ਕੱਤਕ ਦੇ ਮਹੀਨੇ ਅਤੇ ਮੌਸਮ ਦਾ ਆਪਣਾ ਹੀ ਰੰਗ ਹੁੰਦਾ ਹੈ। ਇਹ ਮਹੀਨਾ ਇਕ ਤਰ੍ਹਾਂ ਨਾਲ ਸਿਆਲ ਉਤਰਨ ਦਾ ਪੈਗਾਮ ਲੈ ਕੇ ਆਉਂਦਾ ਹੈ। ਉਂਜ ਵੀ ਇਸ ਮਹੀਨੇ ਤਿਉਹਾਰਾਂ ਦੀ ਖੂਬ ਝੜੀ ਲਗਦੀ ਹੈ। ਬਾਜ਼ਾਰ ਦੇ ਅੱਜ ਦੇ ਦੌਰ ਵਿਚ ਜਾਪਦਾ ਹੈ ਜਿਵੇਂ ਸਾਰੀ ਦੁਨੀਆਂ ਹੀ ਖਰੀਦੋ-ਫਰੋਖਤ ‘ਤੇ ਨਿਕਲ ਆਈ ਹੋਵੇ। ਬਾਰਾਹਮਾਹ ਦੇ ਲਿਖਾਰੀ ਆਸਾ ਸਿੰਘ ਘੁਮਾਣ ਨੇ ਦੇਸੀ ਸਾਲ ਦੇ ਇਸ ਅੱਠਵੇਂ ਮਹੀਨੇ ਬਾਰੇ ਆਪਣੇ ਇਸ ਲੇਖ ਵਿਚ ਖੂਬ ਰੌਣਕਾਂ ਲਾਈਆਂ ਹਨ।
-ਸੰਪਾਦਕ
ਆਸਾ ਸਿੰਘ ਘੁਮਾਣ
ਫੋਨ: 91-98152-53245
ਕੱਤਕ ਦਾ ਮਹੀਨਾ ਅੱਧ ਅਕਤੂਬਰ ਤੋਂ ਅੱਧ ਨਵੰਬਰ ਤੱਕ ਚੱਲਦਾ ਹੈ। ਪੰਜਾਬ ਵਿਚ ਮੌਸਮ ਦੇ ਲਿਹਾਜ਼ ਨਾਲ ਇਹ ਬਸੰਤ ਜਿੰਨਾ ਹੀ ਸੁਹਾਵਣਾ ਗਿਣਿਆ ਜਾਂਦਾ ਹੈ। ਮੁੱਖ ਫਰਕ ਇਹ ਹੈ ਕਿ ਬਸੰਤ ਪੁੰਗਾਰੇ ਨਾਲ ਸਬੰਧਤ ਹੈ ਜਦਕਿ ਕੱਤਕ ਪਤਝੜ ਨਾਲ। ਇਸ ਮਹੀਨੇ ਦੇ ਅਖੀਰ ਤੱਕ ਨਿੱਕੀ ਨਿੱਕੀ ਸਰਦੀ ਪੈਣ ਲਗਦੀ ਹੈ। ਰਾਤਾਂ ਠੰਢੀਆਂ-ਮਿੱਠੀਆਂ ਤੇ ਲੰਮੀਆਂ ਹੋਣ ਲੱਗਦੀਆਂ ਹਨ। ਲੋਕੀਂ ਵਕਤ ਨਾਲ ਹੀ ਅੰਦਰੀਂ ਦੀਵਾ-ਬੱਤੀ ਜਗਾ ਲੈਂਦੇ ਹਨ।
ਅਸਮਾਨ ਸਾਫ ਹੋਣ ਕਰ ਕੇ ਅਸਮਾਨ ਤੋਂ ਤਾਰੇ ਬਹੁ-ਗਿਣਤੀ ਵਿਚ ਥੱਲੇ ਨੂੰ ਝਾਕਦੇ ਮਾਲੂਮ ਹੁੰਦੇ ਹਨ। ਪੰਜਾਬੀ ਲੋਕ ਗੀਤਾਂ ਵਿਚ ਤਾਰਿਆਂ ਭਰੀਆਂ ਰਾਤਾਂ ਦਾ ਜੋ ਜ਼ਿਕਰ ਆਉਂਦਾ ਹੈ, ਉਹ ਇਸੇ ਮਹੀਨੇ ਦਾ ਹੀ ਹੋ ਸਕਦਾ ਹੈ। ਬਾਕੀ ਸਾਰੇ ਮਹੀਨਿਆਂ ਦੀ ਨਿਸਬਤ ਇਸ ਮਹੀਨੇ ਆਕਾਸ਼ ਵੱਧ ਨਿਰਮਲ ਹੁੰਦਾ ਹੈ। ਬਰਸਾਤ ਨੇ ਬਨਸਪਤੀ ਤੋਂ ਵੀ ਘੱਟਾ-ਮਿੱਟੀ ਝਾੜ ਦਿੱਤਾ ਹੁੰਦਾ ਹੈ, ਇਸ ਲਈ ਆਲਾ-ਦੁਆਲਾ ਸਾਫ-ਸੁਥਰਾ ਲੱਗਦਾ ਹੈ।
ਦੁਨਿਆਵੀ ਤੌਰ ‘ਤੇ ਕੱਤਕ ਦਾ ਮਹੀਨਾ ਗਤੀ-ਭਰਪੂਰ ਰਹਿੰਦਾ ਹੈ। ਇਸ ਮਹੀਨੇ ਕਿੰਨੇ ਹੀ ਤਿਉਹਾਰ ਆਉਂਦੇ ਹਨ ਜਿਨ੍ਹਾਂ ਵਿਚ ਉਤਰੀ ਭਾਰਤ ਦਾ ਮੁੱਖ ਤਿਉਹਾਰ ਦੀਵਾਲੀ ਵੀ ਸ਼ਾਮਲ ਹੈ ਜੋ ਕੱਤਕ ਦੀ ਮੱਸਿਆ ਦੀ ਰਾਤ ਨੂੰ ਮਨਾਇਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਇਸ ਦਿਨ ਸ੍ਰੀ ਰਾਮ ਚੰਦਰ ਚੌਦਾਂ ਸਾਲ ਦਾ ਬਨਵਾਸ ਕੱਟ ਕੇ ਵਾਪਸ ਅਯੁੱਧਿਆ ਪਹੁੰਚੇ ਸਨ। ਅਯੁੱਧਿਆ ਵਾਸੀਆਂ ਨੇ ਘਰਾਂ ਵਿਚ ਦੀਪ-ਮਾਲਾ ਕਰ ਕੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਖੁਸ਼ੀ ਵਿਚ ਆਤਸ਼ਬਾਜ਼ੀ ਕੀਤੀ। ਚੌਦਾਂ ਸਾਲਾਂ ਬਾਅਦ ਆਪਣੇ ਭਰਾ ਭਰਤ, ਆਪਣੀਆਂ ਮਾਂਵਾਂ ਅਤੇ ਅਯੁੱਧਿਆ ਵਾਸੀਆਂ ਤੇ ਯਾਰਾਂ ਦੋਸਤਾਂ ਨਾਲ ਮੁੜ-ਮਿਲਾਪ ਵਾਕਿਆ ਹੀ ਬੜਾ ਜਜ਼ਬਾਤੀ ਦ੍ਰਿਸ਼ ਹੋਵੇਗਾ।
ਦੀਵਾਲੀ ਦੇ ਮੌਕੇ ‘ਤੇ ਹੀ ਗੁਰੂ ਹਰਿਗੋਬਿੰਦ ਸਾਹਿਬ ਗਵਾਲੀਅਰ ਦੇ ਕਿਲ੍ਹੇ ਵਿਚੋਂ ਬਵੰਜਾ ਰਾਜਿਆਂ ਨੂੰ ਆਪਣੇ ਨਾਲ ਲੈ ਕੇ ਰਿਹਾ ਹੋਏ ਸਨ, ਇਸ ਲਈ ਇਸ ਦਿਨ ਨੂੰ ‘ਬੰਦੀ ਛੋੜ ਦਿਵਸ’ ਕਹਿ ਕੇ ਮਨਾਇਆ ਜਾਂਦਾ ਹੈ। ਇਸ ਤਰ੍ਹਾਂ ਦੀਵਾਲੀ ਦਾ ਤਿਉਹਾਰ ਘਰਾਂ ਨੂੰ ਪਰਤਣ ਦਾ ਤਿਉਹਾਰ ਹੈ।
ਅੱਜ ਵੀ ਉਤਰੀ ਭਾਰਤ ਵਿਚ ਹਰ ਬੰਦਾ ਕੋਸ਼ਿਸ਼ ਕਰਦਾ ਹੈ ਕਿ ਦੀਵਾਲੀ ਮੌਕੇ ਘਰ ਹਾਜ਼ਰ ਹੋਵੇ। ਪਰਵਾਸੀ ਪੰਜਾਬੀ ਤਾਂ ਇਸ ਤਿਉਹਾਰ ਮੌਕੇ ਏਅਰਲਾਈਨਾਂ ਦੀਆਂ ਟਿਕਟਾਂ ਹੀ ਮਹਿੰਗੀਆਂ ਕਰ ਦਿੰਦੇ ਹਨ। ਵਾਪਸ ਪੰਜਾਬ ਆਪਣੇ ਪਰਿਵਾਰਾਂ ਵਿਚ ਆ ਬੈਠਦੇ ਹਨ, ਮੋਮਬੱਤੀਆਂ ਜਗਾਉਂਦੇ, ਪਟਾਕੇ ਚਲਾਉਂਦੇ, ਮਠਿਆਈ ਖਾਂਦੇ, ਖੁਸ਼ੀਆਂ ਮਨਾਉਂਦੇ ਹਨ। ਇਨ੍ਹਾਂ ਦਿਨਾਂ ਵਿਚ ਬਾਜ਼ਾਰਾਂ ਵਿਚ ਪੂਰੀ ਚਹਿਲ-ਪਹਿਲ ਹੁੰਦੀ ਹੈ। ਬਦਕਿਸਮਤੀ ਨਾਲ ਬੱਤੀਆਂ ਬਾਲਣ ਅਤੇ ਪਟਾਕੇ ਚਲਾਉਣ ਵਿਚ ਪੂਰਾ ਮੁਕਾਬਲਾ ਚੱਲਦਾ ਹੈ। ਇਸ ਮੌਕੇ ਮਠਿਆਈ ਸੁਗਾਤ ਵਜੋਂ ਵੰਡੀ ਜਾਂਦੀ ਹੈ, ਲੱਖਾਂ ਟਨ ਮਠਿਆਈ ਬਣਦੀ ਅਤੇ ਵਿਕਦੀ ਹੈ। ਹੈਰਾਨੀ ਦੀ ਗੱਲ ਹੈ ਕਿ ਇਸ ਮੌਕੇ ਸ੍ਰੀ ਰਾਮ ਚੰਦਰ ਜਾਂ ਸੀਤਾ ਦੇ ਮਹੱਤਵ ਨੂੰ ਘਟਾ ਕੇ ਲੱਛਮੀ ਪੂਜਾ ‘ਤੇ ਜ਼ੋਰ ਦਿੱਤਾ ਜਾਂਦਾ ਹੈ ਅਤੇ ਲੱਛਮੀ ਦਾ ਅਰਥ ਸਿਰਫ ਪੈਸਾ ਹੀ ਸਮਝਿਆ ਜਾਂਦਾ ਹੈ। ਚਿੰਤਕ ਲੋਕ ਇਸ ਮੌਕੇ ਹੁੰਦੇ ਵਾਤਾਵਰਣ ਪ੍ਰਦੂਸ਼ਣ ਨੂੰ ਧਿਆਨ ਵਿਚ ਰੱਖਦਿਆਂ ਬੇਹੱਦ ਚਿੰਤਤ ਹਨ। ਹਰ ਸਾਲ ਚੇਤੰਨ ਵਰਗ ਵੱਲੋਂ ਬੇਨਤੀ ਕੀਤੀ ਜਾਂਦੀ ਹੈ।
ਇਸੇ ਮਹੀਨੇ ਔਰਤਾਂ ਆਪਣੇ ਪਤੀ ਦੀ ਸੁੱਖ ਮੰਗਦੀਆਂ ਹਨ ਅਤੇ ਵਰਤ ਰੱਖਦੀਆਂ ਹਨ। ਇਸ ਤਿਉਹਾਰ ਨੂੰ ਕਰਵਾ ਚੌਥ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਤਿਉਹਾਰ ਕੱਤਕ ਦੇ ਹਨੇਰੇ ਪੱਖ ਦੀ ਚੌਥ ਨੂੰ ਆਉਂਦਾ ਹੈ। ਵਿਸ਼ੇਸ਼ ਤੌਰ ‘ਤੇ ਉਸੇ ਸਾਲ ਵਿਆਹੀਆਂ ਔਰਤਾਂ ਵਰਤ ਰੱਖ ਕੇ ਆਪਣੇ ਸੁਹਾਗ ਦੀ ਲੰਮੀ ਉਮਰ ਦੀ ਕਾਮਨਾ ਕਰਦੀਆਂ ਹਨ। ਕਰਵਾ ਚੌਥ ਦਾ ਵਰਤ ਕਾਫੀ ਕਠਿਨ ਮੰਨਿਆ ਜਾਂਦਾ ਹੈ ਕਿਉਂਕਿ ਸਾਰਾ ਦਿਨ ਨਾ ਤਾਂ ਅੰਨ ਖਾਣਾ ਹੁੰਦਾ ਹੈ ਤੇ ਨਾ ਹੀ ਪਾਣੀ ਪੀਣਾ ਹੁੰਦਾ ਹੈ। ਸਵੇਰੇ ਤਾਰਿਆਂ ਦੀ ਲੋਅ ਵਿਚ ਸਰਘੀ (ਰੋਟੀ, ਸਬਜ਼ੀ, ਮਠਿਆਈ, ਕੱਚਾ ਨਾਰੀਅਲ ਆਦਿ) ਖਾ ਕੇ ਰਾਤ ਨੂੰ ਚੰਦਰਮਾ ਵੇਖ ਕੇ ਹੀ ਵਰਤ ਤੋੜਿਆ ਜਾਂਦਾ ਹੈ। ਕੁੜੀ ਦੇ ਪੇਕੇ, ਸੱਸ-ਸਹੁਰੇ ਲਈ ਕਈ ਕਿਸਮ ਦੀਆਂ ਖਾਣ ਵਾਲੀਆਂ ਚੀਜ਼ਾਂ ਅਤੇ ਸੁਗਾਤਾਂ ਲੈ ਕੇ ਆਉਂਦੇ ਹਨ। ਨਵ-ਵਿਆਹੀ ਆਪਣੇ ਸੱਸ-ਸਹੁਰੇ ਨੂੰ ਵਿਸ਼ੇਸ਼ ਸੌਗਾਤਾਂ ਨਾਲ ਜਿੱਤਣ ਦੀ ਕੋਸ਼ਿਸ਼ ਕਰਦੀ ਹੈ।
ਸੁਹਾਗਣ ਲਈ ਤਾਂ ਭਾਵੇਂ ਇਹ ਵਰਤ ਔਖਾ ਹੁੰਦਾ ਹੈ ਅਤੇ ਤਪੱਸਿਆ ਵਰਗੀ ਗੱਲ ਹੁੰਦੀ ਹੈ, ਪਰ ਘਰ ਦੇ ਬਾਕੀ ਮੈਂਬਰਾਂ ਨੂੰ ਖਾਣ-ਪੀਣ ਦੀਆਂ ਮੌਜਾਂ ਲੱਗ ਜਾਂਦੀਆਂ ਹਨ। ਬਾਜ਼ਾਰ ਵਿਚ ਵਰਤ ਤੋਂ ਹਫਤਾ ਭਰ ਪਹਿਲਾਂ ਹੀ ਮਠਿਆਈਆਂ, ਫਲਾਂ ਅਤੇ ਨਾਰੀਅਲਾਂ ਦੇ ਢੇਰ ਲੱਗਣੇ ਸ਼ੁਰੂ ਹੋ ਜਾਂਦੇ ਹਨ। ਬਿਊਟੀ ਪਾਰਲਰਾਂ, ਮਹਿੰਦੀ ਸਲੂਨਾਂ ਅਤੇ ਮਨਿਆਰੀ ਦੀਆਂ ਦੁਕਾਨਾਂ ‘ਤੇ ਨਵ-ਵਿਆਹੀਆਂ ਜਾਂ ਸੁਹਾਗਣਾਂ ਦੀ ਹੀ ਨਹੀਂ, ਕੁਆਰੀਆਂ ਦੀ ਵੀ ਭੀੜ ਨਜ਼ਰ ਆਉਂਦੀ ਹੈ।
ਪਹਿਲੇ ਸਮਿਆਂ ਵਿਚ ਕੱਤਕ ਦੇ ਮਹੀਨੇ ਪਿੰਡ ਦੇ ਛੱਪੜ, ਛੰਭ ਅਤੇ ਵੇਈਂ ਦੇ ਕੰਢਿਆਂ ‘ਤੇ ਕੂੰਜਾਂ ਆ ਡੇਰੇ ਲਾਉਂਦੀਆਂ ਸਨ। ਦੂਰ-ਦੁਰਾਡਿਓਂ ਠੰਢੇ ਮੁਲਕਾਂ ‘ਚੋਂ ਲੰਬਾ ਸਫਰ ਕੱਟ ਕੇ ਘੱਟ ਠੰਢ ਵਾਲੇ ਪਿੰਡੀਂ ਆਈਆਂ ਇਹ ਮਨਮੋਹਣੀਆਂ ਪ੍ਰਾਹੁਣੀਆਂ ਚਾਰ-ਪੰਜ ਮਹੀਨਿਆਂ ਲਈ ਆਪਣੀ ਖੁਸ਼-ਆਮਦੀਦ ਹਾਜ਼ਰੀ ਲੁਆਉਂਦੀਆਂ, ਅਤੇ ਪਿੰਡ ਵਾਲਿਆਂ ਦਾ ਵਿਸ਼ੇਸ਼ ਧਿਆਨ ਖਿੱਚਦੀਆਂ। ਸ਼ਾਮ ਨੂੰ ਜਦ ਉਹ ਸਾਫ ਅਸਮਾਨ ਵਿਚ ਕਤਾਰਾਂ ਬੰਨ੍ਹ ਕੇ ਇਕ ਥਾਂ ਤੋਂ ਦੂਜੇ ਥਾਂ ਨੂੰ ਜਾਂਦੀਆਂ ਤਾਂ ਉਨ੍ਹਾਂ ਦਾ ਇਸ ਤਰ੍ਹਾਂ ਨਿਯਮ ਵਿਚ ਚੱਲਣਾ ਬਹੁਤ ਦਿਲਚਸਪ ਲੱਗਦਾ। ਜੇ ਕਿਤੇ ਕੋਈ ਕੂੰਜ ਸ਼ਾਮ ਵੇਲੇ ਆਪਣੇ ਕੁਨਬੇ ਵਿਚੋਂ ਵਿਛੜ ਜਾਵੇ ਤਾਂ ਉਸ ਦੀ ਕਰੁਣਾਮਈ ਆਵਾਜ਼ ਨਾਲ ਸਭ ਦਾ ਮਨ ਪਸੀਜ ਜਾਂਦਾ। ਕਈ ਵਾਰੀ ਇਉਂ ਵੀ ਹੁੰਦਾ ਹੈ ਕਿ ਹਨੇਰੇ ਪਏ ਤੱਕ ਇਹ ਕੂੰਜ ਕਿਸੇ ਟਿਕਾਣੇ ਨਾ ਲੱਗ ਸਕਦੀ ਤੇ ਪਿੰਡ ਉਤੋਂ ਉਡਾਰੀ ਮਾਰਦੀ, ਅਸਮਾਨੋਂ ਕੂਕਦੀ, ਇਧਰ-ਉਧਰ ਭਟਕਦੀ ਫਿਰਦੀ, ਜਿਵੇਂ ਕੋਈ ‘ਕੱਲੀ-ਕਾਰੀ ਆਤਮਾ ਪਰਮਾਤਮਾ ਨੂੰ ਪੁਕਾਰ ਰਹੀ ਹੋਵੇ। ਸਾਰੇ ਪਿੰਡ ਦਾ ਧਿਆਨ ਕੂੰਜ ਵੱਲ ਹੋ ਜਾਂਦਾ। ਖਾਸ ਤੌਰ ‘ਤੇ ਔਰਤਾਂ ਭਾਵੁਕ ਹੋ ਜਾਂਦੀਆਂ ਜੋ ਖੁਦ ਕਦੀ ਬਾਬਲ ਦਾ ਦੇਸ਼ ਕੂੰਜਾਂ ਵਾਂਗ ਛੱਡ ਆਈਆਂ ਸਨ, ਜਾਂ ਜਿਨ੍ਹਾਂ ਨੂੰ ਹੁਣ ਆਪਣੇ ਧੀਆਂ-ਪੁੱਤਰਾਂ ਨੂੰ ਪਰਦੇਸ ਭੇਜਣਾ ਪਿਆ ਸੀ ਜਾਂ ਜਿਨ੍ਹਾਂ ਦੀਆਂ ਜੁਆਨ ਧੀਆਂ ਨੇ ਕੂੰਜਾਂ ਬਣ ਸਹੁਰੀਂ ਤੁਰ ਜਾਣਾ ਸੀ। ਕੂੰਜਾਂ ਦਾ ਅਜਿਹਾ ਵਿਰਲਾਪ ਗੁਰਬਾਣੀ ਵਿਚ ਵੀ ਦਰਜ ਹੈ:
ਉਡੇ ਊਡਿ ਆਵੈ ਸੋ ਕੋਸਾ
ਤਿਸੁ ਪਾਛੈ ਪਚਰੇ ਛਰਿਆ॥
ਤਿਸੁ ਕਵਣ ਖਲਾਵੈ ਕਵਣ ਚੁਗਾਵੈ
ਮਨ ਮਹਿ ਸਿਮਰਨ ਕਰਿਆ॥
ਕੂੰਜਾਂ ਯੂਰੇਸ਼ੀਆ, ਮੰਗੋਲੀਆ ਅਤੇ ਚੀਨ ਦੀਆਂ ਜੱਦੀ ਵਸਨੀਕ ਹਨ। ਇਹ ਪੰਛੀ ਬਹੁਤਾ ਜੋੜਿਆਂ ਵਿਚ ਰਹਿੰਦੇ ਹਨ ਅਤੇ ਸਰਦੀਆਂ ਕੱਟਣ ਲਈ ਅਤਿ ਕਠਿਨ ਸਫਰ ਕਰ ਕੇ 16000 ਤੋਂ 26000 ਫੁੱਟ ਉਚੀਆਂ ਹਿਮਾਲਾ ਦੀਆਂ ਪਹਾੜੀਆਂ ਉਪਰੋਂ ਉਡਾਣ ਭਰ ਕੇ ਚੋਗੇ ਦੀ ਭਾਲ ਅਤੇ ਠੰਢ ਤੋਂ ਬਚਣ ਲਈ ਮੈਦਾਨਾਂ ਵਿਚ ਪਹੁੰਚਦੀਆਂ ਹਨ। ਇਹ ਵਿਸਾਖੀ ਤੋਂ ਪਹਿਲਾਂ-ਪਹਿਲਾਂ ਆਪਣੇ ਵਤਨੀਂ ਪਰਤ ਜਾਂਦੀਆਂ ਹਨ:
ਕੂੰਜਾਂ ਕਣਕਾਂ ਮਹਿਣਾ
ਜੇ ਕਰ ਰਹਿਣ ਵਿਸਾਖ।
ਪੰਜਾਬੀ ਸਾਹਿਤ ਵਿਚ ਉਨ੍ਹਾਂ ਦਾ ਕਈ ਥਾਂਵੇਂ ਜ਼ਿਕਰ ਹੈ। ਸ਼ੇਖ ਫਰੀਦ ਲਿਖਦੇ ਹਨ:
ਕਤਿਕ ਕੂੰਜਾਂ ਚੇਤਿ ਡਉ
ਸਾਵਣ ਬਿਜਲੀਆਂ।
ਵੀਹਵੀਂ ਸਦੀ ਦਾ ਮਕਬੂਲ ਨੌਜੁਆਨ ਕਵੀ ਸ਼ਿਵ ਕੁਮਾਰ ਬਟਾਲਵੀ ਕਿਆ ਖੂਬ ਲਿਖਦਾ ਹੈ:
ਵੇਖ ਨਟੇ
ਕਿੰਜ ਵਾਦੀ ਦੇ ਵਿਚ
ਸਵਰ ਹੈ ਗੂੰਜ ਰਿਹਾ
ਸਰਸਵਤੀ ਦੇ ਸਵਰ ਮੰਡਲ ਨੂੰ
ਜਿਉਂ ਕੋਈ ਛੇੜ ਗਿਆ
ਕੱਤਕ ਮਾਹ ਵਿਚ ਕੂੰਜਾਂ ਦਾ
ਜਿਉਂ ਕੰਨੀਂ ਬੋਲ ਪਿਆ।
ਕੋਈ ਬ੍ਰਿਹਣ ਕੂਕਦੀ ਹੈ,
ਵੇ ਮਾਹੀਆ ਕੂੰਜ ਵਾਂਗ ਕੁਰਲਾਨੀ ਆਂ
ਰੋਵਾਂ ਪਾਣੀ ਕੁਮਲਾਨੀ ਜਾਨੀ ਆਂ।
ਕੱਤਕ ਇਕੱਲਾ ਐਸਾ ਮਹੀਨਾ ਹੈ, ਜਿਸ ਦੀ ਮੱਸਿਆ ਵੀ ਵਿਸ਼ੇਸ਼ ਹੈ ਅਤੇ ਪੂਰਨਮਾਸ਼ੀ ਵੀ। ਮੱਸਿਆ ਦੀਵਾਲੀ ਕਰ ਕੇ ਅਤੇ ਪੂਰਨਮਾਸ਼ੀ ਗੁਰੂ ਨਾਨਕ ਦੇਵ ਦੇ ਆਗਮਨ ਪੁਰਬ ਕਰ ਕੇ; ਹਾਲਾਂਕਿ ਵਿਦਵਾਨਾਂ ਅਤੇ ਖੋਜੀਆਂ ਨੇ ਇਹ ਮਤ ਪ੍ਰਵਾਨ ਕਰ ਲਿਆ ਹੈ ਕਿ ਗੁਰੂ ਜੀ ਦਾ ਜਨਮ ਪਹਿਲੀ ਵਿਸਾਖ ਨੂੰ ਹੋਇਆ ਸੀ, ਪਰ ਸਿੱਖ ਸੰਗਤਾਂ ਵਿਚ ਇਹ ਕੱਤਕ ਦੀ ਪੂਰਨਮਾਸ਼ੀ ਨੂੰ ਮਨਾਏ ਜਾਣ ਦੀ ਰੀਤ ਹੈ। ਪੂਰਨਮਾਸ਼ੀ ਤੋਂ ਕਾਫੀ ਦਿਨ ਪਹਿਲਾਂ ਪ੍ਰਭਾਤ-ਫੇਰੀਆਂ ਨਿਕਲਣੀਆਂ ਸ਼ੁਰੂ ਹੋ ਜਾਂਦੀਆਂ ਹਨ। ਗੁਰਪੁਰਬ ਮੌਕੇ ਅਖੰਡ ਪਾਠ ਦੇ ਭੋਗ ਪਾਏ ਜਾਂਦੇ ਹਨ, ਕੀਰਤਨ ਦਰਬਾਰ ਸਜਦੇ ਹਨ, ਲੰਗਰ ਲਾਏ ਜਾਂਦੇ ਹਨ ਅਤੇ ਕਈ ਸ਼ਰਧਾਲੂ ਦੀਪਮਾਲਾ ਵੀ ਕਰਦੇ ਹਨ। ਮੌਸਮ ਠੀਕ ਹੋਣ ਅਤੇ ਫਸਲ ਆਈ ਹੋਣ ਕਰ ਕੇ, ਸਿੱਖ ਸੰਗਤਾਂ ਗੁਰੂ ਕੇ ਲੰਗਰ ਵਿਚ ਵਧ ਚੜ੍ਹ ਕੇ ਹਿੱਸਾ ਪਾਉਂਦੀਆਂ ਹਨ।
ਝੋਨੇ ਅਤੇ ਮੱਕੀ ਤੋਂ ਬਿਨਾ ਜਿਨ੍ਹਾਂ ਇਲਾਕਿਆਂ ਵਿਚ ਕਮਾਦ ਦੀ ਫਸਲ ਹੁੰਦੀ ਹੈ, ਉਥੇ ਹਿਰਸਾਂ ਜੁਆਨੀ ‘ਤੇ ਆਉਣ ਲੱਗਦੀਆਂ ਹਨ। ਸਦੀਆਂ ਤੋਂ ਕਮਾਦ ਦੀ ਫਸਲ ਪੰਜਾਬ ਵਿਚ ਘਰ ਦੀਆਂ ਲੋੜਾਂ ਵੀ ਪੂਰੀਆਂ ਕਰਦੀ ਰਹੀ ਹੈ ਅਤੇ ਪੈਸੇ-ਧੇਲੇ ਦੀਆਂ ਵੀ। ਕਿਸੇ ਜ਼ਮਾਨੇ ਵਿਚ ਇਹ ਕਿਸਾਨ ਦੀ ਮਿੱਲ ਹੀ ਹੁੰਦੀ ਸੀ। ਗੰਨਾ ਚੂਪਣ ਦੇ ਕੰਮ ਵੀ ਆਉਂਦਾ ਸੀ ਅਤੇ ਗੁੜ-ਸ਼ੱਕਰ ਕੱਢਣ ਦੇ ਵੀ। ਇਸ ਤੋਂ ਬਾਲਣ ਵੀ ਪ੍ਰਾਪਤ ਹੁੰਦਾ ਅਤੇ ਪਸੂਆਂ ਲਈ ਚਾਰਾ ਵੀ। ਗੰਨੇ ਦੀ ਫਸਲ ਦੂਜੀਆਂ ਫਸਲਾਂ ਤੋਂ ਅਲੱਗ ਹੁੰਦੀ ਹੈ ਕਿਉਂਕਿ ਇਹ ਸਾਲਾਨਾ ਫਸਲ ਹੈ। ਅੱਠ-ਦੱਸ ਫੁੱਟ ਉਚੀ ਫਸਲ ਹੋਣ ਕਰ ਕੇ ਇਹ ਚੋਰੀਆਂ-ਯਾਰੀਆਂ ਦੀ ਠਾਹਰ ਵੀ ਬਣਦੀ ਹੈ ਅਤੇ ਨਾਜਾਇਜ਼ ਨਸ਼ੇ ਕੱਢਣ ਦੀ ਵੀ। ਖਾੜਕੂਵਾਦ ਦੇ ਦਿਨੀਂ ਪੰਜਾਬ ਵਿਚ ਕਈ ਮੁਕਾਬਲੇ ਕਮਾਦ ਦੇ ਖੇਤਾਂ ਦੁਆਲੇ ਹੁੰਦੇ ਰਹੇ ਹਨ। ਕਮਾਦ ਸਿੱਧੇ ਜਾਂ ਅਸਿੱਧੇ ਰੂਪ ਵਿਚ ਪੰਜਾਬੀਆਂ ਦਾ ਸਾਰਾ ਸਾਲ ਸਾਥ ਦਿੰਦਾ ਹੈ। ਸਮਝਿਆ ਜਾਂਦਾ ਹੈ ਕਿ ਕਮਾਦ ਦੀ ਫਸਲ ਦੁਨੀਆਂ ਨੂੰ ਭਾਰਤ ਦੀ ਦੇਣ ਹੈ। ਈਸਾ ਤੋਂ ਵੀ 350 ਸਾਲ ਪਹਿਲਾਂ ਸਿਕੰਦਰ ਮਹਾਨ ਦੇ ਸੈਨਿਕ ਹਿੰਦੁਸਤਾਨ ਤਂੋ ਵਾਪਸੀ ਸਮੇਂ ਗੰਨਾ ਇਥੋਂ ਯੂਰਪ ਲੈ ਕੇ ਗਏ ਸਨ। ਸੰਨ 600 ਈਸਾ ਪੂਰਵ ਵਿਚ ਚੀਨ ਵਿਚ ਵੀ ਗੰਨਾ ਭਾਰਤ ਤੋਂ ਹੀ ਗਿਆ। ਉਥੇ ਦੇ ਬਾਦਸ਼ਾਹ ਨੇ ਆਪਣੇ ਵਿਸ਼ੇਸ਼ ਦੂਤ ਇਥੇ ਭੇਜੇ, ਜਿਨ੍ਹਾਂ ਸ਼ੱਕਰ ਬਣਾਉਣ ਦੀ ਕਲਾ ਇਥੇ ਰਹਿ ਕੇ ਸਿੱਖੀ।
ਇਹੀ ਦਿਨ ਕਪਾਹ ਚੁਗਣ ਦੇ ਹੁੰਦੇ ਹਨ:
ਮਹੀਨਾ ਕੱਤੇ ਦਾ ਚੜ੍ਹ ਗਿਆ ਭਰਾਵੋ
ਨਰਮੇ ਕਪਾਹਾਂ ਖਿੜੀਆਂ
ਜਿਨ੍ਹਾਂ ਲੋਕਾਂ ਦੇ ਹੱਥ ਤੰਗ ਸੀ
ਗੇੜਾਂ ਉਨ੍ਹਾਂ ਦੀਆਂ ਰਿੜੀਆਂ
ਦੇਸ਼ ਪੰਜਾਬ ਦੀਆਂ
ਚੁਗਣ ਨਾਰੀਆਂ ਛਿੜੀਆਂ।
ਕਪਾਹ ਉਂਜ ਵੀ ਕਿੰਨੀ ਕਮਾਲ ਦੀ ਫਸਲ ਹੈ! ਹਰੀਆਂ ਹਰੀਆਂ ਛਿੱਟੀਆਂ ‘ਤੇ ਲੱਗੇ ਟੀਂਡਿਆਂ ਵਿਚੋਂ ਜਦ ਚਿੱਟੀਆਂ ਫੁੱਟੀਆਂ ਖਿੜਦੀਆਂ ਹਨ, ਤਾਂ ਕਾਦਰ ਦੀ ਵਰਕਸ਼ਾਪ ਤੋਂ ਸਦਕੇ ਜਾਣ ਨੂੰ ਜੀ ਕਰਦਾ ਹੈ। ਉਂਜ ਕਪਾਹ ਸਾਰੇ ਪੰਜਾਬ ਦੀ ਫਸਲ ਨਹੀਂ, ਜ਼ਿਆਦਾਤਰ ਫਿਰੋਜ਼ਪੁਰ-ਫਾਜ਼ਿਲਕਾ ਦੇ ਇਲਾਕੇ ਵਿਚ ਹੀ ਚੰਗਾ ਝਾੜ ਦਿੰਦੀ ਹੈ। ਇਸ ‘ਤੇ ਬਿਮਾਰੀਆਂ ਦੇ ਵੀ ਸਭ ਤੋਂ ਵੱਧ ਹੱਲੇ ਹੁੰਦੇ ਹਨ। ਇਸ ਨੂੰ ਸਿਰੇ ਚਾੜ੍ਹਨਾ ਅਤੇ ਫਿਰ ਕਪਾਹ ਚੁਗਣ ਲਈ ਕਾਮਿਆਂ ਦਾ ਪ੍ਰਬੰਧ ਕਰਨਾ ਕਾਫੀ ਮਿਹਨਤ-ਮੁਸ਼ੱਕਤ ਵਾਲਾ ਕੰਮ ਹੈ।
ਇਨ੍ਹੀਂ ਦਿਨੀਂ ਹਾੜ੍ਹੀ ਦੀ ਫਸਲ ਬੀਜਣ ਦਾ ਸਮਾਂ ਹੁੰਦਾ ਹੈ। ਪੈਲੀਆਂ ਦਾ ਵੱਤਰ ਵੇਖਣਾ-ਸਮਝਣਾ, ਵਹਾਈ, ਬਿਜਾਈ ਆਦਿ ਵੱਲ ਧਿਆਨ ਦੇਣਾ ਬੜਾ ਜ਼ਰੂਰੀ ਹੁੰਦਾ ਹੈ। ਕਿਸਾਨਾਂ ਨੂੰ ਸਵੇਰੇ ਹੀ ਖੇਤਾਂ ਵਿਚ ਪਹੁੰਚਣਾ ਪੈਂਦਾ ਹੈ। ਖੇਤ ਕਰਮਾਂ ਸੰਦੜੇ ਤਾਂ ਹੀ ਹੋਣਗੇ, ਜੇ ਕੱਤਕ ਵਿਚ ਚੰਗੀ ਤਰ੍ਹਾਂ ਕਰਮ ਕਮਾਏ ਜਾਣਗੇ, ਜੇ ਖੇਤ ਕਿਸਾਨ ਦੀ ਕਰਮ-ਭੂਮੀ ਬਣਨਗੇ। ਸਾਉਣੀ ਦੀ ਭਰਵੀਂ ਫਸਲ ਵੀ ਉਨ੍ਹਾਂ ਦੇ ਨਸੀਬਾਂ ਵਿਚ ਹੀ ਆਉਂਦੀ ਹੈ, ਜਿਨ੍ਹਾਂ ਕਮਾਈਆਂ ਕੀਤੀਆਂ ਹੁੰਦੀਆਂ ਹਨ:
ਕਤਕਿ ਕਿਰਤ ਪਇਆ
ਜੋ ਪ੍ਰਭ ਭਾਇਆ॥
ਦੀਪਕੁ ਸਹਜਿ ਬਲੈ
ਤਤਿ ਜਲਾਇਆ॥
ਦੀਪਕ ਰਸ ਤੇਲੋ ਧਨ ਪਿਰ ਮੇਲੋ
ਧਨ ਓਮਾਹੈ ਸਰਸੀ॥
ਅਵਗੁਣ ਮਾਰੀ ਮਰੈ ਨ ਸੀਝੈ
ਗੁਣਿ ਮਾਰੀ ਤਾ ਮਰਸੀ॥
ਨਾਮੁ ਭਗਤਿ ਦੇ ਨਿਜ ਘਰਿ ਬੈਠੇ
ਅਜਹੁ ਤਿਨਾੜੀ ਆਸਾ॥
ਨਾਨਕ ਮਿਲਹੁ ਪ੍ਰਪਟ ਦਰ ਖੋਲਹੁ
ਏਕ ਘੜੀ ਖਟੁ ਮਾਸਾ॥
ਸਫਲ ਜੀਵਨ ਜਿਉਣ ਲਈ ਬੜੀ ਮਿਹਨਤ-ਮੁਸ਼ੱਕਤ ਕਰਨੀ ਪੈਂਦੀ ਹੈ। ਔਗੁਣ ਤਿਆਗ ਕੇ ਗੁਣ ਗ੍ਰਹਿਣ ਕਰਨੇ ਪੈਂਦੇ ਹਨ। ਇਹ ਸਫਰ ਲਗਾਤਾਰ, ਸਾਰੀ ਉਮਰ ਦਾ ਹੁੰਦਾ ਹੈ। ਸੰਪੂਰਨਤਾ ਪ੍ਰਾਪਤ ਕਰਨ ਦੇ ਇਸ ਉਦਮ ਵਿਚ ਕੋਈ ਮੰਜ਼ਿਲ ਨਹੀ ਹੁੰਦੀ: “ਗੋਇਆ ਮੈਂ ਭੀ ਸਫਰ ਮੇਂ ਹੂੰ, ਮੇਰੀ ਮੰਜ਼ਿਲ ਭੀ ਸਫਰ ਮੇਂ ਹੈ।”
ਬੱਸ ਏਦਾਂ ਹੀ ਇਕ ਇਕ ਦਿਨ ਕਰ ਕੇ ਮਹੀਨੇ ਅਤੇ ਸਾਲ ਨਿਕਲੀ ਜਾਂਦੇ ਹਨ। ਧਰਤੀ ਅਤੇ ਸੂਰਜ ਦੇ ਗਰਦਿਸ਼-ਗੇੜਿਆਂ ਵਿਚੋਂ ਰੁੱਤਾਂ ਨਿਕਲੀ ਆਉਂਦੀਆਂ ਹਨ। ਹਰ ਮੌਸਮ, ਹਰ ਰੁੱਤ ਜੀਵਨ ਲੀਲਾ ਨੂੰ ਪ੍ਰਭਾਵਤ ਕਰਦੇ ਜਾਂਦੇ ਹਨ। ਕੱਤਕ ਦੇ ਅੰਤ ਤੱਕ ਸਰੀਰਕ ਅਤੇ ਮਾਨਸਿਕ ਤੌਰ ‘ਤੇ ਸਿਆਲੇ ਦਾ ਅਹਿਸਾਸ ਭਾਰੂ ਹੋਣ ਲੱਗਦਾ ਹੈ ਅਤੇ ਅੱਸੂ ਦੀ ਸੰਗਰਾਂਦ ਤੋਂ ਗਰਮੀ ਤੋਂ ਨਿਜਾਤ ਮਿਲਣ ਦੀ ਸ਼ੁਰੂ ਹੋਈ ਉਡੀਕ ਸ਼ੁਕਰ ਸ਼ੁਕਰ ਕਰ ਕੇ ਮੁੱਕਣ ਲੱਗਦੀ ਹੈ।