ਫਿਰਕੂ ਫਸਾਦ ਅਤੇ ਉਨ੍ਹਾਂ ਦਾ ਇਲਾਜ

ਜਲ੍ਹਿਆਂਵਾਲ਼ੇ ਕਾਂਡ ਤੋਂ ਬਾਅਦ ਅੰਗਰੇਜ਼ਾਂ ਨੇ ਫਿਰਕੂ ਸਿਆਸਤ ਤੇਜ਼ ਕਰ ਦਿੱਤੀ ਸੀ। ਇਸ ਦੇ ਅਸਰ ਹੇਠ ਹੀ 1924 ਵਿਚ ਕੋਹਾਟ ਵਿਚ ਮੁਸਲਮਾਨ ਹਿੰਦੂ ਫਸਾਦ ਭੜਕੇ। ਇਸ ਤੋਂ ਬਾਅਦ ਕੌਮੀ ਸਿਆਸਤ ਵਿਚ ਫਿਰਕੂ ਫਸਾਦਾਂ ‘ਤੇ ਗਹਿਗੱਚ ਬਹਿਸ ਚੱਲੀ। ਉਸ ਵਕਤ ਸ਼ਹੀਦ ਭਗਤ ਸਿੰਘ (1907-1931) ਨੇ ਇਹ ਲੇਖ ਲਿਖਿਆ ਸੀ ਜੋ ਜੂਨ 1927 ਦੇ ‘ਕਿਰਤੀ’ ਵਿਚ ਛਪਿਆ ਸੀ। ਉਸ ਵਕਤ ਉਹ ਵੀਹ ਵਰ੍ਹਿਆਂ ਦਾ ਵੀ ਨਹੀਂ ਸੀ ਹੋਇਆ। ਇਸ ਲਿਖਤ ਨੂੰ ਨੌਂ ਦਹਾਕੇ ਬੀਤ ਗਏ ਹਨ ਪਰ ਇਸ ਵਿਚਲੇ ਵਿਚਾਰ ਅੱਜ ਵੀ ਓਨੀ ਹੀ ਸਾਰਥਕਤਾ ਰੱਖਦੇ ਹਨ।

-ਸੰਪਾਦਕ

ਭਗਤ ਸਿੰਘ ਦੀ ਕਲਮ ਤੋਂ

ਭਾਰਤ-ਵਰਸ਼ ਦੀ ਇਸ ਵੇਲੇ ਬੜੀ ਤਰਸਯੋਗ ਹਾਲਤ ਹੈ। ਇਕ ਧਰਮ ਦੇ ਪਿਛਲੱਗ, ਦੂਜੇ ਧਰਮ ਦੇ ਜਾਨੀ ਦੁਸ਼ਮਣ ਹਨ। ਹੁਣ ਤਾਂ ਇਕ ਧਰਮ ਦੇ ਹੋਣਾ ਹੀ ਦੂਜੇ ਧਰਮ ਦੇ ਕੱਟੜ ਵੈਰੀ ਹੋਣਾ ਹੈ। ਜੇ ਇਸ ਗੱਲ ਦਾ ਅਜੇ ਵੀ ਯਕੀਨ ਨਾ ਹੋਵੇ ਤਾਂ ਲਾਹੌਰ ਦੇ ਤਾਜ਼ੇ ਫਸਾਦ ਹੀ ਦੇਖ ਲਉ। ਕਿੱਦਾਂ ਮੁਸਲਮਾਨਾਂ ਨੇ ਬੇਗੁਨਾਹ ਸਿੱਖਾਂ, ਹਿੰਦੂਆਂ ਦੇ ਆਹੂ ਲਾਹੇ ਹਨ ਤੇ ਕਿੱਦਾਂ ਸਿੱਖਾਂ ਨੇ ਵੀ ਵਾਹ ਲੱਗਦੀ ਕੋਈ ਕਸਰ ਨਹੀਂ ਛੱਡੀ ਹੈ। ਇਹ ਆਹੂ ਇਸ ਲਈ ਨਹੀਂ ਲਾਹੇ ਗਏ ਹਨ ਕਿ ਫਲਾਣਾਂ ਪੁਰਸ਼ ਦੋਸ਼ੀ ਹੈ, ਸਗੋਂ ਇਸ ਲਈ ਕਿ ਫਲਾਣਾ ਪੁਰਸ਼ ਹਿੰਦੂ ਹੈ, ਜਾਂ ਸਿੱਖ ਹੈ ਜਾਂ ਮੁਸਲਮਾਨ ਹੈ। ਬੱਸ, ਕਿਸੇ ਦਾ ਸਿੱਖ ਜਾਂ ਹਿੰਦੂ ਹੋਣਾ ਮੁਸਲਮਾਨਾਂ ਦੇ ਕਤਲ ਕਰਨ ਲਈ ਕਾਫੀ ਸੀ ਅਤੇ ਇਸੇ ਤਰ੍ਹਾਂ ਹੀ ਕਿਸੇ ਪੁਰਸ਼ ਦਾ ਮੁਸਲਮਾਨ ਹੋਣਾ ਹੀ, ਉਸ ਦੀ ਜਾਨ ਲੈਣ ਲਈ ਕਾਫੀ ਦਲੀਲ ਸੀ। ਜਦ ਇਹੋ ਜਿਹੀ ਹਾਲਤ ਹੋਵੇ ਤਾਂ ਹਿੰਦੁਸਤਾਨ ਦਾ ਅੱਲਾ ਹੀ ਬੇਲੀ ਹੈ।
ਇਸ ਹਾਲਤ ਵਿਚ ਹਿੰਦੋਸਤਾਨ ਦਾ ਭਵਿਖ ਬੜਾ ਕਾਲ਼ਾ ਨਜ਼ਰ ਆਉਂਦਾ ਹੈ। ਇਨ੍ਹਾਂ ‘ਧਰਮਾਂ’ ਨੇ ਭਾਰਤ-ਵਰਸ਼ ਦਾ ਬੇੜਾ ਗਰਕ ਕਰ ਛੱਡਿਆ ਹੈ ਅਤੇ ਅਜੇ ਪਤਾ ਨਹੀਂ ਹੈ ਕਿ ਇਹ ਧਾਰਮਿਕ ਫਸਾਦ ਭਾਰਤ-ਵਰਸ਼ ਦਾ ਕਦੋਂ ਖਹਿੜਾ ਛੱਡਣਗੇ। ਇਨ੍ਹਾਂ ਫਸਾਦਾਂ ਨੇ ਸੰਸਾਰ ਦੀਆਂ ਅੱਖਾਂ ਵਿਚ ਹਿੰਦੁਸਤਾਨ ਨੂੰ ਬਦਨਾਮ ਕਰ ਛੱਡਿਆ ਹੈ ਅਤੇ ਅਸਾਂ ਵੇਖਿਆ ਹੈ ਕਿ ਇਸ ਅੰਧ-ਵਿਸ਼ਵਾਸੀ ਵਹਿਣ ਵਿਚ ਸਭ ਵਹਿ ਜਾਂਦੇ ਹਨ। ਕੋਈ ਵਿਰਲਾ ਹੀ ਹਿੰਦੂ, ਮੁਸਲਮਾਨ ਜਾਂ ਸਿੱਖ ਹੁੰਦਾ ਹੈ ਜਿਹੜਾ ਆਪਣਾ ਦਿਮਾਗ਼ ਠੰਢਾ ਰੱਖਦਾ ਹੈ, ਬਾਕੀ ਸਭ ਦੇ ਸਭ ਇਹ ਨਾਮ ਧਰੀਕ ਧਰਮੀ ਆਪਣੇ ਨਾਮ ਧਰੀਕ ਧਰਮ ਦਾ ਰੋਅਬ ਕਾਇਮ ਰੱਖਣ ਲਈ ਡੰਡੇ-ਸੋਟੇ, ਤਲਵਾਰਾਂ, ਛੁਰੀਆਂ ਹੱਥ ਵਿਚ ਫੜ ਲੈਂਦੇ ਹਨ ਤੇ ਆਪਸ ਵਿਚੀਂ ਸਿਰ ਪਾੜ-ਪਾੜ ਕੇ ਮਰ ਜਾਂਦੇ ਹਨ। ਰਹਿੰਦੇ-ਖੂੰਹਦੇ ਕੁਝ ਤਾਂ ਫਾਹੇ ਲੱਗ ਜਾਂਦੇ ਹਨ ਅਤੇ ਕੁਝ ਜੇਲ੍ਹਾਂ ਵਿਚ ਸੁੱਟ ਦਿੱਤੇ ਜਾਂਦੇ ਹਨ। ਏਦਾਂ ਖ਼ੂਨ-ਖ਼ਰਾਬਾ ਹੋਣ ‘ਤੇ ਇਨ੍ਹਾਂ ‘ਧਰਮੀਆਂ’ ਉਪਰ ਅੰਗਰੇਜ਼ੀ ਡੰਡਾ ਵਰ੍ਹਦਾ ਹੈ ਤੇ ਫਿਰ ਇਨ੍ਹਾਂ ਦੇ ਦਿਮਾਗ਼ ਦਾ ਕੀੜਾ ਟਿਕਾਣੇ ਆ ਜਾਂਦਾ ਹੈ।
ਜਿਥੋਂ ਤੱਕ ਵੇਖਿਆ ਗਿਆ ਹੈ, ਇਨ੍ਹਾਂ ਫਸਾਦਾਂ ਪਿੱਛੇ ਫਿਰਕੂ ਲੀਡਰਾਂ ਅਤੇ ਅਖ਼ਬਾਰਾਂ ਦਾ ਹੱਥ ਹੈ। ਇਸ ਵੇਲ਼ੇ ਹਿੰਦੁਸਤਾਨ ਦੇ ਲੀਡਰਾਂ ਨੇ ਉਹ ਗਹੋ-ਗਾਲ ਛੱਡੀ ਹੈ ਕਿ ਚੁੱਪ ਹੀ ਭਲੀ ਹੈ। ਉਹੋ ਲੀਡਰ ਜਿਹਨਾਂ ਨੇ ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਦਾ ਭਾਰ ਆਪਣੇ ਸਿਰ ‘ਤੇ ਚੁੱਕਿਆ ਹੋਇਆ ਸੀ ਅਤੇ ਜਿਹੜੇ ‘ਸਾਂਝੀ ਕੌਮੀਅਤ’ ਅਤੇ ‘ਸਵਰਾਜ ਸਵਰਾਜ’ ਦੇ ਦਮਗਜੇ ਮਾਰਦੇ ਨਹੀਂ ਸਨ ਥੱਕਦੇ, ਉਹੋ ਜਾਂ ਤਾਂ ਆਪਣੀਆਂ ਸਿਰੀਆਂ ਲੁਕਾਈ ਚੁੱਪ-ਚਾਪ ਬੈਠੇ ਹਨ ਜਾਂ ਏਸੇ ਧਰਮਵਾਰ ਵਹਿਣ ਵਿਚ ਹੀ ਵਹਿ ਗਏ ਹਨ। ਸਿਰੀਆਂ ਲੁਕਾ ਕੇ ਬੈਠਣ ਵਾਲ਼ੇ ਲੀਡਰਾਂ ਦੀ ਗਿਣਤੀ ਵੀ ਥੋੜ੍ਹੀ ਹੈ ਪਰ ਉਹ ਲੀਡਰ ਜਿਹੜੇ ਫਿਰਕੂ ਲਹਿਰ ਵਿਚ ਜਾ ਰਲ਼ੇ ਹਨ, ਉਹੋ ਜਿਹੇ ਤਾਂ ਬਹੁਤ ਹਨ। ਉਹੋ ਜਿਹੇ ਤਾਂ ਇਕ ਇੱਟ ਪੁੱਟਿਆਂ ਸੌ ਨਿਕਲ਼ਦੇ ਹਨ। ਇਸ ਵੇਲ਼ੇ ਉਹ ਆਗੂ ਜਿਹੜੇ ਦਿਲੋਂ ਸਾਂਝਾ ਭਲਾ ਚਾਹੁੰਦੇ ਹਨ, ਬਹੁਤ ਹੀ ਥੋੜ੍ਹੇ ਹਨ ਅਤੇ ਧਰਮਵਾਰ ਲਹਿਰ ਦਾ ਇਤਨਾ ਪ੍ਰਬਲ ਹੜ੍ਹ ਆਇਆ ਹੈ ਕਿ ਉਹ ਵੀ ਇਸ ਹੜ੍ਹ ਨੂੰ ਠੱਲ੍ਹ ਨਹੀਂ ਪਾ ਸਕੇ ਹਨ। ਇਉਂ ਜਾਪਦਾ ਹੈ ਕਿ ਹਿੰਦੁਸਤਾਨ ਵਿਚ ਤਾਂ ਲੀਡਰੀ ਦਾ ਦਿਵਾਲ਼ਾ ਨਿਕਲ਼ ਗਿਆ ਹੈ।
ਦੂਜੇ ਸੱਜਣ ਜਿਹੜੇ ਫਿਰਕੂ ਅੱਗ ਨੂੰ ਭੜਕਾਉਣ ਵਿਚ ਖ਼ਾਸ ਹਿੱਸਾ ਲੈਂਦੇ ਰਹੇ ਹਨ, ਉਹ ਅਖ਼ਬਾਰਾਂ ਵਾਲ਼ੇ ਹਨ।
ਅਖ਼ਬਾਰ-ਨਵੀਸੀ ਦਾ ਪੇਸ਼ਾ ਜਿਹੜਾ ਕਦੇ ਬੜਾ ਉਚਾ ਸਮਝਿਆ ਜਾਂਦਾ ਸੀ, ਅੱਜ ਬਹੁਤ ਹੀ ਗੰਦਾ ਹੋਇਆ ਹੈ। ਇਹ ਲੋਕ ਇਕ ਦੂਜੇ ਦੇ ਬਰਖ਼ਲਾਫ ਬੜੇ ਮੋਟੇ-ਮੋਟੇ ਸਿਰਲੇਖ ਦੇ ਕੇ ਲੋਕਾਂ ਦੇ ਜਜ਼ਬਾਤ ਭੜਕਾਉਂਦੇ ਹਨ ਤੇ ਆਪਸ ਵਿਚੀਂ ਡਾਂਗੋ-ਸੋਟੀ ਕਰਾਉਂਦੇ ਹਨ। ਇਕ ਦੋ ਥਾਈਂ ਨਹੀਂ, ਕਿੰਨੀ ਥਾਈਂ ਹੀ ਇਸ ਲਈ ਫਸਾਦ ਹੋਇਆ ਹੈ ਕਿ ਸਥਾਨਕ ਅਖ਼ਬਾਰਾਂ ਨੇ ਬੜੇ ਭੜਕੀਲੇ ਲੇਖ ਲਿਖੇ ਸਨ। ਉਹ ਲਿਖਾਰੀ ਜਿਨ੍ਹਾਂ ਨੇ ਇਨ੍ਹਾਂ ਦਿਨਾਂ ਵਿਚ ਦਿਲ ਤੇ ਦਿਮਾਗ਼ ਠੰਢੇ ਰੱਖੇ ਹਨ, ਉਹ ਬਹੁਤ ਹੀ ਘੱਟ ਹਨ।
ਅਖ਼ਬਾਰਾਂ ਦਾ ਅਸਲੀ ਫਰਜ਼ ਤਾਂ ਵਿਦਿਆ ਦੇਣੀ, ਤੰਗ-ਦਿਲੀ ਵਿਚੋਂ ਲੋਕਾਂ ਨੂੰ ਕੱਢਣਾ, ਤੁਅੱਸਬ ਦੂਰ ਕਰਨਾ, ਆਪਸ ਵਿਚ ਪ੍ਰੇਮ ਮਿਲ਼ਾਪ ਪੈਦਾ ਕਰਨਾ ਅਤੇ ਹਿੰਦੁਸਤਾਨ ਦੀ ਸਾਂਝੀ ਕੌਮੀਅਤ ਬਣਾਉਣਾ ਸੀ, ਪਰ ਇਹਨਾਂ ਨੇ ਆਪਣਾ ਫਰਜ਼ ਇਨ੍ਹਾਂ ਸਾਰੇ ਹੀ ਅਸੂਲਾਂ ਦੇ ਉਲਟ ਬਣਾ ਲਿਆ ਹੈ। ਇਹਨਾਂ ਆਪਣਾ ਮੁੱਖ ਮੰਤਵ ਅਗਿਆਨ ਭਰਨਾ, ਤੰਗ ਦਿਲੀ ਦਾ ਪ੍ਰਚਾਰ ਕਰਨਾ, ਤੁਅੱਸਬ ਬਣਾਉਣਾ, ਲੜਾਈ ਝਗੜੇ ਕਰਾਉਣਾ ਅਤੇ ਹਿੰਦੁਸਤਾਨ ਦੀ ਸਾਂਝੀ ਕੌਮੀਅਤ ਨੂੰ ਤਬਾਹ ਕਰਨਾ ਬਣਾ ਲਿਆ ਹੋਇਆ ਹੈ। ਏਹੋ ਕਾਰਨ ਹੈ ਕਿ ਭਾਰਤ-ਵਰਸ਼ ਦੀ ਵਰਤਮਾਨ ਦਸ਼ਾ ਦਾ ਖ਼ਿਆਲ ਕਰ ਕੇ ਰੱਤ ਦੇ ਹੰਝੂ ਆਉਣ ਲੱਗ ਜਾਂਦੇ ਹਨ ਤੇ ਦਿਲ ਵਿਚ ਸਵਾਲ ਉਠਦਾ ਹੈ ਕਿ ਹਿੰਦੁਸਤਾਨ ਦਾ ਕੀ ਬਣੂੰ?
ਜਿਹੜੇ ਸੱਜਣ ਨਾ-ਮਿਲਵਰਤਣ ਦੇ ਦਿਨਾਂ ਦੇ ਜੋਸ਼ ਅਤੇ ਉਭਾਰ ਨੂੰ ਜਾਣਦੇ ਹਨ, ਉਨ੍ਹਾਂ ਨੂੰ ਇਹ ਹਾਲਤ ਵੇਖ ਕੇ ਰੋਣ ਆਉਂਦਾ ਹੈ। ਕਿਥੇ ਉਹ ਦਿਨ ਸਨ ਕਿ ਆਜ਼ਾਦੀ ਦੀ ਝਲਕ ਸਾਹਮਣੇ ਪਈ ਨਜ਼ਰ ਆਉਂਦੀ ਸੀ, ਕਿਥੇ ਅੱਜ ਆਹ ਦਿਨ ਹਨ ਕਿ ਸਵਰਾਜ ਸੁਪਨਾ ਜਿਹਾ ਹੋਇਆ ਹੋਇਆ ਹੈ। ਬਸ, ਏਹੋ ਹੀ ਤੀਜਾ ਲਾਭ ਹੈ, ਜਿਹੜਾ ਇਨ੍ਹਾਂ ਫਸਾਦਾਂ ਨਾਲ਼ ਪਾਰਟੀ ਜਾਬਰਸ਼ਾਹੀ ਨੂੰ ਹੋਇਆ ਹੈ। ਉਹੋ ਨੌਕਰਸ਼ਾਹੀ ਜਿਸ ਦੀ ਹੋਂਦ ਨੂੰ ਖ਼ਤਰਾ ਪਿਆ ਹੋਇਆ ਸੀ, ਕਿ ਉਹ ਕੱਲ੍ਹ ਵੀ ਨਹੀਂ ਹੈ, ਪਰਸੋਂ ਵੀ ਨਹੀਂ, ਅੱਜ ਇੰਨੀਆਂ ਮਜ਼ਬੂਤ ਜੜ੍ਹਾਂ ‘ਤੇ ਬੈਠੀ ਹੈ ਕਿ ਉਸ ਨੂੰ ਹਿਲਾਣਾ ਕੋਈ ਮਾੜਾ ਮੋਟਾ ਕੰਮ ਨਹੀਂ ਹੈ।
ਜੇ ਇਹਨਾਂ ਫਿਰਕੂ ਫਸਾਦਾਂ ਦਾ ਜੜ੍ਹ ਕਾਰਨ ਲੱਭੀਏ ਤਾਂ ਸਾਨੂੰ ਤਾਂ ਇਹ ਕਾਰਨ ਆਰਥਿਕ ਹੀ ਜਾਪਦਾ ਹੈ। ਨਾ-ਮਿਲਵਰਤਣ ਦੇ ਦਿਨਾਂ ਵਿਚ ਲੀਡਰਾਂ ਅਤੇ ਅਖ਼ਬਾਰ-ਨਵੀਸਾਂ ਨੇ ਢੇਰ ਕੁਰਬਾਨੀਆਂ ਕੀਤੀਆਂ ਸਨ। ਉਨ੍ਹਾਂ ਦੀ ਆਰਥਿਕ ਦਸ਼ਾ ਖ਼ਰਾਬ ਹੋ ਗਈ ਸੀ। ਨਾ-ਮਿਲਵਰਤਣ ਦੇ ਮੱਧਮ ਪੈ ਜਾਣ ਪਿੱਛੋਂ ਲੀਡਰਾਂ ‘ਤੇ ਬੇ-ਇਤਬਾਰੀ ਜਿਹੀ ਹੋ ਗਈ, ਜਿਸ ਨਾਲ਼ ਅੱਜ ਕੱਲ੍ਹ ਦੇ ਬਹੁਤਿਆਂ ਫਿਰਕੂ ਲੀਡਰਾਂ ਦੇ ਧੰਦਿਆਂ ਦਾ ਨਾਸ ਹੋ ਗਿਆ। ਸੰਸਾਰ ਵਿਚ ਜਿਹੜਾ ਕੰਮ ਸ਼ੁਰੂ ਹੁੰਦਾ ਹੈ, ਉਸ ਦੀ ਤਹਿ ਵਿਚ ਪੇਟ ਦਾ ਸੁਆਲ ਜ਼ਰੂਰ ਹੁੰਦਾ ਹੈ। ਕਾਰਲ ਮਾਰਕਸ ਦੇ ਵੱਡੇ ਤਿੰਨ ਅਸੂਲਾਂ ਵਿਚੋਂ ਇਹ ਮੁੱਖ ਅਸੂਲ ਹੈ। ਇਸ ਅਸੂਲ ਦੇ ਕਾਰਨ ਹੀ ਤਬਲੀਗ, ਤਕਜ਼ੀਮ ਅਤੇ ਸ਼ੁਧੀ ਆਦਿ ਸੰਗਠਨ ਸ਼ੁਰੂ ਹੋਏ ਤੇ ਏਸੇ ਕਾਰਨ ਹੀ ਅੱਜ ਸਾਡੀ ਉਹ ਦੁਰਦਸ਼ਾ ਹੋਈ ਜਿਹੜੀ ਕਿ ਬਿਆਨਾਂ ਤੋਂ ਬਾਹਰ ਹੈ।
ਬਸ ਸਾਰੇ ਫਸਾਦਾਂ ਦਾ ਇਲਾਜ ਜੇ ਕੋਈ ਹੋ ਸਕਦਾ ਹੈ ਤਾਂ ਉਹ ਹਿੰਦੁਸਤਾਨ ਦੀ ਆਰਥਿਕ ਦਸ਼ਾ ਦੇ ਸੁਧਾਰ ਨਾਲ਼ ਹੀ ਹੋ ਸਕਦਾ ਹੈ। ਕਿਉਂਕਿ ਭਾਰਤ-ਵਰਸ਼ ਦੇ ਆਮ ਲੋਕਾਂ ਦੀ ਆਰਥਿਕ ਹਾਲਤ ਇੰਨੀ ਭੈੜੀ ਹੈ ਕਿ ਇਕ ਪੁਰਸ਼ ਨੂੰ ਕੋਈ ਚਾਰ ਆਨੇ ਦੇ ਕੇ ਦੂਜੇ ਨੂੰ ਬੇਇਜ਼ਤ ਕਰਵਾ ਸਕਦਾ ਹੈ। ਭੁੱਖ ਤੇ ਦੁੱਖ ਤੋਂ ਔਖਾ ਹੋ ਕੇ ਮਨੁੱਖ ਸਭ ਅਸੂਲ ਛਿੱਕੇ ‘ਤੇ ਟੰਗ ਦਿੰਦਾ ਹੈ। ਸੱਚ ਹੈ, ਮਰਦਾ ਕੀ ਨਹੀਂ ਕਰਦਾ।
ਪਰ ਵਰਤਮਾਨ ਹਾਲਤ ਵਿਚ ਆਰਥਿਕ ਸੁਧਾਰ ਹੋਣਾ ਅਤੀ ਕਠਿਨ ਹੈ। ਕਿਉਂਕਿ ਸਰਕਾਰ ਬਦੇਸ਼ੀ ਹੈ ਤੇ ਏਹੋ ਹੀ ਲੋਕਾਂ ਦੀ ਹਾਲਤ ਨੂੰ ਨਹੀਂ ਸੁਧਰਨ ਦੇਂਦੀ ਹੈ। ਇਸ ਲਈ ਏਸੇ ਦੇ ਪਿੱਛੇ ਹੀ ਹੱਥ ਧੋ ਕੇ ਪੈਣਾ ਚਾਹੀਦਾ ਹੈ। ਜਦ ਤੱਕ ਇਹ ਬਦਲ ਨਾ ਜਾਵੇ, ਆਰਾਮ ਨਹੀਂ ਲੈਣਾ ਚਾਹੀਦਾ ਹੈ।
ਲੋਕਾਂ ਨੂੰ ਆਪਸ ‘ਚ ਲੜਨ ਤੋਂ ਰੋਕਣ ਲਈ ਜਮਾਤੀ ਚੇਤਨਾ ਦੀ ਲੋੜ ਹੈ। ਗਰੀਬਾਂ, ਕਿਰਤੀਆਂ ਤੇ ਕਿਸਾਨਾਂ ਨੂੰ ਸਾਫ ਸਮਝਾ ਦੇਣਾ ਚਾਹੀਦਾ ਹੈ ਕਿ ਤੁਹਾਡੇ ਅਸਲੀ ਦੁਸ਼ਮਣ ਸਰਮਾਏਦਾਰ ਹਨ, ਇਸ ਲਈ ਤੁਹਾਨੂੰ ਇਹਨਾਂ ਦੇ ਹੱਥਕੰਡਿਆਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ ਤੇ ਇਨ੍ਹਾਂ ਦੇ ਹੱਥ ‘ਤੇ ਚੜ੍ਹ ਕੇ ਕੁਝ ਨਹੀਂ ਕਰਨਾ ਚਾਹੀਦਾ ਹੈ। ਸੰਸਾਰ ਦੇ ਸਾਰੇ ਗ਼ਰੀਬਾਂ ਦੇ ਭਾਵੇਂ ਉਹ ਕਿਸੇ ਜਾਤ, ਨਸਲ, ਮਜ਼ਹਬ, ਕੌਮ ਦੇ ਹੋਣ, ਹੱਕ ਇਕੋ ਹੀ ਹਨ। ਤੁਹਾਡਾ ਭਲਾ ਇਸ ਵਿਚ ਹੈ ਕਿ ਤੁਸੀਂ ਧਰਮ, ਰੰਗ, ਨਸਲ ਅਤੇ ਕੌਮ ਅਤੇ ਮੁਲਕ ਦੇ ਭਿੰਨ-ਭੇਦ ਮਿਟਾ ਕੇ ਇਕੱਠੇ ਹੋ ਜਾਓ ਅਤੇ ਸਰਕਾਰ ਦੀ ਤਾਕਤ ਨੂੰ ਆਪਣੇ ਹੱਥ ਵਿਚ ਲੈਣ ਦੇ ਯਤਨ ਕਰੋ। ਇਹਨਾਂ ਯਤਨਾਂ ਨਾਲ਼ ਤੁਹਾਡਾ ਕੋਈ ਹਰਜ਼ ਨਹੀਂ ਹੋਵੇਗਾ, ਕਿਸੇ ਦਿਨ ਤੁਹਾਡੇ ਸੰਗਲ਼ ਜ਼ਰੂਰ ਕੱਟੇ ਜਾਣਗੇ ਤੇ ਤੁਹਾਨੂੰ ਆਰਥਿਕ ਆਜ਼ਾਦੀ ਮਿਲ਼ ਜਾਵੇਗੀ।
ਜਿਨ੍ਹਾਂ ਲੋਕਾਂ ਨੂੰ ਰੂਸ ਦੇ ਇਤਿਹਾਸ ਦਾ ਪਤਾ ਹੈ, ਉਹ ਜਾਣਦੇ ਹਨ ਕਿ ਜ਼ਾਰ ਵੇਲ਼ੇ ਉਥੇ ਵੀ ਏਹੋ ਹਿੰਦੋਸਤਾਨ ਵਾਲ਼ੀ ਹਾਲਤ ਸੀ, ਉਥੇ ਵੀ ਕਿੰਨੇ ਹੀ ਫਿਰਕੇ ਸਨ ਜਿਹੜੇ ਆਪਸ ਵਿਚ ਛਿੱਤਰ-ਪੋਲਾ ਹੀ ਖੜਕਾਉਂਦੇ ਰਹਿੰਦੇ ਸਨ। ਪਰ ਜਿਸ ਦਿਨ ਤੋਂ ਕਿਰਤੀ ਰਾਜ ਹੋਇਆ ਹੈ, ਉਥੇ ਨਕਸ਼ਾ ਹੀ ਬਦਲ ਗਿਆ ਹੈ। ਹੁਣ ਉਥੇ ਕਦੇ ਫਸਾਦ ਹੋਏ ਹੀ ਨਹੀਂ, ਹੁਣ ਉਥੇ ਹਰ ਇਕ ਨੂੰ ‘ਇਨਸਾਨ’ ਸਮਝਿਆ ਜਾਂਦਾ ਹੈ, ‘ਧਰਮੀ’ ਨਹੀਂ। ਜ਼ਾਰ ਦੇ ਵੇਲ਼ੇ ਲੋਕਾਂ ਦੀ ਆਰਥਿਕ ਦਸ਼ਾ ਬਹੁਤ ਹੀ ਭੈੜੀ ਸੀ। ਇਸ ਲਈ ਸਭ ਫਸਾਦ-ਝਗੜੇ ਹੁੰਦੇ ਸਨ। ਪਰ ਹੁਣ ਰੂਸੀਆਂ ਦੀ ਆਰਥਿਕ ਹਾਲਤ ਸੁਧਰ ਗਈ ਹੈ ਅਤੇ ਉਹਨਾਂ ਵਿਚ ਜਮਾਤੀ ਚੇਤਨਾ ਘਰ ਕਰ ਗਈ ਹੈ। ਇਸ ਲਈ ਉਥੇ ਹੁਣ ਤਾਂ ਕਦੇ ਕੋਈ ਫਸਾਦ ਸੁਣਨ ਵਿਚ ਹੀ ਨਹੀਂ ਆਏ।
ਇਹਨਾਂ ਫਸਾਦਾਂ ਵਿਚ ਉਂਜ ਤਾਂ ਬੜੇ ਦਿਲ ਢਾਹੁਣ ਵਾਲ਼ੇ ਸਮਾਚਾਰ ਸੁਣੇ ਜਾਂਦੇ ਹਨ ਪਰ ਕਲਕੱਤੇ ਦੇ ਫਸਾਦਾਂ ਵਿਚ ਇਕ ਗੱਲ ਬੜੀ ਖ਼ੁਸ਼ੀ ਵਾਲ਼ੀ ਸੁਣੀ ਗਈ ਸੀ। ਉਹ ਇਹ ਸੀ ਕਿ ਉਥੇ ਹੋਏ ਫਸਾਦਾਂ ਵਿਚ ਟਰੇਡ ਯੂਨੀਅਨਾਂ ਦੇ ਕਿਰਤੀਆਂ ਨੇ ਕੋਈ ਹਿੱਸਾ ਨਹੀਂ ਲਿਆ ਸੀ ਅਤੇ ਨਾ ਉਹ ਆਪਸ ਵਿਚ ਗੁੱਥਮ-ਗੁੱਥਾ ਹੋਏ ਸਨ। ਸਗੋਂ ਉਹ ਬੜੇ ਪ੍ਰੇਮ ਨਾਲ਼ ਸਾਰੇ ਹੀ ਹਿੰਦੂ-ਮੁਸਲਮਾਨ ਇਕੱਠੇ ਮਿੱਲਾਂ ਆਦਿ ਵਿਚ ਰਹਿੰਦੇ-ਬਹਿੰਦੇ ਸਨ ਤੇ ਫਸਾਦ ਰੋਕਣ ਦੇ ਵੀ ਯਤਨ ਕਰਦੇ ਰਹੇ ਸਨ। ਇਹ ਇਸ ਲਈ ਕਿ ਉਹਨਾਂ ਵਿਚ ਜਮਾਤੀ ਚੇਤਨਾ ਆਈ ਹੋਈ ਸੀ ਤੇ ਉਹ ਆਪਣੇ ਜਮਾਤੀ ਫਾਇਦਿਆਂ ਨੂੰ ਭਲੀ-ਭਾਂਤ ਜਾਣਦੇ ਸਨ। ਜਮਾਤੀ ਚੇਤਨਾ ਦਾ ਇਹ ਸੋਹਣਾ ਰਾਹ ਹੈ ਜਿਹੜਾ ਫਸਾਦ ਰੋਕ ਸਕਦਾ ਹੈ।
ਇਹ ਖ਼ੁਸ਼ੀ ਦੀ ਸੋਅ ਸਾਡੇ ਕੰਨੀ ਪਈ ਹੈ ਕਿ ਭਾਰਤ ਦੇ ਨੌਜਵਾਨ ਹੁਣ ਉਹੋ ਜਿਹੇ ਧਰਮਾਂ ਤੋਂ ਜਿਹੜੇ ਆਪਸ ਵਿਚ ਲੜਾਉਣਾ ਤੇ ਨਫਰਤ ਕਰਨਾ ਸਿਖਲਾਂਦੇ ਹਨ, ਤੰਗ ਆ ਕੇ ਹੱਥ ਧੋਈ ਜਾਂਦੇ ਹਨ ਤੇ ਉਨ੍ਹਾਂ ਵਿਚ ਇੰਨੀ ਖੁੱਲ੍ਹਦਿਲੀ ਆ ਗਈ ਹੈ ਕਿ ਉਹ ਭਾਰਤ-ਵਰਸ਼ ਦੇ ਪੁਰਸ਼ਾਂ ਨੂੰ ਧਰਮ ਦੀ ਨਿਗ੍ਹਾ ਨਾਲ਼ ਹਿੰਦੂ ਜਾਂ ਮੁਸਲਮਾਨ ਜਾਂ ਸਿੱਖ ਨਹੀਂ ਵੇਖਦੇ ਸਗੋਂ ਹਰ ਇਕ ਨੂੰ ਪਹਿਲਾਂ ਇਨਸਾਨ ਸਮਝਦੇ ਹਨ ਤੇ ਫਿਰ ਹਿੰਦੁਸਤਾਨੀ। ਭਾਰਤ-ਵਰਸ਼ ਦੇ ਗੱਭਰੂਆਂ ਵਿਚ ਇਨ੍ਹਾਂ ਖ਼ਿਆਲਾਂ ਦਾ ਆਉਣਾ ਦੱਸਦਾ ਹੈ ਕਿ ਭਾਰਤ-ਵਰਸ਼ ਦਾ ਅੱਗਾ ਬੜਾ ਚਮਕੀਲਾ ਹੈ ਅਤੇ ਭਾਰਤ ਵਾਸੀਆਂ ਨੂੰ ਇਹ ਫਸਾਦ ਆਦਿ ਹੁੰਦੇ ਵੇਖ ਕੇ ਘਬਰਾ ਨਹੀਂ ਜਾਣਾ ਚਾਹੀਦਾ ਹੈ, ਸਗੋਂ ਤਿਆਰ-ਬਰ-ਤਿਆਰ ਹੋ ਕੇ ਵਾਹ ਲਾਉਣੀ ਚਾਹੀਦੀ ਹੈ ਕਿ ਐਸਾ ਮਾਹੌਲ ਪੈਦਾ ਹੋ ਜਾਵੇ ਜਿਸ ਨਾਲ਼ ਫਸਾਦ ਹੋਣ ਹੀ ਨਾ।
1914-15 ਦੇ ਸ਼ਹੀਦਾਂ ਨੇ ਧਰਮ ਨੂੰ ਸਿਆਸਤ ਤੋਂ ਵੱਖਰਾ ਕਰ ਦਿੱਤਾ ਹੋਇਆ ਸੀ। ਉਹ ਸਮਝਦੇ ਸਨ ਕਿ ਧਰਮ ਪੁਰਸ਼ਾਂ ਦਾ ਆਪਣਾ-ਆਪਣਾ ਵੱਖਰਾ ਕਰਤੱਵ ਹੈ ਤੇ ਇਸ ਵਿਚ ਦੂਜੇ ਦਾ ਕੋਈ ਦਖ਼ਲ ਨਹੀਂ। ਨਾ ਹੀ ਇਸ ਨੂੰ ਰਾਜਨੀਤੀ ਵਿਚ ਘੁਸੇੜਨਾ ਚਾਹੀਦਾ ਹੈ ਕਿਉਂਕਿ ਇਹ ਸਰਬੱਤ ਨੂੰ ਸਾਂਝੇ ਇਕ ਥਾਂ ਮਿਲ਼ ਕੇ ਕੰਮ ਨਹੀਂ ਕਰਨ ਦੇਂਦਾ। ਇਸੇ ਲਈ ਹੀ ਉਹ ਗ਼ਦਰ ਵਰਗੀ ਲਹਿਰ ਵਿਚ ਵੀ ਇਕਮੁੱਠ ਅਤੇ ਇਕਜਾਨ ਰਹੇ ਸਨ ਤੇ ਜਿਥੇ ਸਿੱਖ ਵਧ-ਵਧ ਕੇ ਫਾਂਸੀਆਂ ‘ਤੇ ਟੰਗੇ ਗਏ ਸਨ, ਉਥੇ ਹਿੰਦੂਆਂ ਤੇ ਮੁਸਲਮਾਨਾਂ ਨੇ ਵੀ ਕੋਈ ਘੱਟ ਨਹੀਂ ਗੁਜ਼ਾਰੀ ਸੀ।
ਇਸ ਵੇਲ਼ੇ ਕੁਝ ਹਿੰਦੋਸਤਾਨੀ ਆਗੂ ਵੀ ਮੈਦਾਨ ਵਿਚ ਨਿੱਤਰੇ ਜਾਪਦੇ ਹਨ ਜਿਹੜੇ ਧਰਮ ਨੂੰ ਰਾਜਨੀਤੀ ਤੋਂ ਅਲੱਗ ਕਰਨਾ ਚਾਹੁੰਦੇ ਹਨ। ਝਗੜੇ ਮੁਕਾਉਣ ਦਾ ਇਹ ਵੀ ਇਕ ਸੋਹਣਾ ਇਲਾਜ ਹੈ ਅਤੇ ਅਸੀਂ ਇਸ ਦੀ ਪ੍ਰੋੜਤਾ ਕਰਦੇ ਹਾਂ। ਜੇ ਧਰਮ ਨੂੰ ਵੱਖਰਿਆਂ ਕਰ ਦਿੱਤਾ ਜਾਵੇ ਤਾਂ ਅਸੀਂ ਰਾਜਨੀਤੀ ਉਤੇ ਸਾਰੇ ਇਕੱਠੇ ਹੋ ਸਕਦੇ ਹਾਂ, ਧਰਮਾਂ ਵਿਚ ਭਾਵੇਂ ਅਸੀਂ ਵੱਖਰੇ-ਵੱਖਰੇ ਹੀ ਹੋਈਏ।
ਸਾਡਾ ਖ਼ਿਆਲ ਹੈ ਕਿ ਹਿੰਦੋਸਤਾਨ ਦੇ ਸੱਚੇ ਦਰਦੀ ਇਹਨਾਂ ਦੱਸੇ ਇਲਾਜਾਂ ਵੱਲ ਜ਼ਰੂਰ ਗਹੁ ਕਰਨਗੇ ਅਤੇ ਹਿੰਦੁਸਤਾਨ ਦਾ ਜਿਹੜਾ ਆਤਮਘਾਤ ਹੋ ਰਿਹਾ ਹੈ, ਇਸ ਤੋਂ ਇਸ ਨੂੰ ਬਚਾ ਲੈਣਗੇ।