ਗੁਲਜ਼ਾਰ ਸਿੰਘ ਸੰਧੂ
ਮਾਰਕਸਵਾਦੀ ਪਾਰਟੀ ਦਾ ਜਨਰਲ ਸਕਤੱਰ ਸੀਤਾ ਰਾਮ ਯੈਚੁਰੀ ਪਾਰਟੀ ਦੇ ਬਹੁਗਿਣਤੀ ਦ੍ਰਿਸ਼ਟੀਕੋਣ ਨਾਲੋਂ ਵੱਖਰੀ ਰਾਇ ਰੱਖਣ ਕਾਰਨ ਖਬਰਾਂ ਵਿਚ ਰਿਹਾ ਹੈ। ਉਸ ਦਾ ਮੱਤ ਹੈ ਕਿ ਭਾਰਤ ਦੀ ਏਕਤਾ, ਅਖੰਡਤਾ ਤੇ ਸੰਵਿਧਾਨ ਦੀ ਰਾਖੀ ਲਈ ਵਿਰੋਧੀ ਸਿਆਸੀ ਪਾਰਟੀਆਂ ਨੂੰ ਇੱਕ ਮੁੱਠ ਹੋ ਕੇ ਲੜਨ ਦੀ ਲੋੜ ਹੈ। ਦੇਸ਼ ਦੀ ਵਰਤਮਾਨ ਸਰਕਾਰ ਨੇ ਬਹੁਗਿਣਤੀ ਫਿਰਕੇ ਦੀਆਂ ਭਾਵਨਾਵਾਂ ਨੂੰ ਏਨਾ ਉਲਾਰ ਕਰ ਛੱਡਿਆ ਹੈ ਕਿ ਦੇਸ਼ ਦਾ ਸਭਿਆਚਾਰਕ, ਆਰਥਕ ਤੇ ਰਾਜਨੀਤਕ ਤਾਣਾ ਬਾਣਾ ਡਾਂਵਾਂਡੋਲ ਹੋ ਚੁਕਾ ਹੈ।
ਇਸ ਨੂੰ ਠੀਕ ਲੀਹਾਂ ਉਤੇ ਪਾਉਣ ਲਈ ਕਾਂਗਰਸ ਪਾਰਟੀ ਨਾਲ ਕਿਸੇ ਕਿਸਮ ਦਾ ਹਾਂ ਪੱਖੀ ਸਮਝੌਤਾ ਕੀਤੇ ਬਗੈਰ ਅਹਿਮ ਸਮਝਦਾਰੀ ਬਣਾਈ ਰੱਖਣੀ ਸੰਭਵ ਨਹੀਂ।
ਪਾਰਟੀ ਵਾਸਤੇ ਇਹ ਪਹੁੰਚ ਅਪਨਾਉਣੀ ਬੜੀ ਕਠਿਨ ਸੀ, ਪਰ ਯੈਚੁਰੀ ਦੀ ਦਲੀਲ ਨੂੰ ਰੱਦ ਕਰਨਾ ਵੀ ਸੌਖਾ ਨਹੀਂ। ਨਤੀਜੇ ਵਜੋਂ ਹੈਦਰਾਬਾਦ ਵਿਖੇ ਹੋਈ ਪਾਰਟੀ ਦੀ 22ਵੀਂ ਕਾਂਗਰਸ ਵਿਚ ਯੈਚੁਰੀ ਦੀ ਪਹੁੰਚ ਵੀ ਪ੍ਰਵਾਨ ਕੀਤੀ ਗਈ ਹੈ ਅਤੇ ਉਸ ਨੂੰ ਦੂਜੀ ਵਾਰ ਪਾਰਟੀ ਦਾ ਜਨਰਲ ਸਕੱਤਰ ਵੀ ਚੁਣ ਲਿਆ ਗਿਆ ਹੈ। ਉਸ ਕੋਲ ਇਹ ਜਿੰਮੇਵਾਰੀ ਤਿੰਨ ਸਾਲ ਰਹਿਣੀ ਹੈ।
ਵੇਖਣ ਵਾਲੀ ਗੱਲ ਇਹ ਹੈ ਕਿ ਕਾਂਗਰਸ ਪਾਰਟੀ ਦਾ ਨਵਾਂ ਪ੍ਰਧਾਨ ਰਾਹੁਲ ਗਾਂਧੀ ਕਿਹੋ ਜਿਹਾ ਹੁੰਗਾਰਾ ਭਰਦਾ ਹੈ। ਇਹ ਗੱਲ ਜੱਗ ਜਾਹਰ ਹੈ ਕਿ ਕਾਂਗਰਸ ਆਪਣੇ ਬਲਬੂਤੇ ਉਤੇ ਅਜੋਕੀ ਰਾਜਨੀਤੀ ਦਾ ਟਾਕਰਾ ਨਹੀਂ ਕਰ ਸਕਦੀ। ਇਸ ਨੂੰ ਸੋਨੀਆ ਗਾਂਧੀ ਵਾਲੀ ਉਹੀਓ ਪਹੁੰਚ ਅਪਨਾਉਣੀ ਪਵੇਗੀ ਜੋ ਪਾਰਟੀ ਪ੍ਰਧਾਨ ਹੁੰਦਿਆਂ ਸੋਨੀਆਂ ਗਾਂਧੀ ਨੇ ਉਸ ਵੇਲੇ ਦੇ ਨੇਤਾ ਹਰਕਿਸ਼ਨ ਸਿੰਘ ਸੁਰਜੀਤ ਨਾਲ ਮਿਲ ਕੇ ਅਪਨਾਈ ਸੀ। ਜੇ ਯੈਚੁਰੀ ਸੁਰਜੀਤ ਦੇ ਪੈਰ ਚਿੰਨ੍ਹਾਂ ਉਤੇ ਚਲ ਰਿਹਾ ਹੈ ਤਾਂ ਰਾਹੁਲ ਨੂੰ ਵੀ ਸੋਨੀਆ ਵਾਲਾ ਪੈਂਤੜਾ ਅਪਨਾਇਆਂ ਹੀ ਸਫਲਤਾ ਮਿਲ ਸਕੇਗੀ।
ਜੋ ਨਾ ਬਲਖ ਨਾ ਬੁਖਾਰੇ, ਖਾਵੋ ਛੱਜੂ ਦੇ ਚੁਬਾਰੇ: ਦਾਸ ਨੇ ਕਸੌਲੀ ਹਿਲਜ਼ ਦੇ ਘੇਰੇ ਵਿਚ ਧਰਮਪੁਰ ਸਬਾਠੂ ਮਾਰਗ ਤੋਂ ਡੇਢ ਕਿਲੋਮੀਟਰ ਹਟਵੇਂ ਚੀਲ ਦੇ ਰੁੱਖਾਂ ਵਿਚ ਇੱਕ ਕੁਟੀਆ ਬਣਾਈ ਹੈ। ਸੰਧੂ ਕਾਟੇਜ ਨਾਂ ਦੀ ਇਹ ਕੁਟੀਆ ਜਾਣੇ-ਪਛਾਣੇ ਰਿਜ਼ਾਰਟ ਪਾਈਨਲੈਂਡ ਦੇ ਮੁੱਖ ਦੁਆਰ ਉਤੇ ਸਥਿਤ ਹੈ, ਜਿੱਥੇ ਦਿਨ ਭਰ ਦੇ ਖਾਣੇ-ਪੀਣੇ ਦਾ ਯੋਗ ਪ੍ਰਬੰਧ ਹੈ। ਕੁੱਲੀ ਵਿਚ ਬੁੱਧੀਜੀਵੀਆਂ ਲਈ ਚੋਣਵੀਆਂ ਪੁਸਤਕਾਂ ਤੇ ਮਿਰਜ਼ਾ ਗਾਲਿਬ ਦਾ ਦੀਵਾਨ ਪਹੁੰਚ ਚੁਕਾ ਹੈ। ਜੇ ਬਾਰਸ਼ ਨਾ ਹੋਵੇ ਤਾਂ ਠੰਢੀ ਹਵਾ ਵਿਚ ਕੋਸੀ ਧੁੱਪ ਮਾਣ ਸਕੋਗੇ। ਦਰਸ਼ਨ ਦਿਓ ਤੇ ਖੁਸ਼ੀਆਂ ਬਖਸ਼ੋ। ਰਿਜ਼ਾਰਟ ਦਾ ਕਿਨਾਰਾ ਹੈ, ਛੱਜੂ ਦਾ ਚੁਬਾਰਾ ਹੈ।
ਬਾਬਾ ਬੁੱਧ ਸਿੱਘ ਢਾਹਾਂ ਦੇ ਅੰਗ ਸੰਗ: 1986 ਦੀ ਗੱਲ ਹੈ। ਪੰਜਾਬੀ ਟ੍ਰਿਬਿਊਨ ‘ਚ ਮੇਰੇ ਦਫਤਰ ਵਿਚ ਇੱਕ ਮਧਰੇ ਕੱਦ ਦਾ ਕੇਸਾਧਾਰੀ ਸਰਦਾਰ ਆਪਣਾ ਨਾਂ ਦਸ ਕੇ ਮੇਰੇ ਕੋਲ ਆ ਬੈਠਿਆ। ਦਾੜ੍ਹੀ ਖੁੱਲ੍ਹੀ, ਜਿਸਮ ਫੁਰਤੀਲਾ। ਉਸ ਨੇ ਆਪਣੀ ਜਾਣ-ਪਛਾਣ ਕੈਨੇਡਾ ਨਿਵਾਸੀ ਗਿਆਨੀ ਕੇਸਰ ਸਿੰਘ ਦਾ ਹਵਾਲਾ ਦੇ ਕੇ ਕਰਵਾਈ। ਉਹ ਢਾਹਾਂ ਕਲੇਰਾਂ ਦਾ ਜੰਮਪਲ ਸੀ, ਬੁੱਧ ਸਿੰਘ। ਉਹ ਆਪਣੇ ਪਿੰਡ ਵਿਚ ਗੁਰੂ ਨਾਨਕ ਮਿਸ਼ਨ ਹਸਪਤਾਲ ਦੀ ਸਥਾਪਨਾ ਕਰ ਚੁਕਾ ਸੀ ਤੇ ਮੇਰੀ ਸੇਵਾ ਮੁਕਤ ਪਤਨੀ ਸੁਰਜੀਤ ਕੌਰ ਨੂੰ ਹਸਪਤਾਲ ਦੀ ਨਿਰਦੇਸ਼ਕ ਬਣਾਉਣਾ ਚਾਹੁੰਦਾ ਸੀ। ਦੁਆਬੇ ਦੇ ਇੱਕ ਪਿੰਡ ਵਿਚ ਮੈਡੀਕਲ ਹਸਪਤਾਲ ਦਾ ਸੁਪਨਾ ਵੱਡਾ ਸੀ ਪਰ ਉਸ ਨੇ ਸਾਹਿਤ ਦੇ ਪ੍ਰਿੰਸੀਪਲ ਹਰਭਜਨ ਸਿੰਘ ਦਾ ਪ੍ਰਮਾਣ ਦੇ ਕੇ ਮੈਨੂੰ ਕਾਇਲ ਕਰ ਲਿਆ। ਇਹ ਵੀ ਦੱਸਿਆ ਕਿ ਉਹ ਆਪਣਾ ਸੁਪਨਾ ਸਾਕਾਰ ਕਰਨ ਲਈ ਕੈਨੇਡਾ ਛੱਡ ਆਇਆ ਹੈ।
ਮੈਂ ਸੁਰਜੀਤ ਤੋਂ ਟੈਲੀਫੋਨ ਉਤੇ ਸਹਿਮਤੀ ਲੈ ਕੇ ਹਾਂ ਕਰ ਦਿੱਤੀ। ਉਹ ਹਾਜ਼ਰ ਹੋਣ ਲਈ ਇਕ ਹਫਤੇ ਦਾ ਸਮਾਂ ਦੇ ਕੇ ਤੁਰ ਗਿਆ। ਸੁਰਜੀਤ ਦਸਦੀ ਹੈ ਕਿ ਉਹ ਨੇੜਲੇ ਪਿੰਡਾਂ ਦੇ ਖੁਸ਼ੀ-ਗਮੀ ਦੇ ਭੋਗਾਂ ਵਿਚ ਸ਼ਿਰਕਤ ਕਰਕੇ ਹਰ ਥਾਂ ਤੋਂ ਬਣਦੀ ਸਰਦੀ ਰਕਮ ਹਸਪਤਾਲ ਦੀ ਉਸਾਰੀ ਲਈ ਦਾਨ ਵਜੋਂ ਲੈ ਆਉਂਦਾ। ਉਹ ਇਮਾਰਤਾਂ ਦੀ ਉਸਾਰੀ, ਨਰਸਿੰਗ ਕਾਲਜ ਦੀ ਸਥਾਪਨਾ ਤੇ ਟਰਾਮਾ ਸੈਂਟਰ ਦੀ ਵਿਉਂਤਬੰਦੀ ਕਰਦੇ ਸਮੇਂ ਫੋਰਾ ਨਾ ਲਾਉਂਦਾ। ਚਹੁੰ ਕੁ ਸਾਲਾਂ ਵਿਚ ਹਰਮਨ ਪਿਆਰਾ ਹਸਪਤਾਲ ਪੇਂਡੂ ਮਰੀਜਾਂ ਨਾਲ ਭਰ ਗਿਆ। ਤੇ ਫੇਰ ਇੱਕ ਦਿਨ ਕਿਸੇ ਕਾਰਨ ਉਸ ਨੂੰ ਆਪਣੀ ਏਡੀ ਵੱਡੀ ਪ੍ਰਾਪਤੀ ਨੂੰ ਛੱਡਣਾ ਪੈ ਗਿਆ, ਪਰ ਉਸ ਨੇ ਹੌਸਲਾ ਨਹੀਂ ਹਾਰਿਆ।
ਬੁੱਧ ਸਿੰਘ ਨੇ ਚਾਰ ਛੇ ਮਹੀਨੇ ਵਿਚ ਗੜ੍ਹਸ਼ੰਕਰ ਤੋਂ ਅਨੰਦਪੁਰ ਸਾਹਿਬ ਵਾਲੀ ਸੜਕ ਉਤੇ ਪੈਂਦੇ ਪਿੰਡ ਕੁੱਕੜ ਮਾਜਰਾ ਦੇ ਵਸਨੀਕਾਂ ਨਾਲ ਗੱਲ ਬਾਤ ਕਰਕੇ ਪਹਿਲਾਂ ਵਾਂਗ ਹੀ ਸੜਕ ਦੇ ਕੰਢੇ ਜਮੀਨ ਲੈ ਕੇ ਗੁਰੂ ਨਾਨਕ ਇੰਟਰਨੈਸ਼ਨਲ ਚੈਰੀਟੇਬਲ ਟਰੱਸਟ ਅਧੀਨ ਨਵਾਂ ਹਸਪਤਾਲ ਸਥਾਪਤ ਕਰਨ ਦੀ ਵਿਉਂਤ ਬਣਾ ਲਈ ਤੇ ਇਸ ਦੀ ਉਸਾਰੀ ਵਿਚ ਜੁਟ ਗਿਆ।
ਇਹ ਹਸਪਤਾਲ ਵੀ ਪਹਿਲੇ ਵਾਂਗ ਹੀ ਚੱਲ ਰਿਹਾ ਹੈ। ਵੱਡੀ ਗੱਲ ਇਹ ਕਿ ਕੰਢੀ ਦੇ ਪਛੜੇ ਹੋਏ ਇਲਾਕੇ ਵਿਚ ਇਸ ਦੀ ਸਥਾਪਨਾ ਹੋਰ ਵੀ ਵੱਡੇ ਅਰਥ ਰੱਖਦੀ ਹੈ। ਕੰਢੀ ਤੇ ਦੁਆਬਾ ਨਿਵਾਸੀਆਂ ਲਈ ਉਸ ਦਾ ਤੁਰ ਜਾਣਾ ਅਜਿਹਾ ਖੱਪਾ ਹੈ ਜੋ ਪੂਰਨਾ ਅਸੰਭਵ ਹੈ। ਇਹ ਚੰਗੀ ਗੱਲ ਹੈ ਕਿ ਉਸ ਨੇ ਆਪਣੇ ਜਿਉਂਦੇ ਜੀਅ ਦਿਨ ਰਾਤ ਇੱਕ ਕਰਕੇ ਇਸ ਨੂੰ ਸਫਲਤਾ ਦੀ ਲੀਹੇ ਤੋਰਿਆ ਤੇ ਲੋੜੀਂਦੇ ਉਤਰ-ਅਧਿਕਾਰੀ ਤਿਆਰ ਕੀਤੇ। 93 ਵਰ੍ਹੇ ਦਾ ਭਰਪੂਰ ਜੀਵਨ ਜਿਉਂ ਕੇ ਦੋ ਵੱਡੀਆਂ ਸੰਸਥਾਵਾਂ ਸਮਾਜ ਨੂੰ ਦੇਣ ਵਾਲੀ ਇਸ ਹਸਤੀ ਨੂੰ ਸਲਾਮ।
ਮੈਂ ਤੇ ਸੁਰਜੀਤ ਪਿਛਲੇ ਤੀਹ ਸਾਲ ਤੋਂ ਉਸ ਵੱਡੇ ਬੰਦੇ ਦੇ ਉਦਮ ਦਾ ਗੁਣ ਗਾਇਨ ਕਰਕੇ ਤਿਲ ਫੁੱਲ ਸੇਵਾ ਦਾ ਦਾਨ ਵੀ ਕਰਦੇ ਰਹੇ ਹਾਂ। ਅਸੀਂ ਖੁਸ਼ ਹਾਂ ਕਿ ਨਵੇਂ ਹਸਪਤਾਲ ਵਿਚ ਉਸ ਦੇ ਸਹਿਯੋਗੀ ਨੇ ਉਸ ਨੂੰ ਉਸ ਦੇ ਅੰਤਲੇ ਦਮ ਤੱਕ ਸੰਭਾਲਿਆ ਤੇ ਸੇਵਾ ਕੀਤੀ। ਮੇਰਾ ਨਿਸ਼ਚਾ ਹੈ ਕਿ ਇਹ ਲੋਕ ਉਸ ਦੇ ਜਾਣ ਪਿਛੋਂ ਵੀ ਮਨਚਿੱਤ ਲਾ ਕੇ ਹਸਪਤਾਲ ਦੀਆਂ ਥੰਮ੍ਹੀਆਂ ਬਣੇ ਰਹਿਣਗੇ ਤੇ ਬਾਬਾ ਬੁੱਧ ਸਿੰਘ ਦੀ ਆਤਮਾ ਨੂੰ ਚੜ੍ਹਦੀ ਕਲਾ ਪ੍ਰਦਾਨ ਕਰਨਗੇ।
ਅੰਤਿਕਾ: ਮੌਲਾਨਾ ਹਾਲੀ
ਫਰਿਸ਼ਤੇ ਸੇ ਬਿਹਤਰ ਹੈ ਇਨਸਾਨ ਬਨਨਾ
ਮਗਰ ਇਸ ਮੇਂ ਪੜਤੀ ਹੈ ਮਿਹਨਤ ਜ਼ਿਆਦਾ।