ਪੰਜਾਬੀ ਰੰਗਮੰਚ ਦੀ ਸ਼ਾਹ ਅਸਵਾਰ ਮਦੀਹਾ ਗੌਹਰ

ਲਹਿੰਦੇ ਪੰਜਾਬ ਦੀ ਰੰਗਮੰਚ ਸ਼ਖਸੀਅਤ ਮਦੀਹਾ ਗੌਹਰ (21 ਸਤੰਬਰ-25 ਅਪਰੈਲ 2018) ਨੇ ਆਪਣੇ ਨਾਟਕਾਂ ਰਾਹੀਂ ਦੋਹਾਂ ਪੰਜਾਬਾਂ ਦੇ ਜਿਊੜਿਆਂ ਦੇ ਦਿਲਾਂ ਅੰਦਰ ਆਪਣੀ ਥਾਂ ਬਣਾਈ। ਉਸ ਵੱਲੋਂ ਨਾਟਕ ਖਾਤਰ 1983 ਵਿਚ ਕਾਇਮ ਕੀਤਾ ਥੀਏਟਰ ਗਰੁੱਪ ‘ਅਜੋਕਾ ਥੀਏਟਰ’ ਵੱਖ ਵੱਖ ਮਸਲਿਆਂ ਨੂੰ ਆਪਣੇ ਢੰਗ ਨਾਲ ਉਭਾਰਦਾ ਰਿਹਾ ਹੈ। ਇਨ੍ਹਾਂ ਨਾਟਕਾਂ ਕਰ ਕੇ ਉਸ ਨੂੰ ਅਵਾਮ ਦਾ ਪਿਆਰ ਮਿਲਿਆ।

ਇਸ ਲੇਖ ਵਿਚ ਕੁਲਦੀਪ ਸਿੰਘ ਦੀਪ ਨੇ ਉਨ੍ਹਾਂ ਦੇ ਯੋਗਦਾਨ ਬਾਰੇ ਚਰਚਾ ਕੀਤੀ ਹੈ। -ਸੰਪਾਦਕ

ਕੁਲਦੀਪ ਸਿੰਘ ਦੀਪ

ਇਹ ਸਾਡੇ ਦੌਰ ਦੀ ਕਿਹੋ ਜਿਹੀ ਬਦਕਿਸਮਤੀ ਅਤੇ ਕਿਹੋ ਜਿਹਾ ਇਤਫਾਕ ਹੈ ਕਿ ਅਜਮੇਰ ਸਿੰਘ ਔਲਖ ਜੋ ਸਾਰੀ ਉਮਰ ਆਪਣੇ ਨਾਟਕ ਤੇ ਰੰਗਮੰਚ ਰਾਹੀਂ ਦੱਬੇ-ਕੁਚਲੇ ਲੋਕਾਂ ਦੀ ਜ਼ੁਬਾਨ ਬਣਿਆ, ਨਿਮਨ ਕਿਸਾਨੀ ਦੇ ਹਰ ਮਸਲੇ ਨੂੰ ਮੰਚ ਉਪਰ ਪੇਸ਼ ਕੀਤਾ ਅਤੇ ਲੋਕ ਪੀੜ ਦਾ ਤਰਜਮਾਨ ਬਣਿਆ, ਪਰ ਖੁਦ ਕੈਂਸਰ ਨਾਲ ਤਕਰੀਬਨ ਇਕ ਦਹਾਕਾ ਜੂਝਦਾ ਆਖਰ ਸਾਨੂੰ ਅਲਵਿਦਾ ਕਹਿ ਗਿਆ… ਉਸੇ ਰਾਹ ‘ਤੇ ਤੁਰਦੀ ਅਜੋਕਾ ਥੀਏਟਰ ਗਰੁੱਪ ਲਾਹੌਰ ਦੀ ਬਾਨੀ ਮਦੀਹਾ ਗੌਹਰ ਤਿੰਨ ਸਾਲ ਕੈਂਸਰ ਨਾਲ ਜੂਝਦੀ ਹੋਈ ਮਹਿਜ਼ 61 ਸਾਲ ਦੀ ਉਮਰ ਵਿਚ ਸਦੀਵੀ ਵਿਛੋੜਾ ਦੇ ਗਈ। ਉਸ ਨੇ ਪਾਕਿਸਤਾਨ ਵਿਚ ਰਹਿੰਦਿਆਂ ਪੰਜਾਬੀ ਰੰਗਮੰਚ ਨੂੰ ਸੰਸਾਰ ਪੱਧਰੀ ਮੁਕਾਮ ‘ਤੇ ਪਹੁੰਚਾ ਕੇ ਰੰਗਮੰਚ ਦੇ ਖੇਤਰ ਵਿਚ ਵੀ ਅਤੇ ਮਨੁੱਖੀ ਹੱਕਾਂ ਦੇ ਖੇਤਰ ਵਿਚ ਵੱਡਾ ਕਾਰਜ ਕੀਤਾ।
ਮਦੀਹਾ ਗੌਹਰ ਆਪਣੇ ਨਾਟਕਕਾਰ ਪਤੀ ਸ਼ਾਹਿਦ ਨਦੀਮ ਅਤੇ ਰੰਗਕਰਮੀ ਪੁੱਤਰਾਂ ਸਾਰੰਗ ਤੇ ਨਿਰਵਾਣ ਨਾਲ ਮਿਲ ਕੇ ਲੋਕ ਹੱਕਾਂ ਦੀ ਜ਼ੁਬਾਨ ਬਣੀ। ਪਾਕਿਸਤਾਨ ਵਰਗੇ ਮੁਲਕ, ਜਿਥੇ ਅਦੀਬਾਂ ਨੂੰ ਬੋਲਣ ਲੱਗਿਆਂ ਅਕਸਰ ਪ੍ਰਤੀਕਾਂ ਰਾਹੀਂ ਆਪਣੀ ਗੱਲ ਕਰਨੀ ਪੈਂਦੀ ਹੈ, ਉਸ ਮੁਲਕ ਵਿਚ ਆਪਣੇ ਬੁਲੰਦ ਹੌਸਲੇ ਨਾਲ ਆਪਣੀਆਂ ਨਾਟਕੀ ਅਤੇ ਰੰਗਮੰਚੀ ਸਰਗਰਮੀਆਂ ਦਾ ਆਗਾਜ਼ ਕੀਤਾ ਅਤੇ ਇਕ ਪਾਸੇ ਨਾਰੀ ਹੱਕਾਂ ਦਾ ਮੁੱਦਾ ਏਜੰਡੇ ‘ਤੇ ਲਿਆਂਦਾ; ਦੂਜੇ ਪਾਸੇ ਜਨੂੰਨਵਾਦ, ਮੂਲਵਾਦ ਤੇ ਫਿਰਕਾਪ੍ਰਸਤੀ ਦੇ ਖਿਲਾਫ ਹੋਕਾ ਦਿੱਤਾ; ਤੀਜੇ ਪਾਸੇ ਰੰਗਮੰਚੀ ਸਰਗਰਮੀਆਂ ਰਾਹੀਂ ਦੋਹਾਂ ਪੰਜਾਬਾਂ ਦੀ ਸਾਂਝ ਨੂੰ ਮਜ਼ਬੂਤ ਕਰਨ ਵਿਚ ਵੱਡੀ ਭੂਮਿਕਾ ਅਦਾ ਕੀਤੀ। ਉਸ ਨੇ ਆਪਣੇ ਪਤੀ ਨਾਲ ਮਿਲ ਕੇ ਆਪਣੀਆਂ ਨਾਟ-ਮੰਚੀ ਪੇਸ਼ਕਾਰੀਆਂ ਲਈ ਉਨ੍ਹਾਂ ਨਾਇਕਾਂ ਨੂੰ ਚੁਣਿਆ, ਜੋ ਇੱਕੋ ਵੇਲੇ ਦੋਹਾਂ ਪੰਜਾਬਾਂ ਵਿਚ ਬਰਾਬਰ ਮਾਨਤਾ ਵੀ ਰੱਖਦੇ ਸਨ ਅਤੇ ਜਿਨ੍ਹਾਂ ਨੇ ਆਪਣੇ-ਆਪਣੇ ਦੌਰ ਵਿਚ ਆਪੋ-ਆਪਣੇ ਤਰੀਕਿਆਂ ਨਾਲ ਸੱਤਾ ਦੇ ਜ਼ੁਲਮ-ਸਿਤਮ ਨਾਲ ਟੱਕਰ ਵੀ ਲਈ ਅਤੇ ਮਨੁੱਖੀ ਹੱਕਾਂ ਦੀ ਆਵਾਜ਼ ਬੁਲੰਦ ਕੀਤੀ। ਇਸ ਦੀ ਮਿਸਾਲ ਉਸ ਦਾ ਸਭ ਤੋਂ ਵੱਧ ਚਰਚਿਤ ਨਾਟਕ ‘ਬੁੱਲ੍ਹਾ’ ਸੀ। ਜੇ ਬੁੱਲ੍ਹਾ ਆਪਣੇ ਦੌਰ ਦੇ ਧਾਰਮਿਕ ਮੂਲਵਾਦ ਅਤੇ ਪਾਖੰਡਵਾਦ ਦੇ ਖਿਲਾਫ ਮਨੁੱਖਤਾ ਦੀ ਆਵਾਜ਼ ਬਣਿਆ ਤਾਂ ਅੱਜ ਦੇ ਦੌਰ ਵਿਚ ‘ਬੁੱਲ੍ਹਾ’ ਨਾਟਕ ਦੇ ਰੂਪ ਵਿਚ ਮਦੀਹਾ ਗੌਹਰ ਦੇ ‘ਅਜੋਕਾ ਥੀਏਟਰ’ ਦੀ ਆਵਾਜ਼ ਵੀ ਬਣਿਆ ਅਤੇ ਪਛਾਣ ਵੀ ਬਣਿਆ। ਇਹ ਨਾਟਕ ਸਿਰਫ਼ ਆਪਣੇ ਕਿਰਦਾਰ ਕਰ ਕੇ ਹੀ ਚਰਚਿਤ ਨਹੀਂ ਰਿਹਾ, ਬਲਕਿ ਇਸ ਦੀ ਪੇਸ਼ਕਾਰੀ ਨੇ ਵੀ ਪਾਕਿਸਤਾਨੀ ਰੰਗਮੰਚ ਨੂੰ ਨਵੀਆਂ ਬੁਲੰਦੀਆਂ ਦਿੱਤੀਆਂ।
ਇਸੇ ਤਰ੍ਹਾਂ ਮਦੀਹਾ ਗੌਹਰ ਨੇ ਦੋਹਾਂ ਪੰਜਾਬਾਂ ਦੇ ਸਾਂਝੇ ਨਾਇਕ ਭਗਤ ਸਿੰਘ ਨੂੰ ਆਧਾਰ ਬਣਾ ਕੇ ‘ਮੇਰਾ ਰੰਗ ਦੇ ਬਸੰਤੀ ਚੋਲਾ’ ਨਾਟਕ ਕੀਤਾ, ਜਿਸ ਨੂੰ ਪਾਕਿਸਤਾਨ ਦੇ ਨਾਲ-ਨਾਲ ਭਾਰਤ ਵਿਚ ਵੀ ਖੇਡਿਆ ਗਿਆ। ਇਸੇ ਦਿਸ਼ਾ ਵਿਚ ਤੀਸਰਾ ਨਾਟਕ ਦਾਰਾ ਸ਼ਿਕੋਹ ਦੇ ਜੀਵਨ ਉਪਰ ਆਧਾਰਤ ਨਾਟਕ ‘ਦਾਰਾ’ ਸੀ। ਉਸ ਨੇ ਪਾਕਿਸਤਾਨ ਵਿਚ 1947 ਦੀ ਵੰਡ ‘ਤੇ ਆਧਾਰਤ ਨਾਟਕ ‘ਅੰਨ੍ਹੀ ਮਾਂ ਦਾ ਸੁਫਨਾ’ ਦੀ ਪੇਸ਼ਕਾਰੀ ਕੀਤੀ ਜਿਸ ਉਪਰ ਸਮੇਂ ਦੇ ਹੁਕਮਰਾਨਾਂ ਨੇ ਪਾਬੰਦੀਆਂ ਆਇਦ ਕੀਤੀਆਂ। ਇਸੇ ਤਰ੍ਹਾਂ ‘ਕਬੀਰਾ ਖੜ੍ਹਾ ਬਾਜ਼ਾਰ ਮੇਂ’ ਨਾਟਕ ਉਪਰ ਵੀ ਪਾਕਿਸਤਾਨ ਨੈਸ਼ਨਲ ਕੌਂਸਲ ਆਫ਼ ਆਰਟਸ ਨੇ ਇਹ ਕਹਿ ਕੇ ਇਸ ਦੇ ਪ੍ਰਦਰਸ਼ਨ ਉਪਰ ਰੋਕ ਲਗਾਈ ਕਿ ਇਹ ਨਾਟਕ ਸਮਾਜ ਵਿਚ ਅਸਹਿਣਸ਼ੀਲਤਾ ਫ਼ੇਲਾਏਗਾ, ਬਾਅਦ ਵਿਚ ਭਾਵੇਂ ਇਸ ਨਾਟਕ ਨੂੰ ਖੇਡਣ ਦੀ ਆਗਿਆ ਦੇ ਦਿੱਤੀ ਗਈ ਸੀ। ਇਸੇ ਤਰ੍ਹਾਂ ਉਸ ਦੇ ਇਕ ਹੋਰ ਨਾਟਕ ‘ਲੋ ਫਿਰ ਬਸੰਤ ਆਈ’ ਲਈ ਸੱਤਾ ਵਲੋਂ ਰੋਕਾਂ ਖੜ੍ਹੀਆਂ ਕੀਤੀਆਂ ਗਈਆਂ। ਉਸ ਦਾ ਨਾਰੀ ਚੇਤਨਾ ਆਧਾਰਤ ਨਾਟਕ ‘ਬੁਰਕਾ ਵਗੈਂਜਾ’ ਵੀ ਔਰਤ ਨੂੰ ਪਰਦੇ ਵਿਚ ਰੱਖਣ ਦੇ ਪਿਛਾਂਹ-ਖਿੱਚੂ ਨਜ਼ਰੀਏ ‘ਤੇ ਕਰਾਰੀ ਚੋਟ ਕਰਦਾ ਹੈ।
ਇਨ੍ਹਾਂ ਤੋਂ ਇਲਾਵਾ ਮਦੀਹਾ ਗੌਹਰ ਦੀ ਨਿਰਦੇਸ਼ਨਾ ਹੇਠ ਖੇਡੇ ਗਏ ਹੋਰ ਚਰਚਿਤ ਨਾਟਕਾਂ ਵਿਚ ‘ਟੋਭਾ ਟੇਕ ਸਿੰਘ’, ‘ਕੌਨ ਹੈ ਯੇ ਗੁਸਤਾਖ’, ‘ਏਕ ਥੀ ਨਾਨੀ’ ਆਦਿ ਮੁੱਖ ਹਨ। ਉਸ ਨੇ ਪਾਕਿਸਤਾਨ ਅਤੇ ਭਾਰਤ ਦੇ ਨਾਲ-ਨਾਲ, ਬੰਗਲਾਦੇਸ਼, ਨੇਪਾਲ, ਸ੍ਰੀਲੰਕਾ, ਉਮਾਨ, ਇਰਾਨ, ਯੂਨਾਨ, ਹਾਂਗਕਾਂਗ, ਅਮਰੀਕਾ, ਇੰਗਲੈਂਡ, ਨਾਰਵੇ ਆਦਿ ਮੁਲਕਾਂ ਵਿਚ ਵੀ ਨਾਟਕ ਅਤੇ ਰੰਗਮੰਚ ਕੀਤਾ। ਉਸ ਨੂੰ ਸਮਾਜਿਕ ਤਬਦੀਲੀ ਦੀ ਮੁਹਿੰਮ ਲਈ ਥੀਏਟਰ ਕਰਨ ਲਈ ਪ੍ਰਿੰਸ ਕਲੌਜ ਐਵਾਰਡ ਵਰਗਾ ਵੱਕਾਰੀ ਐਵਾਰਡ ਮਿਲਿਆ ਅਤੇ ਉਸ ਦਾ ਨਾਂ 2005 ਵਿਚ ਨੋਬੇਲ ਪੁਰਸਕਾਰ ਲਈ ਵੀ ਨਾਮਜ਼ਦ ਹੋਇਆ। ਉਸ ਨੇ ਉਸ ਦੌਰ ਵਿਚ ਪਾਕਿਸਤਾਨ ਵਿਚ ਰੰਗਮੰਚ ਕੀਤਾ, ਜਦ ਅਤਿਵਾਦੀ ਜਥੇਬੰਦੀਆਂ ਅਮਨ-ਸ਼ਾਂਤੀ ਦੀ ਗੱਲ ਕਰਨ ਵਾਲੇ ਕਿਸੇ ਵੀ ਸੰਗਠਨ ਜਾਂ ਵਿਅਕਤੀ ਦਾ ਮੂੰਹ ਬੰਦ ਕਰਨ ਲਈ ਕਿਸੇ ਵੀ ਹੱਦ ਤਕ ਜਾ ਸਕਦੀਆਂ ਹਨ; ਜਦ ਭਾਰਤ-ਪਾਕਿਸਤਾਨ ਦੇ ਸਬੰਧ ਇਸ ਸਦੀ ਦੇ ਸਭ ਤੋਂ ਵੱਧ ਬੁਰੇ ਦੌਰ ਵਿਚ ਹਨ; ਜਦ ਨਾਟਕ ਲਿਖਣਾ ਤੇ ਖੇਡਣਾ ਆਪਣੀ ਜਾਨ ਤਲੀ ‘ਤੇ ਧਰਨ ਦੇ ਤੁਲ ਮੰਨਿਆ ਜਾਂਦਾ ਹੈ। ਉਹ ਜਾਤ ਅਤੇ ਮਜ਼ਹਬ ਦੇ ਤੁਅੱਸਬਾਂ ਤੋਂ ਮੁਕਤ ਤੰਦਰੁਸਤ ਸਮਾਜ ਦਾ ਹੋਕਾ ਦਿੰਦੀ ਹੋਈ ਸਪਸ਼ਟ ਕਹਿੰਦੀ ਹੈ: “ਮੇਰੇ ਦੇਸ਼ ਲਈ ਮੇਰਾ ਦਰਸ਼ਨ ਉਦਾਰਵਾਦੀ, ਪ੍ਰਗਤੀਸ਼ੀਲ, ਜੀਵੰਤ ਅਤੇ ਸਹਿਣਸ਼ੀਲ ਸਮਾਜ ਹੈ ਜੋ ਮੂਲਵਾਦ ਅਤੇ ਨਫ਼ਰਤ ਤੋਂ ਪੂਰੀ ਤਰ੍ਹਾਂ ਮੁਕਤ ਹੈ। ਸਾਖਰਤਾ, ਆਰਥਿਕ ਬੁਲੰਦੀ ਅਤੇ ਕਲਾਵਾਂ ਦੀ ਕਾਮਯਾਬੀ ਲਈ ਰਾਹ ਬਣਾਉਣ ਲਈ ਰੱਖਿਆ ਖਰਚ ਨੂੰ ਘਟਾਉਣਾ ਚਾਹੀਦਾ ਹੈ। ਜਿਹੜੇ ਲੋਕ ਨਫ਼ਰਤ ਦੀ ਲਹਿਰ ਦਾ ਪ੍ਰਚਾਰ-ਪ੍ਰਸਾਰ ਕਰ ਰਹੇ ਹਨ, ਉਨ੍ਹਾਂ ਨੂੰ ਅਰਬ ਸਾਗਰ ਵਿਚ ਸੁੱਟ ਦੇਣਾ ਚਾਹੀਦਾ ਹੈ”।
21 ਸਤੰਬਰ 1956 ਵਿਚ ਕਰਾਚੀ ਵਿਚ ਜਨਮੀ ਮਦੀਹਾ ਅੰਗਰੇਜ਼ੀ ਸਾਹਿਤ ਵਿਚ ਮਾਸਟਰਜ਼ ਡਿਗਰੀ ਕਰਨ ਉਪਰੰਤ ਇੰਗਲੈਂਡ ਚਲੀ ਗਈ, ਜਿਥੇ ਉਸ ਨੇ ਯੂਨੀਵਰਸਿਟੀ ਆਫ਼ ਲੰਡਨ ਤੋਂ ਥੀਏਟਰ ਸਾਇੰਸ ਵਿਚ ਦੂਜੀ ਮਾਸਟਰ ਡਿਗਰੀ ਪ੍ਰਾਪਤ ਕੀਤੀ ਅਤੇ 1983 ਵਿਚ ਆਪਣੀ ਪੜ੍ਹਾਈ ਪੂਰੀ ਕਰਨ ਉਪਰੰਤ ਉਹ ਲਾਹੌਰ ਪਰਤੀ ਅਤੇ ਆਪਣੇ ਪਤੀ ਸ਼ਾਹਿਦ ਨਦੀਮ ਨਾਲ ਮਿਲ ਕੇ ਅਜੋਕਾ ਥੀਏਟਰ ਦੀ ਬੁਨਿਆਦੀ ਰੱਖੀ। ਇਸ ਤਰ੍ਹਾਂ ਇਕ ਪਾਸੇ ਉਸ ਦੇ ਪਤੀ ਰਾਹੀਂ ਨਾਟਕਕਾਰੀ ਦੇ ਖੇਤਰ ਵਿਚ ਵੱਡਾ ਕੰਮ ਹੋਇਆ, ਉਥੇ ਮਦੀਹਾ ਦੁਆਰਾ ਇਹਨਾਂ ਨਾਟਕਾਂ ਦੀ ਪੇਸ਼ਕਾਰੀ ਦੇ ਰੂਪ ਵਿਚ ਰੰਗਮੰਚ ਦੇ ਖੇਤਰ ਵਿਚ ਵੀ ਇਤਿਹਾਸਕ ਕਾਰਜ ਹੋਇਆ। ਇਸ ਤੋਂ ਵੀ ਵੱਡੀ ਗੱਲ ਇਹ ਸੀ ਕਿ ਉਸ ਨੇ ਪੰਜਾਬ ਦੇ ਪ੍ਰਸਿਧ ਨਾਟਕ ਨਿਰਦੇਸ਼ਕ ਕੇਵਲ ਧਾਲੀਵਾਲ ਨਾਲ ਮਿਲ ਕੇ ਦੋਹਾਂ ਪੰਜਾਬ ਵਿਚ ਸਾਂਝੇ ਰੂਪ ਵਿਚ ਨਾਟ ਮੇਲੇ ਕਰਵਾਏ, ਜਿਸ ਦੇ ਤਹਿਤ ਇਧਰਲੇ ਪੰਜਾਬ ਵਿਚ ਉਸ ਦੇ ਨਾਟਕਾਂ ਦੀਆਂ ਪੇਸ਼ਕਾਰੀਆਂ ਹੋਈਆਂ ਅਤੇ ਉਧਰਲੇ ਪੰਜਾਬ ਵਿਚ ਭਾਰਤੀ ਪੰਜਾਬ ਦੀਆਂ ਟੀਮਾਂ ਨੇ ਨਾਟਕ ਪੇਸ਼ਕਾਰੀ ਕੀਤੀਆਂ। ਇਉਂ ਉਸ ਦੇ ਯਤਨਾਂ ਰਾਹੀਂ ਪੰਜਾਬੀ ਨਾਟਕ ਅਤੇ ਰੰਗਮੰਚ ਨੇ ਦੋਹਾਂ ਦੇਸ਼ਾਂ ਅਤੇ ਦੋਹਾਂ ਪੰਜਾਬਾਂ ਵਿਚਕਾਰ ਸਭਿਆਚਾਰਕ ਅਤੇ ਸਾਹਿਤਕ ਪੁਲ ਦੀ ਭੂਮਿਕਾ ਨਿਭਾਈ। ਅਜਿਹੀ ਸ਼ਖ਼ਸੀਅਤ ਦਾ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਰਾਹੀਂ ਸਾਡੇ ਕੋਲੋਂ ਸਦਾ ਲਈ ਵਿੱਛੜ ਜਾਣਾ ਸਾਡੇ ਵਿਕਾਸ ਦੇ ਮਾਡਲ ‘ਤੇ ਵੱਡੇ ਪ੍ਰਸ਼ਨ ਚਿੰਨ੍ਹ ਖੜ੍ਹੇ ਕਰਦਾ ਹੈ, ਅਜਿਹੇ ਪ੍ਰਸ਼ਨ ਚਿੰਨ੍ਹ ਜਿਨ੍ਹਾਂ ਦੇ ਜੁਆਬ ਸਾਨੂੰ ਦੇਣੇ ਹੀ ਪੈਣੇ ਹਨ, ਨਹੀਂ ਤਾਂ ਭਵਿਖ ਸਾਨੂੰ ਗੁਨਾਹਗਾਰ ਸਾਬਿਤ ਕਰੇਗਾ। ਆਓ, ਮਦੀਹਾ ਗੌਹਰ ਨੂੰ ਯਾਦ ਕਰਦੇ ਹੋਏ ਉਸ ਦੀ ਆਵਾਜ਼ ਨੂੰ ਬੁਲੰਦ ਰੱਖੀਏ।