ਦਲੀਪ ਕੌਰ ਟਿਵਾਣਾ
ਦਫਤਰ ਵਿਚ ਮੇਰਾ ਕਮਰਾ ਤੇ ਤੇਰਾ ਕਮਰਾ ਨਾਲੋ-ਨਾਲ ਹਨ। ਫਿਰ ਵੀ ਨਾ ਇਹ ਕਮਰਾ ਉਸ ਵੱਲ ਜਾ ਸਕਦਾ ਹੈ ਤੇ ਨਾ ਉਹ ਕਮਰਾ ਇਸ ਵੱਲ ਆ ਸਕਦਾ ਹੈ। ਦੋਹਾਂ ਦੀ ਆਪਣੀ ਆਪਣੀ ਸੀਮਾ ਹੈ। ਦੋਹਾਂ ਦੇ ਵਿਚਕਾਰ ਇਕ ਦੀਵਾਰ ਹੈ। ਦੀਵਾਰ ਬੜੀ ਪਤਲੀ ਜਿਹੀ ਹੈ। ਭੁੱਲ ਭੁਲੇਖੇ ਵੀ ਜੇ ਉਧਰ ਤੇਰਾ ਹੱਥ ਵਜਦਾ ਹੈ ਤਾਂ ਆਵਾਜ਼ ਮੇਰੇ ਕਮਰੇ ਵਿਚ ਪਹੁੰਚ ਜਾਂਦੀ ਹੈ।
ਇਕ ਦਿਨ ਖਬਰੇ ਕੋਈ ਇਸ ਦੀਵਾਰ ਵਿਚ ਤੇਰੇ ਵਾਲੇ ਪਾਸੇ ਕਿੱਲ ਗੱਡ ਰਿਹਾ ਸੀ, ਮੇਰੇ ਕਮਰੇ ਦੀਆਂ ਸਾਰੀਆਂ ਦੀਵਾਰਾਂ ਧਮਕ ਰਹੀਆਂ ਸਨ। ਮੈਂ ਉਠ ਕੇ ਬਾਹਰ ਗਈ ਕਿ ਦੇਖਾਂ, ਪਰ ਤੇਰੇ ਕਮਰੇ ਦੇ ਬੂਹੇ ਉਤੇ ਭਾਰੀ ਪਰਦਾ ਲਟਕ ਰਿਹਾ ਸੀ। ਮੈਂ ਪਰਤ ਆਈ। ਅੱਜ ਕਲ੍ਹ ਲੋਕੀਂ ਆਮ ਹੀ ਬੂਹੇ ਬਾਰੀਆਂ ਉਤੇ ਭਾਰੇ ਪਰਦੇ ਲਾਈ ਰਖਦੇ ਹਨ, ਤਾਂ ਜੋ ਬਾਹਰੋਂ ਕਿਸੇ ਨੂੰ ਕੁਝ ਨਾ ਦਿੱਸੇ। ਪਰਦਾ ਤਾਂ ਮੇਰੇ ਕਮਰੇ ਦੇ ਬੂਹੇ ਅੱਗੇ ਵੀ ਹੈ, ਮੈਨੂੰ ਖਿਆਲ ਆਇਆ।
ਕਦੇ ਕਦੇ ਜਦੋਂ ਕਿਸੇ ਗੱਲੋਂ ਤੂੰ ਚਪੜਾਸੀ ਨਾਲ ਉਚਾ ਬੋਲਦਾ ਹੈਂ, ਮੈਂ ਕੰਮ ਕਰਦੀ ਕਰਦੀ ਕਲਮ ਰੱਖ ਕੇ ਬੈਠ ਜਾਂਦੀ ਹਾਂ। ਮੇਰਾ ਮਨ ਕਰਦਾ ਹੈ ਤੈਨੂੰ ਪੁੱਛਾਂ, “ਕੀ ਗੱਲ ਹੋਈ?” ਪਰ ਫਿਰ ਖਿਆਲ ਆਉਂਦਾ ਹੈ, ਤੈਨੂੰ ਸ਼ਾਇਦ ਇਹ ਚੰਗਾ ਨਾ ਲੱਗੇ ਕਿ ਜਦੋਂ ਤੂੰ ਚਪੜਾਸੀ ਨਾਲ ਉਚਾ ਬੋਲ ਰਿਹਾ ਸੈਂ ਤਾਂ ਮੈਂ ਸੁਣ ਰਹੀ ਸਾਂ। ਤੈਨੂੰ ਤਾਂ ਇਸ ਗੱਲ ਦਾ ਖਿਆਲ ਵੀ ਨਹੀਂ ਰਹਿੰਦਾ ਕਿ ਤੂੰ ਡੂੰਘਾ ਸਾਹ ਵੀ ਭਰੇਂ ਤਾਂ ਨਾਲ ਦੇ ਕਮਰੇ ਵਿਚ ਸੁਣ ਜਾਂਦਾ ਹੈ।
ਇਕ ਦਿਨ ਕੰਮ ਕਰਦਿਆਂ ਮੇਰੇ ਹੱਥੋਂ ਕਲਮ ਡਿੱਗ ਪਈ। ਨਿੱਬ ਵਿੰਗੀ ਹੋ ਗਈ। ਉਸ ਦਿਨ ਮੈਨੂੰ ਖਿਆਲ ਆਇਆ ਸੀ ਤੇਰੇ ਕਮਰੇ ਵਿਚੋਂ ਕੋਈ ਕਲਮ ਮੰਗਵਾ ਲਵਾਂ। ਪਰ ਇਸ ਡਰੋਂ ਕਿ ਖਬਰੇ ਤੂੰ ਆਖ ਭੇਜੇਂ ਕਿ ਮੇਰੇ ਕੋਲ ਵਾਧੂ ਕਲਮ ਨਹੀਂ, ਮੈਂ ਇਹ ਹੌਸਲਾ ਨਾ ਕਰ ਸਕੀ। ਬਹੁਤ ਵਾਰੀ ਇਓਂ ਹੀ ਹੁੰਦਾ ਹੈ ਕਿ ਅਸੀਂ ਆਪ ਹੀ ਸਵਾਲ ਕਰਦੇ ਹਾਂ ਤੇ ਆਪ ਹੀ ਉਸ ਦਾ ਜਵਾਬ ਦੇ ਲੈਂਦੇ ਹਾਂ।
ਕਦੇ ਕਦੇ ਮੈਂ ਸੋਚਦੀ ਹਾਂ ਕਿ ਜੇ ਭਲਾ ਦੋਹਾਂ ਕਮਰਿਆਂ ਦੇ ਵਿਚਕਾਰਲੀ ਇਹ ਦੀਵਾਰ ਟੁੱਟ ਜਾਵੇ। ਪਰ ਇਸ ਨਾਲ ਤੇਰਾ ਕਮਰਾ ਸਾਬਤ ਨਹੀਂ ਰਹਿ ਜਾਵੇਗਾ, ਮੇਰਾ ਕਮਰਾ ਵੀ ਸਾਬਤ ਨਹੀਂ ਰਹਿ ਜਾਵੇਗਾ। ਫਿਰ ਤਾਂ ਇਓਂ ਹੀ ਲਗਿਆ ਕਰੇਗਾ, ਜਿਵੇਂ ਖੁਲ੍ਹਾ ਸਾਰਾ, ਵੱਡਾ ਜਿਹਾ ਇਕੋ ਕਮਰਾ ਹੋਵੇ। ਪਰ ਇਓਂ ਕਰਨਾ ਸ਼ਾਇਦ ਠੀਕ ਨਾ ਹੋਵੇ। ਬਣਾਉਣ ਵਾਲੇ ਨੇ ਕੁਝ ਸੋਚ ਕੇ ਹੀ ਇਹ ਵਖੋ ਵਖ ਕਮਰੇ ਬਣਾਏ ਹੋਣੇ ਨੇ।
ਕਦੇ ਕਦੇ ਮੈਨੂੰ ਇਓਂ ਲਗਦਾ ਹੈ ਜਿਵੇਂ ਮੈਂ ਇਸ ਪੱਕੀ ਸੀਮਿੰਟ ਦੀਵਾਰ ਦੇ ਵਿਚੋਂ ਦੀ ਦੇਖ ਸਕਦੀ ਹਾਂ। ਤਦ ਹੀ ਤਾਂ ਮੈਨੂੰ ਪਤਾ ਲਗ ਜਾਂਦਾ ਹੈ ਕਿ ਅੱਜ ਤੂੰ ਕੰਮ ਨਹੀਂ ਕਰ ਰਿਹਾ। ਕਦੇ ਛੱਤ ਵਲ ਤੱਕਣ ਲਗ ਜਾਂਦਾ ਏਂ ਤੇ ਕਦੇ ਹੱਥ ਦੀਆਂ ਲਕੀਰਾਂ ਵਲ। ਕਦੇ ਫਾਈਲਾਂ ਖੋਲ੍ਹ ਲੈਂਦਾ ਏਂ। ਕਦੇ ਬੰਦ ਕਰ ਦੇਂਦਾ ਏਂ। ਕਦੇ ਬੂਟ ਲਾਹ ਲੈਂਦਾ ਏਂ ਤੇ ਕਦੇ ਪਾ ਲੈਂਦਾ ਏਂ।
ਕਦੇ ਕਦੇ ਤੂੰ ਬਹੁਤ ਖੁਸ਼ ਹੋ ਰਿਹਾ ਹੁੰਦਾ ਏਂ। ਉਦੋਂ ਮੇਜ਼ ਉਤੇ ਪਏ ਪੇਪਰ ਵੇਟ ਨੂੰ ਘੁਮਾਉਣ ਲਗ ਜਾਂਦਾ ਏਂ, ਹੌਲੀ ਹੌਲੀ ਸੀਟੀ ਮਾਰਦਾ ਏਂ। ਇਸ ਕੰਧ ਉਤੇ ਹੱਥ ਲਾ ਕੇ ਕੁਰਸੀ ਉਤੇ ਬੈਠਾ, ਧਰਤੀ ਉਤੋਂ ਪੈਰ ਚੁੱਕ ਲੈਂਦਾ ਏਂ, ਉਸ ਵੇਲੇ ਮੈਂ ਇਧਰ ਜ਼ਰਾ ਵੀ ਖੜਾਕ ਨਹੀਂ ਹੋਣ ਦੇਂਦੀ ਮਤਾਂ ਤੂੰ ਚੌਂਕ ਪਵੇਂ।
ਕਦੇ ਕਦੇ ਆਉਣ ਜਾਣ ਵੇਲੇ ਤੂੰ ਮੈਨੂੰ ਕਮਰੇ ਤੋਂ ਬਾਹਰ ਮਿਲ ਪੈਂਦਾ ਏਂ। “ਸੁਣਾਓ ਕੀ ਹਾਲ ਹੈ?” ਤੂੰ ਪੁੱਛਦਾ ਏਂ।
“ਠੀਕ ਹੈ,” ਮੈਂ ਜ਼ਰਾ ਕੁ ਹੱਸ ਕੇ ਆਖਦੀ ਹਾਂ। ਤੇ ਤੂੰ ਆਪਣੇ ਕਮਰੇ ਵਿਚ ਚਲਿਆ ਜਾਂਦਾ ਏਂ ਤੇ ਮੈਂ ਆਪਣੇ ਕਮਰੇ ਵਿਚ। ਨਾ ਉਹ ਕਮਰਾ ਇਧਰ ਆ ਸਕਦਾ ਹੈ, ਨਾ ਇਹ ਕਮਰਾ ਉਧਰ ਜਾ ਸਕਦਾ ਹੈ। ਦੋਹਾਂ ਦੀ ਆਪੋ-ਆਪਣੀ ਸੀਮਾ ਹੈ। ਦੋਹਾਂ ਦੇ ਵਿਚਕਾਰ ਇਕ ਦੀਵਾਰ ਹੈ।
ਇਕ ਦਿਨ ਮੇਰੇ ਕਮਰੇ ਵਿਚ ਚਲਦਾ ਚਲਦਾ ਪੱਖਾ ਬੰਦ ਹੋ ਗਿਆ। ਸ਼ਾਇਦ ਬਿਜਲੀ ਚਲੀ ਗਈ ਸੀ। ਕੁਝ ਮਿੰਟ ਮੈਂ ਉਡੀਕਦੀ ਰਹੀ। ਫਿਰ ਗਰਮੀ ਤੋਂ ਘਬਰਾ ਕਮਰੇ ਤੋਂ ਬਾਹਰ ਬਰਾਂਡੇ ਵਿਚ ਆ ਗਈ ਜੋ ਦੋਹਾਂ ਕਮਰਿਆਂ ਦੇ ਅੱਗੇ ਸਾਂਝਾ ਹੈ। ਮੈਨੂੰ ਪਤਾ ਸੀ, ਤੇਰੇ ਕਮਰੇ ਦਾ ਪੱਖਾ ਵੀ ਬੰਦ ਹੋ ਗਿਆ ਹੋਵੇਗਾ। ਫਿਰ ਵੀ ਮੈਂ ਜ਼ਰਾ ਕੁ ਤੇਰੇ ਕਮਰੇ ਅੰਦਰ ਝਾਕ ਕੇ ਪੁੱਛਿਆ, “ਤੁਹਾਡਾ ਪੱਖਾ ਚਲਦਾ ਹੈ?” ਮੇਰਾ ਭਾਵ ਸੀ ਜੇ ਨਹੀਂ ਚਲਦਾ ਤਾਂ ਤੂੰ ਵੀ ਸਾਂਝੇ ਬਰਾਂਡੇ ਆ ਜਾਵੇਂ। ਜਦੋਂ ਅੰਦਰ ਹੁੰਮਸ ਹੋਵੇ, ਪਲ ਦੋ ਪਲ ਲਈ ਬਾਹਰ ਆ ਜਾਣ ਵਿਚ ਕੋਈ ਹਰਜ ਨਹੀਂ ਹੁੰਦਾ।
“ਨਹੀਂ, ਪੱਖਾ ਤਾਂ ਨਹੀਂ ਚਲਦਾ, ਪਰ ਮੈਂ ਪਿਛਲੀ ਬਾਰੀ ਖੋਲ੍ਹ ਲਈ ਹੈ।” ਤੂੰ ਆਖਿਆ। ਪਰ ਮੈਨੂੰ ਖਬਰੇ ਪਿਛਲੀ ਬਾਰੀ ਦਾ ਖਿਆਲ ਹੀ ਨਹੀਂ ਸੀ ਆਇਆ, ਇਸੇ ਲਈ ਮੈਂ ਕਮਰੇ ਤੋਂ ਬਾਹਰ ਆ ਗਈ ਸੀ।
ਵਿਚਕਾਰ ਭਾਵੇਂ ਦੀਵਾਰ ਹੈ ਫਿਰ ਵੀ ਜਿਸ ਦਿਨ ਤੂੰ ਦਫਤਰ ਨਾ ਆਵੇਂ, ਆਪਣੇ ਕਮਰੇ ਵਿਚ ਨਾ ਬੈਠਾ ਹੋਵੇਂ, ਮੈਨੂੰ ਕੁਝ ਅਜੀਬ ਅਜੀਬ ਜਿਹਾ ਲਗਦਾ ਹੈ। ਉਸ ਦਿਨ ਮੈਂ ਕਈ ਵਾਰੀ ਘੜੀ ਦੇਖਦੀ ਹਾਂ। ਮੈਂ ਕਈ ਵਾਰੀ ਪਾਣੀ ਪੀਂਦੀ ਹਾਂ। ਲੋਕਾਂ ਨੂੰ ਟੈਲੀਫੋਨ ਕਰਦੀ ਰਹਿੰਦੀ ਹਾਂ। ਇਕੱਠਾ ਹੋਇਆ ਪਿਛਲਾ ਕੰਮ ਵੀ ਮੁਕਾ ਸੁਟਦੀ ਹਾਂ। ਅਜ ਸਾਹਬ ਨਹੀਂ ਆਏ? ਉਧਰੋਂ ਲੰਘਦੀ ਤੇਰੇ ਚਪੜਾਸੀ ਨੂੰ ਪੁਛਦੀ ਹਾਂ। ਫਿਰ ਉਹ ਆਪ ਹੀ ਦਸ ਦਿੰਦਾ ਹੈ ਕਿ ਸਾਹਬ ਬਾਹਰ ਗਏ ਹੋਏ ਹਨ, ਕਿ ਸਾਹਬ ਦੇ ਰਿਸ਼ਤੇਦਾਰ ਆਏ ਹੋਏ ਹਨ, ਕਿ ਸਾਹਬ ਦੀ ਤਬੀਅਤ ਠੀਕ ਨਹੀਂ, ਕਿ ਸਾਹਬ ਨੇ ਕਿੰਨੇ ਦਿਨ ਦੀ ਛੁੱਟੀ ਲਈ ਹੈ।
ਇਨ੍ਹਾਂ ਦਿਨਾਂ ਵਿਚ ਮੈਨੂੰ ਬੜੀਆਂ ਫਜ਼ੂਲ ਫਜ਼ੂਲ ਗੱਲਾਂ ਸੁਝਦੀਆਂ ਰਹਿੰਦੀਆਂ ਨੇ, ਕਿ ਅੱਜ ਤੋਂ ਸੌ ਸਾਲ ਪਹਿਲਾਂ ਇਸ ਕਮਰੇ ਵਿਚ ਕੌਣ ਬੈਠਦਾ ਹੋਵੇਗਾ? ਨਾਲ ਵਾਲੇ ਕਮਰੇ ਵਿਚ ਵੀ ਕੋਈ ਬੈਠਦਾ ਹੋਵੇਗਾ? ਅੱਜ ਤੋਂ ਸੌ ਸਾਲ ਨੂੰ ਇਸ ਕਮਰੇ ਵਿਚ ਕੌਣ ਬੈਠਾ ਹੋਵੇਗਾ? ਨਾਲ ਵਾਲੇ ਕਮਰੇ ਵਿਚ ਕੌਣ ਬੈਠਾ ਹੋਵੇਗਾ? ਬੰਦੇ ਮਰ ਕਾਹਤੋਂ ਜਾਂਦੇ ਨੇ? ਫੇਰ ਖਿਆਲ ਆਉਂਦਾ ਹੈ, ਬੰਦੇ ਪੈਦਾ ਕਾਹਤੋਂ ਹੁੰਦੇ ਨੇ? ਤੇ ਫਿਰ ਇਨ੍ਹਾਂ ਗੱਲਾਂ ਤੋਂ ਘਬਰਾ ਕੇ ਮੈਂ ਦਫਤਰ ਵਿਚ ਕੰਮ ਕਰਨ ਵਾਲੀਆਂ ਹੋਰਨਾਂ ਨੂੰ ਮਿਲਣ ਤੁਰੀ ਰਹਿੰਦੀ ਹਾਂ।
“ਆਏ ਨਹੀਂ ਇੰਨੇ ਦਿਨ?” ਪਤਾ ਹੋਣ ਦੇ ਬਾਵਜੂਦ ਮੈਂ ਤੈਨੂੰ ਪੁੱਛਦੀ ਹਾਂ।
“ਬੀਮਾਰ ਸੀ।” ਤੂੰ ਆਖਦਾ ਹੈਂ।
“ਹੁਣ ਤਾਂ ਠੀਕ ਹੋ?”
“ਹਾਂ ਠੀਕ ਹਾਂ, ਮਿਹਰਬਾਨੀ,” ਆਖ ਤੂੰ ਆਪਣੇ ਕਮਰੇ ਵਿਚ ਚਲਿਆ ਜਾਂਦਾ ਏਂ ਤੇ ਮੈਂ ਆਪਣੇ ਕਮਰੇ ਵਿਚ। ਤੂੰ ਆਪਣਾ ਕੰਮ ਕਰਨ ਲਗ ਜਾਂਦਾ ਏਂ ਤੇ ਮੈਂ ਆਪਣਾ।
ਇਕ ਵਾਰੀ ਮੈਂ ਕਈ ਦਿਨ ਛੁੱਟੀ ਉਤੇ ਰਹੀ।
“ਬੀਬੀ ਜੀ ਆ ਨਹੀਂ ਰਹੇ?” ਤੂੰ ਮੇਰੇ ਚਪੜਾਸੀ ਨੂੰ ਪੁੱਛਿਆ।
“ਉਹ ਜੀ ਬੀਮਾਰ ਨੇ।” ਉਸ ਨੇ ਦਸਿਆ।
“ਅੱਛਾ…ਅੱਛਾ…!” ਆਖ ਤੂੰ ਆਪਣੇ ਕਮਰੇ ਵਿਚ ਚਲਿਆ ਗਿਆ।
ਘਰ ਡਾਕ ਦੇਣ ਆਏ ਚਪੜਾਸੀ ਨੇ ਮੈਨੂੰ ਇਹ ਦਸਿਆ। ਅਗਲੇ ਦਿਨ ਜਦੋਂ ਬੁਖਾਰ ਜ਼ਰਾ ਘੱਟ ਸੀ, ਮੈਂ ਦਫਤਰ ਆ ਗਈ।
ਤੈਨੂੰ ਸ਼ਾਇਦ ਪਤਾ ਨਹੀਂ ਸੀ। ਉਸ ਦਿਨ ਤੂੰ ਦੋ ਤਿੰਨ ਵਾਰ ਚਪੜਾਸੀ ਨੂੰ ਡਾਂਟਿਆ। ਕਈ ਵਾਰ ਕਾਗਜ਼ ਪਾੜੇ, ਜਿਵੇਂ ਗਲਤ ਲਿਖਿਆ ਗਿਆ ਹੋਵੇ। ਇਕ ਦੋ ਮਿਲਣ ਆਇਆਂ ਨੂੰ ਵੀ ਕਹਾ ਭੇਜਿਆ ਕਿ ਕਿਸੇ ਦਿਨ ਫਿਰ ਆਉਣਾ।
ਕਿਸੇ ਕੰਮ ਤੂੰ ਕਮਰੇ ਤੋਂ ਬਾਹਰ ਗਿਆ। ਮੈਂ ਵੀ ਕਿਸੇ ਕੰਮ ਬਾਹਰ ਨਿਕਲੀ।
“ਆਏ ਨਹੀਂ ਕਈ ਦਿਨ?” ਤੂੰ ਜਾਣਦਿਆਂ ਹੋਇਆਂ ਵੀ ਪੁਛਿਆ।
“ਬੀਮਾਰ ਸੀ।”
“ਹੁਣ ਤਾਂ ਠੀਕ ਹੋ?”
“ਹਾਂ ਠੀਕ ਹਾਂ, ਮਿਹਰਬਾਨੀ,” ਆਖ ਮੈਂ ਆਪਣੇ ਕਮਰੇ ਵਿਚ ਚਲੀ ਗਈ ਤੇ ਤੂੰ ਆਪਣੇ ਕਮਰੇ ਵਿਚ। ਨਾ ਇਹ ਕਮਰਾ ਉਧਰ ਜਾ ਸਕਦਾ ਹੈ, ਨਾ ਉਹ ਕਮਰਾ ਇਧਰ ਆ ਸਕਦਾ ਹੈ। ਦੋਹਾਂ ਦੀ ਆਪਣੀ ਆਪਣੀ ਸੀਮਾ ਹੈ। ਦੋਹਾਂ ਵਿਚਕਾਰ ਇਕ ਦੀਵਾਰ ਹੈ। ਇਕ ਕਮਰਾ ਤੇਰਾ ਹੈ, ਇਕ ਕਮਰਾ ਮੇਰਾ ਹੈ। ਫਿਰ ਵੀ ਮੈਂ ਸੋਚਦੀ ਹਾਂ ਕਿ ਏਨਾ ਵੀ ਕੀ ਘੱਟ ਹੈ ਕਿ ਦੋਨੋਂ ਕਮਰੇ ਨਾਲੋ-ਨਾਲ ਹਨ, ਵਿਚਕਾਰ ਸਿਰਫ ਇਕ ਦੀਵਾਰ ਹੀ ਤਾਂ ਹੈ।