ਉਤਰੀ ਤੇ ਦੱਖਣੀ ਕੋਰੀਆ ਦੀ 70 ਸਾਲਾਂ ਦੀ ਦੁਸ਼ਮਣੀ ਦਾ ‘ਅੰਤ’

ਗੋਯਾਂਗ: ਚਿਰਾਂ ਦੀ ਦੁਸ਼ਮਣੀ ਪਿੱਛੋਂ ਕੋਰਿਆਈ ਉਪ ਮਹਾਂਦੀਪ ਦੇ ਨੇਤਾ ਕਿਮ ਜੋਂਗ ਉਨ ਤੇ ਮੂਨ ਜੇਈ ਇਨ ਆਪਸ ਵਿਚ ਹੱਥ ਮਿਲਾਉਂਦੇ ਨਜ਼ਰ ਆਏ। ਇਸ ਦੋਸਤੀ ਨਾਲ 70 ਸਾਲਾਂ ਬਾਅਦ ਉਤਰ ਤੇ ਦੱਖਣ ਕੋਰੀਆ ਦਾ ਰਿਸ਼ਤਾ ਮੁੜ ਖੁਸ਼ਨੁਮਾ ਹੋ ਗਿਆ। ਆਪਣੇ ਅੜੀਅਲ ਸੁਭਾਅ ਕਰ ਕੇ ਜਾਣੇ ਜਾਂਦੇ ਕਿਮ ਨੇ ਕੁਝ ਅਜਿਹਾ ਕੀਤਾ, ਜਿਨ ਨੂੰ ਵੇਖ ਉਥੇ ਮੌਜੂਦ ਲੋਕ ਹੈਰਾਨ ਰਹੇ ਗਏ।

ਕਿਮ ਨੇ ਦੋਵਾਂ ਦੇਸ਼ਾਂ ਨੂੰ ਵੰਡਣ ਵਾਲੀ ਹੱਦ ਦੇ ਪਾਰ ਜਦੋਂ ਦੱਖਣ ਕੋਰੀਆ ਦੇ ਰਾਸ਼ਟਰਪਤੀ ਮੂਨ ਨਾਲ ਹੱਥ ਮਿਲਾਇਆ ਤਾਂ ਲੋਕ ਇਹ ਮੰਜ਼ਰ ਵੇਖ ਕੇ ਮੰਤਰ ਮੁਗਧ ਹੋ ਗਏ।
ਮੂਨ ਦਾ ਵੀ ਕਿਮ ਪ੍ਰਤੀ ਕੁਝ ਇਹੀ ਰਵੱਈਆ ਸੀ। ਹੱਥ ਮਿਲਾਉਣ ਬਾਅਦ ਮੂਨ ਨੇ ਕਿਮ ਨੂੰ ਦੱਖਣ ਕੋਰੀਆ ਵਿਚ ਬਾਕੀ ਪ੍ਰੋਗਰਾਮ ਲਈ ਲੈ ਕੇ ਜਾਣਾ ਸੀ ਪਰ ਇਸੇ ਦੌਰਾਨ ਕਿਮ ਨੇ ਮੂਨ ਨੂੰ ਇਕ ਪਲ ਲਈ ਰੋਕ ਲਿਆ ਤੇ ਅਚਾਨਕ ਉਸ ਨੂੰ ਦੋਵਾਂ ਦੇਸ਼ਾਂ ਨੂੰ ਵੰਡਣ ਵਾਲੀ ਸਰਹੱਦ ਪਾਰ ਕਰ ਕੇ ਉਤਰ ਕੋਰੀਆ ਆਉਣ ਲਈ ਕਿਹਾ। ਪਹਿਲਾਂ ਤਾਂ ਮੂਨ ਥੋੜੇ ਝਿਜਕ ਰਹੇ ਸੀ ਪਰ ਕਿਮ ਨੇ ਮੂਨ ਨੂੰ ਸਰਹੱਦ ਪਾਰ ਕਰਾਈ ਤੇ ਇਸ ਤਰ੍ਹਾਂ ਦੋਵਾਂ ਨੇ ਇਕੋ ਝਟਕੇ ਵਿਚ ਇਕ-ਦੂਜੇ ਦੇ ਦੇਸ਼ਾਂ ਵਿਚ ਕਦਮ ਰੱਖਿਆ। ਸਾਲ 1953 ਵਿਚ ਖਤਮ ਹੋਏ ਕੋਰਿਆਈ ਯੁੱਧ ਪਿੱਛੋਂ ਕੋਰਿਆਈ ਨੇਤਾ ਪਹਿਲੀ ਵਾਰ ਆਪਸ ਵਿਚ ਮਿਲ ਰਹੇ ਹਨ। ਇਸ ਲਈ ਪੂਰੀ ਦੁਨੀਆਂ ਦੀਆਂ ਨਜ਼ਰਾਂ ਇਸ ਬੈਠਕ ਉਤੇ ਟਿਕੀਆਂ ਰਹੀਆਂ।
ਦੋਵਾਂ ਦੇਸ਼ਾਂ ਦੇ ਆਗੂ ਇਤਿਹਾਸਕ ਮਿਲਣੀ ਦੌਰਾਨ ਕੋਰੀਆ ਪ੍ਰਾਇਦੀਪ ਵਿਚ ਸਥਾਈ ਸ਼ਾਂਤੀ ਅਤੇ ਇਸ ਨੂੰ ਪੂਰੀ ਤਰ੍ਹਾਂ ਪਰਮਾਣੂ ਮੁਕਤ ਕਰਨ ਦੇ ਯਤਨ ਕਰਨ ਲਈ ਸਹਿਮਤ ਹੋ ਗਏ ਹਨ। ਵਿਸ਼ਵ ਮੀਡੀਆ ਸਾਹਮਣੇ ਮੁਸਕਰਾਹਟਾਂ ਅਤੇ ਦੋਸਤੀ ਦਿਖਾਉਣ ਵਾਲੇ ਇਸ ਸੰਮੇਲਨ ਦੇ ਅਖੀਰ ਵਿਚ ਦਸਤਾਵੇਜ਼ ‘ਤੇ ਦਸਤਖਤ ਕਰਨ ਪਿੱਛੋਂ ਦੋਵੇਂ ਨੇਤਾ ਗਰਮਜੋਸ਼ੀ ਨਾਲ ਗਲੇ ਮਿਲੇ। ਉਹ ਇਸ ਗੱਲ ‘ਤੇ ਵੀ ਸਹਿਮਤ ਹੋ ਗਏ ਕਿ ਉਹ ਇਸ ਸਾਲ ਕੋਰੀਅਨ ਜੰਗ ਸਥਾਈ ਰੂਪ ਵਿਚ ਖਤਮ ਕਰਨ ਦਾ ਯਤਨ ਕਰਨਗੇ। 65 ਸਾਲ ਪਹਿਲਾਂ ਉਨ੍ਹਾਂ ਨੇ ਜੰਗ ਖਤਮ ਕਰਨ ਸ਼ਾਂਤੀ ਸੰਧੀ ਦੀ ਬਜਾਏ ਜੰਗਬੰਦੀ ਕੀਤੀ ਸੀ। ਦੋਵੇਂ ਨੇਤਾ ਨਿਯਮਤ ਰੂਪ ਵਿਚ ਮੀਟਿੰਗਾਂ ਕਰਨ ਅਤੇ ਟੈਲੀਫੋਨ ਰਾਹੀਂ ਸਿੱਧੀ ਗੱਲਬਾਤ ਕਰਨ ਲਈ ਵੀ ਸਹਿਮਤ ਹੋ ਗਏ।
ਕਿਮ ਜੋਂਗ ਉਨ ਨੇ ਦੱਖਣੀ ਕੋਰੀਆ ਦੀ ਧਰਤੀ ਉਤੇ ਪੈਰ ਰੱਖਣ ਪਿੱਛੋਂ ਕਿਹਾ ਕਿ ਉਹ ਬਹੁਤ ਭਾਵੁਕ ਹਨ ਅਤੇ ਕੋਰੀਅਨ ਜੰਗ ਬੰਦ ਹੋਣ ਪਿੱਛੋਂ ਦੱਖਣੀ ਕੋਰੀਆ ਆਉਣ ਵਾਲੇ ਉਹ ਪਹਿਲੇ ਉਤਰੀ ਕੋਰੀਆਈ ਨੇਤਾ ਬਣ ਗਏ ਹਨ। ਸਿਖਰ ਵਾਰਤਾ ਲਈ ਦੱਖਣੀ ਕੋਰੀਆ ਵਾਲੇ ਪਾਸੇ ਜੰਗਬੰਦੀ ਵਾਲੇ ਪਿੰਡ ਪੈਨਮੁਨਜੋਮ ਵਿਚ ਪੀਸ ਹਾਊਸ ਇਮਾਰਤ ‘ਚ ਜਾਣ ਤੋਂ ਪਹਿਲਾਂ ਕਿਮ ਵੱਲੋਂ ਦਿੱਤੇ ਅਚਨਚੇਤ ਸੱਦੇ ‘ਤੇ ਦੋਵੇਂ ਨੇਤਾ ਇਕ-ਦੂਸਰੇ ਦਾ ਹੱਥ ਫੜਕੇ ਉਤਰੀ ਕੋਰੀਆ ਵਾਲੇ ਪਾਸੇ ਚਲੇ ਗਏ। 1953 ਵਿਚ ਜੰਗਬੰਦੀ ਪਿੱਛੋਂ ਇਸ ਤਰ੍ਹਾਂ ਦੀ ਇਹ ਤੀਸਰੀ ਮੀਟਿੰਗ ਸੀ। ਸਿਖਰ ਵਾਰਤਾ ਪਿੱਛੋਂ ਕਿਮ ਨੇ ਪ੍ਰਣ ਕੀਤਾ ਕਿ ਦੋਵੇਂ ਕੋਰੀਆਈ ਇਸ ਗੱਲ ਨੂੰ ਯਕੀਨੀ ਬਣਾਉਣਗੇ ਕਿ ਮੰਦਭਾਗਾ ਇਤਿਹਾਸ ਮੁੜ ਨਾ ਦੁਹਰਾਇਆ ਜਾਵੇ। ਇਸ ਤੋਂ ਪਹਿਲਾਂ 2000 ਅਤੇ 2007 ਵਿਚ ਕੋਰੀਅਨ ਸਿਖਰ ਵਾਰਤਾਵਾਂ ਹੋਈਆਂ ਸਨ ਅਤੇ ਇਹ ਦੋਵੇਂ ਪਿਆਂਗਯਾਂਗ ਵਿਚ ਹੋਈਆਂ ਸਨ ਪਰ ਇਨ੍ਹਾਂ ਦਾ ਨਤੀਜਾ ਸਿਫਰ ਰਿਹਾ ਸੀ।
ਉਤਰੀ ਕੋਰੀਆ ਦੇ ਪਰਮਾਣੂ ਹਥਿਆਰ ਏਜੰਡੇ ਉਤੇ ਹੋਣ ਕਾਰਨ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇਈ-ਇਨ ਨੇ ਕਿਹਾ ਕਿ ਉਤਰੀ ਕੋਰੀਆ ਵੱਲੋਂ ਪਰਮਾਣੂ ਹਥਿਆਰਾਂ ਅਤੇ ਲੰਮੀ ਦੂਰੀ ਦੀਆਂ ਮਿਜ਼ਾਈਲਾਂ ਦੇ ਤਜਰਬੇ ਉਤੇ ਰੋਕ ਲਾਉਣ ਦਾ ਐਲਾਨ ਕਰਨਾ ਬਹੁਤ ਮਹੱਤਵਪੂਰਨ ਹੈ। ਪਿਛਲੇ ਸਾਲ ਉਤਰੀ ਕੋਰੀਆ ਨੇ ਆਪਣਾ ਛੇਵਾਂ ਪਰਮਾਣੂ ਧਮਾਕਾ ਕੀਤਾ ਸੀ ਜਿਹੜਾ ਹੁਣ ਤੱਕ ਦਾ ਸਭ ਤੋਂ ਸ਼ਕਤੀਸ਼ਾਲੀ ਸੀ ਅਤੇ ਮਿਜ਼ਾਈਲਾਂ ਦਾ ਤਜਰਬਾ ਕੀਤਾ ਸੀ ਜਿਹੜੀਆਂ ਅਮਰੀਕਾ ਦੇ ਸ਼ਹਿਰਾਂ ਤੱਕ ਮਾਰ ਕਰ ਸਕਦੀਆਂ ਹਨ। ਉਤਰੀ ਕੋਰੀਆ ਦੇ ਇਸ ਕਾਰਨਾਮਿਆਂ ਕਾਰਨ ਕਿਮ ਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਕ-ਦੂਸਰੇ ਉਤੇ ਨਿੱਜੀ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਅਤੇ ਜੰਗ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਸਨ।
__________________
ਭਾਰਤ-ਪਾਕਿ ਨੂੰ ਕੋਰੀਆਈ ਦੇਸ਼ਾਂ ਵਾਂਗ ਸੁਲ੍ਹਾ ਦੀ ਸਲਾਹ
ਇਸਲਾਮਾਬਾਦ: ਪਾਕਿਸਤਾਨੀ ਮੀਡੀਆ ਦੀ ਇਕ ਰਿਪੋਰਟ ‘ਚ ਕਿਹਾ ਗਿਆ ਹੈ ਕਿ ਭਾਰਤ ਤੇ ਪਾਕਿਸਤਾਨ ਨੂੰ ਵੀ ਉਤਰ ਤੇ ਦੱਖਣੀ ਕੋਰੀਆ ਦੇਸ਼ਾਂ ਵਾਂਗ ਆਪਣੇ ਮਤਭੇਦਾਂ ਨੂੰ ਸ਼ਾਂਤੀ ਨਾਲ ਸੁਲਝਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਜੋ ਖੇਤਰ ਵਿਚ ਸ਼ਾਂਤੀ ਤੇ ਸਥਿਰਤਾ ਦੀ ਬਹਾਲੀ ਹੋ ਸਕੇ। ਡਾਨ ਨਿਊਜ਼ ਦੀ ਸੰਪਾਦਕੀ ‘ਚ ਕੋਰੀਆਈ ਦੇਸ਼ਾਂ ਦੇ ਰਾਸ਼ਟਰਪਤੀਆਂ ਵੱਲੋਂ ਸਥਾਈ ਸ਼ਾਂਤੀ ਦੀ ਬਹਾਲੀ ਲਈ ਕੀਤੀ ਜਾ ਰਹੀ ਕੋਸ਼ਿਸ਼ ਦਾ ਹਵਾਲਾ ਦਿੰਦਿਆਂ ਕਿਹਾ ਗਿਆ ਹੈ ਕਿ ਅਜਿਹੀ ਕੋਸ਼ਿਸ਼ ਦੱਖਣੀ ਏਸ਼ੀਆਈ ਦੇਸ਼ ਪਾਕਿਸਤਾਨ ਤੇ ਭਾਰਤ ਨੂੰ ਵੀ ਕਰਨੀ ਚਾਹੀਦੀ ਹੈ।