ਦੇਖੀ। ਸੋਚਿਆ ਸ਼ਾਇਦ ਸਫਰ ਦੌਰਾਨ ਲੱਤਾਂ ਲਮਕਾ ਕੇ ਬੈਠਿਆਂ ਆਈ ਹੋਵੇ। ਪਹੁੰਚਣ ਪਿੱਛੋਂ ਵੀ ਹਟੀ ਨਾ ਸਗੋਂ ਵਧਦੀ ਜਾਪੀ। ਚੰਡੀਗੜ੍ਹ ਦੀ ਫੇਰੀ ਦੌਰਾਨ ਪੀ. ਜੀ. ਆਈ. ਦੇ ਇਕ ਡਾਕਟਰ ਨੂੰ ਵਿਖਾਉਣ ਲਈ ਸੁਧਾਰ ਦੇ ਇੱਕ ਪੁਰਾਣੇ ਦੋਸਤ ਫਾਰਮਾਸਿਸਟ ਦੀ ਤਜਵੀਜ਼ ‘ਤੇ ਅਮਲ ਕੀਤਾ। ਉਹ ਉਦੋਂ ਸੁਧਾਰ ਪ੍ਰਾਇਮਰੀ ਹੈਲਥ ਸੈਂਟਰ ਵਿਚ ਫਾਰਮਾਸਿਸਟ ਸੀ। ਚੰਡੀਗੜ੍ਹ ਉਹ ਆਇਆ ਹੀ ਐਮ. ਫਾਰਮੇਸੀ ਕਰਨ ਸੀ। ਡਰੱਗ ਇੰਸਪੈਕਟਰ ਵਜੋਂ ਪੰਜਾਬ ਸਰਕਾਰ ਦੀ ਨੌਕਰੀ ਤੋਂ ਸੇਵਾ ਮੁਕਤ ਹੋ ਚੰਡੀਗੜ੍ਹ ਹੀ ਸੈਟਲ ਹੋ ਚੁਕਾ ਸੀ। ਅੱਜ ਕੱਲ੍ਹ ਚੰਡੀਗੜ੍ਹ ਇੱਕ ਫਾਰਮੇਸੀ ਦੇ ਅਹਿਮ ਕਾਰਕੁਨ ਵਜੋਂ ਕੰਮ ਕਰ ਰਿਹਾ ਹੈ। ਕਈ ਟੈਸਟ ਕਰਾਏ। ਦਵਾਈਆਂ ਲਈਆਂ। ਪਰ ਕੋਈ ਫਾਇਦਾ ਨਾ ਹੋਇਆ।
ਲੁਧਿਆਣੇ ਆਏ ਤਾਂ ਇੱਕ ਰਿਸ਼ਤੇਦਾਰ ਨੇ ਡੀ. ਐਮ. ਸੀ. ਦੇ ਇੱਕ ਮਾਹਰ ਡਾਕਟਰ ਦੀ ਦੱਸ ਪਾਈ। ਹਸਪਤਾਲ ਦੇ ਚੱਕਰ ‘ਚੋਂ ਬਚਣ ਲਈ ਉਸ ਨੂੰ ਨਿਜੀ ਤੌਰ ‘ਤੇ ਮਿਲਣਾ ਬਿਹਤਰ ਸਮਝਿਆ। ਉਹ ਸਰਾਭਾ ਨਗਰ ਦੇ ਬੜੇ ਪੋਸ਼ ਏਰੀਏ ਵਿਚ ਆਪਣੀ ਮਹੱਲ ਜਿੱਡੀ ਕੋਠੀ ‘ਚ ਹੀ ਪ੍ਰੈਕਟਿਸ ਕਰਦਾ ਸੀ। ਉਹਨੇ ਕੁਝ ਟੈਸਟਾਂ ਦੇ ਨਾਲ ਨਾਲ ਕੁਝ ਦਵਾਈਆਂ ਲਿਖ ਦਿੱਤੀਆਂ। ਹੈਰਾਨੀ ਇਹ ਹੋਈ ਕਿ ਉਹਨੇ ਇੱਕ ਵਿਸ਼ੇਸ਼ ਫਾਰਮੇਸੀ ਤੇ ਲੈਬ ਵਿਚ ਜਾਣ ਲਈ ਹਦਾਇਤ ਵੀ ਕਰ ਦਿੱਤੀ।
ਮਹੀਨਾ ਭਰ ਦਵਾਈ ਚੱਲਦੀ ਰਹੀ। ਆਰਾਮ ਨਾ ਆਇਆ। ਫਿਕਰ ਪੈ ਗਿਆ। ਉਧਰੋਂ ਵਾਪਸੀ ਫਲਾਈਟ ਦੀ ਤਰੀਖ ਵੀ ਨੇੜੇ ਆ ਗਈ। ਸੋਚਿਆ ਹੁਣ ਕੈਨੇਡਾ ਜਾ ਕੇ ਇਸ ਤਕਲੀਫ ਦਾ ਨਿੱਠ ਕੇ ਇਲਾਜ ਕਰਾਵਾਂਗੇ। ਫੈਮਿਲੀ ਡਾਕਟਰ ਨਾਲ ਅਪੁਆਇੰਟਮੈਂਟ ਪਹਿਲਾਂ ਹੀ ਬਣੀ ਹੋਈ ਸੀ। ਪਹੁੰਚਦਿਆਂ ਸਾਰ ਹੀ ਜਾ ਮਿਲੇ। ਉਸ ਨੇ ਸਿੱਧਾ ਹੀ ਇੱਕ ਕਿਡਨੀ ਸਪੈਸ਼ਲਿਸਟ ਕੋਲ ਰੈਫਰ ਕਰ ਦਿੱਤਾ। ਹੁਣ ਤੱਕ ਸੋਜ ਪੱਟਾਂ ਤੋਂ ਉਤਾਂਹ ਵੱਲ ਵੀ ਵਧ ਰਹੀ ਸੀ। ਡਾਕਟਰ ਨੇ ਟੈਸਟ ਕਰਵਾ ਸਿੱਧਾ ਹੀ ਮਰਜ ਦੀ ਪਛਾਣ ਕਰ ਲਈ।
ਉਸ ਨੇ ਕਿਹਾ, ਇਹ ਰੋਗ ਪਿਓਰਨਟੇਰੀਓ ਕਰ ਕੇ ਜਾਣਿਆ ਜਾਂਦੈ। ਇਸ ਵਿਚ ਕਿਡਨੀ ਸੁਰਾਖ ਕੁਝ ਮੋਕਲੇ ਹੋਣ ਕਰਕੇ ਖੁਰਾਕ ਵਿਚਲੇ ਪ੍ਰੋਟੀਨ ਕਣ ਸਰੀਰ ‘ਚ ਅਟਕਦੇ ਨਹੀਂ। ਉਹ ਪਿਸ਼ਾਬ ‘ਚ ਖਾਰਜ ਹੋਈ ਜਾਂਦੇ ਹਨ। ਇਹ ਰੋਗ ਹੌਲੀ ਹੌਲੀ ਵਧਦਾ ਵਧਦਾ ਸਾਰੇ ਸਰੀਰ ‘ਚ ਫੈਲ ਜਾਂਦਾ ਹੈ। ਅਖੀਰ ਫੇਫੜਿਆਂ ‘ਚ ਅਤੇ ਸਮੁੱਚੇ ਸਰੀਰ ਵਿਚ ਫੈਲ ਜਾਂਦਾ ਹੈ। ਇਸ ਦਾ ਇਲਾਜ ਇੱਕੋ ਹੀ ਹੈ, ਪਰ ਹੈ ਬੜਾ ਸਖਤ। ਜੇ ਅਸਫਲ ਹੋ ਜਾਏ ਤਾਂ ਕੁਝ ਗੌਣ ਅਸਰ ਛੱਡ ਜਾਂਦਾ ਹੈ, ਜਿਸ ਨਾਲ ਵਿਸ਼ੇਸ਼ ਤੌਰ ‘ਤੇ ਸਰੀਰ ਦਾ ਕੁਦਰਤੀ ਇਮਿਊਨ ਸਿਸਟਮ ਤਹਿਸ-ਨਹਿਸ ਹੋ ਜਾਂਦਾ ਹੈ। ਅਸੀਂ ਬਿਨਾ ਕਿਸੇ ਡਰ-ਭੈਅ ਦੇ, ਡਾਕਟਰ ਦੀ ਰਾਏ ਦਾ ਸਤਿਕਾਰ ਕੀਤਾ।
ਇਲਾਜ ਸ਼ੁਰੂ ਹੋ ਗਿਆ। ਹੋਰ ਚਾਰਾ ਵੀ ਕੋਈ ਨਹੀਂ ਸੀ। ਡਰੂ ਜਿਹੀ ਬੀਬੀ ਨੂੰ ਮੂੰਹ ਰਾਹੀਂ ਦਵਾਈ ਅੰਦਰ ਲੰਘਾਉਣੀ ਔਖੀ ਹੁੰਦੀ, ਪਰ ਦਵਾਈਆਂ ਨੇ ਪੈਂਦੀ ਸੱਟੇ ਉਸ ਨੂੰ ਪਾਣੀ ਅੰਦਰ ਲੰਘਾਉਣਾ ਹੀ ਮੁਹਾਲ ਕਰ ਦਿੱਤਾ। ਔਖੇ ਸੌਖੇ ਤਿੰਨ ਕੁ ਡੋਜ਼ਾਂ ਦਿੱਤੀਆਂ ਕਿ ਉਹ ਤਾਂ ਨਾ ਕੁਝ ਖਾਵੇ, ਨਾ ਕੁਝ ਪੀਵੇ। ਪਾਣੀ ਵੀ ਅੰਦਰ ਨਾ ਲੰਘੇ, ਉਲਟੀ ਆ ਜਾਵੇ। ਹਾਰ ਕੇ ਐਮਰਜੈਂਸੀ ਜਾਣਾ ਪਿਆ। ਸਾਰੇ ਡਰ ਗਏ। ਕਈ ਪੁੱਠੀਆਂ ਸਿੱਧੀਆਂ ਗੱਲਾਂ ਵੀ ਸੁਣਨ ਨੂੰ ਮਿਲੀਆਂ। ਹਸਪਤਾਲ ਵਿਚ ਇੰਟਰਾ-ਵੀਨਸ ਰਾਹੀਂ ਦਵਾਈਆਂ ਦੇਣੀਆਂ ਅਰੰਭ ਹੋਈਆਂ ਅਤੇ ਗੁਲੂਕੋਜ਼ ਵੀ ਲੱਗਾ।
ਖੈਰ, ਇਲਾਜ ਕੋਈ ਛੇ ਮਹੀਨੇ ਚਲਦਾ ਰਿਹਾ। ਹਸਪਤਾਲ ਤੋਂ ਛੁੱਟੀ ਤਾਂ ਹਫਤੇ ਕੁ ਪਿੱਛੋਂ ਮਿਲ ਗਈ, ਪਰ ਇੱਕ ਵਾਰੀ ਮੁੜ ਐਮਰਜੈਂਸੀ ਜਾਣਾ ਪਿਆ। ਉਲਟੀਆਂ ਤੇ ਬਲੱਡ ਪ੍ਰੈਸ਼ਰ ਵਧਣ ਦੇ ਡਰੋਂ ਲੂਣ ਘੱਟ ਕਰਨਾ ਪਿਆ। ਸੋਡੀਅਮ ਘਟ ਗਿਆ। ਏਦਾਂ ਪੂਰੀ ਦ੍ਰਿੜਤਾ ਨਾਲ ਇਲਾਜ ਕਰਦੇ ਰਹੇ। ਆਖੀਰ ਡਾਕਟਰ ਨੇ ਦਵਾਈਆਂ ਦੀ ਲੰਬੀ ਲਿਸਟ ਦਿੱਤੀ ਅਤੇ ਕਿਹਾ ਕਿ ਤੁਹਾਨੂੰ ਹੁਣ ਤਾਉਮਰ ਇਹ ਲੈਣੀਆਂ ਪੈਣਗੀਆਂ।
ਇੱਕ ਨਿਰੋਲ ਸ਼ਾਕਾਹਾਰੀ, ਟੀਟੋਟਲਰ ਨੂੰ ਪਤਾ ਨਹੀਂ ਕਿਵੇਂ ਇਹ ਕਿਡਨੀ ਰੋਗ ਆ ਚੰਬੜਿਆ। ਕਾਦਰ ਹੀ ਜਾਣੇ! ਆਮ ਤੌਰ ‘ਤੇ ਨਸ਼ੇ ਤੇ ਸ਼ਰਾਬ ਦਾ ਸੇਵਨ ਕਰਨ ਵਾਲਿਆਂ ਨੂੰ ਇਹ ਰੋਗ ਲੱਗਦੈ। ਹੁਣ ਸਿਰਫ ਇੱਕ ਤਕਲੀਫ ਜ਼ਰੂਰ ਤੰਗ ਕਰਦੀ ਹੈ ਜੋ ਕਮਜ਼ੋਰ ਇਮਿਊਨਿਟੀ ਕਰਕੇ ਛੇਤੀ ਹੀ ਆ ਘੇਰਦੀ ਹੈ। ਉਹਦਾ ਪੇਟ ਬਹੁਤ ਛੇਤੀ ਖਰਾਬ ਹੋ ਜਾਂਦੈ। ਪਰ ਸਮੁੱਚੇ ਤੌਰ ‘ਤੇ ਸਭ ਠੀਕ ਠਾਕ ਚੱਲ ਰਿਹਾ ਹੈ। ਹਰ ਰੋਜ਼ ਚਾਰ ਕੁ ਕਿੱਲੋਮੀਟਰ ਸੈਰ ਕਰਦੀ ਹੈ।
ਮੈਂ ਸ਼ੁਕਰਾਨੇ ਵਜੋਂ ਕੋਈ ਪਾਠ ਵਗੈਰਾ ਨਾ ਕਰਾਇਆ। ਹਸਪਤਾਲ ਨੂੰ ਦਾਨ ਜ਼ਰੂਰ ਦਿੱਤਾ। ਏਦਾਂ ਹੀ ਇੱਕ ਪੜ੍ਹੇ-ਲਿਖੇ ਨੌਜਵਾਨ ਨੂੰ ਜਦੋਂ ਡਾਕਟਰਾਂ ਨੇ ਐਨ ਮੌਤ ਦੇ ਕੰਢੇ ਤੋਂ ਕੋਈ ਦੋ ਕੁ ਸਾਲ ਦੀ ਜਦੋਜਹਿਦ ਬਾਅਦ ਤੁਰਨ ਫਿਰਨ ਲਾਇਆ ਤਾਂ ਉਸ ਨੇ ਸ਼ੁਕਰਾਨੇ ਹਿੱਤ ਅਖੰਡ ਪਾਠ ਕਰਾਇਆ। ਸੰਗਤ ਦਾ ਧੰਨਵਾਦ ਕਰਦਿਆਂ ਮੈਂ ਕਿਹਾ, ਇਹ ਸ਼ੁਕਰਾਨਾ ਗੁਰੂ ਸਾਹਿਬਾਨ ਵਿਚ ਤੁਹਾਡੀ ਨਿਹਚਾ ਦਾ ਪ੍ਰਤੀਕ ਹੈ, ਪਰ ਅਸਲ ਸ਼ੁਕਰਾਨਾ ਸਾਨੂੰ ਹਸਪਤਾਲਾਂ ਦਾ ਕਰਨਾ ਚਾਹੀਦਾ ਹੈ। ਹਸਪਤਾਲੀ ਸਿਸਟਮ ਹੀ ਅਸਲ ਜੀਵਨ ਦਾਤਾ ਸਿੱਧ ਹੋ ਰਿਹੈ।
ਇੱਕ ਵਾਰ ਮੇਰਾ ਕੋਰਾ ਅਨਪੜ੍ਹ ਹਲ ਵਾਹਕ ਮਾਮਾ ਵਡੇਰੀ ਉਮਰੇ ਇੱਕ ਗਦੂਦੀ ਕੈਂਸਰ ਦਾ ਰੋਗੀ ਹੋ ਗਿਆ। ਉਹਦੇ ਮੁੰਡੇ ਦਾ ਇੱਕ ਸਾਥੀ ਪ੍ਰੋਫੈਸਰ ਹਾਲ-ਚਾਲ ਪੁੱਛਣ ਘਰ ਆਇਆ। ਕਹੀ ਜਾਵੇ ਵਾਹਿਗੁਰੂ, ਵਾਹਿਗੁਰੂ ਕਰਿਆ ਕਰੋ! ਉਹਦੇ ਜਾਣ ਪਿੱਛੋਂ ਮਾਮਾ ਕਹਿੰਦਾ, “ਲੈ ਇਹਨੂੰ ਪ੍ਰੋਫੈਸਰ ਕਿਹੜੇ ਮੂਰਖ ਨੇ ਬਣਾਇਐ, ਇਹ ਤਾਂ ਮੈਨੂੰ ਕਮਲਾ ਲੱਗਦੈ, ਅਖੇ, ਵਾਹਿਗੁਰੂ, ਵਾਹਿਗੁਰੂ ਕਰਿਆ ਕਰੋ। ਓਏ ਬੇਵਕੂਫਾ, ਵਾਹਿਗੁਰੂ ਮੇਰਾ ਰੋਗ ਦੂਰ ਕਰ ਦਊ! ਕਮਲਿਆ ਕਿਸੇ ਚੰਗੇ ਡਾਕਟਰ ਦੀ ਦੱਸ ਪਾ। ਇਹਨੂੰ ਤਾਂ ਅਕਲ ਈ ਕੋਈ ਨਈਂ, ਇਹ ਮੁੰਡਿਆਂ ਨੂੰ ਖੇਹ ਸੁਆਹ ਪੜ੍ਹਾਉਂਦਾ ਹੋਊ?”