-ਜਤਿੰਦਰ ਪਨੂੰ
ਪੰਜਾਬ ਦੀ ਸਾਢੇ ਤੇਰਾਂ ਮਹੀਨੇ ਪੁਰਾਣੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਇੱਕ ਹੋਰ ਪਰਖ ਦਾ ਸਾਹਮਣਾ ਕਰਨ ਵਾਲੀ ਹੈ। ਉਸ ਦੇ ਅੱਜ ਤੱਕ ਦੇ ਕੀਤੇ-ਕੱਤਰੇ ਦੀ ਅਸਲੀ ਪਰਖ ਹੀ ਇਥੇ ਹੋਣੀ ਹੈ। ਜਲੰਧਰ ਜਿਲ੍ਹੇ ਦੇ ਸ਼ਾਹਕੋਟ ਹਲਕੇ ਤੋਂ ਪੰਜ ਵਾਰ ਦੇ ਅਕਾਲੀ ਵਿਧਾਇਕ ਤੇ ਤਿੰਨ ਵਾਰੀ ਪੰਜਾਬ ਦਾ ਮੰਤਰੀ ਰਹਿ ਚੁਕੇ ਅਜੀਤ ਸਿੰਘ ਕੋਹਾੜ ਦੀ ਮੌਤ ਨਾਲ ਖਾਲੀ ਹੋਈ ਇਸ ਸੀਟ ਦੀ ਉਪ ਚੋਣ ਵਾਸਤੇ ਤਰੀਕ ਦਾ ਐਲਾਨ ਹੋ ਚੁਕਾ ਹੈ।
ਅਕਾਲੀ ਦਲ ਨੇ ਮਰਹੂਮ ਅਜੀਤ ਸਿੰਘ ਕੋਹਾੜ ਦੇ ਪੁੱਤਰ ਨਾਇਬ ਸਿੰਘ ਨੂੰ ਟਿਕਟ ਦਿੱਤੀ ਹੈ। ਆਮ ਆਦਮੀ ਪਾਰਟੀ ਇਸ ਵੇਲੇ ਜੱਕੋ-ਤੱਕੀ ਦੇ ਚੱਕਰ ਵਿਚ ਹੈ। ਪਿਛਲੇ ਸਾਲ ਆਮ ਚੋਣਾਂ ਮੌਕੇ ਉਸ ਦੇ ਜਿਸ ਉਮੀਦਵਾਰ ਨੇ ਜ਼ੋਰਦਾਰ ਲੜਾਈ ਦਿੱਤੀ ਸੀ, ਉਹ ਪਿਛਲੇ ਮਹੀਨੇ ਦਲ-ਬਦਲੀ ਕਰ ਕੇ ਅਕਾਲੀ ਦਲ ਵਿਚ ਸ਼ਾਮਲ ਹੋ ਚੁਕਾ ਹੈ। ਕਾਂਗਰਸ ਪਾਰਟੀ ਨੇ ਹਾਲੇ ਤੱਕ ਆਪਣੇ ਉਮੀਦਵਾਰ ਦੇ ਨਾਂ ਦਾ ਐਲਾਨ ਨਹੀਂ ਕੀਤਾ ਤੇ ਲੱਗਦਾ ਹੈ ਕਿ ਇਸ ਕੰਮ ਵਿਚ ਅਜੇ ਕੁਝ ਦਿਨ ਲੱਗ ਸਕਦੇ ਹਨ, ਕਿਉਂਕਿ ਉਥੇ ਖਿੱਚੋਤਾਣ ਕਾਫੀ ਹੈ।
ਪਿਛਲੇ ਹਫਤੇ ਕੈਪਟਨ ਅਮਰਿੰਦਰ ਸਿੰਘ ਨੇ ਮੰਤਰੀ ਮੰਡਲ ਵਿਚ ਕੁਝ ਮੰਤਰੀ ਹੋਰ ਲਏ ਸਨ ਅਤੇ ਦੋ ਬੀਬੀਆਂ ਦੇ ਦਰਜੇ ਵਧਾ ਕੇ ਰਾਜ ਮੰਤਰੀ ਤੋਂ ਕੈਬਨਿਟ ਮੰਤਰੀ ਬਣਾ ਦਿੱਤਾ ਹੈ। ਇਹ ਕੰਮ ਕੁਵੇਲੇ ਹੋਇਆ ਹੈ। ਪ੍ਰਕਾਸ਼ ਸਿੰਘ ਬਾਦਲ ਨੇ ਇਹੋ ਕੰਮ ਕਰਨਾ ਹੁੰਦਾ ਤਾਂ ਸ਼ਾਹਕੋਟ ਦੀ ਚੋਣ ਤੱਕ ਰੋਕ ਲੈਣਾ ਸੀ ਤੇ ਸਾਰੇ ਖਾਹਿਸ਼ਮੰਦਾਂ ਦੇ ਕੰਨ ਵਿਚ ਫੂਕ ਮਾਰ ਦੇਣੀ ਸੀ ਕਿ ਚੋਣ ਲੰਘ ਲੈਣ ਦੇਹ, ਤੇਰੇ ਲਈ ਮੰਤਰੀ ਦੀ ਕੁਰਸੀ ਪੱਕੀ ਰੱਖੀ ਹੈ। ਲੋੜਵੰਦਾਂ ਨੇ ਇਸ ਝਾਕ ਵਿਚ ਸਾਰਾ ਤਾਣ ਲਾਈ ਜਾਣਾ ਸੀ। ਕਾਂਗਰਸ ਵਿਚ ਕੰਮ ਉਲਟਾ ਹੋ ਗਿਆ ਹੈ। ਜਿਨ੍ਹਾਂ ਨੂੰ ਕੁਰਸੀ ਤੋਂ ਨਾਂਹ ਕਰ ਦਿੱਤੀ ਗਈ, ਉਨ੍ਹਾਂ ਦੇ ਮੂੰਹ ਵਿੰਗੇ ਹੋ ਗਏ ਹਨ ਤੇ ਜੋ ਮੰਤਰੀ ਬਣਾ ਦਿੱਤੇ ਗਏ ਹਨ, ਉਨ੍ਹਾਂ ਨੂੰ ਪਤਾ ਹੈ ਕਿ ਜੋ ਮਿਲਣਾ ਸੀ, ਮਿਲ ਗਿਆ, ਅੱਗੋਂ ਹੋਰ ਕੋਈ ਝਾਕ ਨਾ ਹੋਣ ਕਾਰਨ ਉਨ੍ਹਾਂ ਨੇ ਖਾਸ ਚਿੰਤਾ ਨਹੀਂ ਕਰਨੀ। ਇਹੋ ਕੰਮ ਮਹੀਨਾ ਕੁ ਲੇਟ ਕਰ ਲਿਆ ਹੁੰਦਾ ਤਾਂ ਕਾਂਗਰਸ ਲਈ ਲਾਹੇਵੰਦ ਰਹਿਣਾ ਸੀ, ਪਰ ਇਸ ਵੇਲੇ ਕਿਉਂ ਕੀਤਾ ਗਿਆ, ਇਹ ਸਿਰਫ ਮੁੱਖ ਮੰਤਰੀ ਨੂੰ ਪਤਾ ਹੋਵੇਗਾ।
ਅਕਾਲੀ ਆਗੂ ਇਸ ਗੱਲ ਬਾਰੇ ਭਰੋਸੇ ਵਿਚ ਹਨ ਕਿ ਉਨ੍ਹਾਂ ਦਾ ਇਸ ਹਲਕੇ ਵਿਚਲਾ ਆਧਾਰ ਖੁਰਿਆ ਨਹੀਂ, ਸਗੋਂ ਪਿਛਲੇ ਮਹੀਨੇ ਆਮ ਆਦਮੀ ਪਾਰਟੀ ਦਾ ਉਮੀਦਵਾਰ ਉਨ੍ਹਾਂ ਵੱਲ ਆ ਜਾਣ ਨਾਲ ਵਧ ਗਿਆ ਹੈ। ਵਹਿਮ ਦਾ ਇਲਾਜ ਨਹੀਂ ਹੁੰਦਾ। ਉਹ ਇਹ ਵੀ ਗਿਣਤੀਆਂ ਗਿਣਦੇ ਹਨ ਕਿ ਅਜੀਤ ਸਿੰਘ ਕੋਹਾੜ ਦੀਆਂ ਸੰਤਾਲੀ ਹਜ਼ਾਰ ਵੋਟਾਂ ਸਨ ਤੇ ਕਾਂਗਰਸ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਵਾਲੀਆਂ ਬਤਾਲੀ ਹਜ਼ਾਰ ਤੋਂ ਮਸਾਂ ਇੱਕ ਹਜ਼ਾਰ ਘੱਟ ਇਕਤਾਲੀ ਹਜ਼ਾਰ ਵੋਟਾਂ ਲੈ ਚੁਕਾ ਅਮਰਜੀਤ ਸਿੰਘ ਸਾਡੇ ਨਾਲ ਰਲ ਚੁਕਾ ਹੈ। ਅਮਰਜੀਤ ਸਿੰਘ ਉਦੋਂ ਵਾਲੀਆਂ ਇਕਤਾਲੀ ਹਜ਼ਾਰ ਵੋਟਾਂ ਵਿਚੋਂ ਇਕਤਾਲੀ ਸੌ ਵੋਟਾਂ ਵੀ ਓਧਰ ਲੈ ਜਾਵੇ ਤਾਂ ਉਸ ਹਲਕੇ ਦੇ ਲੋਕ ਹੈਰਾਨ ਹੋਣਗੇ। ਗੁਰਦਾਸਪੁਰ ਦੀ ਪਿਛਲੇ ਸਾਲ ਹੋਈ ਲੋਕ ਸਭਾ ਉਪ ਚੋਣ ਮੌਕੇ ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਚੋਣ ਲੜ ਚੁਕੇ ਨੌਂ ਉਮੀਦਵਾਰਾਂ ਵਿਚੋਂ ਪੰਜ ਅਕਾਲੀ ਦਲ ਨਾਲ ਆ ਜੁੜੇ ਸਨ ਤੇ ਉਨ੍ਹਾਂ ਦੀਆਂ ਕੁੱਲ ਮਿਲਾ ਕੇ ਸੱਠ ਹਜ਼ਾਰ ਤੋਂ ਵੱਧ ਵੋਟਾਂ ਬਣਦੀਆਂ ਸਨ। ਨਤੀਜੇ ਵਿਚ ਵਿਨੋਦ ਖੰਨੇ ਵਾਲੀਆਂ ਚਾਰ ਲੱਖ ਬਿਆਸੀ ਹਜ਼ਾਰ ਤੋਂ ਕੁੱਲ ਵੋਟਾਂ ਵਧਣ ਦੀ ਥਾਂ ਮਸਾਂ ਤਿੰਨ ਲੱਖ ਰਹਿ ਗਈਆਂ ਸਨ। ਸ਼ਾਹਕੋਟ ਉਪ ਚੋਣ ਦੌਰਾਨ ਵੀ ਇਹੋ ਜਿਹੀਆਂ ਗਿਣਤੀਆਂ ਬਦਲੇ ਹੋਏ ਹਾਲਾਤ ਵਿਚ ਅਕਾਲੀ ਦਲ ਦਾ ਫਾਇਦਾ ਨਹੀਂ ਕਰਨ ਲੱਗੀਆਂ।
ਦੂਜੇ ਪਾਸੇ ਕਾਂਗਰਸ ਪਾਰਟੀ ਦੇ ਆਗੂ ਇਸ ਵਹਿਮ ਦਾ ਸ਼ਿਕਾਰ ਹਨ ਕਿ ਰਾਜ ਕਰਦੀ ਪਾਰਟੀ ਦਾ ਹੱਥ ਸਦਾ ਹੀ ਉਤੇ ਹੁੰਦਾ ਹੈ। ਉਨ੍ਹਾਂ ਨੂੰ ਭੁੱਲ ਗਿਆ ਕਿ ਆਦਮਪੁਰੋਂ ਅਕਾਲੀ ਦਲ ਦੇ ਮੰਤਰੀ ਸਰੂਪ ਸਿੰਘ ਦੀ ਮੌਤ ਪਿੱਛੋਂ ਹੋਈ ਉਪ ਚੋਣ ਵਿਚ ਬਾਦਲ ਸਰਕਾਰ ਦੇ ਹੁੰਦਿਆਂ ਕਾਂਗਰਸ ਪਾਰਟੀ ਦਾ ਕੰਵਲਜੀਤ ਸਿੰਘ ਲਾਲੀ ਛੇ ਵੋਟਾਂ ਨਾਲ ਜਿੱਤ ਗਿਆ ਸੀ। ਇਸ ਦੇ ਨਾਲ ਇਹ ਗੱਲ ਯਾਦ ਰੱਖਣ ਵਾਲੀ ਹੈ ਕਿ ਅਕਾਲੀ ਦਲ ਵਿਚੋਂ ਕਾਂਗਰਸ ਵਿਚ ਨਵੇਂ ਆਏ ਅਤੇ ਪੰਜਾਬ ਦਾ ਪ੍ਰਧਾਨ ਬਣਾਏ ਗਏ ਕੈਪਟਨ ਅਮਰਿੰਦਰ ਸਿੰਘ ਦਾ ਅੰਦਰੋਂ ਕਈ ਕਾਂਗਰਸੀ ਲੀਡਰਾਂ ਨੇ ਵਿਰੋਧ ਵੀ ਚੋਖਾ ਕੀਤਾ ਸੀ, ਅਕਾਲੀ ਉਮੀਦਵਾਰ ਫਿਰ ਵੀ ਹਾਰ ਗਿਆ ਤੇ ਕਾਂਗਰਸ ਜਿੱਤ ਗਈ ਸੀ। ਉਸ ਤੋਂ ਪਹਿਲਾਂ ਮੁੱਖ ਮੰਤਰੀ ਬੇਅੰਤ ਸਿੰਘ ਦੇ ਸਮੇਂ ਅਜਨਾਲਾ ਉਪ ਚੋਣ ਵਿਚ ਉਥੋਂ ਅਕਾਲੀ ਦਲ ਦਾ ਰਤਨ ਸਿੰਘ ਅਜਨਾਲਾ ਜਿੱਤ ਗਿਆ ਸੀ ਤੇ ਗਿੱਦੜਬਾਹੇ ਦੀ ਉਪ ਚੋਣ ਵਿਚ ਉਹ ਸੀਟ ਪ੍ਰਕਾਸ਼ ਸਿੰਘ ਬਾਦਲ ਦੇ ਭਤੀਜੇ ਅਤੇ ਅਕਾਲੀ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨੇ ਜਿੱਤ ਲਈ ਸੀ।
ਸਾਡੇ ਸਾਹਮਣੇ ਕੁਝ ਹੋਰਨਾਂ ਰਾਜਾਂ ਦਾ ਤਜਰਬਾ ਵੀ ਹੈ। ਪਾਰਲੀਮੈਂਟ ਚੋਣਾਂ ਵਿਚ ਉਤਰ ਪ੍ਰਦੇਸ਼ ਵਿਚ ਭਾਜਪਾ 80 ਵਿਚੋਂ 72 ਸੀਟਾਂ ਜਿੱਤ ਕੇ 90% ਸਫਲ ਰਹੀ ਤੇ ਵਿਧਾਨ ਸਭਾ ਚੋਣਾਂ ਮੌਕੇ 403 ਸੀਟਾਂ ਵਿਚੋਂ 312 ਸੀਟਾਂ ਨਾਲ 80% ਦੇ ਕਰੀਬ ਕਾਮਯਾਬ ਰਹੀ ਸੀ। ਸਿਰਫ ਛੇ ਮਹੀਨੇ ਬਾਅਦ ਜਦੋਂ ਦੋ ਪਾਰਲੀਮੈਂਟ ਸੀਟਾਂ ਦੀ ਉਪ ਚੋਣ ਕਰਵਾਈ ਸੀ ਤਾਂ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵਾਲੀ ਸੀਟ ਵੀ ਭਾਜਪਾ ਕੋਲੋਂ ਖੁੱਸ ਗਈ ਅਤੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰੀਆ ਵਾਲੀ ਸੀਟ ਵੀ ਬਚੀ ਨਹੀਂ ਸੀ। ਰਾਜ ਕਰਦੀ ਪਾਰਟੀ ਲਈ ਉਪ ਚੋਣ ਜਿੱਤ ਸਕਣਾ ਏਡਾ ਸੌਖਾ ਕੰਮ ਹੁੰਦਾ ਤਾਂ ਰਾਜਸਥਾਨ ਵਿਚਲੀਆਂ ਦੋਵੇਂ ਪਾਰਲੀਮੈਂਟ ਸੀਟਾਂ ਅਤੇ ਇੱਕੋ ਇੱਕ ਵਿਧਾਨ ਸਭਾ ਸੀਟ ਭਾਜਪਾ ਸਰਕਾਰ ਦੇ ਹੁੰਦਿਆਂ ਪਿਛਲੇ ਸਾਲ ਇਹ ਪਾਰਟੀ ਹਾਰ ਨਹੀਂ ਸੀ ਸਕਦੀ। ਲਾਲੂ ਪ੍ਰਸਾਦ ਯਾਦਵ ਜੇਲ੍ਹ ਵਿਚ ਹੈ। ਉਥੇ ਇੱਕ ਲੋਕ ਸਭਾ ਸੀਟ ਅਤੇ ਦੋ ਵਿਧਾਨ ਸਭਾ ਸੀਟਾਂ ਦੀ ਉਪ ਚੋਣ ਕੀਤੀ ਗਈ ਤਾਂ ਭਾਜਪਾ ਅਤੇ ਨਿਤੀਸ਼ ਕੁਮਾਰ ਦੇ ਗਠਜੋੜ ਦੇ ਬਾਵਜੂਦ ਲਾਲੂ ਪ੍ਰਸਾਦ ਦੇ ਮੁੰਡੇ ਦੀ ਅਗਵਾਈ ਹੇਠ ਉਸ ਦੀ ਪਾਰਟੀ ਨੇ ਲੋਕ ਸਭਾ ਵਾਲੀ ਸੀਟ ਵੀ ਤੇ ਇੱਕ ਵਿਧਾਨ ਸਭਾ ਸੀਟ ਵੀ ਰਾਜ ਕਰਦੇ ਗਠਜੋੜ ਨੂੰ ਹਰਾ ਕੇ ਜਿੱਤ ਲਈਆਂ ਸਨ। ਇਸ ਤਰ੍ਹਾਂ ਦੀਆਂ ਕਈ ਮਿਸਾਲਾਂ ਹਨ।
ਇਹ ਸਾਰੀ ਕਹਾਣੀ ਪਾਉਣ ਦਾ ਸਾਡਾ ਭਾਵ ਇਹ ਨਹੀਂ ਕਿ ਅਸੀਂ ਕਿਸੇ ਇੱਕ ਧਿਰ ਦੀ ਜਿੱਤ ਜਾਂ ਕਿਸੇ ਹੋਰ ਧਿਰ ਲਈ ਹਾਰ ਦਾ ਮਾਹੌਲ ਬਣਿਆ ਸਮਝਦੇ ਹਾਂ, ਸਗੋਂ ਇਹ ਹੈ ਕਿ ਇਹ ਚੋਣ ਪੰਜਾਬ ਵਿਚ ਅਜਿਹਾ ਘੋਲ ਹੈ, ਜਿਸ ਵਿਚ ਦੋਵੇਂ ਮੁੱਖ ਧਿਰਾਂ ਬੜੇ ਵਹਿਮ ਵਿਚ ਹਨ। ਅਕਾਲੀ ਹਾਰ ਗਏ ਤਾਂ ਗੜ੍ਹ ਟੁੱਟਣ ਵਾਲੀ ਗੱਲ ਹੋ ਕੇ ਸੁਖਬੀਰ ਸਿੰਘ ਬਾਦਲ ਨੂੰ ਨਮੋਸ਼ੀ ਝੱਲਣੀ ਪੈ ਜਾਣੀ ਹੈ ਤੇ ਜੇ ਕਾਂਗਰਸ ਹਾਰ ਗਈ ਤਾਂ ਅਕਾਲੀ ਗੜ੍ਹ ਕਾਇਮ ਰਹਿਣ ਨਾਲੋਂ ਵੱਧ ਇਹ ਗੱਲ ਚਰਚਾ ਦਾ ਵਿਸ਼ਾ ਬਣੇਗੀ ਕਿ ਅਮਰਿੰਦਰ ਸਿੰਘ ਦੀ ਸਰਕਾਰ ਇਸ ਰਾਜ ਦੇ ਲੋਕਾਂ ਦੇ ਦਿਲ ਨਹੀਂ ਜਿੱਤ ਸਕੀ। ਇਸ ਲਈ ਦੋਵਾਂ ਧਿਰਾਂ ਨੂੰ ਆਪੋ ਆਪਣੀ ਥਾਂ ਜ਼ੋਰ ਪੂਰਾ ਲਾਉਣਾ ਪੈਣਾ ਹੈ ਤੇ ਜਿਹੜਾ ਖਰਗੋਸ਼ ਵਾਂਗ ਇਹ ਸਮਝ ਕੇ ਆਰਾਮ ਕਰਨ ਲੱਗ ਪਿਆ ਕਿ ਦੌੜ ਅਸੀਂ ਜਿੱਤੀ ਪਈ ਹੈ, ਉਹ ਕੱਛੂਕੁੰਮੇ ਤੋਂ ਖਰਗੋਸ਼ ਦੀ ਹਾਰ ਦੇ ਸਬਕ ਭੁਲਾ ਕੇ ਬਾਅਦ ਵਿਚ ਇਹ ਪਛਤਾਵਾ ਕਰਦਾ ਫਿਰੇਗਾ ਕਿ ਜਿਹੜੀ ਕਹਾਣੀ ਬੱਚਿਆਂ ਨੇ ਵੀ ਪੜ੍ਹੀ ਹੁੰਦੀ ਹੈ, ਉਹ ਸਾਨੂੰ ਚੇਤੇ ਕਿਉਂ ਨਹੀਂ ਸੀ ਰਹੀ!