ਸੱਤ ਖਸਮੀ

ਅਫਜ਼ਲ ਤੌਸੀਫ
ਲਿਪੀਅੰਤਰ : ਡਾæ ਸਪਤਾਲ ਕੌਰ
ਉਹਦੀ ਮਾਂ ਬਹੁਤ ਬੁਰੀ ਜਨਾਨੀ ਨਹੀਂ ਸੀ ਪਰ ਕਦੀ ਗੱਲਾਂ ਤਾਂ ਬੁਰੀਆਂ ਈ ਕਰਦੀ ਸੀ। ਇਕ ਬੁਰੀ ਗੱਲ ਤਾਂ ਇਹ ਸੀ ਪਈ ਉਹ ਹਰ ਵੇਲੇ ਧੀ ਦਾ ਕੱਦ ਨਾਪਦੀ ਰਹਿੰਦੀ। ਦੂਜੀ ਉਹਨੂੰ ਸਲੂਣਾ ਪਾ ਕੇ ਦੇਣ ਲਈ ਸਭ ਤੋਂ ਨਿੱਕੀ ਕਟੋਰੀ ਕੱਢ ਕੇ ਲਿਆਉਂਦੀ। ਬਾਪ ਤੇ ਭਰਾਵਾਂ ਲਈ ਖੁੱਲ੍ਹੇ ਭਾਂਡੇ ਹੁੰਦੇ। ਸਾਰੀ ਹਾਂਡੀ ਲੱਦ ਦੇ ਉਨ੍ਹਾਂ ਅੱਗੇ ਰੱਖੀ ਜਾਂਦੀ। ਇੰਜ ਭਾਵੇਂ ਮਾਂ ਆਪਣੇ ਲਈ ਓਨਾ ਕੁ ਸਲੂਣਾ ਵੀ ਨਹੀਂ ਸੀ ਬਚਾਉਂਦੀ, ਜਿੰਨਾ ਉਹਨੂੰ ਦਿੰਦੀ ਸੀ ਪਰ ਉਹਨੂੰ ਤਾਂ ਬੁਰਾ ਲਗਦਾ ਸੀ। ਕਿੰਜ ਦਾ ਲੱਗਦਾ ਸੀ? ਉਹ ਇਸ ਉਮਰੇ ਯਾਦ ਨਹੀਂ ਕਰ ਸਕਦੀ। ਗੱਲਾਂ ਉਹਨੂੰ ਸਾਰੀਆਂ ਯਾਦ ਨੇ।

ਆਂਡਿਆਂ ਵਾਲੀ ਗੱਲ ਵੀ। ਇਕ ਦਿਨ ਬੜੀ ਠੰਢ ਸੀ। ਘਰ ਵਿਚ ਪੰਜ ਆਂਡੇ ਵੀ ਹੈ ਸਨ ਪਰ ਮਾਂ ਨੇ ਚਾਰ ਈ ਉਬਾਲੇ। ਪਿਉ ਤੇ ਭਰਾਵਾਂ ਨੂੰ ਤਾਂ ਸਾਬਤਾ-ਸਾਬਤਾ ਆਂਡਾ ਦਿੱਤਾ ਪਰ ਉਹਨੂੰ ਆਪਣੇ ਆਂਡੇ ਵਿਚੋਂ ਅੱਧਾ। ਏਸੇ ਤਰ੍ਹਾਂ ਮੁਰੱਬੇ ਵਾਲੀ ਗੱਲ ਸੀ।æææਭਰਿਆ ਮਰਤਬਾਨ ਮੰਜੇ ਥੱਲੇ ਪਿਆ ਸੀ। ਪਿਆਲਾ ਭਰ ਕੇ ਉਹ ਦੀ ਮਾਂ ਮੁਰੱਬਾ ਕੱਢਦੀ ਤਾਂ ਉਹਦੇ ਹਿੱਸੇ ਚੱਟਣ ਜੋਗਾ ਸ਼ੀਰਾ ਈ ਆਉਂਦਾ। ਉਹਨੇ ਵੀ ਬਦਲੇ ਦੀ ਚੰਗੀ ਤਰਕੀਬ ਲੱਭ ਲਈ। ਹਰ ਰੋਜ਼ ਝਾੜੂ ਦੇਣ ਲਈ ਮੰਜੇ ਹੇਠ ਵੜ ਦੇ ਕੋ ਚਾਰ ਫਾੜੀਆਂ ਕੱਢ ਕੇ ਖਾ ਜਾਂਦੀ।
ਇਕ ਦਿਨ ਜਦੋਂ ਮਾਂ ਨੂੰ ਪਤਾ ਲੱਗਾ, ਬਹੁਤ ਸਾਰਾ ਮੁਰੱਬਾ ਖਾਧਾ ਜਾ ਚੁੱਕਾ ਏ, ਤਾਂ ਉਹਨੇ ਚੰਗੀ ਸੁਥਰੀ ਕੀਤੀ। “ਚਲ ਹਊ ਬਾਲੜੀ ਹੈ, ਖਾ ਲਿਆ ਤਾਂ ਕੀ ਹੋਇਆ,” ਬਾਪ ਨੇ ਗੱਲ ਟਾਲ ਦਿੱਤੀ। ਪਰ ਮਾਂ ਕਿਵੇਂ ਟਲਣ ਦੇਂਦੀ, “ਜੇ ਏਸੇ ਤਰ੍ਹਾਂ ਖਾਂਦੀ ਪੀਂਦੀ ਰਹੀ ਤਾਂ ਕੱਲ੍ਹ ਨੂੰ ਕੋਠੇ ਜਿੱਡੀ ਹੋ ਖਲੋਣੀ ਏ। ਅੱਠਾਂ-ਨੌਂਵਾਂ ਸਾਲਾਂ ਦੀ ਕੁੜੀ ਨੂੰ ਇਸ ਗੱਲ ਦੀ ਬਹੁਤੀ ਸਮਝ ਤਾਂ ਕਿਥੋਂ ਆਉਂਦੀ, ਫੇਰ ਵੀ ਉਹ ਸੋਚਦੀ ਰਹੀ, ਉਹ ਕਿਸੇ ਕੋਲੋਂ ਪੁਛਣਾ ਚਾਹੁੰਦੀ ਸੀ, “ਜੇ ਮੈਂ ਕੋਠੇ ਜਿੱਡੀ ਹੋ ਵੀ ਜਾਵਾਂ ਤਾਂ ਮਾਂ ਨੂੰ ਕਾਹਦਾ ਡਰ?” ਫੇਰ ਇਕ ਦਿਨ ਤਾਂ ਬਹੁਤ ਹੀ ਪੁੱਛਣ ਵਾਲੀ ਗੱਲ ਮਾਂ ਨੇ ਕਰ ਛੱਡੀ।
ਉਸ ਦਿਨ ਮਾਂ ਨੂੰ ਗੁੱਸਾ ਚੜ੍ਹਾਉਣ ਵਾਲੀਆਂ ਦੋ ਗੱਲਾਂ ਅੱਗੜ-ਪਿਛੜ ਹੋ ਗਈਆਂ। ਘਰ ਵਿਚ ਚਾਹ ਦਾ ਇਕੋ-ਇਕ ਸੈਟ ਸੀ, ਜੋ ਪ੍ਰਾਹੁਣਿਆਂ ਲਈ ਕੱਢਿਆ ਜਾਂਦਾ। ਘਰ ਦਿਆਂ ਲਈ ਤਾਂ ਕੋਝੇ ਜਿਹੇ ਚਾਰ ਮੱਘੇ ਈ ਸਨ, ਜਿਨ੍ਹਾਂ ਵਿਚ ਚਾਹ ਪੀਂਦੇ। ਇਥੇ ਵੀ ਉਹਦਾ ਖਿਆਲ ਏ, ਪੰਜਾਂ ਜੀਆਂ ਲਈ ਚਾਰ ਮੱਘੇ ਹੋਣ ਦਾ ਮਤਲਬ ਏ, ਉਹਦੇ ਹਿੱਸੇ ਦਾ ਮੱਘਾ ਕੋਈ ਨਹੀਂ ਸੀ। ਉਹਨੂੰ ਕਿਸੇ ਦੇ ਜੂਠੇ ਮੱਘੇ ਵਿਚ ਚਾਹ ਮਿਲਦੀ। ਚਾਹ ਦੇ ਭਾਂਡੇ ਧੋਣਾ ਉਸੇ ਦੇ ਜ਼ਿੰਮੇ ਸੀ। ਉਸ ਦਿਨ ਕੋਈ ਮਹਿਮਾਨ ਆਏ ਤਾਂ ਬੜਾ ਸਾਂਭ ਕੇ ਰੱਖਿਆ ਸੈਟ ਕੱਢ ਕੇ ਉਨ੍ਹਾਂ ਨੂੰ ਚਾਹ ਭੇਜੀ ਗਈ। ਹਮੇਸ਼ਾਂ ਵਾਂਗ ਪਿਆਲੀਆਂ ਧੋਣ ਬੈਠੀ ਤਾਂ ਖਬਰੇ ਕਿਵੇਂ ਪਿਆਲੀ ਹੱਥੋਂ ਤਿਲਕ ਗਈ ਤਾਂ ਉਹਨੂੰ ਇੰਜ ਲੱਗਾ ਜਿਵੇਂ ਉਹਦਾ ਦਿਲ ਵੀ ਤਿਲਕ ਗਿਆ ਹੋਵੇ। ਇੰਜ ਉਹ ਆਪਣੇ ਆਪ ਵਿਚ ਬਥੇਰੀ ਵੱਡੀ ਸਜ਼ਾ ਸੀ ਪਰ ਮਾਂ ਨੂੰ ਏਡੀ ਸਮਝ ਕਿਥੇ! ਉਹਨੇ ਆਪ ਝਿੜਕਾਂ ਦੇਣ ਤੋਂ ਅੱਡ ਬਾਪ ਕੋਲ ਸ਼ਿਕਾਇਤ ਵੀ ਲਾਈ, “ਕੁੜੀ ਦਾ ਧਿਆਨ ਕੰਮ ਵਿਚ ਨਹੀਂ। ਅੱਜ ਪਿਆਲਾ ਭੰਨੀ ਏ, ਕੱਲ੍ਹ ਨੂੰ ਕੁਝ ਹੋਰæææ।”
ਅੱਜ 40-45 ਵਰ੍ਹੇ ਦੀ ਉਮਰੇ ਵੀ ਉਹ ਜਾਣਨਾ ਚਾਹੁੰਦੀ ਏ, ਉਹ ਕਿਹੜੀ ਸ਼ੈਅ ਸੀ ਜਿਹਨੂੰ ਭੱਜੀ ਪਿਆਲੀ ਪਿਛੋਂ ਉਹ ਭੰਨ ਸਕਦੀ ਸੀ। ਮਾਂ ਨੂੰ ਕਾਹਦਾ ਅੰਦੇਸ਼ਾ ਸੀ? ਉਸ ਦਿਨ ਹੋਣ ਵਾਲੀ ਦੂਜੀ ਗੱਲ ਵਿਚ ਮਾਂ ਨੇ ਖਬਰੇ ਉਹੋ ਗੱਲ ਆਖੀ ਸੀ। ਉਹ ਦੂਜੀ ਗੱਲ ਉਸ ਵੇਲੇ ਹੋਈ ਜਦੋਂ ਮਾਂ ਨੇ ਆਪਣਾ ਭਾਰਾ ਜਿਹਾ ਟਰੰਕ ਇਕ ਥਾਂ ਤੋਂ ਦੂਜੀ ਥਾਂ ਰੱਖਣਾ ਸੀ। ਉਹਨੂੰ ਆਪਣੀ ਧੀ ਦੇ ਦਿਲ ਦੀ ਨਰਮੀ ਦਾ ਪਤਾ ਨਹੀਂ ਸੀ ਪਰ ਉਹਦੇ ਨਿੱਕੇ-ਨਿੱਕੇ ਹੱਥਾਂ ਦੀ ਕਮਜ਼ੋਰੀ ਦਾ ਵੀ ਪਤਾ ਨਹੀਂ ਸੀ। ਇਕ ਗੱਲੋਂ ਤਾਂ ਚੰਗਾ ਹੋਇਆ। ਟਰੰਕ ਛੁਟ ਕੇ ਡਿੱਗ ਪਿਆ। ਨਹੀਂ ਤਾਂ ਉਹਦੀਆਂ ਉਂਗਲਾਂ ਟੁੱਟ ਜਾਣੀਆਂ ਸਨ। ਪਰ ਸਵਾਹ ਚੰਗਾ ਹੋਇਆ, ਟਰੰਕ ਛੁੱਟ ਕੇ ਮਾਂ ਦੇ ਪੈਰ ‘ਤੇ ਲੱਗ ਗਿਆ। ਹਮੇਸ਼ਾਂ ਵਾਂਗ ਡਰ ਨਾਲ ਉਹਦਾ ਦਿਲ ਕੰਬ ਗਿਆ ਪਰ ਮਾਂ ਦੇ ਦਿਲ ਵਿਚੋਂ ਤਾਂ ਜਿਵੇਂ ਫਨੀਅਰ ਨਾਗ ਨਿਕਲ ਪਿਆ, “ਸੱਤ ਖਸਮੀ ਨਾ ਹੋਵੇ ਤਾਂæææ।”
ਉਸ ਵੇਲੇ ਉਹਨੂੰ ਇਸ ਗੱਲ ਦੀ ਸਮਝ ਬਿਲਕੁਲ ਨਹੀਂ ਸੀ ਆਈ। ਫੇਰ ਵੀ ਉਹਨੂੰ ਪਤਾ ਜ਼ਰੂਰ ਸੀ ਪਈ ਕੋਈ ਭੈੜੀ ਗੱਲ ਮਾਂ ਦੇ ਮੂੰਹੋਂ ਨਿਕਲੀ ਏ। ਉਸ ਦਿਨ ਉਹਨੇ ਮਾਂ ਕੋਲੋਂ ਨਫਰਤ ਦਾ ਪਹਿਲਾ ਤਜਰਬਾ ਵੀ ਕੀਤਾ। ਇੰਜ ਤੇ ਆਂਡੇ ਵਾਲੀ ਗੱਲ ਵੀ ਬੁਰੀ ਸੀ, ਛੋਲਿਆਂ ਵਾਲੀ ਵੀ ਕਦੋਂ ਚੰਗੀ ਸੀ! ਚੌਲਾਂ ਵਿਚ ਪਾਵਣ ਲਈ ਖਬਰੇ ਕਾਹਦੇ ਲਈ ਉਬਾਲ ਕੇ ਰੱਖੇ ਛੋਲਿਆਂ ਵਿਚੋਂ ਉਹਨੇ ਅੱਧੇ ਕੁ ਛਕ ਲਏ। ਭੁੱਖ ਬੜੀ ਲਗੀ ਸੀ। ਨਾਲੇ ਲੂਣ ਲਾ ਕੇ ਛੋਲੇ ਸਵਾਦੀ ਵੀ ਬੜੇ ਲੱਗੇ। ਗੱਲ ਸੁਣ ਕੇ ਅੱਬਾ ਜੀ ਤਾਂ ਹੱਸ ਪਏ ਸਨ ਪਰ ਮਾਂ ਨੇ ਚੰਗਾ ਕਲੇਸ਼ ਕੀਤਾ। ਅੱਜ ਉਹਨੂੰ ਸਾਰੀਆਂ ਗੱਲਾਂ ਹਾਸੇ ਵਾਲੀਆਂ ਲਗਦੀਆਂ ਪਰ ਉਹ ਸੱਤ ਖਸਮੀ ਉਹਦੇ ਜੀਵਨ ਦਾ ਕਿੱਡਾ ਕੌੜਾ ਸੱਚ ਬਣ ਚੁਕਾ ਏ। ਮਾਂ ਮੋਈ ਨੂੰ ਬੜੇ ਦਿਨ ਹੋ ਗਏ। ਉਹਦੀ ਉਮਰ 20-22 ਵਰ੍ਹੇ ਦੀ ਸੀ। ਮੰਗਣੀ ਨਾ ਵਿਆਹ, ਪਰ ਮਾਂ ਦੇ ਮਰਨ ਪਿਛੋਂ ਖਬਰੇ ਕੀ ਹੋਇਆ, ਉਹਨੇ ਆਪੇ ਕਿਸੇ ਨਾਲ ਵਿਆਹ ਕਰ ਲਿਆ। ਬੜਾ ਈ ਨਿਕੰਮਾ ਬੰਦਾ ਸੀ, ਕੋਤਰ ਸੌ ਬਿਮਾਰੀਆਂ ਲਗੀਆਂ ਹੋਈਆਂ ਸਨ ਉਹਨੂੰ।
“ਫੇਰ ਵੀ ਉਹ ਚੰਗਾ ਸੀ।” ਕਿਉਂ ਜੋ ਉਹਦੇ ਨਾਲ ਜੁੜੀ ਹੋਈ ਕੋਈ ਹੋਰ ਜਨਾਨੀ ਨਹੀਂ ਸੀ। ਉਹਨੂੰ ਪਤਾ ਵੀ ਕੱਖ ਨਹੀਂ ਸੀ ਲਗਦਾ ਉਹ ਕਿੰਜ ਕਰਦੀ ਏ, ਕੀ ਕਰਦੀ ਏ। ਪਰ ਉਹਨੇ ਆਪੇ ਇਕ ਵਫਾਦਾਰੀ ਪਾਲ ਲਈ ਹੋਈ ਸੀ। ਕਈ ਸਾਲ ਕੋਸ਼ਿਸ਼ ਕੀਤੀ, ਉਹ ਠੀਕ ਹੋ ਜਾਵੇ। ਆਪਣੇ ਪੈਸੇ ਨਾਲ ਡਾਕਟਰਾਂ, ਹਕੀਮਾਂ ਕੋਲ ਵੀ ਲੈ ਕੇ ਜਾਂਦੀ ਰਹੀ। ਉਹ ਕੁਝ ਠੀਕ ਹੋ ਵੀ ਗਿਆ, ਪਰ ਦੂਜੇ ਪਾਸਿਓਂ ਖਰਾਬ ਹੋ ਗਿਆ। ਉਹ ਜ਼ਿਹਨੀ ਤੌਰ ‘ਤੇ ਕੁਰੱਪਟ ਹੋ ਚੁਕਾ ਸੀ। ਉਹਨੇ ਇਕ ਪੀਰ ਵੀ ਦੜ ਲਿਆ। ਉਹ ਪੀਰ ਮੁੰਡੇ ਪਾਲ ਸੀ। ਆਪਣੇ ਮੁਰੀਦਾਂ ਦੀਆਂ ਕਮਜ਼ੋਰੀਆਂ ਭਾਲ ਲੈਂਦਾ। ਅਕੀਦਾ ਪੱਕਾ ਹੁੰਦੇ ਸਾਰ ਉਹ ਆਪਣਾ ਕੰਮ ਸ਼ੁਰੂ ਕਰਦਾ। ਪਤਾ ਨਹੀਂ ਉਸ ਪੀਰ ਨੂੰ ਜਨਾਨੀਆਂ ਨਾਲ ਕੀ ਵੈਰ ਸੀ, ਉਨ੍ਹਾਂ ਨਾਲ ਨਫਤਰ ਕਰਦਾ। ਆਪਣੇ ਹਰੇਕ ਮੁਰੀਦ ਨੂੰ ਜਨਾਨੀ ਦੇ ਖਿਲਾਫ ਕਰਨ ਲਈ ਉਹ ਦੋ ਤਰੀਕੇ ਵਰਤਦਾ। ਇਕ ਤਾਂ ਆਮ ਗੱਲ ਸੀ, ਜਨਾਨੀ ਜ਼ਾਤ ਬਾਰੇ ਉਹਦੇ ਛਲ-ਕਪਟ ਤੋਂ ਭੈੜ ਵਾਲੀ ਫਿਤਰਤ ਬਾਰੇ ਉਹਨੇ ਬਥੇਰਾ ਕੁਝ ਆਪੇ ਘੜ ਕੇ ਰਖਿਆ ਹੋਇਆ ਸੀ। ਬੈਠੇ-ਬੈਠੇ ਕਹਾਣੀਆਂ ਕਿੱਸੇ ਬਣਾ ਲੈਂਦਾ। ਜੰਮ ਕੇ ਸੁਣਾਉਂਦਾ। ਦੂਜੇ, ਉਹ ਕਿਸੇ ਵੀ ਜਨਾਨੀ ਦੀ ਜ਼ਾਤ ਵਾਸਤੇ ਅਜਲ ਵਸੋਵੇ ਵਾਲੀਆਂ ਗੱਲਾਂ ਫੁਲਝੜੀਆਂ ਬਣਾ ਕੇ ਛੱਡੀ ਜਾਂਦਾ। ਜ਼ਹਿਰ ਦੀ ਖਾਲ ਬਥੇਰਿਆਂ ਵਿਚ ਪੈਦਾ ਹੋ ਚੁਕੀ ਸੀ।
ਉਸ ਪੀਰ ਦੀ ਸੁਹਬਤ ਨਾਲ, ਖਬਰੇ ਉਹ ਆਪਣੇ ਈ ਮਾੜੇ ਮੈਟੀਰੀਅਲ ਨਾਲ ਬਣਿਆ ਹੋਇਆ ਸੀ, ਉਹ ਜ਼ਿਹਨੀ ਤੌਰ ‘ਤੇ ਕੁਰੱਪਟ ਹੋ ਗਿਆ।
“ਕਿਸ ਤਰ੍ਹਾਂ?” ਮੈਂ ਉਹਦੇ ਕੋਲੋਂ ਪੁੱਛਿਆ ਤਾਂ ਉਹ ਚੰਗੀ ਤਰ੍ਹਾਂ ਦੱਸ ਨਾ ਸਕੀ। ਫੇਰ ਵੀ ਜਿੰਨਾ ਕੁ ਉਹਨੇ ਦੱਸਿਆ ਪਈ ਉਹ ਭੈੜੀਆਂ, ਬਹੁਤ ਭੈੜੀਆਂ ਗੱਲਾਂ ਉਹਦੇ ਨਾਲ ਦਿਨ-ਰਾਤ ਕਰਦਾ ਸੀ।
“ਕਿਸ ਤਰ੍ਹਾਂ ਦੀਆਂ ਗੱਲਾਂ? ਕੁਝ ਦੱਸ ਤਾਂ ਸਹੀ!”
“ਬਸ ਤੂੰ ਇੰਜ ਸਮਝ ਲੈ ਉਹ ਮੈਨੂੰ ਰੋਜ਼ ਈ ‘ਸੱਤ ਖਸਮੀ’ ਕਹਿੰਦਾ ਸੀ।”
“ਫੇਰ ਕੀ ਹੋਇਆ, ਹੁਣ ਇਹ ਗੱਲਾਂ ਸਹਿ ਕੇ ਵੱਡੀ ਨਹੀਂ ਹੋ ਗਈ ਸੈਂ?”
“ਨਹੀਂ, ਮੈਂ ਅੱਜ ਵੀ ਕਈ ਗੱਲਾਂ ਵਿਚ ਕੱਚੀ ਉਮਰ ਦੀ ਕੁੜੀ ਆਂ। ਅੱਜ ਵੀ ਮੈਨੂੰ ਕੋਈ ਸੱਤ ਖਸਮੀ ਕਹੇ ਤਾਂ ਉਸੇ ਤਰ੍ਹਾਂ ਸੇਕ ਲਗਦਾ ਏ, ਜਿਸ ਤਰ੍ਹਾਂ ਪਹਿਲੀ ਵਾਰ ਮਾਂ ਦੇ ਕਹਿਣ ਨਾਲ ਲੱਗਾ ਸੀ। ਉਦੋਂ ਮੈਨੂੰ ਗੱਲ ਦੇ ਮਤਲਬ ਦਾ ਕੋਈ ਥਹੁ ਪਤਾ ਨਹੀਂ ਸੀ। ਅੱਜ ਜਾਣਦੀ ਹਾਂ ਪਰ ਅੱਜ ਵੀ ਇਸ ਗੱਲ ਨਾਲ ਐਨਾਲਾਇਜ਼ ਨਹੀਂ ਕਰ ਸਕਦੀ। ਇਹ ਮਾਪੇ ਕੁੜੀ ਲਈ ਖਸਮ ਲਭਦੇ ਝੱਲੇ-ਪਾਗਲ ਹੋਏ ਰਹਿੰਦੇ ਨੇ, ਖੁਸ਼ਾਮਦਾਂ ਕਰਦੇ, ਦਾਜ ਦਹੇਜ ਦੇ ਕੇ ਅਗਲਿਆਂ ਦੇ ਹੱਥ ਫੜ੍ਹਾਉਂਦੇ ਨੇ, ਪਰ ਅਗਲੇ ਕਦਰ ਨਹੀਂ ਪਾਉਂਦੇ ਪਰ ਜੇ ਕੁੜੀ ਆਪ ਕਿਧਰੇ ਦਿਲ ਲਾ ਲਵੇ ਤਾਂ ਗਾਲ੍ਹ, ਬਹੁਤ ਈ ਗੰਦੀ ਗਾਲ੍ਹ ਬਣ ਜਾਂਦੀ ਏ। ਕਿੱਡਾ ਫਰਕ ਏ ਵਿਆਹ ਹੋਣ ਵਿਚ ਤੇ ਖਸਮ ਕਰਨ ਵਿਚ। ਆਪਣੀ ਮਨ ਮਰਜ਼ੀ ਵਾਲੇ ਨੂੰ ਕਹੇ ਖਿਤਾਬ ਦਿੱਤੇ ਜਾਂਦੇ ਨੇæææ ਦੁੱਲ੍ਹਾ ਰਾਜਾ, ਪ੍ਰਾਹੁਣਾ, ਲਾੜਾ, ਪਰ ਜੇ ਕੋਈ ਆਪਣੀ ਮਨ ਮਰਜ਼ੀ ਦਾ ਨਾ ਹੋਵੇ ਤਾਂ ‘ਖਸਮ’।”
ਉਹ ਦੇ ਵਾਰ-ਵਾਰ ‘ਖਸਮ’ ਕਹਿਣ ਤੋਂ ਮੈਨੂੰ ਲੱਗਾ ਇਹ ਲਫਜ਼ ਏਡਾ ਮਾੜਾ ਵੀ ਤੇ ਨਹੀਂ ਪਰ ਹੈ ਵੀ। ਫਾਰਸੀ ਵਿਚ ਤਾਂ ਖਸਮ ਦਾ ਮਤਲਬ ਦੁਸ਼ਮਣ ਹੁੰਦਾ ਏ। ਪੰਜਾਬੀ ਵਿਚ ਆ ਕੇ ‘ਦੁਸ਼ਮਣ’ ‘ਮਾਲਕ’ ਬਣਾ ਜਾਂਦਾ ਹੈ। ਮਾਲਕ ਤੇ ਦੁਸ਼ਮਣ-ਦੋਵੇਂ ਇਕ ਵੀ ਹੋ ਸਕਦੇ ਨੇæææਨਹੀਂ?
ਉਹ ਹੱਸ ਪਈ। ਇਥੇ ਆ ਕੇ ਗੱਲ ਮੁੱਕ ਸਕਦੀ ਸੀ ਪਰ ਮੈਂ ਅਜੇ ਮੁੱਕਣ ਨਹੀਂ ਸੀ ਦੇਣਾ ਚਾਹੁੰਦੀ। ਹਾਲੇ ਤਾਂ ਬਥੇਰਾ ਕੁਝ ਰਹਿੰਦਾ ਸੀ। ਉਹ ਭਾਵੇਂ ਨਾ ਦੱਸਣਾ ਚਾਹੁੰਦੀ ਪਰ ਮੈਂ ਜਾਣਨਾ ਜ਼ਰੂਰ ਚਾਹੁੰਦੀ ਸਾਂ। ਉਹਦੇ ਬਾਕੀ ਰਹਿੰਦੇ ਖਸਮ, ਛੇ ਪੂਰੇ, ਕਿਵੇਂ ਆਏ ਤੇ ਕਿਵੇਂ ਹੋ ਗਏ? ਛੇ ਕਹਾਣੀਆਂ ਭਾਵੇਂ ਅਧੂਰੀਆਂ ਹੀ ਹੋਣ।
“ਅੱਛਾæææਫੇਰæææਉਹ ਬਦ ਦੁਆ ਪੂਰੀ ਕਿਵੇਂ ਹੋਈ?”
ਮੈਂ ਉਹਦੇ ਹੱਥ ਉਤੇ ਹੱਥ ਰੱਖ ਕੇ ਬੜੇ ਦੁਲਾਰ ਨਾਲ ਪੁੱਛਿਆ, “ਤੂੰ ਕਹਾਣੀਆਂ ਲਿਖਦੀ ਏਂ ਨਾ? ਸਮਝ ਗਈ ਕਹਾਣੀ ਕਢਵਾਣ ਦੇ ਚੱਕਰ ਵਿਚ ਹੋਵੇਂਗੀ? ਹੈ ਨਾ!” ਉਹਨੇ ਮੇਰੇ ਵਲ ਵੇਖਿਆ।
“ਨਹੀਂ ਕਢਵਾ ਕੇ ਲਿਖੀ ਕਹਾਣੀ ਵੀ ਕੋਈ ਕਹਾਣੀ ਹੋਈ। ਪੁਲਿਸ ਰਿਪੋਰਟ ਵਿਚ ਤੇ ਕਹਾਣੀ ਵਿਚ ਫਰਕ ਹੋਣਾ ਚਾਹੀਦਾ ਏ। ਇੰਜ ਦੀ ਗੱਲ ਤਾਂ ਤੂੰ ਆਪੇ ਛੋਈ ਸੀ।” ਉਹਨੇ ਮੰਨਿਆ। ਆਪਣੇ ਮਾਜ਼ੀ ਕੋਲੋਂ ਪਿੱਛਾ ਛੁਡਾਉਣ ਲਈ ਉਹ ਅੰਦਰ ਦਾ ਜਮਾ ਬਾਹਰ ਕੱਢ ਸੁੱਟਣਾ ਚਾਹੁੰਦੀ ਏ। ਕਈ ਵਾਰੀ ਕੰਧਾਂ ਨਾਲ ਗੱਲਾਂ ਵੀ ਕਰਦੀ ਰਹਿੰਦੀ, ਪਰ ਕੰਧਾਂ ਦੇ ਕੰਨ ਵੀ ਤਾਂ ਹੁੰਦੇ ਨੇ। ਕੰਧ-ਲਿਖਤ ਦੀਆਂ ਕਹਾਣੀਆਂ ਵੀ ਘੱਟ ਨਹੀਂ ਬਣਦੀਆਂ। ਪਰ ਕਹਾਣੀ ਤਾਂ ਮੇਰਾ ਮਸਲਾ ਸੀ, ਉਹਦਾ ਨਹੀਂ। ਕਿਸੇ ਦੀ ਆਖੀ ਗੱਲ ਨਾਲ ਜਾਂ ਬਦ ਦੁਆ ਨਾਲ ਕੱਖ ਨਹੀਂ ਬਣਦਾ। ਬੰਦੇ ਨਾਲ ਜੋ ਕੁਝ ਹੁੰਦਾ ਏ ਜਾਂ ਨਹੀਂ ਹੁੰਦਾ, ਉਹ ਦੀ ਜਿੰਮੇਦਾਰੀ ਦਾ ਮਸਲਾ ਤਾਂ ਬਹੁਤ ਈ ਉਲਝਿਆ ਹੋਇਆ ਏ। ਟੁੱਟੇ ਪੱਤੇ ਵਾਂਗ ਬੰਦਾ ਹਵਾਵਾਂ ਵਿਚ ਧੱਕੇ ਧੋੜੇ ਖਾਂਦਾ ਏ, ਕਿਸੇ ਦੀ ਬਦ ਦੁਆ ਨਾਲ ਨਹੀਂ। ਆਪਣੇ ਹੌਲੇ ਹੋਣ ਦੀ ਵਜ੍ਹਾ ਨਾਲ। ਕੁਝ ਇਸੇ ਤਰ੍ਹਾਂ ਦੀ ਗੱਲ ਮੈਨੂੰ ਉਦੋਂ ਵੀ ਲਗੀ। ਉਹ ਸਾਰੇ ਆਦਮੀ ਜੋ ਉਹਦੇ ਖਸਮ ਬਣੇ ਮਾੜੇ ਜਿਹੇ ਸਾਥ ਲਈ, ਮਾੜੀ ਜਿਹੀ ਦਿਲ ਲਗੀ ਲਈ, ਉਹਦੇ ਨੇੜੇ ਆਏ ਹੋਣੇ ਨੇ। ਫੇਰ ਅੱਗੋਂ ਉਹਦੀ ਆਪਣੀ ਕਮਜੋਰੀ ਸੀ ਪਰ ਉਹਦੇ ਅੰਦਰ ਇਕ ਤਾਕਤ ਵੀ ਸੀ। ਇਸ ਕਮਜੋਰ ਤੇ ਤਾਕਤ ਵਿਚ ਜੰਗ ਕਦੀ ਖਤਮ ਨਹੀਂ ਹੋਈ। ਇਸ ਜੰਗ ਨੇ ਉਹਦਾ ਕੁਝ ਬਣਨ ਨਾ ਦਿੱਤਾ। ਜਿਥੇ ਕਿਧਰੇ ਕੋਈ ਗੱਲ ਬਣੀ, ਜੰਗ ਦੀ ਅੱਗ ਨੇ ਸਭ ਕੁਝ ਸਾੜ ਸੁਟਿਆ। ਉਹਨੇ ਉਸ ਆਦਮੀ ਦੀ ਬੇਇੱਜਤੀ ਕੀਤੀ, ਉਹਨੂੰ ਘਰੋਂ ਕੱਢਿਆ, ਉਸ ਰਸਤੇ ਨੂੰ ਛੱਡ ਦਿੱਤਾ, ਜਿਥੇ ਉਹਦੇ ਨਾਲ ਸਾਹਮਣਾ ਹੋਣ ਦਾ ਕੋਈ ਅਮਕਾਨ ਹੋ ਸਕਦਾ ਸੀ। ਫੇਰ ਵੀ ਜੇ ਕੋਈ ਲੀਚੜ ਹੋਇਆ ਰਿਹਾ ਤਾਂ ਉਹਨੇ ਮੁਕਾਬਲੇ ਉਤੇ ਕਿਸੇ ਹੋਰ ਨੂੰ ਆਉਣ ਦਿੱਤਾ। ਏਨਾ ਈ ਨਹੀਂ, ਉਹਨੇ ਬਰਾਬਰ ਦਾ ਵਰਤਾਰਾ ਵੀ ਕੀਤਾ। ਜੇ ਕਿਸੇ ਨੇ ਕੁਝ ਖਰਚ ਕੀਤਾ, ਉਹਨੇ ਆਪ ਬਹੁਤਾ ਕਰ ਦਿੱਤਾ। ਇੰਜ ਭਾਵੇਂ ਉਹ ਸਾਰੇ ਈ ਕਿਧਰੇ ਕੰਮ ਗਾਰਤ ਹੋ ਚੁਕੇ ਨੇ ਪਰ ਉਹਨੂੰ ਪੱਕੀ ਆਸ ਏ ਪਈ ਉਨ੍ਹਾਂ ਵਿਚੋਂ ਇਕ ਵੀ ਉਹਨੂੰ ਬੁਰਾ ਨਹੀਂ ਸਮਝਦਾ ਹੋਣਾ। ਮੈਨੂੰ ਲਗਦਾ ਏ, ਨਿਰੀ ਆਸ ਦੀ ਗੱਲ ਵੀ ਨਹੀਂ ਹੋਣੀ। ਜਿਸ ਕਲਾਸ ਦੇ ਉਹ ਬੰਦੇ ਸਨ, ਕਾਗਜ਼ੀ, ਡਰੂ, ਲੋਅਰ-ਮਿਡਲ ਕਲਾਸੀਏ ਬਾਬੂ ਜਾਂ ਏਸ ਤਰ੍ਹਾਂ ਦੇ, ਉਹ ਆਪ ਆਪਣੇ ਆਪ ਨੂੰ ਲੁਕਾਉਣ ਵਾਲੇ ਹੁੰਦੇ ਨੇ। ਫੇਰ ਉਹਨੇ ਕੁਝ ਇਸ ਤਰ੍ਹਾਂ ਦੀ ਗੱਲ ਕੀਤੀ ਵੀ ਸੀ ਪਈ ਆਦਮੀ ਜਨਾਨੀ ਨੂੰ ਨਫਤਰ ਤਾਹੀਉਂ ਕਰਦਾ ਏ ਜਦੋਂ ਉਹਦੇ ਪਿਛੇ ਪੈ ਜਾਵੇ। ਵਿਆਹ ਦੀ ਜ਼ੰਜੀਰ ਗਲ ਵਿਚ ਪਾਵੇ।
ਉਹਦੀ ਇਸ ਤਰ੍ਹਾਂ ਦੀ ਗੱਲ ਨਾਲ ਮੈਂ ਹੱਕੀ ਬੱਕੀ ਰਹਿ ਗਈ ਸਾਂ! ਵਿਆਹ ਵੀ ਨਹੀਂ! ਪਿਆਰ ਵੀ ਨਹੀਂ! ਫੇਰ ਰਿਸ਼ਤਾ ਕੀ ਹੋਇਆ? ਇੰਜ ਮੇਰੇ ਅੰਦਰ ਕਿਧਰੇ ਗੱਲ ਰੜਕਦੀ ਵੀ ਸੀ। ਰਿਸ਼ਤੇ ਨਾਤੇ ਬੰਦੇ ਲਈ ਨਫਾ ਘੱਟ, ਨੁਕਸਾਨ ਬਹੁਤਾ ਲਿਆਏ। ਖਬਰੇ ਇਸ ਕਰਕੇ ਅੱਜ ਬਹੁਤ ਪੁਰਾਣਾ ਤੇ ਬਹੁਤ ਨਵਾਂ ਸਮਾਜ ਇਕੋ ਜਿਹੇ ਲਗਦੇ ਨੇ। ਉਹ ਜ਼ਮਾਨੇ ਜਦੋਂ ਹਾਲੇ ਵਿਆਹ ਤੇ ਇਸ਼ਕ ਦਾ ਕਲਚਰ ਨਹੀਂ ਸੀ ਬਣਿਆ, ਕੋਈ ਜਨਾਨੀ ਆਦਮੀ ਨੂੰ ਫਾਹੁਣ ਲਈ ਦੋਵੇਂ ਹੱਥ ਸੰਗਲ ਚੁੱਕੀ ਨਹੀਂ ਸੀ ਫਿਰਦੀ। ਅੱਜ ਜਦੋਂ ਯੂਰਪ ਵਰਗੇ ਸਮਾਜ ਨੇ ਪੁਰਾਣੀਆਂ ਜੰਜ਼ੀਰਾਂ ਭੰਨ ਤੋੜ ਸੁੱਟੀਆਂ, ਜਨਾਨੀ ਦੇ ਮੋਢੇ ਆਜ਼ਾਦ ਹੋ ਗਏ ਨੇ, ਉਹ ਹੋਰ ਬਥੇਰੇ ਕੰਮ ਕਰਨ ਜੋਗੀ ਹੋ ਗਈ ਏ। ਪਰ ਇਹ ਜਨਾਨੀ, ਜੋ ਇਕ ਬਦ ਦੁਆ ਦੀ ਗੁਲਾਮ ਹੋਈ ਬੈਠੀ ਏ, ਫੇਰ ਵੀ ਮਰਦ ਕੋਲੋਂ ਆਜ਼ਾਦ ਰਹਿਣਾ ਚਾਹੁੰਦੀ ਏ। ਇਹਨੂੰ ਕੋਈ ਕਿੱਧਰ ਰੱਖ ਕੇ ਤੋਲੇ?
ਥੋੜ੍ਹੀ ਦੇਰ ਅਸੀਂ ਦੋਵੇਂ ਸੋਚੀਂ ਪੈ ਗਈਆਂ। ਫੇਰ ਉਹਨੇ ਅੱਖ ਚੁੱਕ ਕੇ ਮੇਰੇ ਵੱਲ ਦੇਖਿਆ, “ਹੋਰ ਚਾਹ?”
“ਨਹੀਂ ਬੱਸ!” ਮੈਂ ਜਵਾਬ ਦਿੱਤਾ ਪਰ ਮੇਰੇ ਅੰਦਰ ਉਠਦੇ ਸਵਾਲਾਂ ਦੀ ਬਸ ਬਿਲਕੁਲ ਨਹੀਂ ਸੀ ਹੋਈ। ਭਾਵੇਂ ਉਹਨੇ ਦੂਜੀ ਵਾਰੀ ਚਾਹ ਪੁੱਛ ਕੇ ਛੁੱਟੀ ਦਾ ਅਲਾਰਮ ਵਜਾ ਦਿੱਤਾ ਸੀ ਪਰ ਮੈਨੂੰ ਲਗਦਾ ਸੀ, ਇਸ ਤਰ੍ਹਾਂ ਦੇ ਮਸਲੇ ਉਤੇ ਵਿਚਾਰ ਸਾਂਝੇ ਕਰਨ ਲਈ ਮੈਨੂੰ ਕਦੇ ਵੀ ਕੋਈ ਅਜਿਹਾ ਬੰਦਾ ਨਹੀਂ ਸੀ ਮਿਲਣਾ। ਆਦਮੀਆਂ ਕੋਲੋਂ ਮੈਂ ਆਪੇ ਝਕਦੀ ਰਹਿੰਦੀ ਹਾਂ। ਇੰਜ ਵੀ ਮੈਨੂੰ ਪਤਾ ਏ, ਉਹ ਏਡੀ ਡੂੰਘੀ ਸੋਚ ਦੇ ਮਾਲਕ ਨਹੀਂ ਹੁੰਦੇ। ਜਨਾਨੀ ਦੇ ਤਜਰਬੇ ਨੂੰ ਸਮਝਣ ਲਈ ਤਾਂ ਕਈ ਜਨਮ ਵੀ ਲੈਣ ਤਾਂ ਬਣਨਾ ਕੁਝ ਵੀ ਨਹੀਂ। ਔਰਤਾਂ ਆਪਣੇ ਖਾਸ ਮਸਲਿਆਂ ‘ਤੇ ਗੱਲ ਨਹੀਂ ਕਰਦੀਆਂ। ਬਹੁਤਾ ਹੋਇਆ ਤਾਂ ਉਪਰੀ ਜਿਹੀ ਵਾਰਦਾਤ ਨੂੰ ਲਫਜ਼ ਦੇ ਦਿੱਤੇ। ਕਦੇ ਦੁੱਖ ਬਣਾ ਕੇ, ਕਦੇ ਖਾਹਸ਼ ਦੇ ਰੰਗ ਵਿਚ ਰੰਗ ਕੇ ਗੱਲ ਨਹੀਂ ਬਣਦੀ। ਬੜਾ ਈ ਸੋਚ-ਸਮਝ ਕੇ ਮੈਂ ਪੁੱਛਿਆ, “ਹੁਣ ਕਿਸ ਤਰ੍ਹਾਂ ਗੁਜ਼ਰ ਰਹੀ ਏ?”
“ਵੇਲੇ ਦੀ ਗੱਡੀ ਕਿ ਮੇਰੀ ਨਬਜ਼? ਫਿਲਹਾਲ ਤਾਂ ਦੋਵੇਂ ਚੱਲ ਰਹੀਆਂ ਨੇ।” ਉਹ ਹੱਸ ਪਈ।
“ਮੇਰਾ ਮਤਲਬ ਸੀæææ।”
“ਮੈਂ ਸਮਝਦੀ ਹਾਂ!” ਉਹਨੇ ਮੇਰੀ ਗੱਲ ਕੱਟ ਕੇ ਆਪਣੇ ਹੱਥ ਲੈ ਲਈ, “ਤੁਹਾਡੇ ਪੁੱਛਣ ਦਾ ਮਤਲਬ ਏ ਉਨ੍ਹਾਂ ਸੱਤਾਂ ਤੋਂ ਬਾਅਦ ਕੋਈ ਅੱਠਵਾਂ ਹੈ ਮੇਰੀ ਜ਼ਿੰਦਗੀ ਵਿਚ?”
ਮੇਰਾ ਮਤਲਬ ਸ਼ਾਇਦ ਏਹੋ ਸੀ ਪਰ ਮੈਂ ਏਡੇ ਭੈੜੇ ਤਰੀਕੇ ਨਾਲ ਨਹੀਂ ਸੀ ਪੁੱਛਣਾ। ਪਰ ਉਹ ਵੱਖਰੀ ਤਰ੍ਹਾਂ ਦੀ ਜਨਾਨੀ ਸੀ। ਮੁਹੱਜ਼ਬ ਹੋਣ ਦੀ ਹਿਪੋਕਰੇਸੀ ਨੂੰ ਚੰਗਾ ਨਹੀਂ ਸੀ ਜਾਣਦੀ। ਉਹਨੇ ਬੜੀ ਜੁੱਰਅਤ ਨਾਲ ਮੇਰੇ ਸਵਾਲ ਨੂੰ ਬੁੱਝ ਵੀ ਲਿਆ, ਜਵਾਬ ਵੀ ਦਿੱਤਾ, “ਹੁਣ ਮੈਂ ਇਸ ਥਪੇੜੇ ਤੋਂ ਆਜ਼ਾਦ ਹਾਂ ਤੇ ਆਜ਼ਾਦ ਰਹਿਣ ਦਾ ਇਰਾਦਾ ਵੀ ਕੱਚਾ ਨਹੀਂ।”
ਮੈਂ ਉਹਦੇ ਚਿਹਰੇ ‘ਤੇ ਨਜ਼ਰ ਮਾਰੀ। ਇਕ ਜਵਾਨ, ਚੰਗੀ ਸ਼ਕਲ ਦੀ ਤੰਦਰੁਸਤ ਜਨਾਨੀ ਮੇਰੇ ਸਾਹਮਣੇ ਬੈਠੀ ਸੀ। ਚਾਲੀ ਤੋਂ ਥੱਲ੍ਹੇ ਈ ਹੋਣੀ ਏ। ਕਿਸਰਾਂ ਹੋ ਸਕਦਾ ਏ? ਉਹਨੇ ਖਬਰੇ ਮੇਰਾ ਸਵਾਲ ਸਮਝ ਲਿਆ। ਆਖਣ ਲੱਗੀ, “ਆਹੋ, ਜੋ ਹੋਣਾ ਸੀ ਹੋ ਚੁੱਕਿਆ। ਹੁਣ ਅਗੋਂ ਮੈਂ ਇਸ ਮਖਲੂਕ ਤੋਂ ਦੂਰ ਈ ਰਹਿਣਾ ਏ। ਆਪਣੀ ਦੁਨੀਆਂ ਚਹੁੰ ਕੰਧਾਂ ਵਿਚ ਘੇਰ ਕੇ ਬੂਹਾ ਬੰਦ ਕਰ ਛੱਡਣਾ ਏ। ਕਿਸੇ ਕੁੱਤੇ-ਬਿੱਲੀ ਨੂੰ ਅੰਦਰ ਨਹੀਂ ਵੜਨ ਦੇਣਾ।”
“ਅੱਛਾ ਕਦੋਂ ਤੋੜੀ?” ਮੈਂ ਪੁੱਛਿਆ।
“ਟਿਲ ਦਾ ਲਾਸਟ” ਉਹਨੇ ਜਵਾਬ ਦਿੱਤਾ।
“ਆਈ ਵਿਸ਼ ਯੂ ਸਕਸੈਸ।” ਮੈਂ ਉਹਨੂੰ ਦੁਆ ਦਿੱਤੀ।
ਕਈ ਸਾਲ ਲੰਘ ਗਏ। ਮੈਨੂੰ ਉਹ ਕਦੇ ਵੀ ਯਾਦ ਨਾ ਆਈ। ਉਂਜ ਵੀ ਮੇਰਾ ਘਰ ਉਹਦੇ ਘਰ ਤੋਂ ਦੂਰ ਹੋ ਗਿਆ ਸੀ। ਥਾਂ ਉਹਨੇ ਈ ਬਦਲੀ ਸੀ। ਫੇਰ ਇਕ ਦਿਨ, ਜਮਾਨੇ ਪਿਛੋਂ ਮੈਂ ਅਨਾਰਕਲੀ ਗਈ। ਪੁਰਾਣੀਆਂ ਯਾਦਾਂ, ਕਈ ਪੁਰਾਣੇ ਲੋਕੀ ਵੀ ਮਿਲ ਪਏ। ਅਜੇ ਸੂਰਜ ਛਿਪਿਆ ਨਹੀਂ। ਜਾਣ-ਪਛਾਣ ਦੇ ਲੋਕ ਹੈ ਨੇ। ਮੇਰੇ ਦਿਲ ਨੂੰ ਤਸੱਲੀ ਜਿਹੀ ਹੋਈ। ਅੱਜ ਕੱਲ੍ਹ ਜ਼ਿੰਦਗੀ ਮੈਨੂੰ ਬੇਇਤਬਾਰੀ ਲੱਗਣ ਲਗ ਪਈ ਏ ਨਾ। ਮੁੜਦੀ ਵਾਰੀ ਸਾਹਮਣਿਓਂ ਆਉਂਦੀ ਉਹ ਮਿਲ ਪਈ। ਚੰਗੀ ਸਜੀ-ਬਣੀ ਹੋਈ ਸੀ। ਨਾਲ ਇਕ ਬੰਦਾ। ਦੋਵੇਂ ਦੁਨੀਆਂ ਤੋਂ ਬੇਖਬਰ ਗੱਲਾਂ ਕਰਦੇ ਆ ਰਹੇ ਸਨ। ਮੇਰੇ ਐਨ ਸਾਹਮਣੇ ਆ ਕੇ ਉਹਨੇ ਅੱਖ ਚੁਕੀ। ਇਕੋ ਵਾਰੀ ਜੱਫੀ ਪਾ ਲਈ। ਉਹ ਕੁਝ ਘਾਬਰ ਕੇ ਜਿਸ ਤਰ੍ਹਾਂ ਕਰ ਰਹੀ ਸੀ। ਫਿਰ ਛੇਤੀ ਨਾਲ ਬੰਦੇ ਨੂੰ ਕਹਿਣ ਲੱਗੀ, “ਜੂਸ ਲੈ ਕੇ ਆਓ ਛੇਤੀ।”
“ਜੂਸ ਰਸਤੇ ਵਿਚ?” ਮੈਂ ਉਹਨੂੰ ਡਕਦੀ ਰਹਿ ਗਈ ਪਰ ਉਹ ਚਲਾ ਗਿਆ। ਉਹਦੇ ਜਾਂਦਿਆਂ ਹੀ ਅੱਖ ਮਾਰ ਕੇ ਆਖਣ ਲੱਗੀ, “ਜ਼ਰਾ ਮਗਰੋਂ ਲਾਹਿਆ ਏ। ਗੱਲ ਤਾਂ ਕਰੀਏ। ਇਹ ਰਜ਼ੀ ਏ, ਦੋ ਸਾਲ ਹੋਏ ਮਿਲਿਆ ਸੀ, ਅਸੀਂ ‘ਕੱਠੇ ਰਹਿੰਦੇ ਪਏ ਹਾਂ। ਬੜਾ ਈ ਚੰਗਾ ਏ। ਬੜਾ ਈæææ।”
“ਅੱਛਾ!” ਮੈਂ ਉਹਦੀਆਂ ਅੱਖਾਂ ਵਿਚ ਦੇਖਿਆ।
“ਉਸ ਬੰਦ ਦਰਵਾਜੇ ਦਾ ਕੀ ਬਣਿਆ ਜੋ ਕੁੱਤੇ-ਬਿੱਲੀਆਂ ਲਈ ਪੱਕਾ ਬੰਦ ਕੀਤਾ ਸੀ?”
ਉਹ ਹੱਸ ਪਈ, “ਇਹ ਬੰਦੇ ਦਾ ਪੁੱਤਰ ਏ। ਮੇਰਾ ਦੋਸਤ ਏ। ਅਸਾਂ ਵਿਆਹ ਨਹੀਂ ਕੀਤਾ ਪਰ ਦੁਨੀਆਂ ਵਾਸਤੇ ਮੀਆਂ-ਬੀਵੀ ਹਾਂ।” ਉਹ ਇਕ ਦਮ ਚੁੱਪ ਕਰ ਗਈ। ਬੰਦੇ ਦਾ ਪੁੱਤਰ ਜੂਸ ਲੈ ਕੇ ਆ ਗਿਆ ਸੀ। ਮੈਨੂੰ ਭੀੜ ਵਿਚ ਖਲੋਣਾ ਚੰਗਾ ਨਹੀਂ ਸੀ ਲੱਗ ਰਿਹਾ। ਮੇਰਾ ਟੈਲੀਫੋਨ ਨੰਬਰ ਉਹਨੇ ਆਪਣੀ ਤਲੀ ‘ਤੇ ਲਿਖ ਲਿਆ।
ਕੋਈ ਮਹੀਨੇ ਪਿਛੋਂ ਉਹਦਾ ਫੋਨ ਆਇਆ, “ਤੁਸੀਂ ਆਪਣਾ ਪਤਾ ਦਸੋ, ਮੈਂ ਮਿਲਣ ਆਉਣਾ ਚਾਹੁੰਦੀ ਆਂ।”
ਬੜੇ ਦਿਨ ਲੰਘ ਗਏ ਪਰ ਉਹ ਨਾ ਆਈ, ਨਾ ਮਿਲੀ। ਫੇਰ ਇਕ ਦਿਨ ਅਚਨਚੇਤੀ ਸਾਹਮਣੇ ਆ ਗਈ, “ਮੈਂ ਤੁਹਾਡੇ ਵੱਲ ਆਉਣਾ ਸੀ ਪਰ ਸ਼ਰਮ ਆਉਂਦੀ ਸੀ।”
“ਸ਼ਰਮ? ਮੇਰੇ ਤੋਂ? ਪਰ ਕਾਹਤੇ?” ਮੈਂ ਪੁੱਛਿਆ ਤਾਂ ਆਖਣ ਲੱਗੀ, “ਗੱਲ ਈ ਅਜਿਹੀ ਸੀ ਪਰ ਤੁਹਾਨੂੰ ਦੱਸਣੀ ਵੀ ਜ਼ਰੂਰੀ ਏ।”
ਮੈਨੂੰ ਲਗਾ ਉਹਨੂੰ ਮਾੜੇ ਜਿਹੇ ਦਿਲਾਸੇ ਦੀ ਲੋੜ ਏ, “ਚੱਲ ਆ ਘਰ ਚਲੀਏ।” ਮੈਂ ਉਹਦੇ ਮੋਢੇ ‘ਤੇ ਹੱਥ ਰੱਖ ਦਿੱਤਾ।
ਘਰ ਆ ਕੇ ਵੀ ਉਹ ਰੋਣਹਾਕੀ ਹੋਈ ਮੇਰੇ ਅੱਗੇ ਬੈਠੀ ਰਹੀ। ਮੈਂ ਚਾਹ ਦੀ ਪਿਆਲੀ ਉਹਦੇ ਹੱਥ ਫੜ੍ਹਾ ਕੇ ਉਹਨੂੰ ਮਾੜਾ ਜਿਹਾ ਛੇੜਿਆ, “ਉਸ ਦਿਨ ਵਾਲਾ ਜੂਸ ਤੂੰ ਆਫਰ ਈ ਨਾ ਕੀਤਾ। ਉਹ ਵਿਚਾਰਾ ਬੰਦੇ ਦਾ ਪੁੱਤਰ ਲੈ ਕੇ ਆਇਆ ਤਾਂ ਤੈਨੂੰ ਅਗਾਂਹ ਜਾਣ ਦੀ ਜਲਦੀ ਪੈ ਗਈ।”
“ਹਾਂ ਉਹ। ਮੈਨੂੰ ਪਤਾ ਸੀ, ਤੁਸੀਂ ਰਸਤੇ ‘ਤੇ ਖਲੋ ਕੇ ਜੂਸ ਪੀਣਾ ਠੀਕ ਨਹੀਂ ਸਮਝਦੇ।” ਉਹਦੀਆਂ ਅੱਖਾਂ ‘ਚੋਂ ਦੋ ਅੱਥਰੂ ਚਾਹ ਦੀ ਪਿਆਲੀ ਵਿਚ ਕਿਰ ਗਏ। “ਉਹ ਹੋ ਮੈਨੂੰ ਤਾਂ ਪਤਾ ਈ ਨਹੀਂ ਸੀ, ਅੱਥਰੂ ਖੋਰ ਕੇ ਚਾਹ ਬਹੁਤੀ ਮਜ਼ੇਦਾਰ ਹੋ ਜਾਂਦੀ ਏ।” ਮੇਰੇ ਕਹਿਣ ‘ਤੇ ਉਹ ਰੋਂਦੀ-ਰੋਂਦੀ ਹੱਸ ਪਈ। ਮੀਂਹ ਪੈਂਦੇ ਧੁੱਪ ਨਿਕਲ ਆਵੇ ਤਾਂ ਕਾਲੀ ਗਿੱਦੜੀ ਦਾ ਵਿਆਹ ਹੁੰਦਾ ਏ। ਉਹਨੇ ਪਰਸ ‘ਚੋਂ ਰੁਮਾਲ ਕੱਢ ਕੇ ਅੱਥਰੂ ਪੂੰਝ ਲਏ। ਮੈਨੂੰ ਲੱਗਾ, ਉਹ ਕੁਝ ਕਹਿਣਾ ਚਾਹੁੰਦੀ ਏ ਪਰ ਸ਼ੁਰੂ ਨਹੀਂ ਕਰ ਸਕਦੀ। ਸੋ ਮੈਂ ਆਪੇ ਈ ਪੁੱਛਿਆ, “ਕੀ ਹਾਲ ਏ ਤੇਰੇ ਉਹਦਾ? ਮੇਰਾ ਮਤਲਬ ਏ ਬੰਦੇ ਦੇ ਪੁੱਤਰ ਦਾæææ?”
“ਪਤਾ ਨਹੀਂ, ਠੀਕ ਈ ਹੋਣਾ ਏ।”
“ਕਿਉਂ, ਉਹ ਤੇਰੇ ਕੋਲ ਨਹੀਂ ਰਹਿੰਦਾ?” ਮੈਂ ਪੁੱਛਿਆ ਤੇ ਉਹ ਚੁੱਪ ਜਿਹੀ ਹੋ ਗਈ, ਫੇਰ ਆਪੇ ਬੋਲਣ ਲਗ ਪਈ, “ਉਹ ਬੰਦੇ ਦਾ ਪੁੱਤਰ ਨਹੀਂ ਸੀ। ਬਗੈਰ ਦੱਸੇ ਪੁੱਛੇ ਕਿਸੇ ਜਨੌਰ ਵਾਂਗ ਨੱਸ ਗਿਆ ਘਰੋਂ। ਪੰਜਾਂ ਸੱਤਾਂ ਦਿਨਾਂ ਪਿਛੋਂ ਕਿਸੇ ਦੇ ਹੱਥ ਆਪਣਾ ਸਮਾਨ ਮੰਗਵਾ ਭੇਜਿਆ। ਮੈਨੂੰ ਤਾਂ ਜਿਵੇਂ ਅੱਗ ਲੱਗ ਗਈ। ਮੇਰਾ ਜੀਅ ਕੀਤਾ, ਬੜਾ ਈ ਜੀਅ ਕੀਤਾ, ਕਿਸੇ ਤਰ੍ਹਾਂ ਇਹ ਅੱਗ ਉਹਨੂੰ ਲੱਗ ਜਾਵੇ। ਕਿਸੇ ਤਰ੍ਹਾਂ ਮੈਂ ਉਹਨੂੰ ਸੜਦੇ ਹੋਏ ਵੇਖਾਂ। ਭਾਵੇਂ ਉਹਦਾ ਪਿੰਡਾ ਈ ਹੋਵੇ, ਕੁਝ ਸੜੇ ਤਾਂ ਸਹੀ।æææਮੈਂ ਉਹ ਭਾਂਡੇ ਭੰਨ ਸੁੱਟੇ, ਜਿਨ੍ਹਾਂ ਵਿਚ ਉਹ ਖਾਂਦਾ ਪੀਂਦਾ ਸੀ। ਉਹ ਸਿਰਹਾਣਾ ਸਾੜ ਸੁੱਟਿਆ, ਜਿਸ ‘ਤੇ ਸਿਰ ਰੱਖ ਕੇ ਸੌਂਦਾ ਸੀ। ਆਪ ਮੇਰਾ ਦਿਲ ਜਿਵੇਂ ਸੜ ਕੇ ਸਵਾਹ ਹੋ ਗਿਆ ਹੋਵੇ।æææਆਹੋ ਵਿਆਹ ਕਰਾਉਂਦਾ ਫਿਰਦਾ ਏ। ਪਰ ਮੈਂ ਉਹਨੂੰ ਇਸ ਜੋਗਾ ਛੱਡਣਾ ਨਹੀਂ। ਸਿਰੋਂ ਮਾਰ ਦੇਣਾ ਏ।”
ਮੈਨੂੰ ਲੱਗਾ ਉਹ ਸੱਚੀਂ-ਮੁੱਚੀਂ ਬਹੁਤ ਔਖੀ ਸੀ। ਉਹਦੇ ਅੰਦਰ ਬਦਲੇ ਦੀ ਅੱਗ ਦਾ ਭਾਂਬੜ ਬਲ ਰਿਹਾ ਸੀ-ਇੰਜਰਡ ਐਂਡ ਇਨਸਲਟਿਡ। ਇਹ ਪਹਿਲੀ ਵਾਰ ਹੋਇਆ ਸੀ। ਖਬਰੇ ਪਹਿਲੀ ਵਾਰੀ ਉਹਨੇ ਬਦ ਦੁਆ ਦੇ ਘੇਰੇ ‘ਚੋਂ ਨਿਕਲ ਕੇ ਕਿਸੇ ਮਰਦ ਨੂੰ ਆਪਣਾ ਕੀਤਾ ਸੀ। ਸੱਤ ਖਸਮੀ ਅੱਜ ਉਕਾ ਈ ਉਜੜ ਗਈ ਹੋਈ ਸੀ। ਕੀ ਮਾਂ ਦੀ ਬਦ ਦੁਆ ਨਾਲ?