ਹਬੀਬ ਜਾਲਿਬ ਨੂੰ ਯਾਦ ਕਰਦਿਆਂ

ਹੁਸ਼ਿਆਰਪੁਰ ਜ਼ਿਲ੍ਹੇ ਵਿਚ ਜਨਮਿਆ ਹਬੀਬ ਜਾਲਿਬ (24 ਮਾਰਚ 1928-12 ਮਾਰਚ 1993) ਵੰਡ ਵੇਲੇ 19 ਵਰ੍ਹਿਆਂ ਦਾ ਸੀ। ਉਸ ਨੇ ਆਪਣੀ ਕਵਿਤਾ ਅੰਦਰ ਪੀੜਾਂ ਪਰੁੰਨੀ ਲੋਕਾਈ ਦੀ ਬਾਤ ਪਾਈ ਅਤੇ ਹਾਕਮਾਂ ਨੂੰ ਸਿੱਧਾ ਲਲਕਾਰਿਆ। ਇਹ ਲਲਕਾਰੇ ਉਹਦੀ ਕਵਿਤਾ ਦੀ ਜਿੰਦ-ਪ੍ਰਾਣ ਹਨ ਅਤੇ ਇਹ ਬਿਨਾਂ ਕੋਈ ਸਮਝੌਤਾ ਕੀਤਿਆਂ ਅਖੀਰ ਤੱਕ ਜਾਰੀ ਰਹੇ। ਸ਼ਾਹਰਾਮ ਅਜ਼ਹਰ ਨੇ ਇਸ ਲੇਖ ਵਿਚ ਹਬੀਬ ਜਾਲਿਬ ਦੇ ਮਿਸਾਲੀ ਜੀਵਨ ‘ਤੇ ਨਿੱਗਰ ਝਾਤ ਪਵਾਈ ਹੈ।

-ਸੰਪਾਦਕ

ਸ਼ਾਹਰਾਮ ਅਜ਼ਹਰ
1982 ਦੇ ਹੁਨਾਲ ਦੇ ਸ਼ੁਰੂ ਵਿਚ ਹੀ ਲਾਹੌਰ ਜੇਲ੍ਹ ਦੇ ਫਰਸ਼ ਉਤੇ ਢਲਦੀ ਉਮਰ ਦਾ ਪਰ ਅਜੇ ਵੀ ਚੜ੍ਹਦੀ ਕਲਾ ਵਿਚ ਰਹਿਣ ਵਾਲਾ ਬੰਦਾ ਹੱਥਾਂ ਵਿਚ ਕਲਮ ਅਤੇ ਕਾਗਜ਼ ਦੀਆਂ ਕੁਝ ਸ਼ੀਟਾਂ ਲਈ ਬੈਠਾ ਸੀ। ਉਹ ਰੁਕ-ਰੁਕ ਕੇ ਆਪਣੀ ਹੀ ਲੋਰ ਵਿਚ ਲਿਖ ਰਿਹਾ ਸੀ। ਉਹ ਕੁਝ ਪੰਕਤੀਆਂ ਲਿਖਦਾ, ਖੜ੍ਹਾ ਹੁੰਦਾ, ਆਪਣੀ ਕੋਠੜੀ ਵਿਚ ਚੱਕਰ ਲਾਉਂਦਾ, ਅਸਪਸ਼ਟ ਪਰ ਸੁਣਾਈ ਦੇਣ ਵਾਲੀ ਆਵਾਜ਼ ਵਿਚ ਗੁਣਗੁਣਾਉਂਦਾ, ਆਪਣੀ ਵਿਛਾਈ ਦਰੀ ਉਤੇ ਵਾਪਸ ਆਉਂਦਾ ਅਤੇ ਜੋ ਪਹਿਲਾਂ ਲਿਖਿਆ ਸੀ, ਉਸ ਨੂੰ ਕੱਟ ਕੇ ਦੁਬਾਰਾ ਲਿਖਣ ਲੱਗ ਪੈਂਦਾ। ਉਸ ਦੀ ਕੋਠੜੀ ਵਿਚ ਉਸ ਨਾਲ ਰਹੇ ਉਸ ਦੇ ਸੰਗੀਆਂ ਜਿਨ੍ਹਾਂ ਨੂੰ ਮੈਂ ਕਈ ਸਾਲਾਂ ਬਾਅਦ ਮਿਲਿਆ, ਨੇ ਦੱਸਿਆ ਕਿ ਕਿਸ ਤਰ੍ਹਾਂ ਉਸ ਨੇ ਆਪਣੇ-ਆਪ ਨੂੰ ਜਿਉਂਦਾ ਰੱਖਿਆ ਅਤੇ ਕਿਸ ਤਰ੍ਹਾਂ ਕੈਦਖਾਨੇ ਦੇ ਉਸ ਘੁਟਣ ਭਰੇ ਮਾਹੌਲ ਅੰਦਰ ਉਸ ਨੇ ਹੋਰਾਂ ਨੂੰ ਜਿਉਣ ਵਿਚ ਸਹਾਇਤਾ ਕੀਤੀ। ਘੁਟਣ ਦੇ ਇਸ ਮਾਹੌਲ ਨੇ ਉਨ੍ਹਾਂ ਅਤੇ ਉਨ੍ਹਾਂ ਦੇ ਦੇਸ਼ ਵਾਸੀਆਂ ਦੀਆਂ ਜ਼ਿੰਦਗੀਆਂ ਨੂੰ ਪ੍ਰਭਾਵਿਤ ਕੀਤਾ ਸੀ। ਉਸ ਬੰਦੇ ਨੇ ਆਪਣੀਆਂ ਕਾਵਿਕ ਰਚਨਾਵਾਂ ਵਿਚ ਉਸ ਸੰਘਰਸ਼ ਦਾ ਵਰਨਣ ਕੀਤਾ ਜਿਸ ਬਦਲੇ ਉਸ ਅਤੇ ਉਸ ਦੇ ਸਾਥੀਆਂ ਨੂੰ ਜੇਲ੍ਹ ਵਿਚ ਡੱਕਿਆ ਗਿਆ ਸੀ। ਇਹ ਸਾਧਾਰਨ ਜਿਹਾ ਰੂਪਕ ‘ਗੁੰਬਦ-ਏ-ਬੇਦਾਰ’ ਉਨ੍ਹਾਂ ਸਮਿਆਂ ਦੀਆਂ ਤੁਰਸ਼ੀਆਂ ਉਪਰ ਪੰਛੀ ਝਾਤ ਪਵਾ ਦਿੰਦਾ ਹੈ। ਨਾਲ ਹੀ ਇਹ ਰੂਪਕ ਉਸ ਦੀ ਸ਼ਾਇਰੀ ਦੀ ਤੀਜੀ ਕਿਤਾਬ ਦਾ ਸਿਰਲੇਖ ਵੀ ਬਣਨ ਵਾਲ਼ਾ ਸੀ।
ਉਹ ਬੰਦਾ ਹਬੀਬ ਜਾਲਿਬ ਸੀ ਅਤੇ ਜੇਲ੍ਹ ਉਸ ਲਈ ਕੋਈ ਓਪਰੀ ਜਗ੍ਹਾ ਨਹੀਂ ਸੀ। ਇਹ 17ਵੀਂ ਵਾਰ ਸੀ ਜਦੋਂ ਜਾਲਿਬ ਨੂੰ ਜੇਲ੍ਹ ਤੋਂ ਰਿਹਾਅ ਕੀਤਾ ਜਾ ਰਿਹਾ ਸੀ, ਪਰ ਮੁੜ ਕੁਝ ਸਾਲਾਂ ਬਾਅਦ 18ਵੀਂ ਵਾਰ ਫਿਰ ਪਰਤਣ ਲਈ। ਮਾਰਸ਼ਲ ਲਾਅ ਵਾਲ਼ੇ ਪ੍ਰਸ਼ਾਸਨ ਮੁਤਾਬਕ ਉਸ ਦਾ ‘ਜੁਰਮ’ ਇਹ ਸੀ ਕਿ ਉਸ ਨੇ ‘ਭੜਕਾਊ’ ਕਵਿਤਾ ਲਿਖੀ ਸੀ ਜੋ ਪਾਕਿਸਤਾਨ ਦੀ ਸੁਰੱਖਿਆ ਲਈ ‘ਖ਼ਤਰਾ’ ਬਣ ਸਕਦੀ ਸੀ। ਜਾਲਿਬ ਲਈ ਭਾਵੇਂ ਅਜਿਹੀ ਨਕਲੀ ‘ਸੁੱਰਖਿਆ’ ਅਤੇ ‘ਸਥਿਰਤਾ’ ਜੋ ਜਨਰਲ ਜ਼ਿਆ-ਉਲ-ਹੱਕ ਦੀ ਮਾਰਸ਼ਲ ਸਰਕਾਰ ਵੱਲੋਂ ਖੜ੍ਹੀ ਕੀਤੀ ਗਈ ਸੀ, ਨੂੰ ਢਾਹ ਲਾਉਣਾ ਕੋਈ ਤੁੱਛ ਮਸਲਾ ਨਹੀਂ ਸੀ। ਇਸ ਨੂੰ ਤੁਰੰਤ ਅਤੇ ਇਕਸਾਰਤਾ ਨਾਲ ਢੇਰੀ ਕਰਨਾ ਬਣਦਾ ਸੀ, ਜੇ ਪਾਕਿਸਤਾਨ ਨੂੰ ਇਸਲਾਮੀ ਮੂਲਵਾਦੀਆਂ, ਫੌਜੀ ਤਾਨਾਸ਼ਾਹਾਂ ਅਤੇ ਅਮਰੀਕੀ ਸਾਮਰਾਜਵਾਦ ਦੀ ਤਿੱਕੜੀ ਤੋਂ ਬਚਾਉਣਾ ਸੀ।
ਬਦਕਿਸਮਤੀ ਨਾਲ ਅੱਜ ਅਸੀਂ ਐਸੇ ਸਮਿਆਂ ਵਿਚ ਰਹਿ ਰਹੇ ਹਾਂ ਜਦੋਂ ਜਾਲਿਬ ਦੇ ਤੌਖ਼ਲਿਆਂ ਨੂੰ ਅਸੀਂ ਆਪਣੇ ਸਾਹਮਣੇ ਹਕੀਕਤ ਵਿਚ ਬਦਲਦੇ ਹੋਏ ਦੇਖ ਰਹੇ ਹਾਂ: ਧਾਰਮਿਕ ਕੱਟੜਪੁਣਾ, ਖੁੱਲ੍ਹੇ ਵਿਚਾਰਾਂ ਦੇ ਇਜ਼ਹਾਰ ਕਰਨ ਉਤੇ ਰੋਕਾਂ, ਬੇਤੁਕਾ ਕੌਮਵਾਦ, ਗਰੀਬੀ, ਆਰਥਿਕ ਅਤੇ ਸਿਆਸੀ ਆਜ਼ਾਦੀ ਦਾ ਵਿਦੇਸ਼ੀ ਤਾਕਤਾਂ ਅਤੇ ਏਜੰਡਿਆਂ ਮੂਹਰੇ ਲਗਾਤਾਰ ਗੋਡੇ ਟੇਕਣਾ; ਇਹ ਅੱਜ ਦੇ ਪਾਕਿਸਤਾਨ ਦੀਆਂ ਵਿਸ਼ੇਸ਼ਤਾਵਾਂ ਹਨ। ਇਸ ਲਈ ਹੁਣ ਹੋਰ ਵੀ ਜ਼ਰੂਰੀ ਬਣ ਗਿਆ ਹੈ ਕਿ ਉਹ ਨੌਜਵਾਨ ਲੋਕ ਜੋ ਇਨ੍ਹਾਂ ਮਾੜੀਆਂ ਹਾਲਤਾਂ ਨੂੰ ਬਦਲਣਾ ਚਾਹੁੰਦੇ ਹਨ, ਉਹ ਅੱਜ ਫਿਰ ਤੋਂ ਜਾਲਿਬ ਵੱਲ ਪਰਤਣ, ਤਾਂ ਕਿ ਇਸ ਸ਼ਾਇਰ ਦੇ ਵਿਚਾਰਾਂ ਨੂੰ ਸਮਝਿਆ ਜਾ ਸਕੇ। ਉਸ ਦੀ ਮੌਤ ਦੇ ਢਾਈ ਦਹਾਕਿਆਂ ਬਾਅਦ ਇਹ ਜ਼ਰੂਰੀ ਹੈ ਕਿ ਉਸ ਦੇ ਜੀਵਨ ਅਤੇ ਉਨ੍ਹਾਂ ਇਤਿਹਾਸਕ ਤੇ ਵਿਅਕਤੀਗਤ ਹਾਲਤਾਂ ਦੇ ਜੋੜ ਨੂੰ ਸਮਝਿਆ ਜਾਵੇ ਜਿਨ੍ਹਾਂ ਦਾ ਪ੍ਰਭਾਵ ਜਾਲਿਬ ਉਪਰ ਪਿਆ ਅਤੇ ਉਹ ਵਿਦਰੋਹੀ ਅਤੇ ਮਨਸੂਰ ਹੱਲਾਜ ਜਿਹੀ ਰੂਹ ਵਾਲਾ ਕਮਿਊਨਿਸਟ ਬਣ ਸਕਿਆ।
1928 ਵਿਚ ਪੂਰਬੀ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਜਨਮੇ ਹਬੀਬ ਅਹਿਮਦ ਦੀ ਅਹਿਮਦ ਤੋਂ ‘ਜਾਲਿਬ’ (ਜਾਲਿਬ ਦਾ ਸ਼ਾਬਦਿਕ ਅਰਥ ਹੈ ਮਕਸਦ) ਵੱਲ ਤਬਦੀਲੀ ਅਜਿਹੇ ਦੌਰ ਅੰਦਰ ਹੋਈ ਜਦੋਂ ਬਰਤਾਨਵੀ ਬਸਤੀਵਾਦ ਦੇ ਪਤਨ ਅਤੇ ਹਿੰਦੋਸਤਾਨ ਦੀ ਵੰਡ ਨਾਲ ਪਾਕਿਸਤਾਨ ਹੋਂਦ ਵਿਚ ਆਇਆ। ਜਿਵੇਂ-ਜਿਵੇਂ ਇਹ ਦੌਰ ਅੱਗੇ ਵਧਿਆ, ਉਵੇਂ ਹੀ ਆਜ਼ਾਦੀ ਅਤੇ ਬਰਾਬਰੀ ਦੇ ਜਿਨ੍ਹਾਂ ਆਦਰਸ਼ਾਂ ਨੂੰ ਲੈ ਕੇ ਬਸਤੀਵਾਦੀ ਵਿਰੋਧੀ ਲਹਿਰਾਂ ਚੱਲੀਆਂ ਸਨ, ਉਨ੍ਹਾਂ ਆਦਰਸ਼ਾਂ ਦਾ ਲਗਾਤਾਰ ਘਾਣ ਹੋਇਆ। 1947 ਦੀ ਵੰਡ ਤੋਂ ਬਾਅਦ ਭੜਕੇ ਫਿਰਕੂ ਪਾਗਲਪਨ ਦੇ ਵਿਚਕਾਰ, 19 ਸਾਲਾ ਅਹਿਮਦ ਨੂੰ ਵੀ ਲੱਖਾਂ ਲੋਕਾਂ ਵਾਂਗ ਆਪਣਾ ਜੱਦੀ ਪਿੰਡ ਛੱਡਣਾ ਪਿਆ। ਅਹਿਮਦ ਜਿਹੇ ਨੌਜਵਾਨਾਂ, ਜਿਨ੍ਹਾਂ ਦੀ ਪਰਵਰਿਸ਼ ਬਸਤੀਵਾਦੀ ਗੁਲਾਮੀ ਦੇ ਦੌਰਾਨ ਹੋਈ ਸੀ, ਨੂੰ ਆਜ਼ਾਦੀ ਤੋਂ ਬਾਅਦ ਨਵੀਂ ਦੁਨੀਆਂ ਦੇ ਵਾਅਦੇ ਕੀਤੇ ਗਏ ਸਨ। ਉਸ ਨੂੰ ਭਾਵੇਂ ਆਪਣੇ ਬਚਪਨ ਦੇ ਮਿੱਤਰਾਂ ਅਤੇ ਯਾਦਾਂ ਦੇ ਗੁਆਚ ਜਾਣ ਦਾ ਬੇਹਦ ਗ਼ਮ ਸੀ, ਪਰ ਨਾਲ਼ ਹੀ ਨਾਲ਼ ਇਕ ਉਮੀਦ ਵੀ ਸੀ ਕਿ ਨਵੇਂ ਬਣੇ ਮੁਲਕ ਪਾਕਿਸਤਾਨ ਅੰਦਰ ਮਿਲੀ ਨਵੀਂ ‘ਆਜ਼ਾਦੀ’ ਅਤੇ ਸਮੇਂ ਦੇ ਪ੍ਰਭਾਵ ਨਾਲ ਇਹ ਘਾਟੇ ਪੂਰ ਲਏ ਜਾਣਗੇ। ਸਾਲਾਂ ਬਾਅਦ ਜਾਲਿਬ ਨੇ ਆਪਣੀ ਜ਼ਿੰਦਗੀ ਦੇ ਇਨ੍ਹਾਂ ਸਮਿਆਂ ਨੂੰ ਯਾਦ ਕਰਦਿਆਂ ਕਿਹਾ ਸੀ ਕਿ ਇਹ “ਪਰਵਾਸ ਅਤੇ ਤਿੜਕੇ ਸੁਪਨਿਆਂ ਦੀ ਕਹਾਣੀ” ਸੀ। ਆਪਣੀ ਮੁੱਢਲੀ ਜ਼ਿੰਦਗੀ ਨੂੰ ਯਾਦ ਕਰਦਿਆਂ ਜਾਲਿਬ ਨੇ 1975 ਵਿਚ ਇਕ ਮਸਨਵੀ ਲਿਖੀ ਜੋ ਬਾਅਦ ਵਿਚ ਉਸ ਦੀ ਦੂਜੀ ਮੁੱਖ ਲਿਖਤ ‘ਜ਼ਿਕਰ ਵਹਿੰਦੇ ਲਹੂ ਦਾ’ ਵਿਚ ਵੀ ਛਪੀ:
ਇੱਕ ਹਸੀਨ ਗਾਓਂ ਥਾ ਕਿਨਾਰੇ-ਆਬ,
ਕਿਤਨਾ ਦਿਲਦਾਰ ਥਾ, ਦਿਆਰੇ-ਆਬ।
ਕਿਆ ਅਜਬ, ਬੇਨਿਆਜ਼ ਬਸਤੀ ਥੇ,
ਮੁਫਲਿਸੀ ਮੇਂ ਭੀ ਏਕ ਮਸਤੀ ਥੇ।
ਕਿਤਨੇ ਦਿਲਦਾਰ ਥੇ ਹਮਾਰੇ ਦੋਸਤ,
ਵੋ ਬੇਚਾਰੇ, ਵੋ ਬੇਸਹਾਰੇ ਦੋਸਤ।
ਪਾਕਿਸਤਾਨ ਪਹੁੰਚ ਕੇ ਜਾਲਿਬ ਕਰਾਚੀ ਰਹਿਣ ਲੱਗੇ ਅਤੇ ਉਥੇ ਉਰਦੂ ਅਖ਼ਬਾਰ ‘ਇਮਰੋਜ਼’ ਵਿਚ ਸੋਧਕ ਦੇ ਤੌਰ ਉਤੇ ਕੰਮ ਕਰਨ ਲੱਗੇ। ਇਮਰੋਜ਼ ਦੇ ਮੁੱਖ ਸੰਪਾਦਕ ‘ਲੈਨਿਨ ਅਮਨ ਪੁਰਸਕਾਰ’ ਨਾਲ ਸਨਮਾਨਿਤ ਲੇਖਕ ਫੈਜ਼ ਅਹਿਮਦ ਫੈਜ਼ ਸਨ। ਫੈਜ਼ ਨਾਲ ਇਨ੍ਹਾਂ ਮੁਲਾਕਾਤਾਂ ਦਾ ਜਾਲਿਬ ਉਪਰ ਡੂੰਘਾ ਪ੍ਰਭਾਵ ਪਿਆ ਅਤੇ ਉਨ੍ਹਾਂ ਦੀ ਕਲਾ ਬਾਰੇ ਸਮਝ ਅਤੇ ਸਮਾਜ ਵਿਚ ਇਸ ਦੇ ਮਕਸਦ ਬਾਰੇ ਸਮਝ ਵਿਚ ਮਿਸਾਲੀ ਬਦਲਾਓ ਆਇਆ। ਇਹ ਫੈਜ਼ ਅਤੇ ਉਨ੍ਹਾਂ ਦੇ ਪ੍ਰਗਤੀਸ਼ੀਲ ਲੇਖਕ ਸੰਘ ਵਿਚਲੇ ਸਾਥੀਆਂ ਨਾਲ਼ ਸੰਗਤ ਹੀ ਸੀ ਜਿਸ ਨੇ ਜਾਲਿਬ ਅੰਦਰ ਮਿਆਰੀ ਅਤੇ ਉਸਾਰੂ ਕਲਾ ਸਿਰਜਣ ਦੀ ਤਾਂਘ ਪੈਦਾ ਕੀਤੀ। ਅਜਿਹੀ ਕਲਾ ਜਿਸ ਦਾ ਮਕਸਦ ਬੁਰਜੁਆਜ਼ੀ ਦੇ ਨਿਠੱਲੇ ਚਿੰਤਨ ਨੂੰ ਪੱਠੇ ਪਾਉਣਾ ਨਹੀਂ ਸਗੋਂ ਆਮ ਲੋਕਾਂ ਅੰਦਰ ਇਹ ਧਾਰਨਾ ਕਾਇਮ ਕਰਨਾ ਸੀ ਕਿ ਵਿਦਰੋਹ ਨਿਆਂਸੰਗਤ ਹੈ। ਸਿੱਟੇ ਵਜੋਂ, ਜਾਲਿਬ ਜੋ ਸਕੂਲ ਦੇ ਦਿਨਾਂ ਤੋਂ ਹੀ ਉਰਦੂ ਸ਼ਾਇਰੀ ਕਰ ਰਿਹਾ ਸੀ, ਨੇ ਆਪਣੀ ਸ਼ਾਇਰੀ ਨੂੰ ਨਿਜਵਾਦੀ ਰੁਮਾਂਸਾਂ ਤੋਂ ਮੋੜ ਕੇ ਮਨੁੱਖਤਾ ਦੀ ਮੁਕਤੀ ਦੇ ਵਡੇਰੇ ਕਾਰਜ ਵੱਲ ਸੇਧਿਆ। ਇਸ ਕਰ ਕੇ ਜਾਲਿਬ ਦੇ ਕਈ ਸਮਕਾਲੀਆਂ ਨੂੰ ਉਸ ਨਾਲ ਇਤਰਾਜ਼ ਵੀ ਹੋਇਆ ਕਿਉਂ ਜੋ ਉਨ੍ਹਾਂ ਦਾ ਮੰਨਣਾ ਸੀ ਕਿ ਕਲਾਕਾਰ ਨੂੰ ਟਕਸਾਲੀ ਉਰਦੂ ਰਵਾਇਤਾਂ ਦੇ ਮੁਤਾਬਕ ਚਲਦਿਆਂ ਆਪਣਾ ਧਿਆਨ ਨਿੱਜੀ ਪ੍ਰੇਮ ਦੇ ਦੁੱਖਾਂ-ਸੁੱਖਾਂ ਤੇ ਵਲਵਲਿਆਂ ਤੱਕ ਹੀ ਸੀਮਤ ਕਰਨਾ ਚਾਹੀਦਾ ਹੈ ਅਤੇ ਸ਼ਾਇਰੀ ਦਾ ਇਸਤੇਮਾਲ ਜ਼ਿੰਦਗੀ ਤੇ ਪ੍ਰੇਮ ਦੇ ਸੁਖਾਂਤਕ ਪਹਿਲੂਆਂ ਨੂੰ ਦਰਸਾਉਣ ਲਈ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਜਾਲਿਬ ਵੱਲੋਂ ਆਪਣੀ ਲਿਖਣ-ਸ਼ੈਲੀ ਵਿਚ ਆਮ ਲਹਿਜਾ ਅਪਣਾਏ ਜਾਣ ਦੀ ਆਲੋਚਨਾ ਕੀਤੀ ਕਿਉਂ ਜੋ ਉਨ੍ਹਾਂ ਮੁਤਾਬਕ ਇਹ ‘ਵਿਦਵਾਨ’ ਸ਼ਾਇਰ ਨੂੰ ਸ਼ੋਭਾ ਨਹੀਂ ਸੀ ਦਿੰਦਾ। ਇਸ ਆਲੋਚਨਾ ਦਾ ਜਾਲਿਬ ਨੇ ਇਉਂ ਜਵਾਬ ਦਿੱਤਾ:
ਜੋ ਸਦਾਏਂ ਸੁਨ ਰਹਾ ਹੂੰ,
ਮੁਝੇ ਬਸ ਉਨ੍ਹੀਂ ਕਾ ਗ਼ਮ ਹੈ।
ਤੁਮਹੇਂ ਸ਼ੇਅਰ ਕੀ ਪੜੀ ਹੈ,
ਮੁਝੇ ਆਦਮੀ ਕਾ ਗ਼ਮ ਹੈ।
1951 ਦੇ ਰਾਵਲਪਿੰਡੀ ਸਾਜ਼ਿਸ਼ ਕੇਸ ਤੋਂ ਬਾਅਦ ਕਮਿਊਨਿਸਟ ਪਾਰਟੀ ਅਤੇ ਪ੍ਰਗਤੀਸ਼ੀਲ ਲੇਖਕ ਸੰਘ ਉਪਰ ਕਾਨੂੰਨੀ ਰੋਕ ਲੱਗਣ ਨਾਲ਼ ਪਾਕਿਸਤਾਨ ਵਿਚ ਯਥਾ-ਸਥਿਤੀ ਵਿਰੋਧੀ ਲਿਖਤਾਂ ਲਿਖਣਾ ਅਤੇ ਉਨ੍ਹਾਂ ਦਾ ਪ੍ਰਚਾਰ ਕਰਨਾ ਜੁਰਮ ਮੰਨਿਆ ਜਾਣ ਲੱਗਾ। ਜੇ ਫੌਜੀ ਤਾਨਾਸ਼ਾਹੀ ਨੇ ਇਹ ਗੁਮਾਨ ਕੀਤਾ ਸੀ ਕਿ ਇਸ ਤਰ੍ਹਾਂ ਕਰਨ ਨਾਲ ਵਿਰੋਧ ਦੀਆਂ ਸੁਰਾਂ ਨੂੰ ਦਬਾਇਆ ਜਾ ਸਕੇਗਾ ਤਾਂ ਉਹ ਮੁਗਾਲ਼ਤੇ ਵਿਚ ਹੀ ਸੀ। 1958 ਵਿਚ ਅਯੂਬ ਦੀ ਤਾਨਾਸ਼ਾਹੀ ਨੂੰ ਅਜੇ ਮਹਿਜ਼ ਸਾਲ ਹੀ ਹੋਇਆ ਸੀ ਕਿ ਰੇਡੀਓ ਪਾਕਿਸਤਾਂਨ ਵੱਲੋਂ ਕਰਵਾਏ ਅਤੇ ਪ੍ਰਸਾਰਿਤ ਕੀਤੇ ਮੁਸ਼ਾਇਰੇ ਵਿਚ ਇਹ ਬੋਲ ਸੁਣਾਈ ਦਿੱਤੇ:
ਕਹੀਂ ਗੈਸ ਕਾ ਧੂੰਆਂ ਹੈ,
ਕਹੀਂ ਗੋਲਿਓਂ ਕੀ ਬਾਰਿਸ਼,
ਸ਼ਬ-ਏ-ਅਹਿਦ-ਏ ਕਮ ਨਿਗਾਹੀ,
ਤੁਝੇ ਕਿਸ ਤਰਹਿ ਸਰਾਹੇਂ।
ਜਾਲਿਬ ਨੂੰ ਫੌਰਨ ਗ੍ਰਿਫਤਾਰ ਕਰ ਲਿਆ ਗਿਆ ਅਤੇ ਰੇਡੀਓ ਪਾਕਿਸਤਾਨ ਦੇ ਕਿਸੇ ਵੀ ਜਨਤਕ ਪ੍ਰੋਗਰਾਮ ਵਿਚ ਉਸ ਦੇ ਹਿੱਸਾ ਲੈਣ ਉਤੇ ਰੋਕ ਲਗਾ ਦਿੱਤੀ ਗਈ ਪਰ ਇਉਂ ਜਾਲਿਬ ਦੀ ਕਲਮ ਨੂੰ ਰੋਕਿਆ ਨਹੀਂ ਸੀ ਜਾ ਸਕਦਾ ਅਤੇ ਤਿੰਨ ਸਾਲ ਬਾਅਦ ਹੀ 1962 ਵਿਚ ਉਸ ਨੂੰ ਫਿਰ ਗ੍ਰਿਫਤਾਰ ਕਰ ਲਿਆ ਗਿਆ। ਇਸ ਵਾਰ ਅਯੂਬ ਵੱਲੋਂ ਪਾਸ ਕੀਤੇ ਲੋਕ ਵਿਰੋਧੀ ਸੰਵਿਧਾਨ ਦੇ ਵਿਰੋਧ ਵਿਚ ਦਸਤੂਰ ਨਜ਼ਮ ਪੜ੍ਹਨ ਬਦਲੇ। ਇਹ ਨਜ਼ਮ ਪੂਰੇ ਪਾਕਿਸਤਾਨ ਅੰਦਰ ਅੱਗ ਵਾਂਗੂ ਫੈਲ ਗਈ। ਕੁਝ ਹੀ ਦਿਨਾਂ ਅੰਦਰ ‘ਮੈਂ ਨਹੀਂ ਮਾਨਤਾ, ਮੈਂ ਨਹੀਂ ਜਾਨਤਾ’ ਦਾ ਨਾਅਰਾ ਪੂਰੇ ਪਾਕਿਸਤਾਨ ਅੰਦਰ ਜਨਰਲ ਅਯੂਬ ਖਾਨ ਦੀ ਤਾਨਾਸ਼ਾਹੀ ਖਿਲਾਫ ਲੋਕਾਂ ਦੇ ਵਿਰੋਧ ਦਾ ਪ੍ਰਤੀਕ ਬਣ ਗਿਆ। ਜਮਹੂਰੀਅਤ ਪੱਖੀ ਤਾਕਤਾਂ ਅਤੇ ਤਾਨਾਸ਼ਾਹੀ ਦਰਮਿਆਨ ਇਹ ਮੁਕਾਬਲਾ 1965 ਵਿਚ ਅਯੂਬ ਬਨਾਮ ਫਾਤਿਮਾ ਜਿਨਾਹ ਦੇ ਚੋਣ ਪ੍ਰਚਾਰ ਨਾਲ ਆਪਣੀ ਸਿਖ਼ਰ ਉਤੇ ਪਹੁੰਚਿਆ ਜਿਸ ਵਿਚ ਜਾਲਿਬ ਨੇ ਫਾਤਿਮਾ ਜਿਨਾਹ ਦਾ ਸਾਥ ਦਿੱਤਾ। ਚੋਣਾਂ ਵਿਚ ਧਾਂਦਲੀ ਜਰੀਏ ਅਯੂਬ, ਫਾਤਿਮਾ ਨੂੰ ਹਰਾਉਣ ਵਿਚ ਕਾਮਯਾਬ ਰਿਹਾ ਪਰ ਇਸ ਨਾਲ ਫੌਜੀ ਤਾਨਾਸ਼ਾਹੀ ਲੋਕਾਂ ਦੇ ਉਸ ਉਬਾਲ ਨੂੰ ਨਾ ਰੋਕ ਸਕੀ ਜਿਸ ਦਾ ਸਿੱਟਾ 1968-69 ਦੀ ਲੋਕਾਂ ਅਤੇ ਵਿਦਿਆਰਥੀਆਂ ਦੀ ਬਗਾਵਤ ਵਿਚ ਨਿਕਲਿਆ। ਜਾਲਿਬ ਵੱਲੋਂ ਇਸ ਦੌਰ ਦੌਰਾਨ ਲਿਖੀ ਸ਼ਾਇਰੀ ਉਸ ਸਮੇਂ ਦੇ ਸਮਾਜੀ ਅਤੇ ਸਿਆਸੀ ਪ੍ਰਸੰਗਾਂ ਨੂੰ ਸਮਝਣ ਲਈ ਅਹਿਮ ਕੜੀ ਹੈ। ਇਸ ਦੌਰ ਦੀ ਸ਼ਾਇਰੀ ਨੂੰ ਉਸ ਦੇ ਪਹਿਲੇ ਸੰਗ੍ਰਿਹ ‘ਸਰ-ਏ-ਮਕਤਲ’ ਵਿਚ ਛਾਪਿਆ ਗਿਆ।
ਜਨਰਲ ਯਾਹੀਆ ਖਾਨ ਅਤੇ ਫਿਰ ਜੁਲਫਿਕਾਰ ਅਲੀ ਭੁੱਟੋ ਦੇ ਉਭਾਰ ਦੇ ਨਾਲ ਹੀ 1971 ਵਿਚ ਪਾਕਿਸਤਾਨ ਵੀ ਵੰਡਿਆ ਗਿਆ। ਜਾਲਿਬ ਨੇ ਇਸ ਵੰਡ ਨੂੰ ਦੋ ਕਾਰਨਾਂ ਦੇ ਸਿੱਟੇ ਵਜੋਂ ਸਮਝਿਆ: ਜਗੀਰੂ ਤਾਕਤਾਂ ਦੀ ਇਜਾਰੇਦਾਰੀ ਵਾਲੀ ਕੇਂਦਰੀ ਸਰਕਾਰ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਕੌਮੀ ਭੇਦ-ਭਾਵ ਦੀਆਂ ਨੀਤੀਆਂ ਅਤੇ ਅਜਿਹੀ ਫੌਜੀ ਤਾਕਤ ਜੋ ਖ਼ਰੀਆਂ ਕੌਮੀ ਲਹਿਰਾਂ ਨੂੰ ਸਿਆਸੀ ਆਜ਼ਾਦੀ ਦੇਣ ਲਈ ਤਿਆਰ ਨਹੀਂ ਸੀ। ਹਾਲਾਂਕਿ ਕਈ ਖੱਬੇ ਪੱਖੀ ਬੁੱਧੀਜੀਵੀ ਭੁੱਟੋ ਦੇ “ਸਮਾਜਵਾਦੀ” ਸੁਧਾਰਾਂ ਤੋਂ ਪ੍ਰਭਾਵਿਤ ਹੋ ਰਹੇ ਸਨ ਪਰ ਜਾਲਿਬ ਨੇ ਪੂਰੀ ਦ੍ਰਿੜਤਾ ਨਾਲ ਆਲੋਚਨਾਤਮਕ ਪੈਂਤੜਾ ਕਾਇਮ ਰੱਖਿਆ। ਇਕ ਖਾਸ ਮੌਕੇ ਉਤੇ ਭੁੱਟੋ ਨੇ ਜਾਲਿਬ ਨੂੰ ਪਾਕਿਸਤਾਨ ਪੀਪਲਜ਼ ਪਾਰਟੀ ਨਾਲ ਜੁੜਨ ਲਈ ਵੀ ਕਿਹਾ ਸੀ, ਜਿਸ ਦੇ ਜਵਾਬ ਵਿਚ ਹਬੀਬ ਜਾਲਿਬ ਨੇ ਕਿਹਾ ਸੀ: “ਕਿਤੇ ਸਮੁੰਦਰ ਵੀ ਦਰਿਆਵਾਂ ਵਿਚ ਉਤਰੇ ਨੇ?”
ਭੁੱਟੋ ਸਰਕਾਰ ਦੀਆਂ ਨੀਤੀਆਂ ਦੇ ਜ਼ੋਰਦਾਰ ਆਲੋਚਕ ਹੋਣ ਦੇ ਬਾਵਜੂਦ ਜਾਲਿਬ ਆਪਣੇ ਵਿਸ਼ਵਾਸਾਂ ਉਤੇ ਖ਼ਰਾ ਸੀ ਅਤੇ 1977 ਵਿਚ ਜ਼ਿਆ-ਉਲ-ਹੱਕ ਵੱਲੋਂ ਭੁੱਟੋ ਸਰਕਾਰ ਦਾ ਤਖਤਾ ਪਲਟ ਕੀਤੇ ਜਾਣ ਦੇ ਖਿਲਾਫ ਜਮਹੂਰੀਅਤ ਦੀ ਬਹਾਲੀ ਲਈ ਚੱਲੀ ਲਹਿਰ ਦਾ ਹਿੱਸਾ ਬਣ ਗਿਆ। ਜ਼ਿਆ-ਉਲ-ਹੱਕ ਦੇ 11 ਸਾਲਾਂ ਦੇ ਸ਼ਾਸਨ ਦਾ ਬਹੁਤਾ ਸਮਾਂ ਜਾਲਿਬ ਜੇਲ੍ਹ ਵਿਚ ਹੀ ਰਿਹਾ; ਇਸ ਸਮੇਂ ਦੌਰਾਨ ਉਸ ਦੀਆਂ ਕਿਤਾਬਾਂ ‘ਜ਼ਿਕਰ ਬਹਿਤੇ ਖ਼ੂਨ ਕਾ’ ਤੇ ‘ਗੁੰਬਦ-ਏ-ਬੇਦਾਰ’ ਛਪੀਆਂ ਅਤੇ ਤੁਰੰਤ ਹੀ ਇਨ੍ਹਾਂ ਉਪਰ ਰੋਕ ਵੀ ਲਗਾ ਦਿੱਤੀ ਗਈ। 1988-89 ਵਿਚ ਜ਼ਿਆ-ਉਲ-ਹੱਕ ਦੀ ਮੌਤ ਮਗਰੋਂ ਜਮਹੂਰੀਅਤ ਦੀ ਹੋਈ ਵਾਪਸੀ ਵੇਲੇ ਜਾਲਿਬ ਨੇ ਮੁੜ ਲੋਕਾਂ ਨੂੰ ਚੇਤਾ ਕਰਵਾਇਆ ਕਿ ਇਹ ਕੋਈ ਅੰਤਿਮ ਟੀਚਾ ਨਹੀਂ ਸੀ ਸਗੋਂ ਇਹ ਤਾਂ ਟੀਚੇ ਵੱਲ ਜਾਣ ਦਾ ਜ਼ਰੀਆ ਮਾਤਰ ਸੀ।
ਹਬੀਬ ਜਾਲਿਬ ਦੀ ਮੌਤ 13 ਮਾਰਚ 1993 ਨੂੰ 64 ਸਾਲਾਂ ਦੀ ਉਮਰ ਵਿਚ ਹੋਈ। ਹੁਸ਼ਿਆਰਪੁਰ ਅਤੇ ਜਲੰਧਰ ਦੇ ਉਨ੍ਹਾਂ ਹੀ ਜ਼ਿਲ੍ਹਿਆਂ ਜਿਥੋਂ ਦਾ ਜਾਲਿਬ ਖ਼ੁਦ ਸੀ, ਦੇ ਪਰਵਾਸੀਆਂ ਦੀ ਤੀਜੀ ਪੀੜ੍ਹੀ ਦੀ ਔਲਾਦ ਹੋਣ ਕਰ ਕੇ ਮੈਨੂੰ ਜਾਲਿਬ ਦੀ ਸ਼ਾਇਰੀ ਵਿਚ ਉਨ੍ਹਾਂ ਹੀ ਬਿਖਰੇ ਸੁਪਨਿਆਂ ਅਤੇ ਇਕੱਲੇਪਣ ਦਾ ਜਵਾਬ ਲੱਭਦਾ ਹੈ ਜਿਨ੍ਹਾਂ ਬਾਰੇ ਮੇਰੇ ਪੁਰਖੇ ਗੱਲਾਂ ਕਰਦੇ ਹੁੰਦੇ ਸਨ ਪਰ ਜਾਲਿਬ ਨੇ ਆਪਣੇ-ਆਪ ਨੂੰ ਮਹਿਜ਼ ਸੰਸਾਰ ਦੀ ਵਿਆਖਿਆ ਕਰਨ ਤੱਕ ਹੀ ਸੀਮਤ ਨਹੀਂ ਰੱਖਿਆ। ਉਹ ਕੋਈ ਸ਼ਾਂਤੀਵਾਦੀ ਨਹੀਂ ਸੀ ਜੋ ‘ਵਿਆਖਿਆ’ ਤੱਕ ਹੀ ਸੀਮਤ ਰਹਿੰਦਾ ਸੀ। ਸੱਚ ਤਾਂ ਇਹ ਹੈ ਕਿ ਜਾਲਿਬ ਨੇ ਮਾਰਕਸਵਾਦ ਦੀ ਇਹ ਅਖੌਤ, ਕਿ ਸਾਨੂੰ ਕੇਵਲ ਸੰਸਾਰ ਦੀ ਵਿਆਖਿਆ ਤੱਕ ਸੀਮਤ ਨਹੀਂ ਰਹਿਣਾ ਚਾਹੀਦਾ ਸਗੋਂ ਇਸ ਨੂੰ ਸਰਗਰਮੀ ਜ਼ਰੀਏ ਬਦਲਣ ਵੱਲ ਵੀ ਵਧਣਾ ਚਾਹੀਦਾ ਹੈ, ਨੂੰ ਆਪਣੇ ਅੰਦਰ ਸਾਕਾਰ ਕਰ ਲਿਆ ਸੀ। ਇਸ ਲਈ ਅੱਜ ਜਾਲਿਬ ਨੂੰ ਲਾਜ਼ਮੀ ਹੀ ਪੜ੍ਹਿਆ ਤੇ ਗਾਇਆ ਜਾਣਾ ਚਾਹੀਦਾ ਹੈ ਅਤੇ ਉਸ ਦੇ ਸੁਨੇਹੇ ਨੂੰ ਵਿਆਪਕ ਲੋਕਾਈ ਵਿਚ ਲਿਜਾਣਾ ਚਾਹੀਦਾ ਹੈ। ਇਹ ਕਾਰਜ ਪਹਿਲਾਂ ਨਾਲੋਂ ਅੱਜ ਕਿਤੇ ਜ਼ਿਆਦਾ ਜ਼ਰੂਰੀ ਹੈ।