ਹੁਣ ਇਤਿਹਾਸ ਪੁਸਤਕ ਨੇ ਪਾਇਆ ਵਖਤ

ਪੁਸਤਕ ਵਿਚੋਂ ਸਿੱਖ ਇਤਿਹਾਸ ਮਨਫੀ ਕਰਨ ਦੇ ਦੋਸ਼
ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਬੋਰਡ ਦੀ 12ਵੀਂ ਜਮਾਤ ਦੀ ਇਤਿਹਾਸ ਦੀ ਪੁਸਤਕ ਵਿਚੋਂ ਸਿੱਖ ਇਤਿਹਾਸ ਮਨਫੀ ਕਰਨ ਦਾ ਮਾਮਲਾ ਭਖ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਸਰਕਾਰ ਜਿਥੇ ਇਸ ਨੂੰ ਅਫਵਾਹ ਦੱਸ ਰਹੀ ਹੈ, ਉਥੇ ਵਿਰੋਧੀ ਧਿਰਾਂ, ਖਾਸ ਕਰ ਕੇ ਅਕਾਲੀ ਦਲ ਬਾਦਲ ਇਸ ਨੂੰ ਕਾਂਗਰਸ ਦੀ ਸਾਜ਼ਿਸ਼ ਕਰਾਰ ਦੇ ਰਿਹਾ ਹੈ। ਅਕਾਲੀ ਦਲ ਨੇ ਤਾਂ ਸਰਕਾਰ ਨੂੰ ਘੇਰਨ ਲਈ ਰਣਨੀਤੀ ਵੀ ਉਲੀਕ ਲਈ ਹੈ।

ਉਧਰ, ਸ਼੍ਰੋਮਣੀ ਕਮੇਟੀ ਵੀ ਇਸ ਮਸਲੇ ‘ਤੇ ਕਾਫੀ ਸਰਗਰਮ ਨਜ਼ਰ ਆ ਰਹੀ ਹੈ। ਸ਼੍ਰੋਮਣੀ ਕਮੇਟੀ ਨੇ ਜਾਂਚ ਲਈ ਆਪਣੇ ਪੱਧਰ ‘ਤੇ ਪੰਜ ਮੈਂਬਰੀ ਸਬ-ਕਮੇਟੀ ਵੀ ਬਣਾ ਦਿੱਤੀ ਹੈ। ਰਾਸ਼ਟਰੀ ਸਿੱਖ ਸੰਗਤ ਇਸ ਮਸਲੇ ਨੂੰ ਸੂਬੇ ਦੇ ਰਾਜਪਾਲ ਵੀæਪੀæ ਸਿੰਘ ਬਦਨੌਰ ਕੋਲ ਲੈ ਕੇ ਪੁੱਜ ਗਈ ਹੈ।
ਕੈਪਟਨ ਸਰਕਾਰ ਸਫਾਈ ਦੇ ਰਹੀ ਹੈ ਕਿ 2014 ਵਿਚ ਅਕਾਲੀ ਸਰਕਾਰ ਸਮੇਂ ਐਨæਸੀæਈæਆਰæਟੀæ ਸਿਲੇਬਸ ਅਨੁਸਾਰ ਮੁੜ ਤਿਆਰ ਕਰਨ ਦਾ ਫੈਸਲਾ ਕੀਤਾ ਗਿਆ ਸੀ ਤੇ ਉਨ੍ਹਾਂ ਦੀ ਸਰਕਾਰ ਦੇ ਸੱਤਾ ਵਿਚ ਆਉਣ ਤੋਂ ਬਾਅਦ ਇਸ ਮੁੱਦੇ ਉਤੇ ਚਰਚਾ ਵਿਚ ਸ਼੍ਰੋਮਣੀ ਕਮੇਟੀ ਨੂੰ ਵੀ ਸ਼ਾਮਲ ਕੀਤਾ ਸੀ। ਮਾਰਚ 2014 ਵਿਚ ਇਹ ਸਿਲੇਬਸ ਬੋਰਡ ਦੀ ਵੈੱਬਸਾਈਟ ਉਤੇ ਅਪਲੋਡ ਕਰ ਦਿੱਤਾ ਸੀ। ਸਾਲ 2015 ਵਿਚ ਨੌਵੀਂ ਜਮਾਤ ਦੇ ਸਿਲੇਬਸ ਨੂੰ ਅੰਤਿਮ ਰੂਪ ਦਿੱਤੇ ਜਾਣ ਬਾਅਦ ਸ਼੍ਰੋਮਣੀ ਕਮੇਟੀ ਨੇ ਇਤਰਾਜ਼ ਕੀਤਾ ਸੀ। ਸਿਲੇਬਸ ਨੂੰ ਮੁੜ ਵਿਉਂਤਣ ਬਾਅਦ 2016 ਵਿਚ ਬੋਰਡ ਵੱਲੋਂ 9ਵੀਂ ਅਤੇ 10ਵੀਂ ਜਮਾਤਾਂ ਲਈ ਕਿਤਾਬਾਂ ਪ੍ਰਕਾਸ਼ਿਤ ਕਰਾਈਆਂ ਸਨ ਅਤੇ 11ਵੀਂ-12ਵੀਂ ਜਮਾਤਾਂ ਲਈ ਕਿਤਾਬਾਂ 2018 ਵਿਚ ਛਪਾਉਣ ਬਾਰੇ ਫੈਸਲਾ ਕੀਤਾ ਸੀ। ਕਾਂਗਰਸ ਨੇ ਸੂਬੇ ਦੀ ਸੱਤਾ ਸੰਭਾਲਣ ਬਾਅਦ ਇਤਿਹਾਸ ਦੇ ਵਿਸ਼ੇ ਨੂੰ ਮੁੜ ਤਿਆਰ ਲਈ ਵਿਚਾਰ-ਚਰਚਾ ਵਾਸਤੇ ਮਾਰਚ 2017 ਵਿਚ ਸ਼੍ਰੋਮਣੀ ਕਮੇਟੀ ਨੂੰ ਲਿਖਿਆ ਸੀ। ਸ਼੍ਰੋਮਣੀ ਕਮੇਟੀ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋਫੈਸਰ ਪਰਮਵੀਰ ਸਿੰਘ ਨੂੰ ਜ਼ਿੰਮਾ ਦਿੱਤਾ ਸੀ, ਜਿਨ੍ਹਾਂ ਨੇ ਸਾਰੀਆਂ ਮੀਟਿੰਗਾਂ ਵਿਚ ਹਿੱਸਾ ਲਿਆ ਸੀ। ਕੈਪਟਨ ਦਾ ਕਹਿਣਾ ਹੈ ਕਿ ਗੋਬਿੰਦ ਸਿੰਘ ਲੌਂਗੋਵਾਲ ਨੇ ਆਪਣੇ ਰਾਜਸੀ ਹਿੱਤਾਂ ਲਈ ਇਸ ਮਸਲੇ ਬਾਰੇ ਜਾਣ-ਬੁੱਝ ਕੇ ਅਸਲ ਤੱਥ ਛੁਪਾਏ ਹਨ।
ਉਧਰ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਕਹਿਣਾ ਹੈ ਕਿ ਇਤਿਹਾਸ ਦੀ ਪੁਸਤਕ ਵਿਚੋਂ ਸਿੱਖ ਇਤਿਹਾਸ ਮਨਫੀ ਕਰਨ ਦਾ ਫੈਸਲਾ ਅਕਾਲੀ-ਭਾਜਪਾ ਕਾਰਜਕਾਲ ਦੌਰਾਨ ਲੈਣ ਦੇ ਮੁੱਦੇ ‘ਤੇ ਕੈਪਟਨ ਅਮਰਿੰਦਰ ਸਿੰਘ ਝੂਠੇ ਦੋਸ਼ ਲਾ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਅਤੇ ਸਿੱਖ ਇਤਿਹਾਸ ਬਾਰੇ ਸਾਰੇ ਚੈਪਟਰ ਜਿਹੜੇ ਹੁਣ ਕੱਢ ਦਿੱਤੇ ਗਏ ਹਨ, ਅਕਾਲੀ-ਭਾਜਪਾ ਦੇ 2013 ਤੋਂ 2017 ਤੱਕ ਦੇ ਕਾਰਜਕਾਲ ਦੌਰਾਨ ਲਗਾਤਾਰ ਪੜ੍ਹਾਏ ਜਾਂਦੇ ਰਹੇ ਹਨ। ਜੇ ਅਕਾਲੀ 2013 ਵਿਚ ਸਿੱਖ ਇਤਿਹਾਸ ਨੂੰ 12ਵੀਂ ਕਲਾਸ ਦੀਆਂ ਕਿਤਾਬਾਂ ਵਿਚੋਂ ਕੱਢਣਾ ਚਾਹੁੰਦੇ ਸਨ ਤਾਂ ਫਿਰ ਇਹ ਚੈਪਟਰ 2017 ਤੱਕ ਕਿਉਂ ਪੜ੍ਹਾਏ ਜਾ ਰਹੇ ਸਨ। ਬਾਦਲ ਨੇ ਕੈਪਟਨ ਨੂੰ ਇਹ ਸਲਾਹ ਵੀ ਦੇ ਦਿੱਤੀ ਕਿ ਉੁਹ ਨਵੀਆਂ ਅਤੇ ਪੁਰਾਣੀਆਂ ਕਿਤਾਬਾਂ ਖੁਦ ਪੜ੍ਹਨ, ਉਨ੍ਹਾਂ ਨੂੰ ਪਤਾ ਚੱਲ ਜਾਵੇਗਾ ਕਿ ਕੀ-ਕੀ ਤਬਦੀਲੀਆਂ ਕਦੋਂ-ਕਦੋਂ ਕੀਤੀਆਂ ਗਈਆਂ ਹਨ।
ਦੱਸ ਦਈਏ ਕਿ ਪੰਜਾਬ ਸਕੂਲ ਸਿੱਖਿਆ ਬੋਰਡ ‘ਤੇ ਦੋਸ਼ ਲੱਗ ਰਹੇ ਹਨ ਕਿ ਉਸ ਵੱਲੋਂ ਬਾਰ੍ਹਵੀਂ ਜਮਾਤ ਲਈ ਇਤਿਹਾਸ ਦੀ ਨਵੀਂ ਛਪਵਾਈ ਪਾਠ ਪੁਸਤਕ ਵਿਚੋਂ ਪੰਜਾਬ ਅਤੇ ਗੁਰ ਇਤਿਹਾਸ ਹੀ ਗਾਇਬ ਕਰ ਦਿੱਤਾ ਗਿਆ ਹੈ। 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ‘ਪੰਜਾਬ ਦਾ ਇਤਿਹਾਸ’ ਸਿਰਲੇਖ ਵਾਲੀ ਪਾਠ ਪੁਸਤਕ ਪੜ੍ਹਾਈ ਜਾਂਦੀ ਹੈ। ਇਸ ਵਿਚ ਪਹਿਲੇ ਤਿੰਨ ਲੇਖਾਂ ਰਾਹੀਂ ਵਿਦਿਆਰਥੀਆਂ ਨੂੰ ਪੰਜਾਬ ਦੇ ਇਤਿਹਾਸ, ਭੂਗੋਲਿਕ, ਰਾਜਸੀ, ਸਮਾਜਿਕ ਤੇ ਆਰਥਿਕ ਵਿਕਾਸ ਬਾਰੇ ਜਾਣਕਾਰੀ ਮਿਲਦੀ ਸੀ। ਇਸ ਤੋਂ ਅਗਲੇ 7 ਚੈਪਟਰਾਂ ਵਿਚ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਤੋਂ ਲੈ ਕੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਿੱਖ ਪੰਥ ਦੀ ਸਾਜਨਾ ਤੇ ਉਨ੍ਹਾਂ ਦੇ ਜੀਵਨ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਗਈ ਸੀ। ਇਸ ਤੋਂ ਅਗਲੇ 13 ਚੈਪਟਰਾਂ ਵਿਚ ਬਾਬਾ ਬੰਦਾ ਸਿੰਘ ਬਹਾਦਰ, ਮੁਗਲ ਹੁਕਮਰਾਨਾਂ ਦੇ ਸਿੱਖਾਂ ਨਾਲ ਉਨ੍ਹਾਂ ਦੇ ਸਬੰਧ, ਦਲ ਖਾਲਸਾ, ਸਿੱਖ ਮਿਸਲਾਂ, ਮਹਾਰਾਜਾ ਰਣਜੀਤ ਸਿੰਘ ਤੇ ਸਿੱਖ ਰਾਜ ਅਤੇ ਪਹਿਲੇ ਤੇ ਦੂਜੇ ਸਿੱਖ ਯੁੱਧਾਂ ਦਾ ਵਰਣਨ ਦਿੱਤਾ ਗਿਆ ਸੀ, ਪਰ ਦੋਸ਼ ਹੈ ਕਿ ਬੋਰਡ ਵੱਲੋਂ 11ਵੀਂ ਤੇ 12ਵੀਂ ਜਮਾਤ ਦੀਆਂ ਪਾਠ ਪੁਸਤਕਾਂ ਦੀ ਨਵੀਂ ਵਿਉਂਤਬੰਦੀ ਕਰਦਿਆਂ 12ਵੀਂ ਜਮਾਤ ਦੀ ‘ਪੰਜਾਬ ਦੇ ਇਤਿਹਾਸ’ ਸਿਰਲੇਖ ਨੂੰ ਅਡੋਪਲੇ ਜਿਹੇ ਸਾਧਾਰਨ ‘ਇਤਿਹਾਸ’ ਵਿਚ ਬਦਲ ਦਿੱਤਾ ਗਿਆ ਹੈ। ਦੋਸ਼ ਹਨ ਕਿ ਸਿੱਖ ਗੁਰੂਆਂ, ਸਿੱਖ ਯੋਧਿਆਂ ਤੇ ਪੰਜਾਬ ਦੇ ਅਹਿਮ ਇਤਿਹਾਸਕ ਤੱਥਾਂ ਬਾਰੇ ਜਾਣਕਾਰੀ ਦੇਣ ਵਾਲੇ 23 ਚੈਪਟਰਾਂ ਨੂੰ 12ਵੀਂ ਜਮਾਤ ਦੀ ਇਤਿਹਾਸ ਦੀ ਕਿਤਾਬ ਵਿਚੋਂ ਗਾਇਬ ਕਰ ਦਿੱਤਾ ਗਿਆ ਅਤੇ ਇਸ ਦੀ ਥਾਂ ਸਿੱਖ ਇਤਿਹਾਸ ਬਾਰੇ ਅੱਧੇ ਪੰਨੇ ਉਤੇ ਜਾਣਕਾਰੀ ਦਿੱਤੀ ਗਈ ਹੈ।
__________________
ਵਿਵਾਦ ਪਿੱਛੇ ਪ੍ਰਾਈਵੇਟ ਪ੍ਰਕਾਸ਼ਕਾਂ ਦਾ ਹੱਥ?
ਪੰਜਾਬ ਸਕੂਲ ਬੋਰਡ ਨੇ ਹੋਂਦ ਵਿਚ ਆਉਣ ਤੋਂ ਲੈ ਕੇ ਅੱਜ ਤੱਕ ਕਦੇ ਗਿਆਰਵੀਂ ਅਤੇ ਬਾਰ੍ਹਵੀਂ ਜਮਾਤ ਦੇ ਇਤਿਹਾਸ ਦੀਆਂ ਕਿਤਾਬਾਂ ਨਹੀਂ ਛਾਪੀਆਂ। ਪ੍ਰਾਈਵੇਟ ਪ੍ਰਕਾਸ਼ਕ ਗਾਈਡਾਂ ਛਾਪ ਕੇ ਵਿਦਿਆਰਥੀਆਂ ਨੂੰ ਵੇਚ ਦਿੰਦੇ ਸਨ। ਪਹਿਲੀ ਵਾਰ ਪੰਜਾਬ ਸਕੂਲ ਸਿੱਖਿਆ ਬੋਰਡ ਨੇ 11ਵੀਂ ਅਤੇ 12ਵੀਂ ਜਮਾਤ ਦੀਆਂ ਇਤਿਹਾਸ ਦੀਆਂ ਕਿਤਾਬਾਂ ਛਪਵਾਉਣ ਦਾ ਯਤਨ ਕੀਤਾ ਹੈ। ਸਕੂਲ ਬੋਰਡ ਵੱਲੋਂ ਪ੍ਰਕਾਸ਼ਿਤ ਕਿਤਾਬਾਂ ਦੀ ਕੀਮਤ ਸੌ ਰੁਪਏ ਪ੍ਰਤੀ ਕਿਤਾਬ ਹੈ, ਜਦੋਂਕਿ ਪ੍ਰਾਈਵੇਟ ਪ੍ਰਕਾਸ਼ਕਾਂ ਦੀ ਕਿਤਾਬ ਦੀ ਕੀਮਤ ਚਾਰ ਸੌ ਰੁਪਏ ਤੋਂ ਵੱਧ ਹੈ। ਇਸ ਲਈ ਇਹ ਚਰਚਾ ਜ਼ੋਰਾਂ ‘ਤੇ ਹੈ ਕਿ ਕਿਤਾਬ ਕਾਰੋਬਾਰ ਨਾਲ ਜੁੜੇ ਲੋਕ ਇਸ ਵਿਵਾਦ ਦੀ ਜੜ੍ਹ ਹਨ।