ਸ਼ਾਹਕੋਟ ਚੋਣ: ਸਿਆਸੀ ਧਿਰਾਂ ਨੇ ਮੁੜ ਕੀਤੇ ਕਮਰਕੱਸੇ

ਚੰਡੀਗੜ੍ਹ: ਪੰਜਾਬ ਵਿਚ ਇਕ ਵਾਰ ਫਿਰ ਚੋਣ ਅਖਾੜਾ ਭਖ ਗਿਆ ਹੈ। ਸ਼ਾਹਕੋਟ ਹਲਕੇ ਦੀ 28 ਮਈ ਨੂੰ ਜ਼ਿਮਨੀ ਚੋਣ ਦੇ ਐਲਾਨ ਪਿੱਛੋਂ ਸੂਬੇ ਦੀਆਂ ਸਿਆਸੀ ਧਿਰਾਂ ਨੇ ਕਮਰਕੱਸੇ ਕਰ ਲਏ ਹਨ। ਇਸ ਹਲਕੇ ਦਾ ਚੋਣ ਨਤੀਜਾ ਕੈਪਟਨ ਸਰਕਾਰ ਦੀ ਹਰਮਨਪਿਆਰਤਾ ਅਤੇ ਨੀਤੀਆਂ ਨੂੰ ਪਰਖਣ ਦਾ ਪੈਮਾਨਾ ਹੋਵੇਗਾ। ਇਹ ਸੀਟ ਵਿਧਾਇਕ ਅਜੀਤ ਸਿੰਘ ਕੋਹਾੜ ਦੀ ਮੌਤ ਕਾਰਨ ਖਾਲੀ ਹੋਈ ਸੀ।

ਸ਼੍ਰੋਮਣੀ ਅਕਾਲੀ ਦਲ ਇਸ ਚੋਣ ਲਈ ਸਭ ਤੋਂ ਵੱਧ ਸਰਗਰਮ ਨਜ਼ਰ ਆ ਰਿਹਾ ਹੈ। ਇਸੇ ਕਾਰਨ ਅਕਾਲੀ ਦਲ ਨੇ ਚੋਣਾਂ ਬਾਰੇ ਤਰੀਕ ਦੇ ਐਲਾਨ ਤੋਂ ਡੇਢ ਮਹੀਨਾ ਪਹਿਲਾਂ ਹੀ ਸ਼ ਕੋਹਾੜ ਦੇ ਪੁੱਤਰ ਨੈਬ ਸਿੰਘ ਕੋਹਾੜ ਨੂੰ ਉਮੀਦਵਾਰ ਐਲਾਨ ਦਿੱਤੀ ਸੀ।
ਸ਼੍ਰੋਮਣੀ ਅਕਾਲੀ ਦਲ ਲਈ ਜਲੰਧਰ ਜ਼ਿਲ੍ਹੇ ਦੇ ਸ਼ਾਹਕੋਟ ਵਿਧਾਨ ਸਭਾ ਹਲਕੇ ‘ਤੇ ਸਿਆਸੀ ਦਬਦਬਾ ਬਰਕਰਾਰ ਰੱਖਣਾ ਵੱਡੀ ਚੁਣੌਤੀ ਹੈ। ਸਾਲ ਪਹਿਲਾਂ ਵਿਧਾਨ ਸਭਾ ਚੋਣਾਂ ਵਿਚ ਲੱਗੇ ਝਟਕੇ ਤੋਂ ਬਾਅਦ ਪਾਰਟੀ ਨੂੰ ਭਾਵੇਂ ਕਈ ਫਰੰਟਾਂ ਉਤੇ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਹੁਣ ਸਾਲ ਦੇ ਵਕਫੇ ਬਾਅਦ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਹਿਲੀ ਵਾਰੀ ਆਹਮੋ-ਸਾਹਮਣੇ ਹੋਣਗੇ। ਅਹਿਮ ਤੱਥ ਇਹ ਹੈ ਕਿ ਸ਼ ਕੋਹਾੜ ਦੀ ਮੌਜੂਦਗੀ ਕਾਰਨ ਅਕਾਲੀ ਦਲ ਹਮੇਸ਼ਾ ਇਸ ਖੇਤਰ ਵਿਚ ਆਪਣੇ ਆਪ ਨੂੰ ਪੱਕੇ ਪੈਰੀਂ ਸਮਝਦਾ ਆ ਰਿਹਾ ਸੀ ਪਰ ਹੁਣ ਪਾਰਟੀ ਲਈ ਕਈ ਚੁਣੌਤੀਆਂ ਖੜ੍ਹੀਆਂ ਹੋ ਗਈਆਂ ਹਨ। ਗੁਰਦਾਸਪੁਰ ਸੰਸਦੀ ਹਲਕੇ ਦੀ ਛੇ ਕੁ ਮਹੀਨੇ ਪਹਿਲਾਂ ਹੋਈ ਚੋਣ ਵਿਚ ਭਾਜਪਾ ਉਮੀਦਵਾਰ ਦੀ ਹਾਰ ਕਾਰਨ ਪਾਰਟੀ ਆਗੂਆਂ ਨੂੰ ਨਮੋਸ਼ੀ ਝੱਲਣੀ ਪਈ ਸੀ ਪਰ ਸਾਰਾ ਠੀਕਰਾ ਭਾਈਵਾਲ ਪਾਰਟੀ ‘ਤੇ ਭੰਨ ਦਿੱਤਾ ਗਿਆ ਸੀ। ਸੂਬੇ ਵਿਚ ਕੈਪਟਨ ਸਰਕਾਰ ਪ੍ਰਤੀ ਲੋਕਾਂ ਦੀ ਨਿਰਾਸ਼ਾ ਤਾਂ ਦਿਖਾਈ ਦੇ ਰਹੀ ਹੈ ਪਰ ਹਾਲ ਦੀ ਘੜੀ ਉਨ੍ਹਾਂ ਨੂੰ ਕੋਈ ਸਿਆਸੀ ਚੁਣੌਤੀ ਨਜ਼ਰ ਨਹੀਂ ਆਉਂਦੀ। ਇਸ ਕਰ ਕੇ ਹਾਕਮ ਧਿਰ ਦਹਾਕਿਆਂ ਬਾਅਦ ਸ਼ਾਹਕੋਟ ਵਿਚ ਅਕਾਲੀਆਂ ਨੂੰ ਹਰਾਉਣ ਦਾ ਮੌਕਾ ਮੰਨ ਰਹੀ ਹੈ। ਉਧਰ, ਅਕਾਲੀ ਦਲ ਦਾ ਦਾਅਵਾ ਹੈ ਕਿ ਪਾਰਟੀ ਦਾ ਇਸ ਹਲਕੇ ਵਿਚ ਮਜ਼ਬੂਤ ਆਧਾਰ ਹੈ ਤੇ ਕਾਂਗਰਸ ਸਰਕਾਰ ਤੋਂ ਲੋਕਾਂ ਦਾ ਮੋਹ ਭੰਗ ਹੋ ਗਿਆ ਹੈ। ਦੱਸ ਦਈਏ ਕਿ ਇਸ ਵਿਧਾਨ ਸਭਾ ਹਲਕੇ ਦਾ ਪਹਿਲਾ ਨਾਮ ਲੋਹੀਆ ਸੀ ਤੇ ਹਲਕਿਆਂ ਦੀ ਨਵੀਂ ਬਣਤਰ (ਡੀਲਿਮੀਟੇਸ਼ਨ) ਤੋਂ ਬਾਅਦ 2012 ਦੀਆਂ ਚੋਣਾਂ ਦੌਰਾਨ ਸ਼ਾਹਕੋਟ ਹਲਕਾ ਹੋਂਦ ਵਿਚ ਆਇਆ ਸੀ। ਸ਼ ਕੋਹਾੜ ਨੇ ਸਾਲ 2007 ਅਤੇ 2012 ਦੀਆਂ ਚੋਣਾਂ ਦੌਰਾਨ ਵੀ ਇਸ ਹਲਕੇ ਤੋਂ ਜਿੱਤ ਕੇ ਦੁਆਬੇ ਵਿਚ ਅਕਾਲੀ ਦਲ ਦੀ ਲਾਜ ਰੱਖੀ ਸੀ।