ਹੁਸ਼ਿਆਰਪੁਰ ਦਾ ਇਤਿਹਾਸ ਭਾਵੇਂ ਬਹੁਤਾ ਪੁਰਾਣਾ ਨਹੀਂ ਪਰ ਇਹ ਸ਼ਹਿਰ ਜਿਸ ਤਰ੍ਹਾਂ ਦੀ ਅਮੀਰ ਵਿਰਾਸਤ ਆਪਣੇ ਅੰਦਰ ਸਮੋਈ ਬੈਠਾ ਹੈ, ਉਸ ਤੋਂ ਸ਼ਾਇਦ ਬਹੁਤ ਘੱਟ ਲੋਕ ਵਾਕਫ ਹੋਣ। ‘ਪੰਜਾਬ ਟਾਈਮਜ਼’ ਵਿਚ ਪਾਠਕ ਵਾਸਦੇਵ ਸਿੰਘ ਪਰਹਾਰ ਦੇ ਲੇਖ ਅਕਸਰ ਪੜ੍ਹਦੇ ਰਹਿੰਦੇ ਹਨ। ਇਸ ਲੇਖ ਵਿਚ ਉਨ੍ਹਾਂ ਹੁਸ਼ਿਆਰਪੁਰ ਬਾਰੇ ਖੋਜ ਭਰਪੂਰ ਅਤੇ ਦਿਲਚਸਪ ਗੱਲਾਂ ਕੀਤੀਆਂ ਹਨ ਜੋ ਅਸੀਂ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ।
ਲੇਖ ਦੀ ਸਾਦਗੀ ਨੇ ਇਸ ਦੇ ਸੁਹਜ ਨੂੰ ਚਾਰ ਚੰਨ ਲਾ ਦਿੱਤੇ ਹਨ। -ਸੰਪਾਦਕ
ਵਾਸਦੇਵ ਸਿੰਘ ਪਰਹਾਰ
ਫੋਨ: 206-434-1155
ਹੁਸ਼ਿਆਰਪੁਰ ਸ਼ਹਿਰ ਦਾ ਇਤਿਹਾਸ ਬਹੁਤਾ ਪੁਰਾਣਾ ਨਹੀਂ ਹੈ। ‘ਆਈਨ-ਏ-ਅਕਬਰੀ’ ਵਿਚ ਇਸ ਸ਼ਹਿਰ ਦਾ ਕੋਈ ਜ਼ਿਕਰ ਨਹੀਂ। ਉਸ ਸਮੇਂ ਇਹ ਬਜਵਾੜਾ ਮਹਾਲ (ਜ਼ਿਲ੍ਹਾ) ਦਾ ਹਿੱਸਾ ਸੀ। ਇਕ ਵਿਚਾਰ ਇਹ ਹੈ ਕਿ ਇਹ ਸ਼ਹਿਰ ਹਰਿਗੋਬਿੰਦ ਅਤੇ ਰਾਮ ਚੰਦ ਨਾਂ ਦੇ ਦੋ ਦੀਵਾਨਾਂ ਨੇ ਸ਼ਹਿਨਸ਼ਾਹ ਮੁਹੰਮਦ ਤੁਗਲਕ ਦੇ ਸਮੇਂ ਆਬਾਦ ਕੀਤਾ। ਦੂਜੀ ਧਾਰਨਾ ਇਹ ਹੈ ਕਿ ਹੁਸ਼ਿਆਰ ਖਾਂ ਨੇ ਬਜਵਾੜੇ ਤੋਂ ਉਠ ਕੇ ਇਸ ਸ਼ਹਿਰ ਦੀ ਨੀਂਹ ਰੱਖੀ ਅਤੇ ਉਸ ਦੇ ਨਾਂ ‘ਤੇ ਹੀ ਸ਼ਹਿਰ ਦਾ ਨਾਂ ਹੁਸ਼ਿਆਰਪੁਰ ਪਿਆ। ਇਹੀ ਗੱਲ ਠੀਕ ਲੱਗਦੀ ਹੈ। 1894 ਲਾਗੇ ਸ਼ਹਿਰ ਵਿਚ ਮੁਸਲਮਾਨਾਂ ਦੀ ਆਬਾਦੀ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਮਿਉਂਸਪਲ ਕਮੇਟੀ ਦੇ ਚੋਣ ਨਿਯਮਾਂ ਅਨੁਸਾਰ ਦਸਾਂ ਵਿਚੋਂ ਚਾਰ ਮੁਸਲਮਾਨ ਮੈਂਬਰ ਲਏ ਜਾਣੇ ਜ਼ਰੂਰੀ ਸਨ। 1887 ਵਿਚ ਦੁਸਹਿਰੇ ਅਤੇ ਮੁਹੱਰਮ ਦੇ ਤਿਉਹਾਰਾਂ ਸਮੇਂ ਫਸਾਦ ਹੋਣ ਕਾਰਨ 1894 ਤਕ ਮਿਉਂਸਪਲ ਕਮੇਟੀ ਭੰਗ ਰਹੀ।
ਇਸ ਸ਼ਹਿਰ ਦੇ ਆਬਾਦ ਹੋਣ ਤੋਂ ਪਹਿਲਾਂ ਬਜਵਾੜਾ ਜੋ ਹੁਸ਼ਿਆਰਪੁਰ ਤੋਂ ਦੋ ਕੁ ਮੀਲ ਪੂਰਬ ਵੱਲ ਹੈ, ਮਸ਼ਹੂਰ ਸ਼ਹਿਰ ਸੀ, ਜਿਥੇ ਸ਼ੇਰ ਸ਼ਾਹ ਸੂਰੀ ਅਤੇ ਸੰਗੀਤਕਾਰ ਬੈਜੂ ਬਾਵਰਾ ਦਾ ਜਨਮ ਹੋਇਆ। ਬਜਵਾੜਾ ਵਿਚ ਆਲ੍ਹਾ ਕਿਸਮ ਦੀ ਮਲਮਲ ਤਿਆਰ ਹੁੰਦੀ ਸੀ ਤੇ ਇਹ ਸਾਰੇ ਭਾਰਤ ਵਿਚ ਮਸ਼ਹੂਰ ਸੀ। ‘ਹੀਰ’ ਵਿਚ ਵਾਰਸ ਸ਼ਾਹ ਨੇ ਲਿਖਿਆ ਹੈ, “ਦਸਤਾਰ ਬਜਵਾੜਿਓਂ ਖੂਬ ਆਵੇ ਅਤੇ ਬਾਵਤਾ ਨਹੀਂ ਕਸੂਰ ਜੇਹਾ।” ਬਜਵਾੜੇ ਦੀ ਮਲਮਲ ਦਸਤਾਰਾਂ ਲਈ ਵਰਤੀ ਜਾਂਦੀ ਸੀ। ਇਹ ਉਹ ਸਮਾਂ ਸੀ ਜਦੋਂ ਹਿੰਦੂ ਅਤੇ ਮੁਸਲਮਾਨ ਸਭ ਹੀ ਸਿਰ ‘ਤੇ ਦਸਤਾਰਾਂ ਸਜਾਉਂਦੇ ਸਨ।
ਗੁਰੂ ਗੋਬਿੰਦ ਸਿੰਘ ਦੇ ਸਮੇਂ ਤੱਕ ਹੁਸ਼ਿਆਰਪੁਰ ਚੰਗਾ ਸ਼ਹਿਰ ਬਣ ਚੁਕਾ ਸੀ। ਮੁਸਲਮਾਨ ਬਾਦਸ਼ਾਹਾਂ ਦੇ ਰਾਜ ਸਮੇਂ ਸਾਰੇ ਹੀ ਸ਼ਹਿਰਾਂ ਵਿਚ ਨੱਚਣ-ਗਾਉਣ ਵਾਲੀਆਂ ਵੇਸਵਾਵਾਂ ਦੇ ਕੋਠਿਆਂ ਦਾ ਵੱਖਰਾ ਬਾਜ਼ਾਰ ਹੁੰਦਾ ਸੀ। ਭਾਈ ਜੋਗਾ ਸਿੰਘ ਦੇ ਭਟਕ ਕੇ ਇਥੋਂ ਦੇ ਵੇਸਵਾ ਬਾਜ਼ਾਰ ਵਿਚ ਜਾਣ ਦਾ ਜ਼ਿਕਰ ਇਤਿਹਾਸ ਵਿਚ ਮਿਲਦਾ ਹੈ। ਭਾਈ ਜੋਗਾ ਸਿੰਘ ਦੇ ਨਾਂ ‘ਤੇ ਸ਼ਹਿਰ ਦੇ ਐਨ ਵਿਚਕਾਰ ਗੁਰਦੁਆਰਾ ਬਣਿਆ ਹੋਇਆ ਹੈ। 1758 ਵਿਚ ਅਦੀਨਾ ਬੇਗ ਪੰਜਾਬ ਦਾ ਗਵਰਨਰ ਬਣਿਆ ਤਾਂ ਉਸ ਨੇ ਆਪਣੇ ਜੱਦੀ ਪਿੰਡ ਖਾਨਪੁਰ ਨੂੰ ਆਪਣੀਆਂ ਸਰਗਰਮੀਆਂ ਦਾ ਕੇਂਦਰ ਬਣਾਇਆ। ਖਾਨਪੁਰ ਹੁਸ਼ਿਆਰਪੁਰ ਤੋਂ ਦੋ ਕੁ ਮੀਲ ਪੱਛਮ ਵੱਲ ਟਾਂਡੇ ਵਾਲੀ ਸੜਕ ‘ਤੇ ਹੈ। ਅਦੀਨਾ ਬੇਗ ਦੀ ਕਬਰ ਇਸੇ ਪਿੰਡ ਵਿਚ ਹੈ।
ਸਿੱਖ ਮਿਸਲਾਂ ਦੇ ਸਮੇਂ ਇਹ ਫੈਜ਼ਲਪੁਰੀ ਮਿਸਲ ਦੇ ਮੁਖੀ ਭੂਪ ਸਿੰਘ ਦੇ ਅਧੀਨ ਸੀ। ਉਸ ਤੋਂ ਕਾਂਗੜੇ ਦੇ ਰਾਜਾ ਸੰਸਾਰ ਚੰਦ ਨੇ ਖੋਹ ਕੇ ਆਪਣਾ ਕਬਜ਼ਾ ਕਰ ਲਿਆ, ਪਰ ਜਦੋਂ ਨੇਪਾਲ ਦੇ ਜਰਨੈਲ ਅਮਰ ਸਿੰਘ ਥਾਪਾ ਨੇ ਕਾਂਗੜੇ ‘ਤੇ ਹਮਲਾ ਕੀਤਾ ਤਾਂ ਰਾਜਾ ਸੰਸਾਰ ਚੰਦ ਨੂੰ ਮਜਬੂਰ ਹੋ ਕੇ ਮਹਾਰਾਜਾ ਰਣਜੀਤ ਸਿੰਘ ਨੂੰ ਮਦਦ ਲਈ ਬੇਨਤੀ ਕਰਨੀ ਪਈ। 1809 ਵਿਚ ਮਹਾਰਾਜਾ ਰਣਜੀਤ ਸਿੰਘ ਨੇ ਇਸ ਸ਼ਹਿਰ ‘ਤੇ ਕਬਜ਼ਾ ਕਰ ਲਿਆ। ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਮਿਸਰ ਰੂਪ ਲਾਲ ਨੂੰ ਦੁਆਬੇ ਦਾ ਗਵਰਨਰ ਨਿਯੁਕਤ ਕੀਤਾ ਤਾਂ ਉਸ ਨੇ ਆਪਣੀ ਰਿਹਾਇਸ਼ ਇਸ ਸ਼ਹਿਰ ਵਿਚ ਰੱਖੀ। ਉਸ ਦੇ ਸਹੁਰੇ ਜਲੰਧਰ ਸਨ, ਇਸ ਲਈ ਉਸ ਨੇ ਆਪਣੇ ਸਹੁਰਿਆਂ ਦੇ ਸ਼ਹਿਰ ਵਿਚ ਰਹਿਣਾ ਪਸੰਦ ਨਾ ਕੀਤਾ।
ਇਹ ਜ਼ਿਲ੍ਹਾ ਵੀ ਪਹਿਲੀ ਐਂਗਲੋ-ਸਿੱਖ ਜੰਗ ਤੋਂ ਤੁਰੰਤ ਬਾਅਦ ਬਾਕੀ ਜਲੰਧਰ ਦੁਆਬ ਵਾਂਗ ਅੰਗਰੇਜ਼ ਸਰਕਾਰ ਦੇ ਅਧੀਨ ਆਇਆ। ਇਸ ਨਵੇਂ ਖਿੱਤੇ ਦੇ ਪਹਿਲੇ ਕਮਿਸ਼ਨਰ ਜਾਨ ਲਾਰੈਂਸ ਮਾਰਚ 1846 ਵਿਚ ਬਣੇ। ਇਹ ਸਿੱਧੇ ਸੁਪਰੀਮ ਸਰਕਾਰ ਦੇ ਅਧੀਨ ਰਹੇ ਅਤੇ 1848 ਵਿਚ ਜਲੰਧਰ ਦੁਆਬ ਦੇ ਕਮਿਸ਼ਨਰ ਨੂੰ ਲਾਹੌਰ ਦੇ ਰੀਜੈਂਟ ਅਧੀਨ ਕਰ ਦਿੱਤਾ ਗਿਆ। 1849 ਵਿਚ ਬਾਕੀ ਪੰਜਾਬ ਵਾਂਗ ਇਹ ਜ਼ਿਲ੍ਹਾ ਵੀ ਬੋਰਡ ਆਫ ਐਡਮਨਿਸਟਰੇਟਰਜ਼ ਦੇ ਅਧੀਨ ਹੋ ਗਿਆ।
ਇਸ ਰੱਦੋਬਦਲ ਨਾਲ ਇਸ ਜ਼ਿਲ੍ਹੇ ਦੇ ਪਹਾੜੀ ਰਾਜਿਆਂ ਨੂੰ ਬਹੁਤ ਮਾਯੂਸੀ ਹੋਈ। ਉਨ੍ਹਾਂ ਦਾ ਵਿਚਾਰ ਸੀ ਕਿ ਮਹਾਰਾਜਾ ਰਣਜੀਤ ਸਿੰਘ ਵੱਲੋਂ ਉਨ੍ਹਾਂ ਦੇ ਖੋਹੇ ਗਏ ਇਲਾਕੇ ਉਨ੍ਹਾਂ ਨੂੰ ਮਿਲ ਜਾਣਗੇ, ਪਰ ਅੰਗਰੇਜ਼ਾਂ ਨੇ ਉਨ੍ਹਾਂ ਦੀਆਂ ਆਸਾਂ ‘ਤੇ ਪਾਣੀ ਫੇਰ ਦਿੱਤਾ। ਸ਼ੇਖ ਗੁਲਾਮ ਮਹੀਉਦੀਨ ਦੀਆਂ ਪਰਜਾ ਵਿਰੁਧ ਵਧੀਕੀਆਂ ਕਾਰਨ (ਖਾਸ ਕਰ ਕੇ ਜਮੀਨ ਦੇ ਸਰਕਾਰੀ ਮਾਮਲੇ ਦੀ ਉਗਰਾਹੀ ਬਾਰੇ) ਉਸ ਦੀ ਥਾਂ ਮਿਸਰ ਰੂਪ ਲਾਲ ਦੀ ਨਿਯੁਕਤੀ ਹੋਈ। ਦੁਆਬੇ ਦੇ ਇੱਜਤਦਾਰ ਚੌਧਰੀਆਂ ਨੂੰ ਸਰਕਾਰੀ ਮਾਮਲਾ ਸਮੇਂ ਸਿਰ ਜਮ੍ਹਾਂ ਨਾ ਕਰਾਉਣ ਕਾਰਨ ਜਲੰਧਰ ਸ਼ਹਿਰ ਦੇ ਮੁੱਖ ਚੌਕਾਂ ਵਿਚ ਕਾਠ ਮਾਰ ਦਿੱਤਾ ਜਾਂਦਾ ਸੀ। ਕਾਠ ਮਾਰਨ ਦਾ ਤਰੀਕਾ ਇਹ ਸੀ ਕਿ ਲੱਕੜੀ ਦੇ ਦੋ ਭਾਰੀ ਫੱਟਿਆਂ ਵਿਚ ਉਸ ਬੰਦੇ ਦੀ ਇਕ ਲੱਤ ਕੱਸ ਦਿੱਤੀ ਜਾਂਦੀ ਸੀ। ਪਿੰਡ ਡਮੁੰਡਾ ਦੇ ਖੜਕ ਸਿੰਘ ਨੇ ਇਕ ਵਾਰ ਔੜ ਕਾਰਨ ਕਿਸਾਨਾਂ ਤੋਂ ਮਾਮਲਾ ਉਗਰਾਹੁਣ ਵਿਚ ਢਿੱਲ ਕੀਤੀ ਤਾਂ ਉਸ ਨੂੰ ਗ੍ਰਿਫਤਾਰ ਕਰ ਕੇ ਲਾਹੌਰ ਭੇਜ ਦਿੱਤਾ ਗਿਆ। ਮਿਸਰ ਰੂਪ ਲਾਲ ਇਮਾਨਦਾਰ ਅਤੇ ਯੋਗ ਸ਼ਾਸਕ ਸੀ। ਉਸ ਦੇ ਸ਼ਾਸਨ ਨੂੰ ਕਿਸਾਨ ਸਲਾਹੁੰਦੇ ਸਨ ਅਤੇ ਭੈੜੇ ਕੰਮ ਕਰਨ ਵਾਲੇ ਉਸ ਦੇ ਨਾਂ ਤੋਂ ਕੰਬਦੇ ਸਨ। ਉਸ ਨੇ ਜਮੀਨ ਦਾ ਲਗਾਨ ਬਹੁਤ ਘਟਾ ਦਿੱਤਾ ਅਤੇ ਇਸ ਤਰ੍ਹਾਂ ਉਗਰਾਹੀ ਸੌਖਿਆਂ ਹੀ ਹੋ ਜਾਂਦੀ ਸੀ। 1833 ਦੇ ਅਕਾਲ ਵਾਲੇ ਸਾਲ ਵਿਚ ਵੀ ਬਹੁਤ ਘੱਟ ਮਾਮਲਾ ਜ਼ਿਮੀਂਦਾਰਾਂ ਵੱਲ ਬਕਾਇਆ ਰਿਹਾ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ 1839 ਵਿਚ ਸ਼ੇਖ ਮਹੀਉਦੀਨ ਨੂੰ ਦੁਆਬੇ ਦਾ ਫਿਰ ਚਾਰਜ ਦਿੱਤਾ ਗਿਆ ਤਾਂ ਉਸ ਨੇ ਫਿਰ ਮਨਮਰਜ਼ੀ ਨਾਲ ਮਾਮਲਾ ਜਬਰੀ ਵਸੂਲਣਾ ਸ਼ੁਰੂ ਕਰ ਦਿੱਤਾ। ਸੰਧੀ ਖਾਂ ਨੂੰ ਹੁਸ਼ਿਆਰਪੁਰ ਦਾ ਚਾਰਜ ਮਿਲਿਆ ਜੋ ਅੰਗਰੇਜ਼ ਰਾਜ ਦੇ ਸ਼ੁਰੂ ਹੋਣ ਤੱਕ ਰਿਹਾ।
1857 ਦੇ ਗਦਰ ਸਮੇਂ ਕਰਨਲ ਐਬਟ ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਸਨ। ਉਨ੍ਹਾਂ ਡਾਕਖਾਨਾ ਛਾਉਣੀ ਤੋਂ ਸਿਵਲ ਲਾਈਨਜ਼ ਵਿਚ ਤਬਦੀਲ ਕਰ ਦਿੱਤਾ। ਰਾਤ ਦਾ ਪਹਿਰਾ ਵੀ ਸਖਤ ਕਰ ਦਿੱਤਾ ਗਿਆ ਅਤੇ ਲੈਫਟੀਨੈਂਟ ਪਾਸਕੇ ਅਤੇ ਮਿਲਰ ਨੂੰ ਇਹ ਡਿਊਟੀ ਦਿੱਤੀ ਗਈ। ਸਿਵਲ ਸਟੇਸ਼ਨ ਦੀ ਰਖਵਾਲੀ ਲਈ ਆਹਲੂਵਾਲੀਆਂ ਦੇ 800 ਆਦਮੀ, ਰਾਜੌਰੀ, ਮੰਡੀ ਅਤੇ ਟਿਵਾਣਾ ਦੇ ਸਿਪਾਹੀਆਂ ਤੋਂ ਇਲਾਵਾ ਪੁਲਿਸ ਦੀ ਸ਼ੇਰਦਿਲ ਬਟਾਲੀਅਨ ਲਾਈ ਗਈ। ਸ਼ੇਰਦਿਲ ਬਟਾਲੀਅਨ ਵਿਚ ਉਤਰ-ਪੱਛਮ ਦੇ ਬਹੁਤ ਪਠਾਣ ਸਨ ਜਿਨ੍ਹਾਂ ਨੂੰ ਲੋਕਲ ਆਬਾਦੀ ਨਾਲ ਜ਼ਰਾ ਵੀ ਹਮਦਰਦੀ ਨਹੀਂ ਸੀ। 23 ਮਈ 1857 ਨੂੰ ਹੁਸ਼ਿਆਰਪੁਰ ਜੇਲ੍ਹ ਦੇ ਕੈਦੀਆਂ ਨੂੰ ਬਜਵਾੜੇ ਦੇ ਕਿਲ੍ਹੇ ਵਿਚ ਤਬਦੀਲ ਕਰ ਦਿੱਤਾ ਗਿਆ। ਉਥੇ ਵੀ ਲੋਕਲ 33ਵੀਂ ਬਟਾਲੀਅਨ ਦੀ ਥਾਂ ਪੁਲਿਸ ਦਾ ਪਹਿਰਾ ਲਾਇਆ ਗਿਆ। ਕੈਦੀਆਂ ਵਿਚੋਂ ਪੰਜਾਂ ਨੂੰ ਗਦਰ ਭੜਕਾਉਣ ਦੇ ਦੋਸ਼ ਵਿਚ ਫਾਂਸੀ ਲਾ ਦਿੱਤਾ ਗਿਆ। ਜਸਵਾਂ ਦੇ ਰਾਜਾ ਨੇ 1846 ਵਿਚ ਅੰਗਰੇਜ਼ ਸਰਕਾਰ ਵਿਰੁਧ ਬਗਾਵਤ ਕੀਤੀ। ਊਨੇ ਵਾਲੇ ਬ੍ਰਿਕਮਾ ਸਿੰਘ ਬੇਦੀ ਨੇ ਵੀ ਉਨ੍ਹਾਂ ਦਾ ਸਾਥ ਦਿੱਤਾ ਅਤੇ ਉਹ ਆਪਣੀ ਫੌਜ ਲੈ ਕੇ ਹੁਸ਼ਿਆਰਪੁਰ ਵੱਲ ਵਧਿਆ ਪਰ ਮੈਲੀ ਦੇ ਸਥਾਨ ‘ਤੇ ਉਸ ਨੂੰ ਜਸਵਾਂ ਦੇ ਰਾਜੇ ਦੀ ਹਾਰ ਦੀ ਖਬਰ ਮਿਲੀ ਤਾਂ ਉਹ ਭੱਜ ਕੇ ਮਹਾਰਾਜਾ ਸ਼ੇਰ ਨਾਲ ਸਿੰਘ ਜਾ ਮਿਲਿਆ।
ਕਰਨੈਲ ਸਾਂਡਰਸ ਐਬਟ ਨੇ ‘ਹੁਸ਼ਿਆਰਪੁਰ ਵਿਚ ਬ੍ਰਿਟਿਸ਼ ਰੂਲ ਦੇ ਅੱਠ ਸਾਲ’ ਨਾਮੀ ਯਾਦ ਪੱਤਰ ਵਿਚ ਲਿਖਿਆ ਹੈ ਕਿ ਸ਼ਹਿਰ ਦੇ ਨਾਲ ਉਤਰ ਵਾਲੇ ਪਾਸੇ ਵੱਡਾ ਚੋਅ ਵਗਦਾ ਹੈ ਜੋ ਬਰਸਾਤ ਦੇ ਦਿਨਾਂ ਵਿਚ ਹੜ੍ਹਾਂ ਨਾਲ ਸ਼ਹਿਰ ਦਾ ਬਹੁਤ ਨੁਕਸਾਨ ਕਰਦਾ ਹੈ। ਹੜ੍ਹ ਰੋਕਣ ਲਈ ਸ਼ਹਿਰ ਵਾਲੇ ਪਾਸੇ ਬੰਨ੍ਹ ਲੁਆਇਆ ਗਿਆ। ਇਹ ਬੰਨ੍ਹ ਦੋ ਸਾਲ ਹੀ ਕਾਇਮ ਰਿਹਾ। ਭਾਰੀ ਬਾਰਸ਼ ਨਾਲ ਜ਼ਬਰਦਸਤ ਹੜ੍ਹ ਆਇਆ ਜੋ ਬੰਨ੍ਹ ਨੂੰ ਰੋੜ੍ਹ ਕੇ ਲੈ ਗਿਆ। ਫਿਰ ਇਸ ਦੀ ਥਾਂ 1853 ਵਿਚ 8857 ਰੁਪਏ ਦੀ ਲਾਗਤ ਨਾਲ ਪੱਕਾ ਬੰਨ੍ਹ ਬਣਾਇਆ ਗਿਆ ਜਿਸ ਦੀਆਂ ਨੀਹਾਂ ਗਿਆਰਾਂ-ਗਿਆਰਾਂ ਫੁੱਟ ਡੂੰਘੀਆਂ ਰੱਖੀਆਂ ਗਈਆਂ, ਪਰ 1854 ਦੇ ਹੜ੍ਹ ਨੇ ਇਸ ਬੰਨ੍ਹ ਨੂੰ ਵੀ ਕਾਫੀ ਨੁਕਸਾਨ ਪਹੁੰਚਾਇਆ। ਇੱਟਾਂ ਦੇ ਵੱਡੇ-ਵੱਡੇ ਬਲਾਕ ਹੜ੍ਹ ਦੋ-ਦੋ ਸੌ ਫੁੱਟ ਹੜ੍ਹਾ ਕੇ ਲੈ ਗਿਆ। ਇਸੇ ਤੋਂ ਹੜ੍ਹ ਦੀ ਤਾਕਤ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਫਿਰ ਸ਼ਹਿਰ ਵਾਲੇ ਪਾਸੇ ਬੰਨ੍ਹ ਦੇ ਅੰਦਰ ਨੜਾ ਲਾਇਆ ਗਿਆ ਜਿਸ ਦੀਆਂ ਜੜ੍ਹਾਂ ਨੇ ਬੰਨ੍ਹ ਨੂੰ ਬਚਾਈ ਰੱਖਿਆ। 1901-02 ਵਿਚ ਮਿਉਂਸਪੈਲਿਟੀ ਨੇ ਇਸ ਬੰਨ੍ਹ ਦੀ ਮੁਰੰਮਤ ਉਤੇ 30,000 ਰੁਪਏ ਖਰਚ ਕੀਤੇ ਜਿਸ ਵਿਚੋਂ 15,000 ਰੁਪਏ ਸਰਕਾਰ ਤੋਂ ਕਰਜ਼ਾ ਲਿਆ ਜੋ 1850 ਰੁਪਏ ਸਾਲਾਨਾ ਦੀਆਂ ਕਿਸ਼ਤਾਂ ਵਿਚ ਵਾਪਸ ਕੀਤਾ ਗਿਆ।
ਅੰਗਰੇਜ਼ ਅਫਸਰਾਂ ਦੀ ਰਿਹਾਇਸ਼ ਲਈ ਸ਼ਹਿਰ ਦੇ ਪੂਰਬ ਵੱਲ ਬੰਗਲੇ ਬਣਾਏ ਗਏ ਜਿਨ੍ਹਾਂ ਦੁਆਲੇ ਚੰਗੀ ਹਰਿਆਲੀ ਵਾਲੇ ਦਰਖਤ ਲਾਏ ਗਏ। ਸ਼ਹਿਰ ਦੇ ਦੱਖਣ ਵੱਲ ਦੋ ਕੁ ਮੀਲ ‘ਤੇ ਫੌਜੀ ਛਾਉਣੀ ਪਹਿਲਾਂ ਬਣਾਈ ਗਈ ਸੀ। 1857 ਦੇ ਗਦਰ ਸਮੇਂ ਇਹ ਖਾਲੀ ਕਰ ਦਿੱਤੀ ਗਈ ਸੀ। ਹੁਣ ਵੀ ਇਸ ਛਾਉਣੀ ਦੀਆਂ ਨਿਸ਼ਾਨੀਆਂ ਗੋਰਿਆਂ ਦੀਆਂ ਕਬਰਾਂ ਅਤੇ ਚਰਚ ਹਨ। ਚਰਚ ਦੀਆਂ ਕੇਵਲ ਦੀਵਾਰਾਂ ਹੀ ਖੜ੍ਹੀਆਂ ਹਨ। ਹੁਸ਼ਿਆਰਪੁਰ ਮਿਉਂਸਪਲ ਕਮੇਟੀ ਦੀ ਆਮਦਨ 1903-04 ਵਿਚ 58467 ਰੁਪਏ ਅਤੇ ਖਰਚ 44831 ਰੁਪਏ ਸੀ। ਆਮਦਨੀ ਦਾ ਮੁੱਖ ਭਾਗ, ਭਾਵ 33460 ਰੁਪਏ ਸ਼ਹਿਰ ਵਿਚ ਆਉਣ ਵਾਲੇ ਸਾਲ ਦੀ ਚੁੰਗੀ ਤੋਂ ਪ੍ਰਾਪਤ ਹੋਇਆ। ਚੁੰਗੀ ਜ਼ਿਆਦਾ ਹੋਣ ਦੀਆਂ ਡਿਪਟੀ ਕਮਿਸ਼ਨਰ ਨੂੰ ਸ਼ਿਕਾਇਤਾਂ ਮਿਲਦੀਆਂ ਰਹਿੰਦੀਆਂ ਸਨ। ਕਮੇਟੀ ਨੇ ਸ਼ਹਿਰ ਦੀ ਸਫਾਈ ਆਦਿ ‘ਤੇ 17763 ਰੁਪਏ ਖਰਚ ਕੀਤੇ। ਇਨ੍ਹਾਂ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਕਮੇਟੀ ਨੇ ਸ਼ਹਿਰ ਦੇ ਵਸਨੀਕਾਂ ‘ਤੇ ਆਮਦਨੀ ਲਈ ਟੈਕਸ ਦਾ ਭਾਰ ਹਲਕਾ ਹੀ ਰੱਖਿਆ।
ਅੰਗਰੇਜ਼ ਰਾਜ ਸ਼ੁਰੂ ਹੋਣ ‘ਤੇ ਹੀ ਸ਼ਹਿਰ ਵਿਚ ਜ਼ਿਲ੍ਹਾ ਕਚਹਿਰੀ, ਜੇਲ੍ਹ, ਹਸਪਤਾਲ, ਪੁਲਿਸ ਸਟੇਸ਼ਨ, ਜ਼ੈਲ ਘਰ ਅਤੇ ਸਕੂਲ ਦੀ ਬਿਲਡਿੰਗ ਬਣਾਈ ਗਈ। ਉਸ ਸਮੇਂ ਸ਼ਹਿਰ ਦੀ ਬਹੁਤੀ ਵਸੋਂ ਵਪਾਰੀ ਵਰਗ ਨੂੰ ਛੱਡ ਕੇ ਅਰਾਈਂ, ਗੁੱਜਰ ਅਤੇ ਰਾਜਪੂਤਾਂ ਦੀ ਸੀ। ਸ਼ਹਿਰ ਅਤੇ ਆਲੇ ਦੁਆਲੇ ਨਾਰੂ ਗੋਤ ਦੇ ਮੁਸਲਮਾਨਾਂ ਦਾ ਜ਼ੋਰ ਸੀ। ਹੁਸ਼ਿਆਰਪੁਰ ਜ਼ਿਲ੍ਹੇ ਵਿਚ ਪੰਜਾਹ ਦੇ ਕਰੀਬ ਚੋਅ ਵਗਦੇ ਹਨ। ਇਹ ਜ਼ਿਲ੍ਹਾ ਚੋਆਂ ਅਤੇ ਚੌਧਰੀਆਂ ਕਰ ਕੇ ਮਸ਼ਹੂਰ ਹੈ। ਆਮ ਤੌਰ ‘ਤੇ ਰਾਜਸੀ ਨੇਤਾਵਾਂ ਦੇ ਨਾਂ ਅੱਗੇ ਚੌਧਰੀ ਲਿਖਿਆ ਮਿਲਦਾ ਸੀ। ਚੌਧਰੀ ਅਮਰ ਸਿੰਘ, ਚੌਧਰੀ ਕਰਤਾਰ ਸਿੰਘ ਅਤੇ ਚੌਧਰੀ ਬਲਬੀਰ ਸਿੰਘ ਇਸ ਸ਼ਹਿਰ ਦੇ ਨਾਮੀ ਲੀਡਰ ਸਨ ਜੋ ਆਪਣੇ ਸਮੇਂ ਵਿਚ ਆਪਣਾ ਡੰਕਾ ਵਜਾ ਗਏ।
ਕਾਂਗੜਾ ਜ਼ਿਲ੍ਹੇ ਦੇ ਪਹਾੜੀ ਇਲਾਕੇ ਅਤੇ ਊਨੇ ਨੂੰ ਹਰ ਤਰ੍ਹਾਂ ਦਾ ਮਾਲ ਇਸ ਸ਼ਹਿਰ ਤੋਂ ਹੋ ਕੇ ਹੀ ਜਾਂਦਾ ਹੈ, ਕਿਉਂਕਿ ਪਹਾੜੀ ਇਲਾਕੇ ਵਿਚ ਰੋਜ਼ਾਨਾ ਵਰਤੋਂ ਦੀਆਂ ਵਸਤਾਂ ਦੀ ਪੈਦਾਵਰ ਘੱਟ ਹੁੰਦੀ ਹੈ। ਵੀਹਵੀਂ ਸਦੀ ਦੇ ਅੱਧ ਤੱਕ ਸ਼ਹਿਰ ਵਿਚ ਬੱਸਾਂ ਦੇ ਕਈ ਅੱਡੇ ਸਨ। ਜਲੰਧਰ, ਫਗਵਾੜਾ, ਊਨਾ, ਭਰਵਾਈਂ, ਮੁਕੇਰੀਆਂ, ਟਾਂਡਾ ਅਤੇ ਧਰਮਸ਼ਾਲਾ ਲਈ ਵੱਖ-ਵੱਖ ਅੱਡਿਆਂ ਤੋਂ ਨਾਲ ਲੱਗਦੇ ਪਿੰਡ ਫਤਿਹਗੜ੍ਹ, ਬਸੀ ਖਵਾਜਾ, ਪੁਰਹੀਰਾਂ, ਪਿੱਪਲਾਂਵਾਲਾ, ਬਹਾਦਰਪੁਰ, ਇਸਲਾਮਾਬਾਦ, ਬਜਵਾੜਾ ਖੁਰਦ ਵਗੈਰਾ ਤਾਂ ਹੁਣ ਮੁੱਖ ਸ਼ਹਿਰ ਦਾ ਹਿੱਸਾ ਹੀ ਬਣ ਗਏ ਹਨ। ਸ਼ਹਿਰ ਦੇ ਪੁਰਾਣੇ ਹਿੱਸੇ ਵਿਚ ਪੁਰਾਣੇ ਮਕਾਨ ਤੋੜ ਕੇ ਵੱਡੀਆਂ-ਵੱਡੀਆਂ ਮਾਲਾਂ ਉਸਾਰੀਆਂ ਜਾ ਰਹੀਆਂ ਹਨ। ਸ਼ਹਿਰ ਦੇ ਮੁੱਖ ਬਾਜ਼ਾਰ ਵਿਚੋਂ ਕਾਰਾਂ ਦਾ ਲੰਘਣਾ ਰੇਹੜੀਆਂ ਅਤੇ ਦੁਕਾਨਾਂ ਅੱਗੇ ਸਾਮਾਨ ਕਰ ਕੇ ਬੜਾ ਕਠਿਨ ਹੈ। ਵੀਹ ਕੁ ਸਾਲ ਪਹਿਲਾਂ ਜਦੋਂ ਕਾਰ ਵਿਰਲੇ-ਵਿਰਲੇ ਕੋਲ ਹੁੰਦੀ ਸੀ ਤਾਂ ਮਿਉਂਸਪਲ ਲਾਇਬਰੇਰੀ ਅੱਗੇ ਪੰਜ-ਛੇ ਕਾਰਾਂ ਦੀ ਪਾਰਕਿੰਗ ਲਈ ਥਾਂ ਬਣਾਈ ਗਈ ਸੀ, ਪਰ ਅੱਜ ਕੱਲ੍ਹ ਇਹ ਕਾਰ ਪਾਰਕਿੰਗ ਲੇਬਰ ਦਾ ਅੱਡਾ ਬਣਿਆ ਹੋਇਆ ਹੈ।
ਕਲਾ ਤੇ ਦਸਤਕਾਰੀ
ਪੁਰਾਣੇ ਸਮੇਂ ਤੋਂ ਹੀ ਇਹ ਸ਼ਹਿਰ ਖੱਡੀ ਦੇ ਬੁਣੇ ਹੋਏ ਕੱਪੜੇ ਲਈ ਮਸ਼ਹੂਰ ਸੀ। ਖਾਨਪੁਰ ਪਿੰਡ ਦੀਆਂ ਲੂੰਗੀਆਂ ਅਤੇ ਰੰਗਦਾਰ ਪੱਗਾਂ ਦੀ ਦੂਰ-ਦੂਰ ਤੱਕ ਮਸ਼ਹੂਰੀ ਸੀ। ਇੰਗਲੈਂਡ ਤੋਂ ਕੱਪੜਾ ਆਉਣ ਨਾਲ ਦੇਸੀ ਹੱਥ ਖੱਡੀ ਦੇ ਬਣੇ ਕੱਪੜੇ ਦੀ ਕਦਰ ਘਟ ਗਈ ਅਤੇ ਹੌਲੀ-ਹੌਲੀ ਇਸ ਦਾ ਵਪਾਰ ਖਤਮ ਹੋ ਗਿਆ। ਮੰਜਿਆਂ ਲਈ ਵਾਣ ਸਾਰੇ ਪੰਜਾਬ ਨੂੰ ਇਥੋਂ ਹੀ ਜਾਂਦਾ ਸੀ। ਰੱਸੀਆਂ ਦੇ ਬਣੇ ਤੱਪੜ, ਬਾਂਸ ਦੀਆਂ ਟੋਕਰੀਆਂ ਅਤੇ ਬਹਾਦਰਪੁਰ ਵਿਖੇ ਪਿੱਤਲ ਦੇ ਬਰਤਨ ਬਣਦੇ ਸਨ। ਟਾਹਲੀ ਦੀ ਲੱਕੜੀ ਦੇ ਮੰਜਿਆਂ ਦੇ ਪਾਵੇ, ਲੱਕੜੀ ‘ਤੇ ਹਾਥੀ ਦੰਦ ਦਾ ਕੰਮ ਕਰ ਕੇ ਤਿਆਰ ਫਰਨੀਚਰ ਲਈ ਇਹ ਸ਼ਹਿਰ ਇੰਗਲੈਂਡ ਤਕ ਮਸ਼ਹੂਰ ਸੀ। ਹੁਣ ਵੀ ਹਾਥੀ ਦੰਦ ਦੀ ਥਾਂ ਸਫੈਦ ਪਲਾਸਟਿਕ ਨੂੰ ਲੱਕੜੀ ਵਿਚ ਵੇਲ-ਬੂਟਿਆਂ ਦੀ ਸ਼ਕਲ ਵਿਚ ਜੜ ਕੇ ਮੇਜ਼, ਡਰੈਸਿੰਗ ਟੇਬਲ ਆਦਿ ਬਣਾਏ ਜਾਂਦੇ ਹਨ। ਕੈਨੇਡਾ, ਅਮਰੀਕਾ ਨੂੰ ਲੋਕ ਇਥੋਂ ਇਹੋ ਜਿਹਾ ਫਰਨੀਚਰ ਲੈ ਕੇ ਜਾਂਦੇ ਹਨ। ਇਸ ਸ਼ਹਿਰ ਵਿਚ ਜੁੱਤੀਆਂ ਦੀਆਂ ਬਹੁਤ ਦੁਕਾਨਾਂ ਸਨ। ਦਿੱਲੀ ਤਕ ਜੁੱਤੀਆਂ ਇਥੋਂ ਭੇਜੀਆਂ ਜਾਂਦੀਆਂ ਹਨ।
ਫੁਲਕਾਰੀ ਅਤੇ ਕੱਪੜੇ ਦੀ ਕਢਾਈ ਦਾ ਕੰਮ ਭਾਬੜਾ ਬਰਾਦਰੀ ਦੀਆਂ ਗਰੀਬ ਔਰਤਾਂ ਕਰਦੀਆਂ ਸਨ। ਕੱਪੜੇ ਦੀ ਕਢਾਈ ਦੇ ਮਰਦ ਕਾਰੀਗਰ ਵੀ ਬਹੁਤ ਸਨ। ਵਿਦੇਸ਼ੀ ਕੱਪੜੇ ਦੇ ਆਉਣ ਨਾਲ ਇਹ ਕਿੱਤੇ ਅਲੋਪ ਹੋ ਗਏ। ਕਿਸੇ ਸਮੇਂ ਇਥੇ ਹਾਥੀ ਦੰਦ ਦੇ ਚੂੜੇ ਵੀ ਬਣਦੇ ਸਨ। ਅੰਗਰੇਜ਼ ਅਫਸਰ ਇਥੋਂ ਬਣੇ ਹਾਥੀ ਦੰਦ ਜੜਿਆ ਫਰਨੀਚਰ ਇੰਗਲੈਂਡ ਲੈ ਕੇ ਜਾਂਦੇ ਸਨ।
ਹੁਸ਼ਿਆਰਪੁਰ ਦੀ ਦਸਤਕਾਰੀ ਫੇਲ੍ਹ ਹੋਣ ਦੇ ਕਾਰਨ ‘ਡਿਸਟ੍ਰਿਕਟ ਗਜ਼ਟੀਅਰ’ ਦੇ ਪੰਨਾ 443 ਉਤੇ ਇਸ ਤਰ੍ਹਾਂ ਦਰਜ ਹਨ: “ਅਖੌਤੀ ਜਾਤ ਅਭਿਮਾਨ ਅਤੇ ਉਦਮ ਦੀ ਘਾਟ ਕਰ ਕੇ ਇਥੇ ਇੰਡਸਟਰੀ ਦੀ ਤਰੱਕੀ ਨਹੀਂ ਹੋ ਸਕੀ। ਜੱਟ ਆਮ ਮਜ਼ਦੂਰ ਦੇ ਤੌਰ ‘ਤੇ ਤਾਂ ਕੰਮ ਕਰੇਗਾ, ਪਰ ਕਦੇ ਵੀ ਵਾਧੂ ਕਮਾਈ ਵਾਲੇ ਜੁੱਤੀਆਂ ਦੀ ਕਢਾਈ ਵਾਲੇ ਕਿੱਤੇ ਨੂੰ ਨਹੀਂ ਅਪਨਾਏਗਾ ਜੋ ਸਿਰਾਜ ਅਤੇ ਰਾਮਦਾਸੀਆਂ ਦਾ ਕਿੱਤਾ ਸਮਝਿਆ ਜਾਂਦਾ ਹੈ। ਘੁਮਾਰ ਬਰਸਾਤ ਦੇ ਦਿਨਾਂ ਵਿਚ ਵਿਹਲਾ ਬੈਠਾ ਰਹੇਗਾ, ਪਰ ਸਿਰਾਜ ਦਾ ਕਿੱਤਾ ਨਹੀਂ ਸਿੱਖੇਗਾ। ਸੈਣੀ ਔਰਤ ਸੂਤ ਕੱਤ ਕੇ ਇਕ ਪੈਸਾ ਰੋਜ਼ ਦਾ ਕਮਾਵੇਗੀ, ਪਰ ਭਾਬੜਾ ਔਰਤ ਵਾਂਗ ਕਢਾਈ ਦਾ ਕੰਮ ਕਰ ਕੇ ਦੋ ਆਨੇ ਰੋਜ਼ ਦੇ ਨਹੀਂ ਕਮਾਵੇਗੀ। ਹਿੰਦੂ ਵਪਾਰੀਆਂ ਨੇ ਚਮੜੇ ਦਾ ਵਪਾਰ ਸ਼ੇਖਾਂ ਅਤੇ ਖੋਜਿਆਂ ਲਈ ਛੱਡਿਆ ਹੋਇਆ ਹੈ। ਕੁਝ ਕੁ ਲੋਕ ਕੰਮ ਆਪਣੇ ਪਿਤਾ-ਪੁਰਖੀ ਕਿੱਤੇ ਤੋਂ ਹਟ ਕੇ ਕਰਨ ਲੱਗ ਪਏ ਹਨ, ਜਿਵੇਂ ਕਿਸਾਨ ਵਿਆਜ ‘ਤੇ ਕਰਜ਼ੇ ਦੇਣ ਲੱਗ ਪਏ ਹਨ। ਰਾਜਪੂਤ ਹਲ ਵਾਹੁਣ ਲੱਗ ਪਏ ਹਨ। ਪਹਿਲਾਂ ਜੇ ਕੋਈ ਰਾਜਪੂਤ ਹਲ ਵਾਹੇ ਤਾਂ ਉਸ ਨੂੰ ਬਰਾਦਰੀ ‘ਚੋਂ ਖਾਰਜ ਕਰ ਦਿੰਦੇ ਸਨ। ਖਾਨਪੁਰ ਦੇ ਪਠਾਣਾਂ ਦਾ ਕੱਪੜੇ ਦੀ ਬੁਣਾਈ ਅਤੇ ਜੁੱਤੀਆਂ ਬਣਾਉਣ ਦਾ ਕਿੱਤਾ ਉਨ੍ਹਾਂ ਦੀ ਪਠਾਣੀ ਸ਼ਾਨ ਦੇ ਰਾਹ ਵਿਚ ਅੜਿੱਕਾ ਨਹੀਂ ਬਣਿਆ।”
ਇਸ ਸ਼ਹਿਰ ਵਿਚ ਕੋਈ ਵੀ ਵੱਡਾ ਕਾਰਖਾਨਾ ਨਾ ਲੱਗਿਆ। ਘਰੇਲੂ ਦਸਤਕਾਰੀ ਵਿਦੇਸ਼ੀ ਮਾਲ ਦੀ ਕੁਆਲਿਟੀ ਦਾ ਮੁਕਾਬਲਾ ਨਾ ਕਰ ਸਕੀ। ਭੁੱਖੇ ਮਰਦੇ ਕਾਰਿੰਦਿਆਂ ਨੇ ਵੀ ਆਪਣੀ ਔਲਾਦ ਨੂੰ ਇਨ੍ਹਾਂ ਕਿੱਤਿਆਂ ਵਿਚ ਨਾ ਪਾਇਆ ਤੇ ਇਹ ਲੋਕ ਭਾਰਤ ਦੇ ਹੋਰ ਹਿੱਸਿਆਂ ਵਿਚ ਰੋਜ਼ੀ-ਰੋਟੀ ਦੀ ਭਾਲ ਵਿਚ ਨਿਕਲ ਗਏ। 1978 ਵਿਚ ਸ਼ਹਿਰ ਤੋਂ ਬਾਹਰ ਫਗਵਾੜਾ ਰੋਡ ‘ਤੇ ਸਪਿਨਿੰਗ ਮਿੱਲ ਅਤੇ ਪ੍ਰੈਸ਼ਰ ਕੁੱਕਰ ਬਣਾਉਣ ਦੀ ਫੈਕਟਰੀ ਲੱਗਣ ਨਾਲ ਸਥਾਨਕ ਲੋਕਾਂ ਨੂੰ ਰੁਜ਼ਗਾਰ ਮਿਲਿਆ। ਸੋਨਾਲੀਕਾ ਟਰੈਕਟਰਾਂ ਦੀ ਫੈਕਟਰੀ ਜਲੰਧਰ ਰੋਡ ‘ਤੇ ਇਥੋਂ ਦੇ ਇਕ ਉਦਮੀ ਦੀ ਮਿਸਾਲ ਹੈ ਕਿ ਕਿਸ ਤਰ੍ਹਾਂ ਕਣਕ ਦੀਆਂ ਗਹਾਈ ਮਸ਼ੀਨਾਂ ਸਾਰੇ ਭਾਰਤ ਵਿਚ ਸਪਲਾਈ ਕਰ ਕੇ ਤਰੱਕੀ ਕੀਤੀ ਅਤੇ ਫਿਰ ਆਪਣੇ ਉਦਮ ਨਾਲ ਸੋਨਾਲੀਕਾ ਬਰਾਂਡ ਦਾ ਟਰੈਕਟਰ ਮਾਰਕੀਟ ਵਿਚ ਭੇਜਿਆ। ਚਿੰਤਪੁਰਨੀ ਰੋਡ ‘ਤੇ ਫਗਵਾੜੇ ਦੀ ਜੇ.ਸੀ.ਟੀ. ਮਿੱਲ ਵਾਲਿਆਂ ਨੇ ਵੀ ਆਪਣੀ ਫੈਕਟਰੀ ਲਾ ਲਈ ਹੈ।
ਬੱਬਰ ਅਕਾਲੀ ਲਹਿਰ ਦੀ ਨੀਂਹ
ਬੱਬਰ ਅਕਾਲੀ ਲਹਿਰ ਦੀ ਨੀਂਹ ਇਸ ਸ਼ਹਿਰ ਵਿਚ ਰੱਖੀ ਗਈ। ਮਾਰਚ 1921 ਵਿਚ ਸਿੱਖ ਵਿਦਿਅਕ ਕਾਨਫਰੰਸ ਰੱਖੀ ਗਈ ਪਰ ਸ਼ਹਿਰ ਵਿਚ ਸਰਕਾਰ ਨੇ ਦਫਾ 144 ਲਾ ਦਿੱਤੀ। ਇਸ ਕਰ ਕੇ ਕਾਨਫਰੰਸ ਲਾਗਲੇ ਪਿੰਡ ਪੁਰਹੀਰਾਂ ਦੇ ਖਾਲਸਾ ਸਕੂਲ ਵਿਚ ਬਦਲ ਦਿੱਤੀ ਗਈ। ਇਸ ਮੀਟਿੰਗ ਵਿਚ ਆਏ ਕੁਝ ਗਰਮ ਖਿਆਲੀਏ ਸਿੱਖ ਗੱਭਰੂਆਂ ਨੇ ਆਪਣੀ ਵੱਖਰੀ ਮੀਟਿੰਗ ਮਾਸਟਰ ਮੋਤਾ ਸਿੰਘ ਵਾਸੀ ਪਿੰਡ ਪਤਾਰਾ ਜ਼ਿਲ੍ਹਾ ਜਲੰਧਰ ਦੀ ਪ੍ਰਧਾਨਗੀ ਹੇਠ ਕੀਤੀ ਅਤੇ ਮਤਾ ਪਾਸ ਕੀਤਾ ਕਿ ਸਾਕਾ ਨਨਕਾਣਾ ਸਾਹਿਬ ਨਾਲ ਸਬੰਧਤ ਅੰਗਰੇਜ਼ ਸਰਕਾਰ ਦੇ ਸਾਰੇ ਪਿੱਠੂ ਗੱਡੀ ਚਾੜ੍ਹੇ ਜਾਣ। ਇਸ ਮੀਟਿੰਗ ਵਿਚ ਪਾਸ ਕੀਤੇ ਮਤੇ ‘ਤੇ ਅਮਲ ਕਰਦਿਆਂ ਇਨ੍ਹਾਂ ਗੱਭਰੂਆਂ ਨੇ ਆਪਣੀਆਂ ਜਵਾਨੀਆਂ ਜੇਲ੍ਹਾਂ ਵਿਚ ਰੋਲੀਆਂ, ਕਈਆਂ ਨੇ ਫਾਂਸੀ ਦੇ ਰੱਸੇ ਚੁੰਮੇ, ਕਈਆਂ ਨੇ ਕਾਲੇ ਪਾਣੀ ਦੀਆਂ ਬੁੱਚੜਖਾਨੇ ਵਰਗੀਆਂ ਜੇਲ੍ਹਾਂ ਵਿਚ ਤਸੀਹੇ ਝੱਲੇ, ਪਰ ਅੰਗਰੇਜ਼ ਸਰਕਾਰ ਦੀਆਂ ਦੁਆਬਾ ਬਿਸਤ ਜਲੰਧਰ ਵਿਚੋਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ।
ਇਤਿਹਾਸਕ ਗੁਰਦੁਆਰਾ ਭਾਈ ਜੋਗਾ ਸਿੰਘ
ਗੁਰੂ ਗੋਬਿੰਦ ਸਿੰਘ ਦੇ ਸਿੱਖ ਭਾਈ ਜੋਗਾ ਸਿੰਘ ਦੀ ਯਾਦਗਾਰ ਵਜੋਂ ਪਿਸ਼ਾਵਰ ਤੋਂ ਬਾਅਦ ਹੁਸ਼ਿਆਰਪੁਰ ਸ਼ਹਿਰ ਵਿਚ ਮੁਹੱਲਾ ਸ਼ੇਖਾਂ ਵਿਚ ਇਤਿਹਾਸਕ ਗੁਰਦੁਆਰਾ ਮੌਜੂਦ ਹੈ। ਘੰਟਾ ਘਰ ਦੇ ਨਾਲ ਜਿਥੇ ਅੱਜ ਕੱਲ੍ਹ ਥਾਣਾ ਹੈ, ਮੁਗਲ ਰਾਜ ਸਮੇਂ ਸਰਾਂ ਹੁੰਦੀ ਸੀ। ਪਿਸ਼ਾਵਰ ਤੋਂ ਆਪਣੇ ਵਿਆਹ ਦੀਆਂ ਲਾਵਾਂ ਵਿਚੇ ਹੀ ਛੱਡ ਕੇ ਭਾਈ ਜੋਗਾ ਸਿੰਘ ਗੁਰੂ ਜੀ ਦਾ ਹੁਕਮਨਾਮਾ ਪੜ੍ਹ ਕੇ ਅਨੰਦਪੁਰ ਨੂੰ ਚੱਲ ਪਿਆ ਸੀ। ਮੰਜ਼ਲਾਂ ਤੈਅ ਕਰਦਾ ਉਹ ਇਕ ਸ਼ਾਮ ਹੁਸ਼ਿਆਰਪੁਰ ਪੁੱਜਾ ਤਾਂ ਇਸ ਮੁਗਲ ਸਰਾਂ ਵਿਚ ਠਹਿਰਨ ਲਈ ਰੁਕਿਆ। ਸਰਾਂ ਦੇ ਨਾਲ ਹੀ ਸ਼ੇਖਾਂ ਮੁਹੱਲੇ ਵਿਚ ਵੇਸਵਾਵਾਂ ਦੇ ਮਕਾਨ ਸਨ। ਭਾਈ ਜੋਗਾ ਸਿੰਘ ਕਿਸ ਤਰ੍ਹਾਂ ਭਟਕਣ ਤੋਂ ਬਚੇ, ਇਹ ਕਹਾਣੀ ਆਮ ਲੋਕਾਂ ਨੂੰ ਪਤਾ ਹੈ। ਉਸ ਸਮੇਂ ਹੁਸ਼ਿਆਰਪੁਰ ਦੇ ਕੇਵਲ ਤਿੰਨ ਮੁਹੱਲੇ ਸਨ: (1) ਮਰਵਾਹਿਆਂ ਦਾ ਮੁਹੱਲਾ। ਇਹ ਮਰਵਾਹੇ ਖੱਤਰੀ ਜਮੀਨ ਦੇ ਮਾਲਕ ਸਨ। (2) ਬਾਲਮੀਕੀਆਂ ਦਾ ਮੁਹੱਲਾ। (3) ਵੇਸਵਾਵਾਂ ਦਾ ਮੁਹੱਲਾ। ਬਾਕੀ ਸਾਰਾ ਸ਼ਹਿਰ ਬਾਅਦ ਵਿਚ ਹੋਂਦ ਵਿਚ ਆਇਆ। 1947 ਵਿਚ ਦੇਸ਼ ਦੀ ਵੰਡ ਸਮੇਂ ਸ਼ਹਿਰ ਦੇ ਸਾਰੇ ਮੁਸਲਮਾਨ ਪਾਕਿਸਤਾਨ ਚਲੇ ਗਏ। ਜਿਸ ਵੇਸਵਾ ਦੇ ਘਰ ਜੋਗਾ ਸਿੰਘ ਨੇ ਜਾਣ ਦੀ ਕੋਸ਼ਿਸ਼ ਕੀਤੀ ਸੀ, ਉਹ ਮਕਾਨ ਕੁਝ ਮੁੱਖ ਸਿੱਖਾਂ ਨੇ ਪੈਸਾ ਇਕੱਠਾ ਕਰ ਕੇ 17 ਮਰਲੇ ਦੀ ਰਜਿਸਟਰੀ ਕਰਵਾ ਲਈ। ਨਿੱਕੀਆਂ ਇੱਟਾਂ ਦਾ ਮਕਾਨ ਢਾਹ ਕੇ ਨਵੀਂ ਇਮਾਰਤ ਦੀ ਉਸਾਰੀ ਸ਼ੁਰੂ ਹੋਈ। 1966 ਵਿਚ ਗੁਰੂ ਗੋਬਿੰਦ ਸਿੰਘ ਦੇ ਇਤਿਹਾਸਕ ਸ਼ਸਤਰ ਜਦੋਂ ਇੰਗਲੈਂਡ ਤੋਂ ਲਿਆਂਦੇ ਗਏ ਤਾਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸ਼ਰਮ ਸਿੰਘ ਨੇ 2 ਮਾਰਚ 1966 ਨੂੰ ਨੀਂਹ ਪੱਥਰ ਰੱਖਿਆ। ਗੁਰਦੁਆਰੇ ਦੀ ਬਿਲਡਿੰਗ ਮੁਕੰਮਲ ਹੈ।
ਸ਼ੀਸ਼ ਮਹਿਲ ਹੁਸ਼ਿਆਰਪੁਰ
ਇਸ ਸ਼ਹਿਰ ਵਿਚ ਦੇਖਣਯੋਗ ਬਿਲਡਿੰਗ ਸ਼ੀਸ਼ ਮਹਿਲ ਦੀ ਹੈ। ਬਾਜ਼ਾਰ ਵਕੀਲਾਂ ਤੋਂ ਉਤਰ ਵੱਲ ਦੀ ਗਲੀ ਵਿਚ ਸਥਿਤ ਬਿਲਡਿੰਗ ਅਤੇ ਮੂਰਤੀਆਂ ਦਾ ਨਿਰਮਾਣ ਹੰਸ ਰਾਜ ਜੈਨ ਜੋ ਬੜਾ ਅਮੀਰ ਸੀ, ਨੇ ਰੁਪਈਆ ਪਾਣੀ ਵਾਂਗ ਵਹਾ ਕੇ ਕਈ ਸਾਲਾਂ ਵਿਚ ਕਰਵਾਇਆ। ਉਸ ਨੇ ਇਹ ਕਲਾਕ੍ਰਿਤੀ ਇਸ ਕਰ ਕੇ ਬਣਵਾਈ ਤਾਂ ਕਿ ਲੋਕ ਉਸ ਨੂੰ ਯਾਦ ਕਰਨ। ਇਸ ਦੇ ਵੱਖ-ਵੱਖ ਕਮਰਿਆਂ ਵਿਚ ਮੂਰਤੀਆਂ ਜਿਉਂਦੀਆਂ-ਜਾਗਦੀਆਂ ਲੱਗਦੀਆਂ ਹਨ। ਅੰਗਰੇਜ਼ ਰਾਜ ਦਰਬਾਰ, ਜਾਰਜ ਪੰਜਮ ਦੀ ਤਾਜਪੋਸ਼ੀ ਦਾ ਸੀਨ, ਕਿਸੇ ਕਲਪਿਤ ਰਾਜੇ ਦਾ ਦਰਬਾਰ, ਦੁਰਗਾ ਮਾਤਾ ਦਾ ਦ੍ਰਿਸ਼, ਕ੍ਰਿਸ਼ਨ ਲੀਲ੍ਹਾ ਆਦਿ ਦੇ ਸੀਨ ਬਣਾਏ ਗਏ ਹਨ। ਇਸ ਮੂਰਤੀ ਕਲਾ ਦੇ ਮੁੱਖ ਕਲਾਕਾਰ ਦਾ ਨਾਂ ਜਾਨ ਮੁਹੰਮਦ ਸੀ। 1947 ਤੋਂ ਬਾਅਦ ਵੀ ਜਾਨ ਮੁਹੰਮਦ ਦੋ ਵਾਰ ਪਾਕਿਸਤਾਨ ਤੋਂ ਇਸ ਸ਼ਹਿਰ ਆਇਆ। ਉਹ ਆਪਣੀ ਕਲਾ ਦੀ ਸੰਭਾਲ ਵੇਖ ਕੇ ਖੁਸ਼ ਹੋਇਆ।
ਹੰਸ ਰਾਜ ਜੈਨ ਨੇ ਇਸ ਕਲਾ ਭਵਨ ਦੀ ਦੇਖ-ਭਾਲ ਲਈ ਕਾਫੀ ਰੁਪਈਆ ਅੱਪਰ ਬਾਰੀ ਦੁਆਬ ਬੈਂਕ ਲਿਮਟਿਡ ਵਿਚ ਜਮ੍ਹਾਂ ਕਰਵਾਇਆ ਸੀ, ਪਰ ਇਹ ਬੈਂਕ ਫੇਲ੍ਹ ਹੋਣ ਕਰ ਕੇ ਇਹ ਰਕਮ ਡੁੱਬ ਗਈ। ਉਨ੍ਹਾਂ ਜੈਨ ਬਰਾਦਰੀ ਦਾ ਟਰੱਸਟ ਬਣਾ ਦਿੱਤਾ ਤਾਂ ਜੋ ਉਨ੍ਹਾਂ ਦੀ ਮੌਤ ਪਿਛੋਂ ਉਹ ਇਸ ਕਲਾ ਭਵਨ ਦੀ ਹਾਲਤ ਠੀਕ-ਠਾਕ ਰੱਖਣ ਅਤੇ ਜਨਤਾ ਨੂੰ ਦੇਖਣ ਦੇਣ।
ਸਾਧੂ ਆਸ਼ਰਮ ਹੁਸ਼ਿਆਰਪੁਰ
ਹੁਸ਼ਿਆਪੁਰ ਸ਼ਹਿਰ ਤੋਂ ਨੰਗਲ-ਭਾਖੜਾ ਜਾਣ ਵਾਲੀ ਸੜਕ ‘ਤੇ ਸ਼ਹਿਰ ਤੋਂ ਬਾਹਰ ਸਾਧੂ ਆਸ਼ਰਮ ਹੈ। ਵਿਦਵਾਨ ਸੈਲਾਨੀਆਂ ਲਈ ਹੁਸ਼ਿਆਰਪੁਰ ਵਿਚ ਇਹ ਸਭ ਤੋਂ ਉਤਮ ਸਥਾਨ ਹੈ। 1947 ਤੋਂ ਪਹਿਲਾਂ ਪੁਰਾਣੀਆਂ ਵਸਤਾਂ ਅਤੇ ਕਿਤਾਬਾਂ ਤੇ ਗ੍ਰੰਥ ਜੋ ਭੋਜ ਪੱਤਰ ਅਤੇ ਤਾਰ ਪੱਤਰ ‘ਤੇ ਲਿਖੇ ਹੋਏ ਸਨ, ਲਾਹੌਰ ਵਿਖੇ ਇਕੱਤਰ ਕੀਤੇ ਗਏ ਸਨ। ਜਦੋਂ ਦੇਸ਼ ਦੀ ਵੰਡ ਯਕੀਨੀ ਹੋ ਗਈ ਤਾਂ ਵਿਸ਼ਵਬੰਧੂ ਨੇ ਦੂਰ-ਅੰਦੇਸ਼ੀ ਤੋਂ ਕੰਮ ਲੈਂਦਿਆਂ ਪੁਰਾਣੀਆਂ ਕਿਤਾਬਾਂ, ਭੋਜ ਪੱਤਰ ‘ਤੇ ਲਿਖੀਆਂ ਹੱਥ ਲਿਖਤਾਂ, ਗੁਰੂ ਗ੍ਰੰਥ ਸਾਹਿਬ ਦੀ ਹੱਥ ਲਿਖਤ ਬੀੜ ਅਤੇ ਹੋਰ ਵੀ ਦੁਰਲੱਭ ਹੱਥ ਲਿਖਤਾਂ, ਜਿਨ੍ਹਾਂ ਦਾ ਮੁੱਲ ਦੁਨਿਆਵੀ ਸਿੱਕਿਆਂ ਵਿਚ ਮਿਥਿਆ ਹੀ ਨਹੀਂ ਜਾ ਸਕਦਾ, ਬੋਰੀਆਂ ਵਿਚ ਬੰਦ ਕਰ ਕੇ ਹੁਸ਼ਿਆਰਪੁਰ ਭੇਜ ਦਿੱਤੀਆਂ। ਜੇ ਉਹ ਇਹ ਉਦਮ ਨਾ ਕਰਦੇ ਤਾਂ ਹੋ ਸਕਦਾ ਹੈ ਕਿ ਇਸ ਅਨਮੋਲ ਖਜ਼ਾਨੇ ਨੂੰ ਅਗਨ ਭੇਟ ਕਰ ਦਿੱਤਾ ਜਾਂਦਾ। ਸਾਧੂ ਆਸ਼ਰਮ ਤਾਂ ਪਹਿਲਾਂ ਹੀ ਸੀ, ਪਰ ਸ੍ਰੀ ਵਿਸ਼ਵੇਸ਼ਵਰ ਆਨੰਦ ਨੇ ਉਨ੍ਹਾਂ ਸਾਧੂਆਂ ਤੋਂ ਇਥੇ ਇਹ ਅਨਮੋਲ ਵਸਤਾਂ ਰੱਖਣ ਦੀ ਇਜਾਜ਼ਤ ਲੈ ਲਈ। ਇਥੇ ਲਿਆਂਦੀਆਂ ਹੱਥ ਲਿਖਤਾਂ ਸੰਸਕ੍ਰਿਤ, ਮਲਿਆਲਮ ਅਤੇ ਤੈਲਗੂ ਤੇ ਪਾਲੀ ਭਾਸ਼ਾਵਾਂ ਵਿਚ ਸਨ। ਇਹ ਲੋਹੇ ਦੇ ਪੈਨ ਨਾਲ ਭੋਜ ਪੱਤਰਾਂ ‘ਤੇ ਉਕਰੀਆਂ ਹੋਈਆਂ ਹਨ ਜੋ ਹਜ਼ਾਰਾਂ ਸਾਲ ਉਮਰ ਭੋਗ ਕੇ ਅਜੇ ਤੱਕ ਸਹੀ ਸਲਾਮਤ ਹਨ। ਇਨ੍ਹਾਂ ‘ਤੇ ਲਿਖਾਈ ਐਨੀ ਬਾਰੀਕ ਹੈ ਕਿ ਲਿਖਣ ਵਾਲਿਆਂ ਦੇ ਹੁਨਰ ਦੀ ਦਾਦ ਦੇਣੀ ਪੈਂਦੀ ਹੈ। ਪੰਜਾਬ ਯੂਨੀਵਰਸਿਟੀ ਨੇ ਆਪਣਾ ਕੈਂਪਸ ਇਸ ਸਥਾਨ ਨੂੰ ਬਣਾਇਆ। ਜਲੰਧਰ ਵਾਲਾ ਓਰੀਐਂਟਲ ਕਾਲਜ ਇਥੇ ਤਬਦੀਲ ਕੀਤਾ ਗਿਆ। ਇਥੇ ਵਿਦਿਆਰਥੀ ਵੇਦਾਂ ਦੀ ਖੋਜ, ਪਾਲੀ ਭਾਸ਼ਾ ਅਤੇ ਹੋਰ ਵਿਸ਼ਿਆਂ ਬਾਰੇ ਥੀਸਸ ਲਿਖ ਕੇ ਪੀਐਚ.ਡੀ. ਕਰ ਰਹੇ ਹਨ। ਗਾਈਡ ਇਸ ਸੰਸਥਾ ਦੇ ਪ੍ਰੋਫੈਸਰ ਬਣਦੇ ਹਨ। ਪਰਾਗ ਸ਼ਾਸਤਰੀ, ਸ਼ਾਸਤਰੀ, ਅਚਾਰੀਆ, ਪ੍ਰਭਾਕਰ ਅਤੇ ਐਮ.ਏ. ਸੰਸਕ੍ਰਿਤ ਦੀ ਪੜ੍ਹਾਈ ਵੀ ਹੁੰਦੀ ਹੈ। ਪੰਜਾਬ ਯੂਨੀਵਰਸਿਟੀ ਵੱਲੋਂ ਵਿਸ਼ਵੇਸ਼ਵਰਾਨੰਦ ਇੰਸਟੀਚਿਊਟ ਆਫ ਸੰਸਕ੍ਰਿਤ ਐਂਡ ਇੰਡੋਲਾਜੀਲ ਸਟੱਡੀਜ਼ ਨਾਮੀ ਸੰਸਥਾ ਚਲਾਈ ਜਾ ਰਹੀ ਹੈ। ਇਸ ਵਿਚ ਪੁਰਾਤਨ ਹੱਥ ਲਿਖਤਾਂ ਦੀ ਵੱਡੀ ਲਾਇਬ੍ਰੇਰੀ ਹੈ।
ਇਸ ਸਥਾਨ ‘ਤੇ ਪੁਰਾਤਨ ਮੂਰਤੀਆਂ ਲਈ ਵੱਖਰਾ ਅਜਾਇਬ ਘਰ ਬਣਾਇਆ ਹੋਇਆ ਹੈ, ਜਿਸ ਵਿਚ ਪੰਜਾਬ ਸਟੇਟ ਆਰਕਿਆਲੋਜੀਕਲ ਵਿਭਾਗ ਵੱਲੋਂ 1968 ਵਿਚ ਢੋਲਬਾਹਾ ਵਿਚ ਖੁਦਾਈ ਦੌਰਾਨ ਮਿਲੀਆਂ ਪੁਰਾਤਨ ਮੂਰਤੀਆਂ ਸੰਭਾਲ ਕੇ ਰੱਖੀਆਂ ਹੋਈਆਂ ਹਨ। ਇਨ੍ਹਾਂ ਮੂਰਤੀਆਂ ਵਿਚ ਸ਼ਿਵ ਪਾਰਵਤੀ, ਗਣੇਸ਼ ਦੀਆਂ ਮੂਰਤੀਆਂ, ਕੁਝ ਗੁਪਤ ਕਾਲ ਦੀਆਂ ਅਤੇ ਕੁਝ ਦਸਵੀਂ ਸਦੀ ਦੀਆਂ ਹਨ। ਵਿਸ਼ਨੂੰ ਦੇ ਸਿਰ ਦਾ ਇਕ ਨਮੂਨਾ ਬਣਾ ਕੇ ਇਥੇ ਰੱਖਿਆ ਹੋਇਆ ਹੈ ਜਿਸ ਦਾ ਅਸਲੀ ਰੂਪ ਸਰਕਾਰੀ ਅਜਾਇਬ ਘਰ ਪਟਿਆਲਾ ਨੂੰ ਭੇਜਿਆ ਗਿਆ ਸੀ। ਰਾਹੋਂ ਲਾਗੇ ਦਰਿਆ ਸਤਲੁਜ ਲਾਗਲੇ ਪਿੰਡ ਮਝੂਰ ਅਤੇ ਲੁਧਿਆਣਾ ਤੋਂ ਚੰਡੀਗੜ੍ਹ ਵਾਲੀ ਸੜਕ ‘ਤੇ ਸਥਿਤ ਪਿੰਡ ਸੰਘੋਲ ਤੋਂ ਪ੍ਰਾਪਤ ਕੁਝ ਮੂਰਤੀਆਂ ਵੀ ਇਥੇ ਸੰਭਾਲ ਕੇ ਰੱਖੀਆਂ ਗਈਆਂ ਹਨ। ਢੋਲਬਾਹਾ ਦੀ ਖੁਦਾਈ ਤੋਂ ਪ੍ਰਾਪਤ ਬਹੁਤ ਵੱਡੇ ਆਕਾਰ ਦਾ ਸ਼ਿਵਲਿੰਗ ਅਤੇ ਆਮਲਕੇ (ਆਮਲੇ ਦੀ ਸ਼ਕਲ ਦਾ ਗੁੰਬਦ) ਵੀ ਇਥੇ ਸੰਭਾਲ ਕੇ ਰੱਖਿਆ ਗਿਆ ਹੈ।
ਇਸ ਆਸ਼ਰਮ ਦੇ ਵਿਹੜੇ ਵਿਚ ਪੰਜ ਮਹਾਤਮਾਵਾਂ ਨੇ ਆਪਣੇ ਕਰ-ਕਮਲਾਂ ਨਾਲ ਜੋ ਪਿੱਪਲ, ਬੋਹੜ, ਵਦ, ਅੰਬ ਅਤੇ ਮੌਲਸਰੀ ਦੇ ਬੂਟੇ ਲਾਏ, ਉਹ ਕਾਫੀ ਵੱਡੇ ਹੋ ਗਏ ਹਨ। ਇਨ੍ਹਾਂ ਦੀ ਸੰਘਣੀ ਛਾਂਵੇਂ ਬੈਠਣ ਲਈ ਬਹੁਤ ਸੁੰਦਰ ਜਗ੍ਹਾ ਬਣਾਈ ਗਈ ਹੈ। ਇਸ ਸੰਸਥਾ ਨੇ ਕਿਤਾਬਾਂ ਦੀ ਛਪਾਈ ਲਈ ਆਪਣੀ ਪ੍ਰੈਸ ਲਾਈ ਹੋਈ ਹੈ। ਇਤਿਹਾਸ ਦੇ ਖੋਜੀਆਂ ਲਈ ਇਹ ਦਿਲਕਸ਼ ਥਾਂ ਹੈ ਜਿਥੇ ਉਹ ਰਿਸਰਚ ਦਾ ਕੰਮ ਬੜੇ ਸ਼ਾਂਤਮਈ ਵਾਤਾਵਰਣ ਵਿਚ ਕਰ ਸਕਦੇ ਹਨ। 1947 ਵਿਚ ਇਹ ਆਸ਼ਰਮ ਸ਼ਹਿਰ ਤੋਂ ਦੋ ਮੀਲ ਬਾਹਰ ਸੀ, ਪਰ ਹੁਣ ਤਾਂ ਸ਼ਹਿਰ ਇਸ ਤੋਂ ਵੀ ਅੱਗੇ ਨੰਗਲ ਵਾਲੀ ਸੜਕ ‘ਤੇ ਵਧ ਗਿਆ ਹੈ।
ਬਹਾਦਰਪੁਰ ਮਹੰਤਾਂ ਦਾ ਡੇਰਾ
ਪਿੰਡ ਬਹਾਦਰਪੁਰ ਅੱਜ ਕੱਲ੍ਹ ਹੁਸ਼ਿਆਰਪੁਰ ਸ਼ਹਿਰ ਦੇ ਅੰਦਰ ਆ ਗਿਆ ਹੈ। ਇਥੇ ਉਦਾਸੀਨ ਸਾਧੂਆਂ ਦਾ ਡੇਰਾ ਹੈ ਜਿਸ ਨੂੰ ਬਾਬਾ ਸ੍ਰੀਚੰਦ (ਗੁਰੂ ਨਾਨਕ ਪੁੱਤਰ) ਦੇ ਪੜਪੋਤੇ ਚਰਨ ਸ਼ਾਹ ਨੇ 1733 ਬਿਕਰਮੀ ਵਿਚ ਸ਼ੁਰੂ ਕੀਤਾ। ਭਗਤੀ ਕਰਨ ਵਾਲੀਆਂ ਹਸਤੀਆਂ ਦੀ ਦੇਖ-ਰੇਖ ਵਿਚ ਇਹ ਆਸ਼ਰਮ ਚਲਦਾ ਰਿਹਾ। ਮਹਾਰਾਜਾ ਰਣਜੀਤ ਸਿੰਘ ਕਾਂਗੜੇ ਦੀ ਮੁਹਿੰਮ ‘ਤੇ ਜਾਂਦਿਆਂ ਇਥੇ ਰੁਕੇ ਸਨ। ਆਸ਼ਰਮ ਵਾਲਿਆਂ ਦੀ ਸੇਵਾ ਭਗਤੀ ਤੋਂ ਖੁਸ਼ ਹੋ ਕੇ ਮਹਾਰਾਜੇ ਨੇ ਕਾਫੀ ਜਮੀਨ ਇਸ ਡੇਰੇ ਦੇ ਨਾਂ ਕਰ ਦਿੱਤੀ ਸੀ। ਸ਼ਹਿਰ ਤੋਂ ਬਾਹਰ ਚੋਅ ਤੋਂ ਪਾਰ ਉਤਰ ਵੱਲ ਅੱਧ ਕੁ ਮੀਲ ‘ਤੇ ਇਸ ਡੇਰੇ ਦੀ ਜਮੀਨ ਹੈ ਜਿਸ ਵਿਚ ਆਪਣੇ ਆਪ ਉਗੇ ਵੱਖ-ਵੱਖ ਕਿਸਮਾਂ ਦੇ ਦਰਖਤਾਂ ਦੀ ਸੰਘਣੀ ਝਿੜੀ ਹੈ। ਇਥੇ ਦਰਖਤ ਐਨੇ ਸੰਘਣੇ ਹਨ ਕਿ ਦਿਨੇ ਵੀ ਸੂਰਜ ਦੀਆਂ ਕਿਰਨਾਂ ਧਰਤੀ ‘ਤੇ ਨਹੀਂ ਪਹੁੰਚਦੀਆਂ ਅਤੇ ਰਾਤ ਵਰਗਾ ਹਨੇਰਾ ਲੱਗਦਾ ਹੈ। ਇਥੋਂ ਕੋਈ ਦਰਖਤ ਕੱਟਿਆ ਨਹੀਂ ਜਾਂਦਾ। ਆਪਣੇ ਆਪ ਸੁੱਕ ਕੇ ਡਿੱਗੇ ਦਰਖਤ ਵੀ ਦੇਖਣ ਨੂੰ ਮਿਲਦੇ ਹਨ। ਇਸ ਝਿੜੀ ਵਿਚ ਅੰਬ, ਜਾਮਣ, ਮੌਲਸਰੀ, ਖਜੂਰ ਆਦਿ ਦੇ ਦਰਖਤ ਹਨ। ਕੁਝ ਮਹੰਤਾਂ ਦੀਆਂ ਸਮਾਧਾਂ ਅਤੇ ਪੀਰ ਦੀ ਜਗ੍ਹਾ ਵੀ ਹੈ। ਇਹੋ ਜਿਹੀ ਝਿੜੀ ਜੰਗਲੀ ਜਾਨਵਰਾਂ ਲਈ ਸੁਰੱਖਿਅਤ ਘਰ ਹੈ। ਇਸ ਨੂੰ ਇਸੇ ਤਰ੍ਹਾਂ ਕਾਇਮ ਰੱਖਣਾ ਵਾਤਾਵਰਣ ਦੇ ਪ੍ਰੇਮੀਆਂ ਦਾ ਫਰਜ਼ ਬਣਦਾ ਹੈ। ਪੰਜਾਬ ਦੇ ਮੈਦਾਨੀ ਇਲਾਕਿਆਂ ਵਿਚ ਇਹੋ ਜਿਹੀ ਸੰਘਣੀ ਝਿੜੀ ਸ਼ਾਇਦ ਹੀ ਕੋਈ ਹੋਵੇ।