ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਕੌਮੀ ਕਾਰਜਕਾਰਨੀ ਦੀ ਦੋ ਰੋਜ਼ਾ ਮੀਟਿੰਗ ਵਿਚ ਜੋ ਟੌਹਰ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਦੀ ਬਣੀ ਅਤੇ ਜਿਸ ਤਰ੍ਹਾਂ ਮੀਡੀਆ ਨੇ ਉਸ ਦੀ ਬੱਲੇ-ਬੱਲੇ ਕੀਤੀ, ਉਸ ਤੋਂ ਇਕ ਗੱਲ ਤਾਂ ਸਪਸ਼ਟ ਹੋ ਗਈ ਹੈ ਕਿ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਉਸ ਦੀ ਭੂਮਿਕਾ ਅਹਿਮ ਹੋਵੇਗੀ। ਰਾਸ਼ਟਰੀ ਜਮਹੂਰੀ ਗਠਜੋੜ (ਐਨæਡੀæਏæ) ਦੇ ਕਈ ਭਾਈਵਾਲਾਂ ਦੇ ਤਿੱਖੇ ਵਿਰੋਧ ਕਾਰਨ ਉਸ ਨੂੰ ਅਜੇ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਤਾਂ ਨਹੀਂ ਬਣਾਇਆ ਗਿਆ, ਪਰ ਜਿਸ ਤਰ੍ਹਾਂ ਉਹ ਇੰਨੇ ਜ਼ਿਆਦਾ ਵਿਰੋਧ ਦੇ ਬਾਵਜੂਦ ਧੁਸ ਦੇ ਕੇ ਕੌਮੀ ਸਿਆਸਤ ਵਿਚ ਅਹਿਮੀਅਤ ਹਾਸਲ ਕਰ ਗਿਆ ਹੈ, ਹੁਣ ਉਸ ਨੂੰ ਅਣਗੌਲਿਆ ਕਰਨਾ ਔਖਾ ਹੋਵੇਗਾ। ਉਹ ਲਗਾਤਾਰ ਤੀਜੀ ਵਾਰ ਗੁਜਰਾਤ ਦਾ ਮੁੱਖ ਮੰਤਰੀ ਬਣਿਆ ਹੈ ਅਤੇ ਸੂਬੇ ਦੇ ਵਿਕਾਸ ਬਾਰੇ ਉਸ ਨੇ ਇੰਨੀ ਧੁੰਮ ਪਾਈ ਹੋਈ ਹੈ ਕਿ ਗੁਜਰਾਤ ਵਿਚ 2002 ਵਿਚ ਮੁਸਲਮਾਨਾਂ ਦੇ ਕਤਲੇਆਮ ਤੋਂ ਬਾਅਦ ਉਸ ਉਤੇ ਪਾਬੰਦੀਆਂ ਲਾਉਣ ਵਾਲੇ ਯੂਰਪੀ ਯੂਨੀਅਨ ਦੇ ਦੇਸ਼ ਵੀ ਉਸ ਨੂੰ ਹੁਣ ਹੱਥੀਂ ਛਾਵਾਂ ਕਰ ਰਹੇ ਹਨ। ਗੁਜਰਾਤ ਦੀ ਸਿਆਸਤ ਵਿਚ ਉਸ ਦੀ ਚੜ੍ਹਾਈ ਅਤੇ ਕੌਮੀ ਸਿਆਸਤ ਵਿਚ ਉਸ ਦੀ ਪੈੜਚਾਲ ਨੂੰ ਸਿਆਸੀ ਮਾਹਿਰ ਬੜਾ ਨਜ਼ਦੀਕ ਤੋਂ ਦੇਖਦੇ ਰਹੇ ਹਨ। ਇਹ ਗੱਲ ਵੱਖਰੀ ਹੈ ਕਿ ਇਨ੍ਹਾਂ ਸਿਆਸੀ ਮਾਹਿਰਾਂ ਨੇ ਮੋਦੀ ਦੀ ਚੜ੍ਹਾਈ ਦੀ ਚਰਚਾ ਕਰਨ ਵੇਲੇ ਸੂਬੇ ਵਿਚ ਮੁੱਖ ਵਿਰੋਧੀ ਧਿਰ ਕਾਂਗਰਸ ਬਾਰੇ ਕਦੀ ਕੋਈ ਟਿੱਪਣੀ ਨਹੀਂ ਕੀਤੀ ਹੈ। ਅਸਲ ਵਿਚ ਗੁਜਰਾਤ ਵਿਚ ਨਰਿੰਦਰ ਮੋਦੀ ਦੀ ਇੰਨੀ ਚੜ੍ਹਾਈ ਦਾ ਇਕ ਕਾਰਨ ਸੂਬੇ ਵਿਚ ਕਾਂਗਰਸ ਦੀ ਮਾੜੀ ਕਾਰਗੁਜ਼ਾਰੀ ਵੀ ਹੈ; ਨਹੀਂ ਤਾਂ ਕੋਈ ਕਾਰਨ ਨਹੀਂ ਸੀ ਕਿ ਕੁਝ ਸਾਲ ਪਹਿਲਾਂ ਇੰਨੇ ਸਿਆਸੀ ਵਿਰੋਧ ਅਤੇ ਮੀਡੀਆ ਵਿਚ ਇੰਨੀ ਜ਼ਿਆਦਾ ਦੁਰ-ਦੁਰ ਤੋਂ ਬਾਅਦ ਉਹ ਆਪਣੇ ਪੈਰ ਇਉਂ ਜਮਾ ਸਕਦਾ। ਦੂਜੇ ਸ਼ਬਦਾਂ ਵਿਚ ਕਹਿਣਾ ਹੋਵੇ ਤਾਂ ਇਹੀ ਕਿਹਾ ਜਾਵੇਗਾ ਕਿ ਲੋਕਾਂ ਕੋਲ ਮੋਦੀ ਦਾ ਕੋਈ ਹੋਰ ਪੁਖਤਾ ਬਦਲ ਹੈ ਹੀ ਨਹੀਂ। ਇਹ ਐਨ ਉਸੇ ਤਰ੍ਹਾਂ ਹੈ ਜਿਸ ਤਰ੍ਹਾਂ ਕੇਂਦਰ ਵਿਚ ਕਾਂਗਰਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਤੋਂ ਸਿਵਾ ਹੋਰ ਕੋਈ ਬਦਲ ਨਹੀਂ। ਸਿੱਧਾ ਜਿਹਾ ਸਮੀਕਰਨ ਇਹ ਹੈ ਕਿ ਕੇਂਦਰ ਵਿਚ ਆਰਥਿਕ ਮਾਹਿਰ ਅਤੇ ਸਿੱਖ ਪ੍ਰਧਾਨ ਮੰਤਰੀ ਡਾæ ਮਨਮੋਹਨ ਸਿੰਘ ਦੀਆਂ ਸਾਰੀਆਂ ਨਾਕਾਮੀਆਂ ਦਾ ਸਮੁੱਚਾ ਫਾਇਦਾ ਕੁੱਲ ਮਿਲਾ ਕੇ ਭਾਜਪਾ, ਖਾਸ ਕਰ ਕੇ ਨਰਿੰਦਰ ਮੋਦੀ ਵਰਗੇ ਪਿਛਾਖੜੀ ਲੀਡਰਾਂ ਨੂੰ ਮਿਲਣਾ ਹੈ ਜਿਨ੍ਹਾਂ ਦੇ ਹੱਥ ਬੇਕਸੂਰ ਲੋਕਾਂ ਦੇ ਲਹੂ ਨਾਲ ਰੰਗੇ ਹੋਏ ਹਨ।
ਦੂਰ ਕੀ ਜਾਣਾ ਹੈ, ਆਪਣੇ ਪੰਜਾਬ ਦੀ ਹੀ ਗੱਲ ਲੈ ਲਉ। ਸਿੱਖ ਸਿਧਾਂਤਾਂ ਨੂੰ ਨਿਗਲ ਕੇ ਅੱਜ ਪੰਜਾਬ ਦੀ ਸਿਆਸੀ ਸੱਤਾ ਉਤੇ ਜੱਫਾ ਮਾਰੀ ਬੈਠੇ ਬਾਦਲਾਂ ਨੂੰ ਕਿਸੇ ਕੈਪਟਨ ਅਮਰਿੰਦਰ ਸਿੰਘ ਨੇ ਹੀ ਵੰਗਾਰਨਾ ਸੀ, ਪਰ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਲੋਕਾਂ ਨੇ ਹਾਰਦੇ-ਹਾਰਦੇ ਬਾਦਲਾਂ ਨੂੰ ਜਿੱਤਦੇ ਦੇਖ ਹੀ ਲਿਆ ਹੈ ਅਤੇ ਜਿੱਤਦੀ-ਜਿੱਤਦੀ ਕਾਂਗਰਸ ਦੇ ਪੱਲੇ ਹਾਰ ਹੀ ਪਈ ਹੈ। ਬਾਦਲਾਂ ਦੀ ਜਿੱਤ ਅਸਲ ਵਿਚ ਕਾਂਗਰਸ ਦੀਆਂ ਨਾਲਾਇਕੀਆਂ ਦਾ ਹੀ ਨਤੀਜਾ ਸੀ। ਗੁਜਰਾਤ ਵਿਚ ਵੀ ਇਸੇ ਤਰ੍ਹਾਂ ਹੋਇਆ। ਪੰਜਾਬ ਵਿਚ ਜਿਸ ਤਰ੍ਹਾਂ ਅਕਾਲੀਆਂ ਨਾਲੋਂ ਟੁੱਟੇ ਸ਼ ਮਨਪ੍ਰੀਤ ਸਿੰਘ ਬਾਦਲ ਨੇ ਬਾਦਲਾਂ ਨੂੰ ਚੋਣਾਂ ਵਿਚ ਸਿਆਸੀ ਫਾਇਦਾ ਪਹੁੰਚਾਇਆ, ਐਨ ਉਸੇ ਤਰ੍ਹਾਂ ਗੁਜਰਾਤ ਵਿਚ ਕੇਸ਼ੂ ਭਾਈ ਪਟੇਲ ਨੇ ਭਾਜਪਾ ਨਾਲੋਂ ਵੱਖ ਹੋ ਕੇ ਚੋਣਾਂ ਲੜੀਆਂ ਅਤੇ ਉਥੇ ਆਖਰਕਾਰ ਕਾਂਗਰਸ ਨੂੰ ਹੀ ਨੁਕਸਾਨ ਪਹੁੰਚਾਇਆ। ਜ਼ਾਹਿਰ ਹੈ ਕਿ ਮੋਦੀ ਵਰਗੇ ਲੀਡਰਾਂ ਦੀ ਸਿਆਸੀ ਪਿੜ ਵਿਚ ਚੜ੍ਹਾਈ ਦੀਆਂ ਜੜ੍ਹਾਂ ਚੋਣ ਢਾਂਚੇ ਵਿਚ ਪਈਆਂ ਹਨ। ਭਾਰਤ ਦੀ 6 ਦਹਾਕਿਆਂ ਦੀ ਜਮਹੂਰੀਅਤ ਦਾ ਹੁਣ ਇਹ ਹਾਲ ਹੈ ਕਿ ਬੇਕਸੂਰ ਲੋਕਾਂ ਦੇ ਕਾਤਲ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਬਣ ਰਹੇ ਹਨ। ਇਨ੍ਹਾਂ 6 ਦਹਾਕਿਆਂ ਦੌਰਾਨ ਭਾਰਤ ਦੇ ਲੋਕਾਂ ਨੂੰ ਤਿੰਨ ਵੱਡੀਆਂ ਘਟਨਾਵਾਂ ਨੇ ਹਲੂਣਿਆ ਹੈ। ਇਨ੍ਹਾਂ ਤਿੰਨਾਂ ਘਟਨਾਵਾਂ ਵਿਚ ਇਕ ਗੱਲ ਸਾਂਝੀ ਸੀ ਕਿ ਮੌਕੇ ਉਤੇ ਸੁਰੱਖਿਆ ਦਸਤਿਆਂ ਵੱਲੋਂ ਕੀਤੀ ਪੁਖਤਾ ਕਾਰਵਾਈ ਆਵਾਮ ਦੀਆਂ ਜਾਨਾਂ ਬਚਾ ਸਕਦੀ ਸੀ ਅਤੇ ਨਾਲ ਹੀ ਮਾਂਵਾਂ-ਭੈਣਾਂ ਵੀ ਦੁਰਗਤ ਤੋਂ ਬਚ ਜਾਂਦੀਆਂ, ਪਰ ਅਜਿਹਾ ਹੋ ਨਹੀਂ ਸਕਿਆ। ਪਹਿਲੀ ਘਟਨਾ 1947 ਵਿਚ ਪੰਜਾਬ ਦੀ ਵੰਡ ਵੇਲੇ ਵਾਪਰੀ ਸੀ ਜਦੋਂ ਲੱਖਾਂ ਪੰਜਾਬੀ ਮਾਰੇ ਗਏ ਸਨ। ਉਦੋਂ ਅੰਗਰੇਜ਼ਾਂ ਕੋਲ ਇੰਨਾ ਕੁ ਸਿਸਟਮ ਤਾਂ ਸੀ ਕਿ ਇਹ ਵੱਢ-ਟੁੱਕ ਰੋਕੀ ਜਾ ਸਕਦੀ ਸੀ। ਫਿਰ ਲੋਕਾਂ ਨੇ ਆਜ਼ਾਦ ਭਾਰਤ ਵਿਚ 1984 ਵਿਚ ਸਿੱਖਾਂ ਦਾ ਕਤਲੇਆਮ ਦੇਖਿਆ। ਉਦੋਂ ਵੀ ਸੁਰੱਖਿਆ ਦਸਤੇ ਕਾਤਲਾਂ ਨੂੰ ਰੋਕਣ ਲਈ ਹੁਕਮ ਉਡੀਕਦੇ ਰਹਿ ਗਏ ਸਨ। 2002 ਵਿਚ ਇਹੀ ਘਟਨਾ ਗੁਜਰਾਤ ਵਿਚ ਦੁਹਰਾਈ ਗਈ। ਉਸ ਵੇਲੇ ਸੂਬੇ ਦੀ ਕਮਾਨ ਇਸੇ ਨਰਿੰਦਰ ਮੋਦੀ ਦੇ ਹੱਥ ਵਿਚ ਸੀ ਜੋ ਹੁਣ ਦੇਸ਼ ਦਾ ਪ੍ਰਧਾਨ ਮੰਤਰੀ ਬਣਨ ਦੇ ਸੁਪਨੇ ਦੇਖ ਰਿਹਾ ਹੈ। 1947 ਵਿਚ ਪੰਜਾਬ ਨੂੰ ਬਲਦੀ ਦੇ ਬੁੱਥੇ ਛੱਡ ਕੇ ਜਾਣ ਵਾਲਿਆਂ ਨੂੰ ਤਾਂ ਖੈਰ ਕਿਸ ਨੇ ਪੁੱਛਣਾ ਸੀ, ਅਜੇ ਤੱਕ ਤਾਂ 1984 ਵਿਚ ਕਹਿਰ ਵਰਤਾਉਣ ਵਾਲਿਆਂ ਨੂੰ ਸਵਾਲ ਨਹੀਂ ਪੁੱਛੇ ਜਾ ਸਕੇ। ਇਸੇ ਤਰ੍ਹਾਂ ਨਰਿੰਦਰ ਮੋਦੀ ਵੀ ਲਾਸ਼ਾਂ ਦਾ ਉਹ ਢੇਰ ਲੰਘ ਆਇਆ ਹੈ। ਅਜਿਹਾ ਸ਼ਾਇਦ ਭਾਰਤ ਵਰਗੀ ਜਮਹੂਰੀਅਤ ਵਿਚ ਹੀ ਸੰਭਵ ਹੋ ਸਕਦਾ ਹੈ! ਇਸ ਲਈ ਹੁਣ ਸਵਾਲ ਇਹ ਨਹੀਂ ਕਿ ਅਗਲੀਆਂ ਲੋਕ ਸਭਾ ਚੋਣਾਂ ਵਿਚ ਕੌਣ ਜਿੱਤਦਾ ਹੈ ਅਤੇ ਪ੍ਰਧਾਨ ਮੰਤਰੀ ਵਾਲੀ ਗੱਦੀ ਉਤੇ ਕੌਣ ਬੈਠਦਾ ਹੈ? ਹੁਣ ਤਾਂ ਸਵਾਲ ਇਹ ਹੈ ਕਿ ਆਖਰ ਕਦੋਂ ਤੱਕ ਕਾਤਲਾਂ ਨੇ ਇੱਦਾਂ ਦਨਦਨਾਉਂਦੇ ਫਿਰਨਾ ਹੈ? ਕੀ ਇਨ੍ਹਾਂ ਦਾ ਬਦਲ ਕੋਈ ਨਹੀਂ ਹੈ? ਸੀæਪੀæਐਮæ ਦਾ ਮਰਹੂਮ ਜਨਰਲ ਸਕੱਤਰ ਅਤੇ ਪਾਰਟੀ ਲਈ ਵਡੀ ਮਾਤਰਾ ‘ਚ ਫੰਡ ਇਕੱਠਾ ਕਰਨ ਵਾਲਾ ਹਰਕਿਸ਼ਨ ਸਿੰਘ ਸੁਰਜੀਤ ਕਾਂਗਰਸ ਦੀ ਇਸ ਕਰ ਕੇ ਹਮਾਇਤ ਕਰਦਾ ਰਿਹਾ ਕਿ ਭਾਜਪਾ ਨੂੰ ਸੱਤਾ ਤੋਂ ਦੂਰ ਰੱਖਣਾ ਹੈ; ਹੁਣ ਕੋਈ ਪੁੱਛੇ ਕਿ ਜੇ ਉਦੋਂ ਕਾਂਗਰਸ ਦੀ ਹਮਾਇਤ ਦੀ ਥਾਂ ਆਪਣੇ ਪੈਰਾਂ ਸਿਰ ਖੜ੍ਹਨ ਦਾ ਵੱਲ ਸਿੱਖਿਆ ਹੁੰਦਾ ਤਾਂ ਘੱਟੋ-ਘੱਟ ਕਾਤਲਾਂ ਨੂੰ ਤਾਂ ਸੱਤਾ ਤੋਂ ਲਾਂਭੇ ਰੱਖਣ ਲਈ ਕੋਈ ਹੀਲਾ-ਵਸੀਲਾ ਹੋ ਹੀ ਸਕਦਾ ਸੀ!
Leave a Reply