ਜਸਟਿਸ ਰਣਜੀਤ ਸਿੰਘ ਕਮਿਸ਼ਨ ਵੱਲੋਂ ਦਾਅਵਾ
ਚੰਡੀਗੜ੍ਹ: ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਪੰਜਾਬ ਵਿਚ ਵਾਪਰੀਆਂ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੀਆਂ ਘਟਨਾਵਾਂ ਤੇ ਪੁਲਿਸ ਕਾਰਵਾਈ ‘ਚ ਹੋਈਆਂ ਮੌਤਾਂ ਦੇ ਕੇਸਾਂ ਦੀ ਜਾਂਚ ਕਰ ਰਹੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਉਸ ਵੇਲੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਕੋਟਕਪੂਰਾ ਨੇੜਲੇ ਪਿੰਡ ਬਹਿਬਲ ਕਲਾਂ ਵਿਚ ਰੋਸ ਪ੍ਰਗਟਾਅ ਰਹੇ ਸਿੱਖਾਂ ਉਤੇ ਪੁਲਿਸ ਫਾਇਰਿੰਗ ਦੀ ਘਟਨਾ ਤੋਂ ਪਹਿਲਾਂ ਦੇ ਹਾਲਾਤ ਦੀ ਪੂਰੀ ਜਾਣਕਾਰੀ ਸੀ ਤੇ ਉਨ੍ਹਾਂ ਸਥਿਤੀ ਨਾਲ ਨਜਿੱਠਣ ਲਈ ‘ਕੁਝ ਹਦਾਇਤਾਂ’ ਦਿੱਤੀਆਂ ਸਨ। ਕਮਿਸ਼ਨ ਨੇ ਇਹ ਦਰਜ ਕੀਤਾ ਹੈ ਕਿ ਇਹ ਹਦਾਇਤਾਂ ਡੀæਜੀæਪੀæ ਰਾਹੀਂ ਦਿੱਤੀਆਂ ਗਈਆਂ ਸਨ।
ਇਸ ਅਨੁਸਾਰ 14 ਅਕਤੂਬਰ 2015 ਨੂੰ ਸਵੇਰ 6 ਵਜੇ ਤੋਂ ਸਵੇਰੇ 7 ਵਜੇ ਦਰਮਿਆਨ ਫਾਇਰਿੰਗ ਹੋਈ ਸੀ।
ਕਮਿਸ਼ਨ ਕੋਲ ਪੇਸ਼ ਕੀਤੇ ਗਏ ਸਬੂਤਾਂ ਤੋਂ ਪਤਾ ਚੱਲਦਾ ਹੈ ਕਿ ਉਸ ਵੇਲੇ ਦੇ ਮੁੱਖ ਮੰਤਰੀ ਦੇ ਦਫਤਰ ਨਾਲ ਪੁਲਿਸ ਕਾਰਵਾਈ ਤੋਂ ਪਹਿਲਾਂ ਅੱਧੀ ਰਾਤ ਦੇ ਵਕਤ ਰਾਬਤਾ ਕੀਤਾ ਗਿਆ ਸੀ। ਕਮਿਸ਼ਨ ਸਾਹਮਣੇ ਇਹ ਸਬੂਤ ਵੀ ਪੇਸ਼ ਕੀਤੇ ਗਏ ਹਨ ਕਿ ਸਬੰਧਤ ਹਲਕੇ ਦੇ ਤਤਕਾਲੀ ਵਿਧਾਇਕ ਮਨਤਾਰ ਸਿੰਘ ਬਰਾੜ ਨੇ ਆਪ ਜਾਂ ਆਪਣੇ ਸਕੱਤਰ ਗਗਨਦੀਪ ਬਰਾੜ ਰਾਹੀਂ ਸ੍ਰੀ ਬਾਦਲ ਨਾਲ ਸੰਪਰਕ ਕੀਤਾ ਸੀ। ਉਸ ਨੇ ਡਿਪਟੀ ਕਮਿਸ਼ਨਰ ਫਰੀਦਕੋਟ ਨਾਲ 14 ਅਕਤੂਬਰ 2015 ਨੂੰ ਰਾਤੀਂ 1æ51 ਮਿੰਟ ਤੋਂ ਲੈ ਕੇ ਕੁੱਲ 21 ਐਸ਼ਐਮæਐਸ਼ ਦਾ ਤਬਾਦਲਾ ਕੀਤਾ ਸੀ। ਇਸ ਦੌਰਾਨ ਗਗਨਦੀਪ ਬਰਾੜ ਦੀ ਵੀ ਡਿਪਟੀ ਕਮਿਸ਼ਨਰ ਨਾਲ ਗੱਲ ਹੋਈ ਸੀ ਤੇ ਮਨਤਾਰ ਬਰਾੜ ਤੇ ਗਗਨਦੀਪ ਬਰਾੜ ਵਿਚਾਲੇ ਵੀ ਸਵੇਰੇ 2æ28 ਵਜੇ ਤੋਂ ਲੈ ਕੇ 3æ11 ਵਜੇ ਤੱਕ ਚਾਰ ਵਾਰ ਗੱਲ ਹੋਈ ਸੀ। ਪ੍ਰਤੀਤ ਹੁੰਦਾ ਹੈ ਕਿ ਕਮਿਸ਼ਨ ਨੂੰ ਉਪਲਬਧ ਹੋਏ ਰਿਕਾਰਡ ਪਹਿਲਾਂ ਹੀ ਉਸ ਵੇਲੇ ਦੇ ਮੁੱਖ ਮੰਤਰੀ ਦੇ ਧਿਆਨ ਵਿਚ ਲਿਆ ਦਿੱਤਾ ਗਿਆ ਸੀ ਤਾਂ ਕਿ ਉਹ ਇਸ ਦਾ ਜਵਾਬ ਦੇ ਸਕਣ। ਨੋਟਿਸ ਵਿਚ ਮੁੱਖ ਮੰਤਰੀ ਦੇ ਸਟਾਫ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਰਮਿਆਨ ਹੋਈਆਂ ਕਾਲਾਂ ਦੇ ਵੇਰਵੇ ਵੀ ਮੁਹੱਈਆ ਕਰਵਾਏ ਗਏ ਸਨ। ਸ੍ਰੀ ਬਾਦਲ ਨੇ ਨੋਟਿਸ ਵਿਚ ਮੰਗੀ ਜਾਣਕਾਰੀ ਦੇਣ ਤੋਂ ਮਨ੍ਹਾਂ ਕਰ ਦਿੱਤਾ ਹੈ ਤੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਕਮਿਸ਼ਨ ਨੂੰ ਰੱਦ ਕਰਦੀ ਹੈ।
ਕਮਿਸ਼ਨ ਨੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਉਨ੍ਹਾਂ ਦਾਅਵਿਆਂ ਦਾ ਵੀ ਨੋਟਿਸ ਲਿਆ ਸੀ ਜਿਨ੍ਹਾਂ ਵਿਚ ਉਨ੍ਹਾਂ ਕਿਹਾ ਸੀ ਕਿ ਬੇਅਦਬੀ ਦੀਆਂ ਘਟਨਾਵਾਂ ਪਿੱਛੇ ਕੋਈ ਅੰਤਰਰਾਸ਼ਟਰੀ ਸਾਜਿਸ਼ ਕੰਮ ਕਰਦੀ ਹੈ। ਕਮਿਸ਼ਨ ਦਾ ਕਹਿਣਾ ਹੈ ਕਿ ਸੁਖਬੀਰ ਸਿੰਘ ਬਾਦਲ ਜਾਂ ਤਾਂ ਝੂਠ ਬੋਲ ਰਹੇ ਸਨ ਜਾਂ ਫਿਰ ਜਾਣਕਾਰੀ ਛੁਪਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਕਰ ਕੇ ਉਨ੍ਹਾਂ ਖਿਲਾਫ਼ ਆਈæਪੀæਸੀæ ਦੀ ਧਾਰਾ 176 ਤੇ 177 ਤਹਿਤ ਕਾਰਵਾਈ ਹੋ ਸਕਦੀ ਹੈ।
___________________
ਬਾਦਲ ਵੱਲੋਂ ਬਦਲਾਖੋਰੀ ਦੀ ਸਿਆਸਤ ਦਾ ਰਾਗ
ਚੰਡੀਗੜ੍ਹ: ਜਸਟਿਸ (ਸੇਵਾ ਮੁਕਤ) ਰਣਜੀਤ ਸਿੰਘ ਦੀ ਅਗਵਾਈ ਹੇਠ ਬਣਾਏ ਕਮਿਸ਼ਨ ਦੇ ਕੁਝ ਖੁਲਾਸਿਆਂ ਦੇ ਮਾਮਲੇ ‘ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਬਦਲਾਖੋਰੀ ਦੀ ਸਿਆਸਤ ਦਾ ਰਾਗ ਅਲਾਪਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ਼੍ਰੋਮਣੀ ਅਕਾਲੀ ਦਲ ਅਤੇ ਉਨ੍ਹਾਂ (ਬਾਦਲਾਂ) ਖਿਲਾਫ ਆਪਣੀ ਪੁਰਾਣੀ ਸਿਆਸੀ ਅਤੇ ਨਿੱਜੀ ਬਦਲਾਖੋਰੀ ਵਾਲੀ ਨੀਤੀ ਉਤੇ ਚੱਲ ਰਹੇ ਹਨ।