ਮਦਰ’ਜ਼ ਡੇ ਨਿੱਤ ਹੋਵੇ!

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਹਨ, ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਪਿਛਲੇ ਇਕ ਅਰਸੇ ਤੋਂ ਪੰਜਾਬ ਟਾਈਮਜ਼ ਦੇ ਪਾਠਕ ਉਨ੍ਹਾਂ ਦੀਆਂ ਲਿਖਤਾਂ ਪੜ੍ਹਦੇ ਆ ਰਹੇ ਹਨ ਅਤੇ ਉਨ੍ਹਾਂ ਦੀ ਨਿਵੇਕਲੀ ਸ਼ੈਲੀ ਤੋਂ ਪ੍ਰਭਾਵਿਤ ਵੀ ਹੋਏ ਹਨ। ਡਾ. ਭੰਡਾਲ ਨੇ ਆਪਣੇ ਲੇਖ ਵਿਚ ਬਜ਼ੁਰਗਾਂ ਦਾ ਆਦਰ ਮਾਣ ਕਰਨ ਦੀ ਨਸੀਹਤ ਦਿੰਦਿਆਂ ਕਿਹਾ ਸੀ ਕਿ ਬੱਚੇ ਜਦ ਬਜ਼ੁਰਗਾਂ ਦੇ ਚਾਅ ਮਨਾਉਂਦੇ ਨੇ ਤਾਂ ਮਾਪਿਆਂ ਦੀ ਉਮਰ ਵਧ ਜਾਂਦੀ ਏ ਅਤੇ ਉਨ੍ਹਾਂ ਦੇ ਸਾਹਾਂ ਵਿਚ ਰਵਾਨਗੀ ਤੇ ਜਿਉਣ ਦਾ ਚਾਅ ਮਿਉਂਦਾ ਨਹੀਂ।

ਮਦਰ’ਜ਼ ਡੇ ਮੌਕੇ ਲਿਖੇ ਇਸ ਲੇਖ ਵਿਚ ਡਾ. ਭੰਡਾਲ ਨੇ ਮਾਂ ਦੀ ਮਮਤਾ ਦੀ ਗੱਲ ਕਰਦਿਆਂ ਮਾਂ ਦੀ ਕਦਰ ਪਾਉਣ ਦੀ ਨਸੀਹਤ ਕੀਤੀ ਹੈ ਕਿ ਮਦਰ’ਜ਼ ਡੇ ਕੋਈ ਰਸਮ ਨਹੀਂ, ਇਹ ਤਾਂ ਮਾਂ ਦੀਆਂ ਘਾਲਣਾਵਾਂ ਦੀ ਕਦਰ ਪਾਉਣ ਦਾ ਅਹਿਦ ਲੈਣ ਦਾ ਦਿਨ ਹੈ। -ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ
ਫੋਨ: 216-556-2080
ਮਦਰ’ਜ਼ ਡੇ, ਮਾਂਵਾਂ ਦਾ ਦਿਨ। ਮਾਂ ਦੇ ਸੁਪਨਿਆਂ ਦੀ ਅਕੀਦਤ ਕਰਨ ਦਾ ਸਮਾਂ, ਉਸ ਦੀਆਂ ਇੱਛਾਵਾਂ ਤੇ ਸੱਧਰਾਂ ਨੂੰ ਨਮਸਕਾਰਨ, ਦੇਣਾਂ ਨੂੰ ਸਿਜਦਾ ਕਰਨ ਅਤੇ ਉਸ ਦੀ ਘਾਲਣਾ ਨੂੰ ਪ੍ਰਣਾਮ ਕਰਨ ਦਾ ਵੇਲਾ।
ਮਦਰ’ਜ਼ ਡੇ ਆਪਣੇ ਅਤੀਤ ਵੱਲ ਝਾਤੀ ਮਾਰਨ ਦਾ ਵਕਤ, ਮੂਲ ਨਾਲ ਜੁੜਨ ਦੀ ਬਿਰਤੀ ਤੇ ਆਪਣੇ ਪੁਰਖਿਆਂ ਨਾਲ ਰਿਸ਼ਤਾ ਨਿਭਾਉਣ ਦਾ ਪ੍ਰਣ।
ਮਦਰ’ਜ਼ ਡੇ ਮਨਾਉਣਾ, ਹਰ ਇਕ ਦੇ ਵੱਸ ਨਹੀਂ। ਹਰੇਕ ਨਹੀਂ ਮਨਾ ਸਕਦਾ ਇਹ ਪਾਕ ਦਿਵਸ। ਸਭ ਖੁਸ਼ੀਆਂ ਭਲਾ ਸਭ ਨੂੰ ਕਦ ਮਿਲਦੀਆਂ ਨੇ?
ਸੋਚਦਾ ਹਾਂ! ਉਹ ਕਿੰਜ ਮਦਰ’ਜ਼ ਡੇ ਮਨਾਵੇ ਜਿਸ ਦੇ ਹਿੱਸੇ ਦੀ ਮਮਤਾ ਭਰੀ ਛਾਂ ਸਦਾ ਲਈ ਤੁਰ ਗਈ ਹੋਵੇ, ਅਸੀਸਾਂ ਦੀ ਰੁਸਵਾਈ ਦਾ ਸਾਹਮਣਾ ਕਰੇ ਅਤੇ ਮਾਂ-ਨਿਆਮਤ ਤੋਂ ਵਿਰਵਾ ਹੋਣਾ ਪਵੇ। ਉਹ ਲਾਡਲਾ ਕਿੰਜ ਇਹ ਦਿਨ ਕਿਆਸੇ ਜਿਸ ਨੂੰ ਪਰਵਾਸ ਰੂਪੀ ਬਣਵਾਸ ਮਿਲ ਜਾਵੇ, ਜਿਸ ਦੀਆਂ ਆਂਦਰਾਂ ਵਿਚ ਮਾਂ ਦੀ ਮਿਲਣੀ ਦਾ ਸੇਕ ਠੰਢਾ ਹੋ ਜਾਵੇ ਅਤੇ ਜਿਸ ਦੇ ਨੈਣਾਂ ਵਿਚ ਮਾਂ ਦੇ ਨਕਸ਼ ਹੀ ਧੁੰਧਲੇ ਹੋ ਗਏ ਹੋਣ।
ਭਲਾ! ਉਹ ਮਾਂ ਨੂੰ ਕਿਹੜੇ ਬੋਲਾਂ ਨਾਲ ਯਾਦ ਕਰੇ ਜਿਸ ਲਈ ਦਰ ਖੋਲ੍ਹਣ ਵਾਲੀ ਮਾਂ ਦਾ ਹੁੰਗਾਰਾ ਜਲਾਵਤਨ ਹੋ ਜਾਵੇ, ਜਿਸ ਦੀਆਂ ਸੁੱਖਾਂ ਮਨਾਉਣ ਵਾਲੀ ਅਤੇ ਘਰ ਵਾਪਸੀ ਦੀ ਸਲਾਮਤੀ ਲਈ ਦਰਾਂ ‘ਤੇ ਪਾਣੀ ਡੋਲ੍ਹਣ ਵਾਲੀ ਮਾਂ ਸਿਵਿਆਂ ਦੀ ਰਾਖ ਬਣ ਗਈ ਹੋਵੇ। ਮਾਂਵਾਂ ਤੋਂ ਬਗੈਰ ਘਰ ਦੀ ਦੇਹਲੀ ‘ਤੇ ਕੌਣ ਚੜ੍ਹਨ ਦਿੰਦਾ ਏ?
ਸੋਚਦਾਂ ਕਿ ਕਿੰਜ ਉਸ ਬੱਚੀ ਨੂੰ ਆਪਣੀ ਮਾਂ ਦਾ ਚੇਤਾ ਭੁਲੇਗਾ ਜਿਸ ਦੇ ਸਾਹਵੇਂ ਹੀ ਮਾਂ ਦੇ ਜਿਸਮ ਦੀਆਂ ਲੀਰਾਂ ਨੂੰ ਹਵਾ ਵਿਚ ਉਛਾਲ ਦਿੱਤਾ ਗਿਆ ਹੋਵੇ, ਮਮਤਾ ਦਾ ਚੀਰ ਹਰਨ ਹੋਇਆ ਹੋਵੇ, ਕੁੱਖ ਨੂੰ ਕੋਹਿਆ ਗਿਆ ਹੋਵੇ ਅਤੇ ਜਿਹੜੀ ਸਾਰੀ ਰਾਤ ਆਪਣੀ ਮਾਂ ਦੀ ਲਾਸ਼ ਕੋਲ ਰੋਂਦੀ ਰਹੀ ਹੋਵੇ।
ਭਲਾ! ਉਸ ਬੱਚੇ ਲਈ ਮਦਰ’ਜ਼ ਡੇ ਦੇ ਕੀ ਮਾਅਨੇ ਨੇ ਜਿਸ ਦਾ ਪਿੰਡਾ ਧੁੱਪਾਂ ਵਿਚ ਲੂਸਿਆ ਹੋਵੇ, ਜਿਸ ਦੇ ਹਿੱਸੇ ਦਾ ਨਿੱਘ ਮੰਡੀ ‘ਚ ਵੇਚ ਦਿੱਤਾ ਗਿਆ ਹੋਵੇ ਅਤੇ ਜਿਸ ਦੇ ਸੁਪਨਿਆਂ ਦੀ ਬੋਲੀ ਸ਼ੱਰੇ ਬਾਜ਼ਾਰ ਲਾਈ ਗਈ ਹੋਵੇ।
ਇਹ ਵੀ ਚਿੱਤਵਦਾ ਹਾਂ ਕਿ ਉਸ ਮਾਂ ਲਈ ਕੌਣ ਮਦਰ’ਜ਼ ਡੇ ਦਾ ਤੋਹਫਾ ਬਣੇਗਾ ਜਿਸ ਦੀ ਕੁੱਖ ਵਿਚ ਚੀਖਾਂ ਬੀਜ ਦਿੱਤੀ ਗਈਆਂ ਹੋਣ, ਜਿਸ ਦੀ ਹਿੱਕ ਵਿਚ ਕਬਰਾਂ ਉਗ ਆਉਣ ਅਤੇ ਜਿਸ ਦੇ ਸੁਪਨਿਆਂ ਵਿਚ ਤਿੜਕਣਾਂ ਦਾ ਵਣਜ ਹੁੰਦਾ ਹੋਵੇ। ਉਹ ਮਾਂ ਕਿਸ ਨੂੰ ਮਦਰ’ਜ਼ ਡੇ ਵਾਲੇ ਦਿਨ ਉਡੀਕੇਗੀ ਜਿਸ ਦੇ ਮਾਸੂਮ ਨੂੰ ਨੇਜ਼ੇ ‘ਤੇ ਉਛਾਲਿਆ ਗਿਆ ਹੋਵੇ, ਜਿਸ ਦੀਆਂ ਲਾਡਲੀਆਂ ਦੀ ਮੰਡੀ ਵਿਚ ਬੋਲੀ ਲਾਈ ਗਈ ਹੋਵੇ, ਜਿਸ ਦੀ ਕੁੱਖ ਨੂੰ ਮਸ਼ੀਨਾਂ ਨਾਲ ਸਦਾ ਲਈ ਬਾਂਝ ਕਰ ਦਿੱਤਾ ਜਾਵੇ, ਸਮਾਜ ਵਲੋਂ ਨਾ-ਪੁੰਗਰਨ ਦਾ ਸਰਾਪ ਦਿੱਤਾ ਜਾਵੇ, ਜਿਸ ਕੋਲੋਂ ਉਸ ਦਾ ਖੂਨ ਖੋਹ ਕੇ ਹਉਕੇ ਦੀ ਜੂਨ ਜਿਊਣ ਲਈ ਮਜਬੂਰ ਕਰ ਦਿਤਾ ਜਾਵੇ ਜਾਂ ਜਿਸ ਦੀ ਸਾਰੀ ਹਯਾਤੀ ਹੰਝੂਆਂ ‘ਚ ਖੁਰ ਗਈ ਹੋਵੇ।
ਭਲਾ! ਉਸ ਮਾਂ ਲਈ ਮਦਰ’ਜ਼ ਡੇ ਦੇ ਕੀ ਅਰਥ ਨੇ ਜੋ ਕੁੱਖੋਂ ਜਾਇਆਂ ਦੇ ਚੇਤਿਆਂ ‘ਚੋਂ ਵਿਸਰ ਚੁਕੀ ਹੋਵੇ, ਜਿਸ ਦੀ ਉਡੀਕ ਵਿਚ ਆਪਣਿਆਂ ਦੇ ਘਰ ਪਰਤਣ ਦੀ ਆਸ ਦਮ ਤੋੜ ਚੁਕੀ ਹੋਵੇ, ਜਿਸ ਦੇ ਆਪਣੇ ਹੀ ਮੰਡੀ ਬਣ ਗਏ ਹੋਣ ਅਤੇ ਜਿਨ੍ਹਾਂ ਲਈ ਮਾਂ ਇਕ ਵਸਤ ਤੋਂ ਵੱਧ ਕੋਈ ਵੀ ਅਰਥ ਨਾ ਰੱਖਦੀ ਹੋਵੇ। ਉਨ੍ਹਾਂ ਲਈ ਮਾਂ ਨੂੰ ਭੁੱਲ ਜਾਣਾ ਹੀ ਸਭ ਤੋਂ ਵੱਡਾ ਮੁਨਾਫਾ ਹੁੰਦਾ ਹੈ।
ਮੇਰੇ ਮਨਾ! ਚੁੰਨੀਆਂ ਅੱਖਾਂ ਨਾਲ ਰਸਤਾ ਟੋਲਦੀ ਤੇ ਡੰਗੋਰੀ ਨਾਲ ਜਿੰਦ ਦਾ ਭਾਰ ਢੋਂਦੀ ਮਾਂ ਲਈ ਇਸ ਦਿਨ ਦੇ ਕੀ ਅਰਥ ਨੇ ਜਿਹੜੀ ਪੇਟ ਨੂੰ ਝੁਲਕਾ ਦੇਣ ਲਈ ਆਦਰਾਂ ਦੀ ਅੱਗ ਬਾਲਦੀ ਏ, ਤਨ ਤੰਦੂਰ ਤਪਾਉਂਦੀ ਏ ਅਤੇ ਮਾਤਮੀ ਰੋਟੀ ਨਾਲ ਜੀਅ ਰਿਝਾ ਕੇ, ਅੱਖਾਂ ‘ਚ ਹੀ ਦਿਨ ਤੇ ਰਾਤ ਦਾ ਸਫਰ ਮੁਕਾਉਂਦੀ ਏ।
ਮਦਰ’ਜ਼ ਡੇ ਦੇ ਉਨ੍ਹਾਂ ਯਤੀਮਾਂ ਲਈ ਕੀ ਅਰਥ ਨੇ ਜਿਨ੍ਹਾਂ ਲਈ ਮਾਂ ਤੇ ਮਮਤਾ ਦਾ ਨਿੱਘ ਇਕ ਪਰਾਈ ਸ਼ੈਅ ਹੋਵੇ, ਜਿਨ੍ਹਾਂ ਨੇ ਝਿੜਕਾਂ ਵਿਚ ਆਪਣਾ ਬਚਪਨ ਗੁਆਇਆ ਹੋਵੇ, ਜਿਨ੍ਹਾਂ ਦੀਆਂ ਬਚਪਨੀ ਸ਼ਰਾਰਤਾਂ ਦਾ ਰੁਦਨ ਉਨ੍ਹਾਂ ਦੀ ਆਤਮਾ ਵਿਚ ਕੁੰਠਾ ਹੋਵੇ ਅਤੇ ਉਨ੍ਹਾਂ ਲਈ ਜਿਉਣ ਨਾਲੋਂ ਮਰਨਾ ਬਿਹਤਰ ਜਾਪਦਾ ਹੋਵੇ। ਕਦੇ ਹਰਫ ਵਿਹੂਣੇ, ਰੋਟੀ ਤੋਂ ਲਾਚਾਰ, ਪਿੰਡੇ ‘ਤੇ ਲੀਰਾਂ ਉਕਰਾਈ, ਲੀਰਾਂ ਚੁਗਦੇ, ਲੀਰਾਂ ਵਰਗੇ ਬਚਪਨੇ ਵੰਨੀਂ ਝਾਕਣਾ, ਤੁਹਾਨੂੰ ਮਾਂ ਮਹਿਟਰ ਬੱਚੇ ਦੀ ਵੇਦਨਾ ਦੇ ਹੋਰ ਸਬੂਤ ਦੀ ਲੋੜ ਨਹੀਂ ਪਵੇਗਾ। ਉਨ੍ਹਾਂ ਦੇ ਜ਼ਿਹਨ ਤੇ ਸੋਚ ‘ਤੇ ਉਕਰਿਆ ਹੁੰਦਾ ਏ ਮਾਂਵਾਂ, ਚਾਚੀਆਂ ਅਤੇ ਤਾਈਆਂ ਵਿਚਲਾ ਅਸਮਾਨੀ ਅੰਤਰ।
ਮਨਾ! ਜ਼ਰਾ ਦੱਸੀਂ ਕਿ ਉਹ ਕਿਵੇਂ ਮਦਰ’ਜ਼ ਡੇ ਮਨਾਉਣ ਜਿਹੜੀਆਂ ਮਾਂਵਾਂ ਬਣਨ ਦੀ ਰੁੱਤੇ, ਬਾਪ ਦੇ ਦਰਾਂ ਤੋਂ ਉਠਣ ਦੀ ਉਡੀਕ ਵਿਚ ਸਿਰਾਂ ‘ਤੇ ਚਾਂਦੀ ਰੰਗੀਆਂ ਤਾਰਾਂ ਵਿਚ ਰੰਗੀਆਂ ਜਾ ਰਹੀਆਂ ਨੇ, ਹੱਥਾਂ ‘ਤੇ ਮਹਿੰਦੀ ਦਾ ਰੰਗ ਚੜ੍ਹਨ ਤੋਂ ਮੁਨਕਰ ਏ, ਸੁਪਨਿਆਂ ਦਾ ਚਿਰਾਗ ਜਗਣ ਤੋਂ ਟਾਲਾ ਵੱਟ ਰਿਹਾ ਏ ਅਤੇ ਉਨ੍ਹਾਂ ਦੇ ਸੰਧੂਰ ਨੂੰ ਮੌਸਮੀ ਕਹਿਰਾਂ ਨੇ ਉਡਾ ਦਿਤਾ ਏ।
ਯਾਦ ਤਾਂ ਬਹੁਤ ਆਉਂਦੀ ਏ ਮਾਂ ਦੀ, ਜੋ ਜੀਵਨ ਦੇ ਹਰ ਮੋੜ ‘ਤੇ ਨਿਸ਼ਾਨਦੇਹੀ ਕਰਦੀ ਮੈਨੂੰ ਰਸਤਾ ਦਿਖਾਉਂਦੀ ਏ। ਪਰ ਸੋਚਦਾਂ ਕਿ ਉਨ੍ਹਾਂ ਲਈ ਮਦਰ’ਜ਼ ਡੇ ਦੀ ਕੀ ਅਰਥ ਨੇ ਜਿਨ੍ਹਾਂ ਦੀਆਂ ਜਿੰਦਾਂ ਸੂਲੀ ‘ਤੇ ਲਟਕੀਆਂ ਹੋਈਆਂ ਨੇ, ਮਸਤਕ ‘ਤੇ ਸੁਪਨਾ ਉਗਣ ਤੋਂ ਕੰਨੀਂ ਕਤਰਾਉਂਦਾ ਏ ਅਤੇ ਜਿਹੜੇ ਆਪਣੇ ਸਾਹ ਦੀ ਵਿਰਲ ‘ਚੋਂ ਹੀ ਆਪਣਾ ਜੀਵਨ ਕਿਆਸਦੇ ਨੇ।
ਬੜਾ ਸੋਚਦਾਂ! ਭਲਾ ਮਦਰ’ਜ਼ ਡੇ ਇਕ ਦਿਨ ਤੱਕ ਹੀ ਸੀਮਤ ਹੁੰਦਾ ਏ? ਕੀ ਮਦਰ’ਜ਼ ਡੇ ‘ਤੇ ਮਮਤਾ ਨੂੰ ਵੇਚਣ ਅਤੇ ਇਸ ‘ਚੋਂ ਕਮਾਈ ਕਰਨ ਦੀ ਬਿਰਤੀ ਨੇ ਮਦਰ’ਜ਼ ਡੇ ਦੀ ਮਹਾਨਤਾ ਨੂੰ ਮੰਡੀ ਬਣਾਇਆ ਏ? ਕੀ ਮਦਰ’ਜ਼ ਡੇ ਸਿਰਫ ਕਮਾਈ ਦਾ ਸਾਧਨ ਤਾਂ ਨਹੀਂ ਬਣ ਕੇ ਰਹਿ ਗਿਆ?
ਵੈਸੇ ਮਦਰ’ਜ਼ ਡੇ ਤਾਂ ਹਰ ਰੋਜ਼ ਹੁੰਦਾ ਏ। ਮਾਂ, ਚੇਤਿਆਂ ਵਿਚ ਵੱਸੀ ਅਕੀਦਤ ਦਾ ਨਾਂ। ਉਚੀ ਸੁੱਚੀ ਇਬਾਦਤ ਦੀ ਥਾਂ ਅਤੇ ਸੋਚਾਂ ਵਿਚ ਵੱਸਿਆ ਉਹ ਗਰਾਂ ਜਿਸ ਨੇ ਦਿੱਤਾ ਤੁਹਾਨੂੰ ਸਾਹਾਂ ਦਾ ਸਿਰਨਾਂਵਾਂ ਅਤੇ ਨਾਂ।
ਮਦਰ’ਜ਼ ਡੇ ਇਕ ਭਾਵਨਾ, ਮਾਨਸਿਕ ਹੁਲਾਰ, ਆਤਮਿਕ ਜੋਤ, ਰੂਹ ਦਾ ਸਕੂਨ, ਪੂਰਨ-ਅਪੂਰਨ ਸੁਪਨਿਆਂ ਦੀ ਆਰਤੀ ਅਤੇ ਕਦਮਾਂ ਨੂੰ ਮਿਲੀ ਸੇਧ ਦਾ ਸ਼ੁਕਰਾਨਾ।
ਦੂਆ ਕਰਦਾਂ! ਮਦਰ’ਜ਼ ਡੇ ਮਨਾਉਣ ਦਾ ਸ਼ਰਫ ਹਰੇਕ ਨੂੰ ਹਾਸਲ ਹੋਵੇ, ਕੋਈ ਵੀ ਮਾਂ ਤੋਂਂ ਵਿਰਵਾ ਨਾ ਹੋਵੇ, ਬੱਚੇ ਦੀ ਰਿਹਾੜ ਤੋਂ ਵਿਰਵੀ ਕੋਈ ਮਾਂ ਨਾ ਰਹੇ ਅਤੇ ਕਿਸੇ ਬੱਚੇ ਨੂੰ ਮਾਂ ਦੀਆਂ ਲੋਰੀਆਂ ਦਾ ਵਿਯੋਗ ਨਾ ਹੰਢਾਉਣਾ ਪਵੇ। ਹਰੇਕ ਨੂੰ ਮਾਂ ਦੀ ਗੋਦ ਦਾ ਨਿੱਘ ਅਤੇ ਸਕੂਨ ਮਿਲੇ। ਮਾਂ ਦੀ ਮਿੱਠੜੀ ਛਾਂ ‘ਚ ਸੁਪਨੇ ਲੈਣ ਅਤੇ ਉਨ੍ਹਾਂ ਦੀ ਪੂਰਤੀ ਦਾ ਪੈਗਾਮ ਸੱਚ ਹੋਵੇ। ਮਾਂਵਾਂ ਆਪਣੇ ਬੱਚਿਆਂ ਦੇ ਸ਼ਗਨ ਮਨਾਉਣ ਅਤੇ ਆਪਣੇ ਬੱਚਿਆਂ ਦੀ ਤੰਦਰੁਸਤੀ ਦੀ ਦੁਆ ਬਣਨ।
ਬੱਚਿਆਂ ਨੂੰ ਸੁਮੱਤ ਮਿਲੇ ਕਿ ਉਹ ਮਾਂਵਾਂ ਦੇ ਧੁੰਧਲਕੇ ਨਾਲ ਭਰੇ ਨੈਣਾਂ ਵਿਚ ਚਾਨਣ ਤ੍ਰੌਂਕਣ, ਹਿਚਕੋਲੇ ਖਾਂਦੇ ਬੁੱਢੇ ਜਿਸਮ ਲਈ ਡੰਗੋਰੀ ਬਣਨ ਅਤੇ ਉਨ੍ਹਾਂ ਦੇ ਆਖਰੀ ਸਫਰ ਨੂੰ ਸੁਹਾਵਣਾ ਬਣਾਉਣ ਕਿਉਂਕਿ ਬੱਚੇ ਆਪਣੇ ਮਾਪਿਆਂ ਦੀ ਸੁੱਚੀ ਇਬਾਦਤ ਹੁੰਦੇ ਨੇ।
ਆਓ, ਲੋੜੀਏ ਕਿ ਹਰੇਕ ਸ਼ਖਸ ਮਦਰ’ਜ਼ ਡੇ ਮਨਾਵੇ, ਮਾਂ ਦੀਆਂ ਅਸੀਸਾਂ ਉਸ ਦੇ ਜੀਵਨ ਦੀ ਅਮੁੱਲ ਪ੍ਰਾਪਤੀ ਹੋਣ ਅਤੇ ਮਾਂ ਦੇ ਨਿੱਘ ਦੀ ਲਬਰੇਜ਼ਤਾ ਅਪਨਾਉਣ। ਸਦਾ ਹੀ ਮਦਰ’ਜ਼ ਡੇ ਮਨਾਈਏ, ਮਾਂ ਦੀ ਮਨ ਹੀ ਮਨ ਅਕੀਦਤ ਕਰੀਏ, ਉਸ ਦੀਆਂ ਰਹਿਮਤਾਂ ਨੂੰ ਨਤਮਸਤਕ ਹੋਈਏ ਅਤੇ ਮਾਂ ਦੇ ਸੁਪਨਿਆਂ ਨੂੰ ਸੱਚ ਕਰਨ ਲਈ ਨਵੇਂ ਦਿਸਹੱਦੇ ਦੀ ਤਲਾਸ਼ ਵਿਚ ਜੁੱਟ ਜਾਈਏ।