ਮੱਘਰ ਚੜ੍ਹੇ ਜੋ ਸਰਦੀ ਹੋਈ

ਮੱਘਰ ਦਾ ਮਹੀਨਾ ਅੰਦਰੋਂ ਮਘਣ ਅਤੇ ਮਿਲਾਪ ਦਾ ਮਹੀਨਾ ਹੈ। ਇਸ ਮਹੀਨੇ ਇਕ ਤਾਂ ਤਾਪਮਾਨ ਵਾਹਵਾ ਚੁੱਭੀ ਮਾਰ ਜਾਂਦਾ ਹੈ ਤੇ ਠੰਢ ਵਧ ਜਾਂਦੀ ਹੈ ਅਤੇ ਦੂਜੇ, ਰਾਤਾਂ ਲੰਮੇਰੀਆਂ ਹੋ ਜਾਂਦੀਆਂ ਹਨ। ਖੇਤੀ ਵਗੈਰਾ ਦੇ ਕੰਮ-ਕਾਰ ਵੀ ਸੀਮਿਤ ਹੋ ਜਾਂਦੇ ਹਨ। ਇਸ ਵਿਹਲ ਦੇ ਮੱਦੇਨਜ਼ਰ ਹੀ ਵਿਆਹਾਂ ਦਾ ਜ਼ੋਰ ਪੈ ਜਾਂਦਾ ਹੈ। ਬਾਰਹਮਾਹ ਦੇ ਲੇਖਕ ਆਸਾ ਸਿੰਘ ਘੁਮਾਣ ਨੇ ਦੇਸੀ ਸਾਲ ਦੇ ਇਸ ਨੌਵੇਂ ਮਹੀਨੇ ਬਾਰੇ ਆਪਣੇ ਇਸ ਲੇਖ ਵਿਚ ਮੱਘਰ ਦੀ ਧੂਣੀ ਖੂਬ ਮਘਾਈ ਹੈ।

-ਸੰਪਾਦਕ

ਆਸਾ ਸਿੰਘ ਘੁਮਾਣ
ਫੋਨ: 91-98152-53245

ਪੰਜਾਬ ਵਿਚ ਮੱਘਰ ਦੇ ਮਹੀਨੇ ਤੱਕ ਕਾਫੀ ਠੰਢ ਹੋ ਜਾਂਦੀ ਹੈ। ਤਾਪਮਾਨ ਘੱਟੋ ਘੱਟ 8 ਡਿਗਰੀ ਅਤੇ ਵੱਧ ਤੋਂ ਵੱਧ 25 ਡਿਗਰੀ ਸੈਲਸੀਅਸ ਤੱਕ ਡਿੱਗ ਪੈਂਦਾ ਹੈ। ਮੱਘਰ ਦੀ ਸੰਗਰਾਂਦ ਨੂੰ ਸੂਰਜ ਸਵੇਰੇ 7 ਕੁ ਵਜੇ ਚੜ੍ਹਦਾ ਹੈ ਅਤੇ ਸ਼ਾਮ ਨੂੰ 5, 5:30 ਦੇ ਕਰੀਬ ਡੁੱਬਦਾ ਹੈ। ਇਸ ਤਰ੍ਹਾਂ ਇਸ ਮਹੀਨੇ ਦੀਆਂ ਰਾਤਾਂ ਸਾਢੇ ਤੇਰਾਂ ਘੰਟੇ ਦੇ ਕਰੀਬ ਹੁੰਦੀਆਂ ਹਨ। ਕੇਸ਼ਵ ਦਾਸ ਇਸ ਮਹੀਨੇ ਦਾ ਰਿਤੂ-ਚਿਤਰਨ ਕਰਦਿਆਂ ਲਿਖਦਾ ਹੈ, “ਮੱਘਰ ਦਾ ਮਹੀਨਾ ਸਿਆਲ ਆਉਣ ਦੀ ਸੂਚਨਾ ਦਿੰਦਾ ਹੈ। ਦਿਨ ਛੋਟੇ ਹੋ ਜਾਂਦੇ ਹਨ ਤੇ ਰਾਤਾਂ ਲੰਮੀਆਂ। ਆਕਾਸ਼ ਦਾ ਰੰਗ ਨਿਖਰਿਆ ਹੋਇਆ ਨੀਲਾ ਹੋ ਜਾਂਦਾ ਹੈ। ਹਵਾ ਚੂੰਡੀਆਂ ਭਰਨ ਲੱਗ ਜਾਂਦੀ ਹੈ। ਸਿਆਲੇ ਦੀ ਚੜ੍ਹਤਲ ਤੋਂ ਡਰਦੇ ਦਰਿੰਦੇ ਖੂੰਜੇ ਅਤੇ ਘੁਰਨੇ ਤਲਾਸ਼ ਕਰਨ ਲਗਦੇ ਹਨ। ਤੀਵੀਂਆਂ ਸਰਦੀਆਂ ਦੀ ਤਿਆਰੀ ਲਈ ਰਜਾਈਆਂ ਨਗੰਦਦੀਆਂ ਹਨ। ਇਸ ਰੁੱਤ ਵਿਚ ਅਸਮਾਨ ਨੀਲੀ ਭਾਅ ਮਾਰਦਾ ਹੈ ਅਤੇ ਉਸ ਉਤੇ ਬੱਦਲਾਂ ਦੀ ਇਕ ਟਾਕੀ ਤੱਕ ਨਹੀਂ ਹੁੰਦੀ। ਪਹਾੜਾਂ ਵੱਲੋਂ ਠੱਕਾ ਚੱਲਦਾ ਹੈ। ਮਨੁੱਖ ਤਾਂ ਕੀ, ਪਸੂ ਵੀ ਢਾਰਿਆਂ ਦਾ ਨਿੱਘ ਭਾਲਦੇ ਹਨ। ਜਿਉਂ-ਜਿਉਂ ਸਰਦੀ ਦਾ ਜ਼ੋਰ ਵਧਦਾ ਹੈ, ਕਚਨਾਰਾਂ ਦੇ ਪੱਤਰ ਝੜਦੇ ਹਨ ਅਤੇ ਟਾਹਣੀਆਂ ਨੰਗੀਆਂ ਤੇ ਬੁੱਚੀਆਂ ਹੋ ਜਾਂਦੀਆਂ ਹਨ। ਬ੍ਰਿੰਦਾਬਨ ਦੀਆਂ ਉਨ੍ਹਾਂ ਨਹਾਉਂਦੀਆਂ ਗੋਪੀਆਂ ਵਾਂਗ ਜਿਨ੍ਹਾਂ ਦੇ ਕੱਪੜਿਆਂ ਨੂੰ ਮਨਹਰ-ਦੇਵ ਗੋਵਿੰਦ ਚੁਰਾ ਕੇ ਲੈ ਗਿਆ ਹੋਵੇ।”
ਮੱਘਰ ਮਹੀਨੇ ਕੋਈ ਖਾਸ ਤਿਉਹਾਰ ਨਹੀਂ ਮਨਾਇਆ ਜਾਂਦਾ ਤੇ ਨਾ ਹੀ ਕੋਈ ਮੇਲਾ ਵਗੈਰਾ ਭਰਦਾ ਹੈ। ਸ਼ਾਇਦ ਇਹ ਮਹੀਨਾ ਵਿਆਹ ਸ਼ਾਦੀਆਂ ਲਈ ਵਿਹਲਾ ਛੱਡਿਆ ਹੋਵੇ। ਮੌਸਮ ਪੱਖੋਂ ਇਹ ਮਹੀਨਾ ਵਿਆਹਾਂ ਦੇ ਬਹੁਤ ਅਨੁਕੂਲ ਹੈ। ਚੀਜ਼ਾਂ ਵਸਤਾਂ ਖਰਾਬ ਨਹੀਂ ਹੁੰਦੀਆਂ, ਖੇਤੀਬਾੜੀ ਤੋਂ ਵੀ ਵਿਹਲ ਹੁੰਦੀ ਹੈ। ਮੇਲ-ਮਿਲਾਪ ਵੀ ਨਿੱਘ ਦਿੰਦਾ ਹੈ ਅਤੇ ਸੁਭਾਗ ਜੋੜੀ ਨੂੰ ਪ੍ਰਾਈਵੇਸੀ ਹੰਢਾਉਣ ਲਈ ਅਤੇ ਮਹਿਮਾਨ ਨਿਵਾਜ਼ੀ ਲਈ ਅਗਲੇ ਤਿੰਨ ਮਹੀਨੇ ਅਨੁਕੂਲ ਮੌਸਮ ਮਿਲ ਜਾਂਦਾ ਹੈ। ਵੈਸੇ ਵੀ ਅੱਗੇ ਪੋਹ-ਮਾਘ ਵਿਚ ਜ਼ਿਆਦਾ ਸਰਦੀ ਹੋ ਜਾਂਦੀ ਹੈ, ਇਸ ਲਈ ਵਿਆਹ-ਸ਼ਾਦੀਆਂ ਦਾ ਪ੍ਰਬੰਧ ਕਰਨਾ ਅਤੇ ਮਹਿਮਾਨਾਂ ਦੇ ਰਹਿਣ ਲਈ ਇੰਤਜ਼ਾਮ ਕਰਨਾ ਔਖਾ ਹੁੰਦਾ ਹੈ।
ਲੋਕ ਨਿਸ਼ਚਾ ਰਿਹਾ ਹੈ ਕਿ ਮੱਘਰ ਮਹੀਨੇ ਵਿਆਹ ਕਰਨ ਵਾਲੇ ਦੋਸਤੀ ਭਰੀ ਦੀਰਘ-ਆਯੂ ਭੋਗਦੇ ਹਨ ਅਤੇ ਸੰਤਾਨ ਦਾ ਅਨੰਦ ਪ੍ਰਾਪਤ ਕਰਦੇ ਹਨ। ਐਨ. ਆਰ. ਆਈ. ਪੰਜਾਬੀ ਵੀ ਇਨ੍ਹੀਂ ਦਿਨੀਂ ਵਤਨ ਮੁੜਨੇ ਸ਼ੁਰੂ ਹੋ ਜਾਂਦੇ ਹਨ। ਮੈਰਿਜ ਪੈਲੇਸਾਂ ਅਤੇ ਬਾਜ਼ਾਰਾਂ ਵਿਚ ਖੂਬ ਭੀੜ ਹੋਣ ਲੱਗਦੀ ਹੈ। ਸਾਰੇ ਪਾਸੇ ਵਿਆਹ ਰਚਿਆ ਲੱਗਦਾ ਹੈ: ਕੱਪੜੇ ਦੀਆਂ ਦੁਕਾਨਾਂ ‘ਤੇ, ਬੁਟੀਕਾਂ ‘ਤੇ, ਬਿਊਟੀ ਪਾਰਲਰਾਂ ‘ਤੇ, ਸੁਨਿਆਰਿਆਂ ਦੀਆਂ ਦੁਕਾਨਾਂ ‘ਤੇ…।
ਸਰਦੀਆਂ ਦੇ ਮੌਸਮ ਵਿਚ ਸਰਦੀ ਤੋਂ ਬਚਾਅ ਲਈ ਮੋਟੇ ਕੱਪੜੇ ਪਹਿਨੇ ਜਾਂਦੇ ਹਨ। ਲੋਕ ਵੰਨ-ਸੁਵੰਨੇ ਰੰਗਾਂ ਦੇ ਸਵੈਟਰ, ਜਰਸੀਆਂ, ਕੋਟੀਆਂ, ਕੋਟ-ਪੈਂਟ ਵਗੈਰਾ ਪਹਿਨੀ ਸਿਹਤਮੰਦ ਨਜ਼ਰ ਆਉਂਦੇ ਹਨ। ਕੁਝ ਸਾਲ ਪਹਿਲਾਂ ਤਾਂ ਮੱਘਰ ਦੀ ਤਿਆਰੀ ਵਜੋਂ ਕੱਤੇ ਵਿਚ ਹੀ ਮਨਿਆਰੀ ਦੀਆਂ ਦੁਕਾਨਾਂ ‘ਤੇ ਕਈ ਰੰਗਾਂ ਦੀ ਉਨ ਦੇ ਢੇਰ ਲੱਗ ਜਾਂਦੇ ਸਨ। ਔਰਤਾਂ ਖੁਦ ਸਵੈਟਰ, ਜਰਸੀਆਂ, ਕੋਟੀਆਂ, ਮਫਲਰ, ਦਸਤਾਨੇ ਆਦਿ ਬੁਣਦੀਆਂ ਸਨ। ਧਿਆਨ ਕਿਸੇ ਹੋਰ ਪਾਸੇ ਰੱਖਦਿਆਂ ਵੀ ਬੁਣਾਈ ਕਰੀ ਜਾਂਦੀਆਂ ਔਰਤਾਂ ਦੀ ਕਲਾ ਦੇਖ ਕੇ ਹੈਰਾਨੀ ਹੁੰਦੀ ਸੀ। ਇਕ ਸਮਾਂ ਆਇਆ, ਜਦੋਂ ਸਕੂਲਾਂ ਵਿਚ ਪੜ੍ਹਾਉਂਦੀਆਂ ‘ਭੈਣਜੀਆਂ’ ਬੱਸ ਵਿਚ ਸਫਰ ਕਰਦਿਆਂ ਜਾਂ ਸਕੂਲ ਵਿਚ ਡਿਊਟੀ ਟਾਈਮ ਵਿਚ ਹੀ ਸਵੈਟਰ ਬੁਣੀ ਜਾਂਦੀਆਂ ਸਨ। ਸਮਾਂ ਬੜੀ ਤੇਜ਼ੀ ਨਾਲ ਬਦਲਿਆ ਹੈ, ਹੁਣ ਤਾਂ ਹਰ ਕੋਈ ਰੈਡੀਮੇਡ ਸਵੈਟਰ, ਜਰਸੀਆਂ, ਕੋਟ-ਪੈਂਟ ਖਰੀਦਦਾ ਹੈ। ਸਰਦੀਆਂ ਵਿਚ ਜਿਥੇ ਮਰਦ ਲੋਕ ਫੱਬ-ਫੱਬ ਪੈਂਦੇ ਹਨ, ਉਥੇ ਔਰਤਾਂ ਨੂੰ ਸਰਦੀਆਂ ਨਾਲ ਖਾਸ ਚਿੜ ਰਹੀ ਹੈ, ਕਿਉਂਕਿ ਸ਼ਾਲ ਵਗੈਰਾ ਲੈਣ ਨਾਲ ਉਨ੍ਹਾਂ ਦਾ ਜਿਸਮਾਨੀ ਰੋਅਬ ਮਾਰਿਆ ਜਾਂਦਾ ਹੈ। ਇਹੀ ਵਜ੍ਹਾ ਹੈ ਕਿ ਔਰਤਾਂ ਵਿਚ ਅੱਜ ਕੱਲ੍ਹ ਸ਼ਾਲ ਲੈਣ ਦਾ ਰੁਝਾਨ ਘਟਿਆ ਹੈ ਅਤੇ ਇਨਰ-ਵੀਅਰ ਜਾਂ ਵਾਰਮ-ਵੀਅਰ ਦਾ ਰਿਵਾਜ ਵਧਿਆ ਹੈ।
ਕੱਤਕ ਵਿਚ ਤਿਆਰ ਕੀਤੀਆਂ ਅਤੇ ਨਗੰਦੀਆਂ ਰਜਾਈਆਂ-ਤਲਾਈਆਂ ਮੱਘਰ ਮਹੀਨੇ ਬੜੇ ਚਾਵਾਂ ਨਾਲ ਲਈਆਂ ਜਾਂਦੀਆਂ ਹਨ। ਪੋਲੀਆਂ-ਪੋਲੀਆਂ ਤਲਾਈਆਂ ਅਤੇ ਨਿੱਘੀਆਂ-ਨਿੱਘੀਆਂ ਰਜਾਈਆਂ ਗੁਦਗੁਦਾ ਅਹਿਸਾਸ ਪੈਦਾ ਕਰਦੀਆਂ ਹਨ। ਰਜਾਈਆਂ ਤਿਆਰ ਕਰਨ ਦਾ ਕੰਮ ਵੀ ਬੜਾ ਦਿਲਚਸਪ ਹੁੰਦਾ ਹੈ। ਹਰ ਔਰਤ ਇਹ ਕੰਮ ਨਹੀਂ ਕਰ ਸਕਦੀ। ਇਹ ਵੀ ਕਲਾ ਹੁੰਦੀ ਹੈ। ਅੱਜ ਕੱਲ੍ਹ ਤਾਂ ਰਜਾਈਆਂ ਰੈਡੀਮੇਡ ਮਿਲ ਜਾਂਦੀਆਂ ਹਨ ਅਤੇ ਰਜਾਈਆਂ ਭਰਾਉਣ ਵਾਲੀਆਂ ਦੁਕਾਨਾਂ ਵੀ ਉਪਲਬਧ ਹਨ, ਪਰ ਕੁਝ ਕੁ ਸਾਲ ਪਹਿਲਾਂ ਤੱਕ ਪਿੰਡਾਂ ਵਿਚ ਇਹ ਕਾਰਜ ਬੀਬੀਆਂ ਰਲ-ਮਿਲ ਕੇ ਕਰਦੀਆਂ ਸਨ। ਰੂੰ-ਪਿੰਜਣੀ ਮਸ਼ੀਨ ‘ਤੇ ਰੂੰ ਅਤੇ ਰਜਾਈ ਦੇ ਪੱਲੇ ਲਿਜਾ ਕੇ ਉਥੇ ਹੀ ਮੋਟੇ-ਮੋਟੇ ਨਗੰਦੇ ਮਾਰ ਲਏ ਜਾਂਦੇ ਤਾਂ ਕਿ ਰੂੰ ਇਕੱਠਾ ਨਾ ਹੋ ਜਾਵੇ। ਬਾਅਦ ਵਿਚ ਘਰ ਲਿਆ ਕੇ ਉਨ੍ਹਾਂ ਨੂੰ ਸਹੀ ਤਰ੍ਹਾਂ ਨਗੰਦ ਲਿਆ ਜਾਂਦਾ। ਅੱਜ ਕੱਲ੍ਹ ਭਾਵੇਂ ਬੜੀ ਅੱਛੀ ਕੁਆਲਿਟੀ ਦੇ ਕੰਬਲ ਆ ਗਏ ਹਨ, ਪਰ ਰਜਾਈ ਵਾਲਾ ਅਨੰਦ ਤਾਂ ਰਜਾਈ ਵਿਚ ਹੀ ਆਉਂਦਾ ਹੈ।
ਇਸ ਰੁੱਤ ਵਿਚ ਸੰਜੋਗ ਅਤੇ ਵਿਯੋਗ ਦੀਆਂ ਭਾਵਨਾਵਾਂ ਸਦਾ ਭਾਰੂ ਰਹੀਆਂ ਹਨ। ਇਕ ਤਾਂ ਰਾਤਾਂ ਲੰਮੀਆਂ ਹੁੰਦੀਆਂ ਹਨ, ਦੂਜਾ ਛੇਤੀ ਹੀ ਲੋਕੀਂ ਅੰਦਰੀਂ ਵੜ ਜਾਂਦੇ ਹਨ ਅਤੇ ਦਿਨ ਚੜ੍ਹੇ ਰਜਾਈਆਂ ਵਿਚੋਂ ਨਿਕਲਦੇ ਹਨ। ਇਹ ਰੁੱਤ ਉਨ੍ਹਾਂ ਲਈ ਬੜੀ ਭਾਰੂ ਹੁੰਦੀ ਹੈ ਜੋ ਇਕਲਾਪਾ ਹੰਢਾ ਰਹੇ ਹੋਣ। ਵਿਯੋਗਣ ਲਈ ਸਰਦੀਆਂ ਡਾਢੀਆਂ ਦੁਖਦਾਈ ਹੁੰਦੀਆਂ ਹਨ। ਸਾਂਝੇ ਪਰਿਵਾਰਾਂ ਵਿਚ ਕਈ ਵਾਰ ਹੋਰ ਵੀ ਔਖੇਰਾ ਹੋ ਜਾਂਦਾ ਹੈ, ਕਿਉਂਕਿ ਪਰਿਵਾਰ ਵਿਚ ਆਪੋ-ਆਪਣੇ ਜੁੱਟ ਹੁੰਦੇ ਹਨ- ਸੱਸ-ਸਹੁਰੇ ਦਾ, ਜੇਠ-ਜਠਾਣੀ ਦਾ, ਦਿਉਰ-ਦਰਾਣੀ ਦਾ, ਪਿਉ-ਪੁੱਤਰ ਦਾ, ਮਾਂਵਾਂ-ਧੀਆਂ ਦਾ। ਪੁਰਾਣੇ ਸਮਿਆਂ ਵਿਚ ਜਦੋਂ ਬਿਜਲੀ ਨਹੀਂ ਸੀ ਹੁੰਦੀ, ਸਿਆਲ ਦੀਆਂ ਰਾਤਾਂ ਹੋਰ ਵੀ ਡਰਾਉਣੀਆਂ ਹੋ ਜਾਂਦੀਆਂ ਸਨ। ਅੱਜ ਕੱਲ੍ਹ ਬਿਜਲੀ ਅਤੇ ਟੈਲੀਵਿਜ਼ਨ ਨੇ ਜ਼ਿੰਦਗੀ ਦੀ ਰਹਿਤਲ ਵੱਡੀ ਹੱਦ ਤੱਕ ਬਦਲ ਦਿੱਤੀ ਹੈ। ਮੋਬਾਈਲ ਅਤੇ ਇੰਟਰਨੈਟ ਨੇ ਵੀ ਵੱਡਾ ਇਨਕਲਾਬ ਲੈ ਆਂਦਾ ਹੈ। ਹੁਣ ਪਰਦੇਸਣਾਂ ਪਹਿਲਾਂ ਜਿੰਨਾ ਉਦਾਸ ਤੇ ਨਿਰਾਸ਼ ਨਹੀਂ ਹੁੰਦੀਆਂ।
ਪੰਜਾਬੀ ਸਾਹਿਤ ਵਿਚ ਬਾਰਹਮਾਹ ਰਚਨਾ ਵਿਚ ਮੱਘਰ ਮਹੀਨਾ ਦੁਖਦਾਈ ਵਿਛੋੜੇ ਦਾ ਮਹੀਨਾ ਹੈ। ਵਿਯੋਗਣ ਰੋਂਦੀ ਹੈ, ਤੜਫਦੀ ਹੈ, ਹਾੜ੍ਹੇ ਕੱਢਦੀ ਹੈ, ਮਰਨ ਨੂੰ ਫਿਰਦੀ ਹੈ:
ਮਘਰਿ ਮੈਂ ਪਾਰਿ ਮਿਤ੍ਰ ਨਾਂ ਜਾਂਦਾ
ਰਾਖਸ਼ ਨੇਹੁ ਹੱਡਾਂ ਨੂੰ ਖਾਂਦਾ। (ਬੁੱਲੇ ਸ਼ਾਹ)

ਮੈਨੂੰ ਮੱਘਰ ਆਇ ਡਰਾਵੰਦਾ ਏ
ਬਾਝ ਸਾਈਂ ਥਰੇ ਥਰ ਕੰਬਨੀ ਹਾਂ। (ਸ਼ਾਹ ਮੁਰਾਦ)

ਮੱਘਰ ਕਰੇ ਬੜਾ ਤੰਗ, ਲਗਾ ਤਨ ਸੀਤ
ਕਿ ਫਰਿਆ ਅੰਗ, ਮੇਰਾ ਰੰਗ ਭਇਆ ਬਦਰੰਗ। (ਬਰਖੁਰਦਾਰ)

ਸੀਤ ਸੁਹਾਣੀ ਸਰਦ ਰੁੱਤ
ਮੱਘਰ ਮੋ ਗਰਿ ਨਾਹੀ ਕੰਤ। (ਕੇਸਰ ਸਿੰਘ)

ਮੱਘਰ ਚੜ੍ਹੇ ਜੋ ਸਰਦੀ ਹੋਈ
ਬੰਦੀ ਬ੍ਰਿਹੋਂ ਨੇ ਬੰਨ ਪਰੋਈ। (ਗੁਲਾਮ ਹੁਸੈਨ)

ਚੜ੍ਹੇ ਮਘਰ ਹੋਈ ਨਿਰਾਸ਼
ਟੁੱਟ ਗਈ ਆਸ
ਪ੍ਰੋਤਾ ਮਾਸ, ਸਮੇਂ ਦੇ ਤੀਰ ਨੇ। (ਫਜ਼ਲ ਸ਼ਾਹ)
ਸੋ, ਲੰਮੀਆਂ ਰਾਤਾਂ ਅਤੇ ਠੰਢ ਦਾ ਵਰਤਾਰਾ ਵਿਯੋਗ ਦੇ ਦਰਦ ਨੂੰ ਜ਼ਿਆਦਾ ਪ੍ਰਚੰਡ ਕਰ ਦਿੰਦਾ ਹੈ। ਉਂਜ ਪਹਿਲੇ ਵੇਲਿਆਂ ਵਿਚ ਪੰਜਾਬਣਾਂ ਇਨ੍ਹਾਂ ਲੰਮੀਆਂ ਰਾਤਾਂ ਦਾ ਫਾਇਦਾ ਤ੍ਰਿੰਜਣ ਬਿਠਾ ਕੇ ਲੈ ਲੈਂਦੀਆਂ ਸਨ। ਹਿੰਮਤੀ ਔਰਤਾਂ ਤੇ ਜੁਆਨ ਕੁੜੀਆਂ ਟਾਈਮ ਨਾਲ ਹੀ ਕਿਸੇ ਖੁੱਲ੍ਹੇ ਘਰ ਵਿਚ ਚਰਖੇ ਡਾਹ ਲੈਂਦੀਆਂ ਤੇ ਜ਼ਿਦ ਨਾਲ ਕੱਤਦੀਆਂ। ਇਸ ਮਹੀਨੇ ਕਪਾਹ ਨਵੀਂ-ਨਵੀਂ ਆਈ ਹੁੰਦੀ ਸੀ। ਕੱਤਣ ਲਈ ਮੌਸਮ ਅਨੁਕੂਲ ਹੁੰਦਾ ਸੀ, ਕਿਉਂਕਿ ਸਿੱਲ ਦਾ ਮੌਸਮ ਲੰਘ ਚੁਕਾ ਹੁੰਦਾ ਹੈ।
ਸਰੋਜਨੀ ਨਾਇਡੂ ਨੇ ਕਿਤੇ ਲਿਖਿਆ ਸੀ, “ਸਦੀਆਂ ਤੋਂ ਕਵੀ ਚਰਖੇ ਤੇ ਖੱਡੀ ਦੀ ਉਪਮਾ ਦਿੰਦੇ ਆ ਰਹੇ ਹਨ। ਹੋਣੀ ਆਪਣੇ ਚਰਖੇ ਉਤੇ ਤੰਦਾਂ ਕੱਢ ਕੱਢ ਮਨੁੱਖ ਦੀ ਕਿਸਮਤ ਉਣ ਰਹੀ ਹੈ।” ਤਕਲੇ ਵਿਚੋਂ ਨਿਕਲ ਰਹੀ ਤੰਦ ਨਿਰੰਤਰ ਸਿਰਜਣਾ ਦੀ ਪ੍ਰਤੀਕ ਹੈ। ਸੂਫੀ ਕਵੀ ਸ਼ਾਹ ਹੁਸੈਨ ਜੁਆਨ ਕੁੜੀ ਦੇ ਕੱਤਣ ਦੀ ਉਪਮਾ ਨੂੰ ਅਧਿਆਤਮਕਤਾ ਨਾਲ ਜੋੜਦਿਆਂ ਵਕਤ ਸਿਰ ਆਪਣੇ ਫਰਜ਼ ਪੂਰੇ ਕਰਨ ਲਈ ਕਹਿੰਦਾ ਹੈ:
ਕੁਝ ਕੱਤ ਕੁੜੇ, ਕੁਝ ਵੱਟ ਕੁੜੇ
ਛੱਲੀ ਲਾਹ ਭਰੋਟੇ ਅੱਟ ਕੁੜੇ।
ਜੇ ਪੂਣੀ ਪੂਣੀ ਕੱਤੇਂਗੀ
ਤਾਂ ਨੰਗੀ ਮੂਲ ਨ ਵੱਤੇਂਗੀ।
ਪੰਜਾਬਣ ਮੁਟਿਆਰ ਲਈ ਚਰਖਾ ਉਦਯੋਗਿਕ ਇਕਾਈ ਰਿਹਾ ਹੈ, ਕਲਾ ਰਿਹਾ ਹੈ, ਸਭਿਅਤਾ ਦੀ ਤੋਰ ਰਿਹਾ ਹੈ ਅਤੇ ਸਭਿਆਚਾਰ ਦਾ ਚਲਦਾ ਚੱਕਰ ਰਿਹਾ ਹੈ। ਚਰਖੇ ਨਾਲ ਬਹੁਤ ਹਾਵ-ਭਾਵ ਜੁੜੇ-ਪੁੜੇ ਹਨ। ਚਰਖਾ ਚਲਾਉਣਾ ਅਤੇ ਉਸ ਵਿਚੋਂ ਬਾਰੀਕ ਤੰਦ ਕੱਢਣਾ ਅਤੇ ਨਾਲ ਹੀ ਗਲੋਟਾ ਬਣਾ ਕੇ ਉਸ ਨੂੰ ਉਤਾਰ ਲੈਣਾ, ਕਾਮਲ ਦੀ ਕਲਾ ਸੀ ਜੋ ਸਿਰਫ ਦੇਖਣ ਨਾਲ ਹੀ ਸਮਝ ਪੈ ਸਕਦੀ ਹੈ। ਇਹ ਕੇਵਲ ਸੁਚੱਜੀ ਦੇ ਹਿੱਸੇ ਆਈ ਕਲਾ ਹੈ, ਕੁਚੱਜੀ ਦੇ ਵੱਸ ਦੀ ਗੱਲ ਨਹੀਂ। ਪੰਜਾਬਣ ਨੂੰ ਮਾਣ ਹੁੰਦਾ ਸੀ ਆਪਣੀ ਕੱਤਣੀ ‘ਤੇ, ਆਪਣੇ ਚਰਖੇ ‘ਤੇ, ਆਪਣੀ ਕੱਢੀ ਲੰਮੀ ਬਾਰੀਕ ਤੰਦ ‘ਤੇ। ਅੱਜ ਚਰਖਾ ਭਾਵੇਂ ਨੁਮਾਇਸ਼ ਦੀ ਚੀਜ਼ ਬਣ ਗਿਆ ਹੈ, ਪਰ ਇਹ ਸੱਚ-ਮੁੱਚ ਹੀ ਪੰਜਾਬ ਦੇ ਸਭਿਆਚਾਰ ਦਾ ਪ੍ਰਤੀਕ ਕਿਹਾ ਜਾ ਸਕਦਾ ਹੈ।
ਚਰਖਾ ਬਣਾਉਣ ਵਾਲਾ ਤਰਖਾਣ ਵੀ ਚਰਖਾ ਬਣਾਉਣ ਵਿਚ ਆਪਣੀ ਕਲਾ ਦਿਖਾਉਂਦਾ ਸੀ। ਚਰਖਾ ਦਾਜ ਵਿਚ ਬੜੇ ਉਚੇਚ ਨਾਲ ਦਿੱਤਾ ਜਾਂਦਾ ਸੀ ਜੋ ਅਕਸਰ ਕਈ ਰੰਗਾਂ-ਢੰਗਾਂ ਨਾਲ ਸ਼ਿੰਗਾਰਿਆ ਹੁੰਦਾ ਸੀ। ਦਾਜ ਦਾ ਚਰਖਾ ਕਈ ਸੰਵੇਦਨਾਵਾਂ ਦਾ ਆਧਾਰ ਹੁੰਦਾ ਸੀ:
ਮਾਂ ਮੇਰੀ ਨੇ ਚਰਖਾ ਭੇਜਿਆ
ਪੀੜ੍ਹੀ ਘੜਾ ਦੇ ਤੂੰ।
ਵੇ ਸਾਰੀ ਰਾਤ ਕਤਿਆ ਕਰੂੰ
ਕੱਤਿਆ ਕਰੂੰ ਤੇਰੀ ਰੂੰ।
ਤ੍ਰਿੰਜਣ ਭਾਵੇਂ ਮਿਹਨਤ ਵਾਲਾ ਕੰਮ ਹੋਣ ਕਰ ਕੇ ਜੁਆਨ ਕੁੜੀਆਂ ਹੀ ਬਿਠਾਉਂਦੀਆਂ, ਪਰ ਉਨ੍ਹਾਂ ਵਿਚ ਕੁਝ ਸਿਆਣੀ ਉਮਰ ਦੀਆਂ ਔਰਤਾਂ ਵੀ ਜ਼ਰੂਰ ਹੁੰਦੀਆਂ ਸਨ ਤਾਂ ਕਿ ਜੁਆਨੀ ‘ਤੇ ਨਜ਼ਰ ਰੱਖੀ ਜਾ ਸਕੇ। ਕੱਤਣ ਦਾ ਅਸਲੀ ਮਜ਼ਾ ਤਾਂ ਪੇਕੇ ਪਿੰਡ ਹੀ ਹੁੰਦਾ ਹੈ, ਜਿਥੇ ਹਮ-ਉਮਰ ਕੁੜੀਆਂ ਖੂਬ ਹਾਸਾ ਠੱਠਾ ਕਰਦੀਆਂ ਹਨ। ਇਕ ਦੂਜੇ ਨੂੰ ਸੰਵਾਦ-ਚੂੰਢੀ ਵੀ ਵੱਢੀ ਜਾਂਦੀ ਹੈ ਤੇ ਸਰੀਰਕ ਵੀ। ਜਵਾਨੀ ਆਪਣੀ ਹੀ ਕਿਸਮ ਦੀ ਮਸਤੀ ਹੁੰਦੀ ਹੈ ਜੋ ਦਿਨ-ਰਾਤ ਚੜ੍ਹੀ ਰਹਿੰਦੀ ਹੈ। ਮੁਕਾਬਲੇ ਵਿਚ ਆ ਕੇ ਜਦ ਦਸ-ਪੰਦਰਾਂ ਚਰਖੇ ਇਕੱਠੇ ਚਲਦੇ ਤਾਂ ਸੱਚ-ਮੁੱਚ ਐਸੀ ਘੂਕਰ ਬੰਨ੍ਹਦੇ ਜੋ ਦਿਲਾਂ ਦੀਆਂ ਤਰਬਾਂ ਛੇੜ ਦਿੰਦੀ। ਸੁਡੌਲ ਡੌਲਿਆਂ ਨਾਲ ਸੱਜੇ ਹੱਥ ਨਾਲ ਹੱਥੀ ਘੁੰਮਾ-ਘੁੰਮਾ ਕੇ ‘ਘੁੰਮ ਚਰਖੜਿਆ ਘੁੰਮ’ ਦਾ ਜ਼ੋਰ ਦਿੰਦਿਆ, ਖੱਬੇ ਹੱਥ ਨਾਲ ਤਕਲੇ ਤੋਂ ਚੁੱਕਿਆ ਤੰਦ ਮੋਢੇ ਤੇ ਸਿਰ ਤੋਂ ਉਪਰ ਲਿਜਾ ਕੇ ਉਸੇ ਤੱਕਲੇ ‘ਤੇ ਕਲਾਮਈ ਢੰਗ ਨਾਲ ਲਪੇਟ ਕੇ ਅਗਲਾ ਤੰਦ ਚੁੱਕਿਆ ਜਾਂਦਾ, ਨਾਲ ਹੀ ਕੋਈ ਘੋੜੀ/ਸੁਹਾਗ ਗੁਣਗੁਣਾਇਆ ਜਾਂਦਾ, ਤੇ ਉਸ ਵੇਲੇ ਕੱਤਣੀ ਫਰਾਟੇ ਮਾਰਨ ਲੱਗ ਪੈਂਦੀ। ਇਹ ਤ੍ਰਿੰਜਣ ਕਈ ਵੇਰ ਬਹੁਤ ਕੁਵੇਲੇ ਤੱਕ ਚੱਲਦਾ ਰਹਿੰਦਾ। ਅੱਧੀ-ਅੱਧੀ ਰਾਤ ਤੱਕ, ਸਰਘੀ ਵੇਲੇ ਤੱਕ। ਤ੍ਰਿੰਜਣ ਦਾ ਨਕਸ਼ਾ ਹੇਠ ਲਿਖੀ ਕਵਿਤਾ ਤੋਂ ਵਧੀਆ ਕੀ ਬੰਨ੍ਹਿਆ ਜਾ ਸਕਦਾ ਹੈ:
ਤੇ ਫੇਰ ਮੇਰੇ ਘਰ ਜਦੋਂ
ਆਲੇ ‘ਚ ਕਿਰਨਾਂ ਬਹਿੰਦੀਆਂ
ਕਿਰਨਾਂ ਜਿਹੀਆਂ ਕੁਝ ਨੱਢੀਆਂ
ਚੰਦਨ ਦੇ ਪੀੜ੍ਹੇ ਡਾਹੁੰਦੀਆਂ
ਤੇ ਚਰਖੀਆਂ ਦੀ ਘੂਕ ‘ਤੇ
ਸੱਜਣਾਂ ਦਾ ਬ੍ਰਿਹਾ ਗਾਉਂਦੀਆਂ
ਕੁਝ ਯਾਦ ਕੱਤਣ ਆਉਂਦੀਆਂ
ਕੁਝ ਦਾਜ ਕੱਤਣ ਆਉਂਦੀਆਂ
ਤੇ ਬਹੁਤ ਡੂੰਘੀ ਰਾਤ ਤੱਕ
ਭੋਰੇ ‘ਚ ਰਲ ਕੇ ਬਹਿੰਦੀਆਂ
ਤੇ ਫੇਰ ਭਰੀਆਂ ਖਿੱਤੀਆਂ
ਸਿਰੇ ਜਦੋਂ ਆ ਜਾਂਦੀਆਂ
ਮਾਹਲਾਂ ਤਦੋਂ ਭਰੜਾਂਦੀਆਂ,
ਹੱਥੀਆਂ ਨੂੰ ਨੀਂਦਾਂ ਆਉਂਦੀਆਂ
ਦੀਵੇ ਨੂੰ ਫੂਕਰ ਮਾਰ ਕੇ
ਸੱਜਣਾਂ ਦੇ ਸੁਪਨੇ ਲੈਂਦੀਆਂ
ਕੁਝ ਹੰਢੀਆਂ ਮਸ਼ਟੰਡੀਆਂ
ਭੋਰੇ ‘ਚ ਭੂਤਰ ਜਾਂਦੀਆਂ।
ਮੱਘਰ ਮਹੀਨਾ ਅੰਦਰੋਂ ਮਘਣ ਦਾ ਮਹੀਨਾ ਹੈ। ਇਸ ਮਹੀਨੇ ਗਰਮਾਇਸ਼ ਅਤੇ ਤਾਕਤ ਵਧਾਉਣ ਵਾਲੇ ਪਦਾਰਥ ਬਣਾਏ ਜਾਂਦੇ ਹਨ, ਜਿਵੇਂ ਖੋਆ, ਅਲਸੀ, ਮੇਥੇ ਆਦਿ। ਇਨ੍ਹਾਂ ਦਿਨਾਂ ਵਿਚ ਦੁੱਧ ਵਾਧੂ ਹੁੰਦਾ ਹੈ ਕਿਉਂਕਿ ਖੇਤਾਂ ਵਿਚ ਛਟਾਲਾ ਭਰਪੂਰ ਹੁੰਦਾ ਹੈ। ਉਧਰੋਂ ਘਰ ਦਾ ਗੁੜ, ਮੱਕੀ ਦੀਆਂ ਛੱਲੀਆਂ, ਮੂੰਗਫਲੀ ਵਗੈਰਾ। ਨੌਜੁਆਨ ਇਨ੍ਹਾਂ ਦਿਨਾਂ ਵਿਚ ਵਧੀਆ ਖੁਰਾਕਾਂ ਖਾਂਦੇ ਹਨ ਅਤੇ ਸ਼ਾਮ ਨੂੰ ਵਿਹਲੇ ਪਏ ਖੇਤਾਂ ਵਿਚ ਖੇਡ ਵੀ ਲੈਂਦੇ ਹਨ। ਇਸ ਮਹੀਨੇ ਖੇਤਾਂ ਵਿਚ ਕੰਮ ਕਾਰ ਘਟ ਜਾਂਦਾ ਹੈ। ਪੰਜਾਬ ਦੇ ਪਿੰਡਾਂ ਵਿਚ ਇਹ ਦਿਨ ਸੁਖ ਲੈਣ ਦੇ ਦਿਨ ਕਹੇ ਜਾ ਸਕਦੇ ਹਨ। ਫਸਲ ਬੀਜੀ ਜਾ ਚੁਕੀ ਹੁੰਦੀ ਹੈ, ਮੁੱਖ ਕੰਮ ਪਸੂਆਂ ਨੂੰ ਸਾਂਭਣ ਦਾ ਹੀ ਹੁੰਦਾ ਹੈ। ਉਨ੍ਹਾਂ ਨੂੰ ਅੰਦਰ-ਬਾਹਰ ਕਰਨਾ, ਪੱਠੇ ਪਾਉਣੇ, ਧਾਰਾਂ ਕੱਢਣੀਆਂ ਆਦਿ ਹੀ ਮੁੱਖ ਆਹਰ ਹੁੰਦਾ ਹੈ।
ਸ਼ਹਿਰਾਂ ਵਿਚ ਮਾਲ-ਰੋਡਾਂ ‘ਤੇ ਜਾਂ ਰੈਸਟੋਰੈਂਟਾਂ ਵਿਚ ਖਾਣ-ਪੀਣ ਦੀਆਂ ਵਸਤੂਆਂ ਵੀ ਸਰਦੀ ਦੇ ਮੌਸਮ ਦੇ ਅਨੁਕੂਲ ਮਿਲਣ ਲੱਗਦੀਆਂ ਹਨ। ਠੰਢੀ ਰਸ-ਮਲਾਈ, ਕੋਲਡ ਡਰਿੰਕ, ਆਈਸ ਕ੍ਰੀਮ, ਬੀਅਰ ਆਦਿ ਦੀ ਥਾਂ ਨਾਨ-ਵੈਜ ਆਈਟਮਾਂ ਦਾ ਜ਼ੋਰ ਵਧਣ ਲੱਗਦਾ ਹੈ। ਰੇੜ੍ਹੀਆਂ ‘ਤੇ ਉਬਲੇ ਆਂਡੇ, ਮੱਛੀ, ਮੁਰਗਾ ਆਦਿ ਮਿਲਣ ਲੱਗਦੇ ਹਨ। ਚਾਹ-ਕਾਫੀ ਦੀ ਮੰਗ ਵਧਣ ਲਗਦੀ ਹੈ। ਬਰਗਰ, ਟਿੱਕੀ , ਹਾਟ-ਡਾਗ ਵੱਧ ਵਿਕਣ ਲੱਗਦੇ ਹਨ। ਸ਼ਰਾਬ ਦੀ ਵਿਕਰੀ ਵਧ ਜਾਂਦੀ ਹੈ।
ਪੰਜਾਬੀ ਸਾਹਿਤ ਵਿਚ ਇਸ਼ਕ ਹਕੀਕੀ ਅਤੇ ਇਸ਼ਕ ਮਜ਼ਾਜੀ ਦਾ ਸੰਕਲਪ ਕਾਫੀ ਭਾਰੂ ਰਿਹਾ ਹੈ। ਸਮਝਿਆ ਜਾਂਦਾ ਹੈ ਕਿ ਉਸ ਪਰਮਾਤਮਾ ਤੱਕ ਪਹੁੰਚਣ ਲਈ ਪਿਆਰ ਦਾ ਸਬਕ ਜ਼ਰੂਰੀ ਹੈ, ਜੋ ਉਸ ਪਰਮਾਤਮਾ ਦੀ ਰਈਅਤ ਨਾਲ ਪਿਆਰ ਕਰ ਕੇ ਸਿੱਖਿਆ ਜਾ ਸਕਦਾ ਹੈ। ਗੁਰਮਤਿ ਵਿਚਾਰਧਾਰਾ ਅਨੁਸਾਰ ਰੂਹਾਨੀ ਮੰਜ਼ਿਲ ਹੀ ਮਨੁੱਖ ਦਾ ਮਕਸਦ ਹੈ। ਗੁਰੂ ਅਰਜਨ ਦੇਵ ਇਸ ਮਹੀਨੇ ਦੇ ਪ੍ਰਥਾਇ ਲਿਖਦਿਆਂ ਮੱਘਰ ਮਹੀਨੇ ਦੇ ਸੁਭਾਅ ਤੋਂ ਭਲੀ ਭਾਂਤ ਜਾਣੂੰ ਹੁੰਦਿਆਂ ਲਿਖਦੇ ਹਨ:
ਮੱਘਰ ਮਾਹਿ ਸੋਹੰਦੀਆਂ
ਹਰਿ ਪਿਰ ਸੰਗਿ ਬੈਠੜੀਆਹ॥
ਤਿਨ ਕੀ ਸੋਭਾ ਕਿਆ ਗਣੀ
ਜਿ ਸਾਹਿਬਿ ਮੇਲੜੀਆਹ॥
ਤਨੁ ਮਨੁ ਮਉਲਿਆ ਰਾਮ ਸਿਉ
ਸੰਗ ਸਾਧ ਸਹੇਲੜੀਆਹ॥
ਸਾਧ ਜਨਾ ਤੇ ਬਾਹਰੀ
ਸੇ ਰਹਨਿ ਇਕੇਲੜੀਆਹ॥
ਇਸ ਵਿਚ ਕੋਈ ਸ਼ੱਕ ਨਹੀਂ ਕਿ ਮੱਘਰ ਹੈ ਤਾਂ ਮਿਲਾਪ ਦਾ ਮਹੀਨਾ ਪਰ ਮਹਾਂ-ਮਿਲਾਪ ਦੇ ਮਾਰਗ ‘ਤੇ ਚੱਲਦਿਆਂ ਜ਼ਰੂਰੀ ਹੈ ਕਿ ਆਪਣੀ ਸ਼ਖਸੀਅਤ ਵਿਚ ਵਿਸ਼ੇਸ਼ ਗੁਣ ਵਿਦਮਾਨ ਕੀਤੇ ਜਾਣ। ਗੁਰੂ ਨਾਨਕ ਦੇਵ ਇਸ ਗੱਲ ‘ਤੇ ਜ਼ੋਰ ਦਿੰਦੇ ਹਨ:
ਮੱਘਰ ਮਾਹ ਭਲਾ
ਹਰਿ ਗੁਣ ਅੰਕਿ ਸਮਾਵਏ॥
ਗੁਣਵੰਤੀ ਗੁਣ ਰਵੈ
ਮੈ ਪਿਰ ਨਿਹਚਲ ਭਾਵਏ॥
ਨਿਹਚਲ ਚਤੁਰੁ ਸੁਜਾਣ ਬਿਧਾਤਾ
ਚੰਚਲ ਜਗਤ ਸਬਾਇਆ॥
ਗਿਆਨ ਧਿਆਨ ਗੁਣ ਅੰਕਿ ਸਮਾਣੇ
ਪ੍ਰਭ ਭਾਣੇ ਤਾ ਭਾਇਆ॥
ਗੀਤ ਨਾਦ ਕਵਿਤ ਕਵੇ ਸੁਣਿ
ਰਾਮ ਨਾਮ ਦੁਖੁ ਭਾਗੈ॥
ਨਾਨਕ ਸਾ ਧਨ ਨਾਹ ਪਿਆਰੀ
ਅਭ ਭਗਤੀ ਪਿਰ ਆਗੈ॥
ਗੁਰੂ ਜੀ ਵੱਲੋਂ ਲਿਖਿਆ ਇਹ ਇਕੱਲਾ ਮਹੀਨਾ ਹੈ ਜਿਸ ਵਿਚ ਆਲੇ-ਦੁਆਲੇ ਦਾ ਚਿਤਰਨ ਨਹੀਂ ਹੈ। ਸਮਾਜਕ ਅਤੇ ਦੁਨਿਆਵੀ ਵਰਤਾਰੇ ਦਾ ਵਰਣਨ ਵੀ ਘੱਟ ਹੈ। ਉਨ੍ਹਾਂ ਬੱਸ ਮਨੁੱਖ ਨੂੰ ਉਪਦੇਸ਼ ਦਿੱਤਾ ਹੈ ਅਤੇ ਕੁਦਰਤ ਦੀ ਥਾਂ ਕਾਦਰ ਦਾ ਵਿਖਿਆਨ ਹੈ। ਇਸ ਦਾ ਕਾਰਨ ਕੁਝ ਵੀ ਹੋਵੇ, ਪਰ ਦੋਹਾਂ ਹੀ ਰਚਨਾਵਾਂ ਤੋਂ ਜਾਹਰ ਹੈ ਕਿ ਪੰਜਾਬ ਵਿਚ ਗਰਮੀ ਦੇ ਮਹੀਨੇ ਦੂਰ-ਦੂਰ ਰਹਿਣ ਦੇ ਮਹੀਨੇ ਹਨ ਜਦਕਿ ਮੱਘਰ ਦਾ ਮਹੀਨਾ ਘੱਟ ਸਰਦੀ ਦਾ ਮਹੀਨਾ ਹੋਣ ਕਰ ਕੇ ਮਿਲਾਪ ਦੇ ਜ਼ਿਆਦਾ ਅਨੁਕੂਲ ਹੈ। ਪੋਹ-ਮਾਘ ਵਿਚ ਸਰਦੀ ਕਾਫੀ ਹੋ ਜਾਂਦੀ ਹੈ ਅਤੇ ਬਹੁਤ ਸਰਦੀ ਦੇ ਦਿਨ ਵੀ ਸਹਿਜ ਜੀਵਨ ਨੂੰ ਉਲਟ ਪ੍ਰਭਾਵਤ ਕਰਦੇ ਹਨ। ਉਨ੍ਹਾਂ ਦਿਨਾਂ ਵਿਚ ਧੁੰਦ ਅਤੇ ਕੋਰਾ ਜੀਵਨ ਵਿਚ ਸਥਿਰਤਾ ਲੈ ਆਉਂਦੇ ਹਨ। ਮੱਘਰ ਇਸੇ ਕਰ ਕੇ ਹੀ ਵਧੀਆ ਮਹੀਨਾ ਹੈ ਕਿਉਂਕਿ ਇਸ ਮਹੀਨੇ ਵਿਚ ਅੰਗ-ਸੰਗ ਬੈਠਣਾ ਚੰਗਾ ਲੱਗਦਾ ਹੈ। ਧਾਰਮਿਕ ਪੱਖੋਂ ਭਗਤੀ, ਸਮਾਧੀ, ਚਿੰਤਨ, ਜੋਗ ਆਦਿ ਲਈ ਵੀ ਇਹ ਮੌਸਮ ਬੇਹਦ ਅਨੁਕੂਲ ਹੁੰਦਾ ਹੈ।