ਜੋਧਪੁਰ ਜੇਲ੍ਹ ਵਿਚ ਰਹੇਗਾ ਆਸਾ ਰਾਮ ਦਾ ਤਾਉਮਰ ‘ਵਾਸ’

ਜੋਧਪੁਰ: ਆਸਾ ਰਾਮ ਦਾ ਨਾਂ ਵੀ ਬਲਾਤਕਾਰੀ ਬਾਬਿਆਂ ਦੀ ਸੂਚੀ ਵਿਚ ਸ਼ੁਮਾਰ ਹੋ ਗਿਆ ਹੈ। ਕੇਂਦਰੀ ਜੇਲ੍ਹ ਜੋਧਪੁਰ ਵਿਚ ਕਾਇਮ ਵਿਸ਼ੇਸ਼ ਅਦਾਲਤ ਨੇ ਅਖੌਤੀ ਸਾਧ ਆਸਾ ਰਾਮ ਨੂੰ ਨਾਬਾਲਗ ਲੜਕੀ ਨਾਲ ਬਲਾਤਕਾਰ ਦੇ ਦੋਸ਼ ਵਿਚ ਤਾਉਮਰ ਕੈਦ ਦੀ ਸਜ਼ਾ ਸੁਣਾਈ ਹੈ।

ਆਸਾ ਰਾਮ ਨੂੰ ਪੰਜ ਸਾਲ ਪਹਿਲਾਂ ਆਪਣੇ ਆਸ਼ਰਮ ਵਿਚ ਨਾਬਾਲਗ ਲੜਕੀ ਨਾਲ ਬਲਾਤਕਾਰ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਇਸ ਮਾਮਲੇ ਦੇ ਦੋ ਹੋਰ ਦੋਸ਼ੀਆਂ ਸ਼ਰਦ ਤੇ ਸ਼ਿਲਪੀ ਨੂੰ ਵੀਹ ਵੀਹ ਸਾਲ ਦੀ ਸਜ਼ਾ ਦਿੱਤੀ ਗਈ ਹੈ ਅਤੇ ਦੋ ਮੁਲਜ਼ਮਾਂ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਆਸਾ ਰਾਮ ਵਿਰੁੱਧ ਕੇਸ ਦਾ ਫੈਸਲਾ ਆਉਣ ਤੋਂ ਪਹਿਲਾਂ ਗ੍ਰਹਿ ਵਿਭਾਗ ਨੇ ਰਾਜਸਥਾਨ, ਗੁਜਰਾਤ ਅਤੇ ਹਰਿਆਣਾ ਵਿਚ ਸਖਤ ਸੁਰੱਖਿਆ ਪ੍ਰਬੰਧ ਕੀਤੇ ਸਨ। ਵਿਸ਼ੇਸ਼ ਜੱਜ ਮਧੂਸੁਦਨ ਸ਼ਰਮਾ ਦਾ ਆਸਾ ਰਾਮ (77) ਵਿਰੁੱਧ ਬਲਾਤਕਾਰ ਦੇ ਦੋਸ਼ ਵਿਚ ਫੈਸਲਾ ਉਦੋਂ ਆਇਆ ਜਦੋਂ ਦੇਸ਼ ਵਿਚ ਬਲਾਤਕਾਰ ਦੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦੇਣ ਦੀ ਮੰਗ ਜ਼ੋਰ ਫੜ ਚੁੱਕੀ ਹੈ। ਮਾਮਲੇ ਦੀ ਨਜ਼ਾਕਤ ਨੂੰ ਦੇਖਦਿਆਂ ਜੋਧਪੁਰ ਜੇਲ੍ਹ ਵਿਚ ਵਿਸ਼ੇਸ਼ ਅਦਾਲਤ ਕਾਇਮ ਕੀਤੀ ਗਈ ਸੀ। ਆਸਾ ਰਾਮ ਕੁਦਰਤੀ ਮੌਤ ਤੱਕ ਜੇਲ੍ਹ ਵਿਚ ਹੀ ਰਹੇਗਾ। ਸਰਕਾਰੀ ਧਿਰ ਨੇ ਆਸਾ ਰਾਮ ਲਈ ਵੱਧ ਤੋਂ ਵੱਧ ਸਜ਼ਾ ਦੀ ਮੰਗ ਕੀਤੀ ਸੀ। ਅਦਾਲਤ ਵਿਚ ਇਸ ਕੇਸ ਉਤੇ ਅੰਤਿਮ ਬਹਿਸ ਸੱਤ ਅਪਰੈਲ ਨੂੰ ਮੁਕੰਮਲ ਹੋ ਗਈ ਸੀ ਅਤੇ ਅਦਾਲਤ ਨੇ 25 ਅਪਰੈਲ ਲਈ ਫੈਸਲਾ ਰਾਖਵਾਂ ਰੱਖ ਲਿਆ ਸੀ।
ਆਸਾ ਰਾਮ ਜਿਸ ਨੇ ਸਾਬਰਮਤੀ ਦਰਿਆ ਦੇ ਕੰਢਿਉਂ ਇਕ ਦੁਕਾਨ ਤੋਂ ਸ਼ੁਰੂਆਤ ਕੀਤੀ, ਨੇ ਦੇਸ਼ ਭਰ ਵਿਚ ਚਾਰ ਸੌ ਆਸ਼ਰਮ ਬਣਾ ਕੇ ਚਾਰ ਦਹਾਕਿਆਂ ਵਿਚ ਆਪਣੀ 10000 ਕਰੋੜ ਤੱਕ ਦੀ ਸਲਤਨਤ ਖੜ੍ਹੀ ਕਰ ਲਈ। ਆਸਾ ਰਾਮ ਅਤੇ ਹੋਰਨਾਂ ਵਿਰੁੱਧ ਪੁਲਿਸ ਨੇ 6 ਨਵੰਬਰ 2013 ਨੂੰ ਪੋਸਕੋ ਐਕਟ ਤਹਿਤ ਵੱਖ-ਵੱਖ ਧਰਾਵਾਂ ਤਹਿਤ ਅਤੇ ਨਾਬਾਲਗਾਂ ਨੂੰ ਨਿਆਂ ਕਾਨੂੰਨ ਅਤੇ ਭਾਰਤੀ ਦੰਡਾਵਲੀ ਤਹਿਤ ਕੇਸ ਦਰਜ ਕੀਤਾ ਸੀ। ਉਤਰ ਪ੍ਰਦੇਸ਼ ਦੇ ਸ਼ਾਹਜਹਾਨਪੁਰ ਸ਼ਹਿਰ ਦੀ ਲੜਕੀ ਆਸਾ ਰਾਮ ਦੇ ਛਿੰਦਵਾੜਾ (ਮੱਧ ਪ੍ਰਦੇਸ਼) ਸਥਿਤ ਵਿਚ ਪੜ੍ਹਦੀ ਸੀ ਅਤੇ ਪਰਿਵਾਰ ਬਾਬੇ ਦਾ ਸ਼ਰਧਾਲੂ ਸੀ। ਲੜਕੀ ਵੱਲੋਂ ਕੀਤੀ ਸ਼ਿਕਾਇਤ ਅਨੁਸਾਰ ਆਸਾ ਰਾਮ ਨੇ ਉਸ ਨੂੰ ਜੋਧਪੁਰ ਨੇੜੇ ਮਨਾਈ ਇਲਾਕੇ ਵਿਚ ਸਥਿਤ ਆਸ਼ਰਮ ਵਿਚ ਬੁਲਾਇਆ ਅਤੇ 15 ਅਗਸਤ 2013 ਦੀ ਰਾਤ ਨੂੰ ਉਸ ਦੇ ਨਾਲ ਬਲਾਤਕਾਰ ਕੀਤਾ। ਆਸਾ ਰਾਮ ਨੂੰ ਇੰਦੌਰ ਤੋਂ ਗ੍ਰਿਫਤਾਰ ਕਰ ਕੇ ਜੋਧਪੁਰ ਲਿਆਂਦਾ ਸੀ। ਉਹ 2 ਸਤੰਬਰ 2013 ਤੋਂ ਅਦਾਲਤੀ ਹਿਰਾਸਤ ਵਿਚ ਹੈ। ਉਸ ਵਿਰੁੱਧ ਸੂਰਤ ਵਿਚ ਇਕ ਹੋਰ ਬਲਾਤਕਾਰ ਦਾ ਕੇਸ ਸੁਣਵਾਈ ਅਧੀਨ ਹੈ। ਆਸਾ ਰਾਮ ਨੇ ਆਪਣੀ ਜ਼ਮਾਨਤ ਲਈ ਛੇ ਅਰਜ਼ੀਆਂ ਮੁਕੱਦਮੇ ਦੀ ਸੁਣਵਾਈ ਕਰਨ ਵਾਲੀ ਅਦਾਲਤ ਵਿਚ ਦਿੱਤੀਆਂ। ਤਿੰਨ ਅਰਜ਼ੀਆਂ ਹਾਈ ਕੋਰਟ ਵਿਚ ਤੇ ਤਿੰਨ ਅਰਜ਼ੀਆਂ ਸੁਪਰੀਮ ਕੋਰਟ ਵਿਚ ਦਿੱਤੀਆਂ ਅਤੇ ਇਹ ਸਾਰੀਆਂ ਹੀ ਰੱਦ ਹੋ ਗਈਆਂ।
ਦੱਸ ਦਈਏ ਕਿ ਆਸਾ ਰਾਮ ਦਾ ਮਾਯਾਵੀ ਸਾਮਰਾਜ 10 ਹਜ਼ਾਰ ਕਰੋੜ ਰੁਪਏ ਦਾ ਸੀ। ਸਿਆਸਤਦਾਨ, ਉਚ ਅਫਸਰ, ਫ਼ੌਜੀ ਅਧਿਕਾਰੀ ਤੇ ਨਾਮਵਰ ਸਨਅਤਕਾਰ ਉਸ ਦੀ ਹਜ਼ੂਰੀ ਵਿਚ ਬੈਠਣ ਲਈ ਮਾਣ ਮਹਿਸੂਸ ਕਰਦੇ ਸਨ। ਹੁਣ ਉਹ ਇਕ ਨਾਬਾਲਗ ਬੱਚੀ ਨਾਲ ਕੁਕਰਮ ਦਾ ਗੁਨਾਹਗਾਰ ਹੈ। ਜੋਧਪੁਰ ਜਿਲ੍ਹਾ ਅਦਾਲਤ ਵੱਲੋਂ ਆਸਾ ਰਾਮ ਬਾਪੂ ਨੂੰ ਸਜ਼ਾ ਸੁਣਾਏ ਜਾਣ ਤੋਂ ਪਹਿਲਾਂ ਅਜਿਹੀ ਹੀ ਹੋਣੀ ਇਕ ਹੋਰ ਬਾਬੇ ਨਾਲ ਵਾਪਰ ਚੁੱਕੀ ਹੈ। ਗੁਰਮੀਤ ਰਾਮ ਰਹੀਮ ਨੂੰ ਉਸ ਦੇ ਮੁਰੀਦ ਭਾਵੇਂ ਕੁਝ ਵੀ ਮੰਨਣ, ਕਾਨੂੰਨ ਦੀ ਅਦਾਲਤ ਦੀਆਂ ਨਜ਼ਰਾਂ ਵਿਚ ਉਹ ਬਲਾਤਕਾਰੀ ਬਾਬਾ ਹੀ ਸੀ ਜਿਸ ਨੂੰ ਜੇਲ੍ਹ ਭੇਜਣ ਵਿਚ ਅਦਾਲਤ ਨੇ ਕੋਈ ਝਿਜਕ ਨਹੀਂ ਦਿਖਾਈ। ਆਸਾ ਰਾਮ ਨੂੰ ਬੇਪਰਦ ਕਰਨ ਤੇ ਸਜ਼ਾ ਦਿਵਾਉਣ ਲਈ 16 ਵਰ੍ਹਿਆਂ ਦੀ ਬੱਚੀ ਨੇ ਅਹਿਮ ਭੂਮਿਕਾ ਨਿਭਾਈ। ਜਿਸ ਨੇ ਮੁਕੱਦਮੇ ਦੌਰਾਨ 9 ਵਿਚੋਂ ਤਿੰਨ ਗਵਾਹਾਂ ਦੇ ਕਤਲ ਦੇਖੇ, ਰਾਜਨੇਤਾਵਾਂ ਤੇ ਅਖੌਤੀ ਸਮਾਜ ਸੇਵੀਆਂ ਦੇ ਦਬਾਅ ਝੱਲੇ ਅਤੇ ਅਕਹਿ ਤੇ ਅਸਹਿ ਜ਼ਿਹਨੀ ਤੇ ਜਿਸਮਾਨੀ ਦੁੱਖ ਬਰਦਾਸ਼ਤ ਕੀਤੇ, ਪਰ ਆਪਣੇ ਬਿਆਨਾਂ ਉਤੇ ਅਡਿੱਗ ਰਹੀ।
___________________
ਆਸੂਮੱਲ ਤੋਂ ਆਸਾ ਰਾਮ ਬਾਪੂ ਬਣਨ ਦੀ ਕਹਾਣੀæææ
ਅਹਿਮਦਾਬਾਦ: ਆਸਾ ਰਾਮ ਦੇ ਬਲਾਤਕਾਰ ਕੇਸ ਵਿਚ ਫਸਣ ਤੋਂ ਪਹਿਲਾਂ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂ ਸਨ ਅਤੇ ਅਜੇ ਵੀ ਉਸ ਦੇ ਸ਼ਰਧਾਲੂ ਉਸ ਨੂੰ ਬੇਕਸੂਰ ਮੰਨਦੇ ਹਨ। ਬਲਾਤਕਾਰ ਦਾ ਕੇਸ ਦਰਜ ਹੋਣ ਬਾਅਦ ਉਸ ਦੇ ਵਿਰੁੱਧ ਜ਼ਮੀਨਾਂ ਹਥਿਆਉਣ ਅਤੇ ਹੋਰ ਅਨੇਕਾਂ ਪ੍ਰਕਾਰ ਦੇ ਮਾਮਲੇ ਸਾਹਮਣੇ ਆਏ। ਆਸਾ ਰਾਮ ਦੀ ਅਧਿਕਾਰਤ ਵੈਬਸਾਈਟ ਅਨੁਸਾਰ ਉਸ ਦਾ ਜਨਮ ਸੂਬਾ ਸਿੰਧ (ਪਾਕਿਸਤਾਨ) ਦੇ ਬੇਰਾਨੀ ਪਿੰਡ ਵਿਚ ਆਸੂਮੱਲ ਸਿਰੂਮਲਾਨੀ ਵਜੋਂ ਹੋਇਆ।
1947 ਵਿਚ ਪਰਿਵਾਰ ਅਹਿਮਦਾਬਾਦ ਆ ਗਿਆ। ਉਸ ਦੇ ਮਾਪੇ ਉਸ ਨੂੰ ਸਿਰਫ ਚੌਥੀ ਜਮਾਤ ਤੱਕ ਪੜਾਅ ਸਕੇ। ਆਸੂਮੱਲ ਉਦੋਂ ਦਸ ਸਾਲ ਦਾ ਸੀ ਜਦੋਂ ਉਸ ਦੇ ਪਿਤਾ ਥਾਓਮੱਲ ਦੀ ਮੌਤ ਹੋ ਗਈ। ਦਸਤਾਵੇਜ਼ੀ ਫਿਲਮ ਅਨੁਸਾਰ ਜਦੋਂ ਉਹ ਘਰੇਲੂ ਕਾਰੋਬਾਰਾਂ ਵਿਚ ਕਾਮਯਾਬ ਨਾ ਹੋਇਆ ਤਾਂ ਉਹ ਆਪਣੀ ਅਧਿਆਤਮਕ ਪਿਆਸ ਦੀ ਪੂਰਤੀ ਲਈ ਹਿਮਾਲਿਆ ਵੱਲ ਨਿਕਲ ਗਿਆ, ਜਿਥੇ ਉਸ ਦਾ ਮੇਲ ਆਪਣੇ ਧਾਰਮਿਕ ਗੁਰੂ ਲੀਲਾਸ਼ਾਹ ਬਾਪੂ ਦੇ ਨਾਲ ਹੋਇਆ। ਲੀਲਾਸ਼ਾਹ ਨੇ ਉਸ ਨੂੰ 1964 ਵਿਚ ਆਸਾ ਰਾਮ ਦਾ ਨਾਂ ਦਿੱਤਾ। ਹੌਲੀ ਹੌਲੀ ਉਹ ਸੰਤ ਆਸਾ ਰਾਮ ਬਾਪੂ ਵਜੋਂ ਪ੍ਰਸਿੱਧ ਹੋ ਗਿਆ।