‘ਹਿੰਦੂ’ ਸ਼ਬਦ ਦੀ ਹਕੀਕਤ

ਅੱਜ ਦੇ ਹਿੰਦੂਤਵਵਾਦੀਆਂ ਨੇ ਆਪਣੀ ਨਫਰਤ ਭਰੀ ਸਿਆਸਤ ਨਾਲ ਸਭ ਨੂੰ ਵਖਤ ਪਾਇਆ ਹੋਇਆ ਹੈ। ਰਾਸ਼ਟਰਵਾਦ ਦੇ ਨਾਂ ਉਤੇ ਘੱਟ-ਗਿਣਤੀਆਂ ਉਤੇ ਹਮਲੇ ਕੀਤੇ ਜਾ ਰਹੇ ਹਨ। ਇਸ ਲੇਖ ਵਿਚ ਲੇਖਕ ਵੱਲੋਂ ‘ਹਿੰਦੂ’ ਸ਼ਬਦ ਦੀਆਂ ਜੜ੍ਹਾਂ ਫਰੋਲੀਆਂ ਗਈਆਂ ਹਨ ਅਤੇ ਦੱਸਿਆ ਗਿਆ ਹੈ ਕਿ ਇਸ ਸ਼ਬਦ ਦਾ ਅੱਜ ਦੇ ਅਖੌਤੀ ਹਿੰਦੂਆਂ ਜਾਂ ਕਿਸੇ ਕਿਸਮ ਦੀ ਧਾਰਮਿਕ ਮਨੌਤ ਨਾਲ ਕੋਈ ਸਬੰਧ ਨਹੀਂ ਹੈ।

-ਸੰਪਾਦਕ

ਕੰਵਲ ਧਾਲੀਵਾਲ

ਸਭ ਤੋਂ ਪਹਿਲਾਂ ਇਹ ਭਰਮ ਦੂਰ ਕਰਨਾ ਚਾਹੀਦਾ ਹੈ ਕਿ ਜਦੋਂ ਵੀ ਤੁਸੀਂ ਇਰਾਨ (ਪਾਰਸ/ਫਾਰਸ/ਪਰਸ਼ੀਆ) ਬਾਰੇ ਗੱਲ ਕਰੋ ਤਾਂ ਦੱਖਣੀ-ਏਸ਼ੀਆ ਦੇ ਸਾਰੇ ਲੋਕ ਅਕਸਰ ਇਸ ਨੂੰ ਇਸਲਾਮ ਨਾਲ ਜੋੜ ਕੇ ਦੇਖਦੇ ਹਨ। ਇਰਾਨ ਦੀ ਸੱਭਿਅਤਾ ਅਤੇ ਭਾਸ਼ਾ ਹੋਰ ਪ੍ਰਾਚੀਨ ਸਭਿਅਤਾਵਾਂ ਵਾਂਗ ਹੀ ਹਜ਼ਾਰਾਂ ਸਾਲ ਪੁਰਾਣੀ ਹੈ, ਉਦੋਂ ਦੀ ਜਦੋਂ ਇਸਲਾਮ ਤਾਂ ਕੀ, ਮੁਹੰਮਦ ਸਾਹਿਬ ਦਾ ਜਨਮ ਵੀ ਨਹੀਂ ਸੀ ਹੋਇਆ। ਸੱਤਵੀਂ ਸਦੀ ਈਸਵੀ ਵਿਚ ਅਰਬਾਂ ਨੇ ਇਰਾਨ ਦੇ ਸਵਦੇਸ਼ੀ ਸਾਸਾਨੀ ਸਾਮਰਾਜ ‘ਤੇ ਹਮਲਾ ਕੀਤਾ ਅਤੇ ਤਬਾਹ ਕਰ ਦਿੱਤਾ ਅਤੇ ਇਰਾਨ ਹੌਲੀ ਹੌਲੀ ਇਸਲਾਮਿਕ ਬਣਦਾ ਗਿਆ ਪਰ ਇਰਾਨ ਦਾ ਆਪਣਾ ਮੂਲ ਧਰਮ ਇਸਲਾਮੀ ਨਹੀਂ ਸੀ ਬਲਕਿ ‘ਵੈਦਿਕ’ ਵਿਚਾਰਧਾਰਾ ਦਾ ਹੀ ਹਿੱਸਾ ਸੀ ਜਿਸ ਵਿਚ ਅੱਗ ਦੀ ਪੂਜਾ ਨੂੰ ਵਿਸ਼ੇਸ਼ ਮਹੱਤਵ ਰੱਖਦੀ ਸੀ। ਇਸ ਨੂੰ ‘ਜ਼ੋਰੋਆਸ਼ਟਰੀ’ ਧਰਮ ਕਿਹਾ ਜਾਂਦਾ ਹੈ, ਜਿਸ ਦਾ ਨਾਮ ਉਸ ਦੇ ਸੰਤ ਜ਼ਰਾਥੁਸਟਰ ਤੋਂ ਪਿਆ। ਇਸਲਾਮਿਕ ਹਮਲੇ ਕਾਰਨ ਜ਼ੋਰੋਆਸ਼ਟਰੀ ਧਰਮ ਦੇ ਲੋਕ ਜੋ ਕਿਸੇ ਵੀ ਹਾਲਤ ਵਿਚ ਅਰਬਾਂ ਦਾ ਧਰਮ ਅਪਨਾਉਣ ਲਈ ਤਿਆਰ ਨਹੀਂ ਸਨ, ਉਹ ਭੱਜ ਕੇ ਭਾਰਤ ਆ ਗਏ ਤੇ ਗੁਜਰਾਤ ਰਾਜ ਵਿਚ ਸ਼ਰਨਾਰਥੀ ਬਣ ਗਏ। ਗੁਜਰਾਤ ਦੇ ‘ਹਿੰਦੂ’ ਰਾਜੇ ਨੇ ਉਨ੍ਹਾਂ ਨੂੰ ਸ਼ਰਨ ਦੇ ਦਿੱਤੀ ਤੇ ਉਦੋਂ ਤੋਂ ਹੀ ਉਹ ਭਾਰਤ ਵਿਚ ਘੁੱਗ ਵੱਸ ਰਹੇ ਹਨ। ਅੱਜ ਅਸੀਂ ਇਨ੍ਹਾਂ ਨੂੰ ‘ਪਾਰਸੀ’ ਕਹਿੰਦੇ ਹਾਂ’ ਜਮਸ਼ੇਦ ਜੀ ਟਾਟਾ, ਫਿਰੋਜ਼ ਗਾਂਧੀ (ਰਾਹੁਲ ਗਾਂਧੀ ਦਾ ਦਾਦਾ) ਅਤੇ ਸਮ੍ਰਿਤੀ ਇਰਾਨੀ ਵਰਗੇ ਲੋਕ ਉਨ੍ਹਾਂ ਪਾਰਸੀਆਂ ਦੇ ਵੰਸ਼ ਵਿਚੋਂ ਹੀ ਹਨ। ਇਸ ਤੋਂ ਇਹ ਵੀ ਸਮਝ ਲੈਣਾ ਚਾਹੀਦਾ ਹੈ ਕਿ ‘ਫ਼ਿਰੋਜ਼’ ਅਤੇ ‘ਜਮਸ਼ੇਦ’ ਨਾਮ ਇਰਾਨੀ ਮੂਲ ਦੇ ਹਨ ਅਤੇ ਨਾ ਕਿ ਇਸਲਾਮੀ’ ਇਹ ਵੀ ਕਿ ਰਾਹੁਲ ਗਾਂਧੀ ਦਾ ‘ਪੁਸ਼ਤੈਨੀ ਧਰਮ’ ਕੀ ਸੀ!
ਆਉ ਹੁਣ ਅਸੀਂ ਸ਼ਬਦ ‘ਇਰਾਨ’ ਵੱਲ ਆਈਏ: ਇਸ ਸ਼ਬਦ ਦਾ ਆਧਾਰ ਉਹੀ ਸ਼ਬਦ ਹੈ ਜੋ ਸੰਸਕ੍ਰਿਤ ਵਿਚ ‘ਆਰੀਆ’ ਹੈ। ਇਰਾਨ ਦਾ ਅਰਥ ਹੈ ‘ਆਰੀਆ ਜਾਤੀ ਦਾ ਦੇਸ਼’। ਤੁਸੀਂ ਸੁਣਿਆ ਹੋਣਾ ਕਿ ਅਫਗਾਨਿਸਤਾਨ ਦੀ ਹਵਾਈ ਸੇਵਾ ਦਾ ਨਾਂ ਸੀ- ‘ਆਰੀਆਨਾ ਏਅਰ ਲਾਈਨਜ਼’। ਇਸ ਵਿਚ ਇਹ ‘ਆਰੀਆਨਾ’ ਕਿਥੋਂ ਆਇਆ? ਇਹ ਉਹੀ ‘ਆਰੀਆ’ ਹੈ। ਅਸਲ ਵਿਚ ਫ਼ਾਰਸੀ ਸਭਿਅਤਾ ਇਰਾਨ ਤੱਕ ਹੀ ਸੀਮਿਤ ਨਹੀਂ ਹੈ, ਸਗੋਂ ਉਤਰ-ਪੱਛਮੀ ਭਾਰਤ ਤੋਂ ਲੈ ਕੇ ਅਫਗਾਨਿਸਤਾਨ, ਇਰਾਨ ਅਤੇ ਮੱਧ ਏਸ਼ੀਆ ਦੇ ਦੇਸ਼ਾਂ ਵਿਚ ਤਾਜਿਕਸਤਾਨ, ਉਜ਼ਬੇਕਿਸਤਾਨ ਆਦਿ ਤਕ ਫੈਲੀ ਹੋਈ ਹੈ। ਆਰੀਆ ਸਭਿਅਤਾ ਦਾ ਵਿਸ਼ਾ ਬਹੁਤ ਵੱਡਾ ਹੈ, ਇਸ ਦੀ ਹੋਰ ਗੱਲ ਇਥੇ ਨਹੀਂ ਹੋ ਸਕੇਗੀ, ਇਸ ਲੇਖ ਦਾ ਉਦੇਸ਼ ਸਿਰਫ ‘ਹਿੰਦੂ’ ਸ਼ਬਦ ਨੂੰ ਸਮਝਣਾ ਹੈ।
ਇਹ ਜਾਣਨਾ ਬਹੁਤ ਮਹੱਤਵਪੂਰਨ ਹੈ ਕਿ ਜਿਵੇਂ ਜਿਵੇਂ ਇਰਾਨ ਦੀ ਸਭਿਅਤਾ ਦਾ ਅਰਬ ਸਭਿਅਤਾ ਨਾਲ ਕੋਈ ਸਬੰਧ ਨਹੀਂ, ਉਵੇਂ ਫਾਰਸੀ ਭਾਸ਼ਾ ਦਾ ਅਰਬੀ ਭਾਸ਼ਾ ਨਾਲ ਵੀ ਕੋਈ ਰਿਸ਼ਤਾ ਨਹੀਂ ਹੈ ਪਰ ਫਾਰਸੀ ਦਾ ਸੰਸਕ੍ਰਿਤ ਨਾਲ ਨਾਤਾ ਬਹੁਤ ਡੂੰਘਾ ਹੈ। ਜਿਵੇਂ ਅੱਜ ਸਾਰੇ ਉਤਰੀ ਭਾਰਤ ਦੀਆਂ ਭਾਸ਼ਾਵਾਂ (ਪਸ਼ਤੋ, ਪੰਜਾਬੀ, ਹਿੰਦੁਸਤਾਨੀ, ਰਾਜਸਥਾਨੀ, ਗੁਜਰਾਤੀ, ਸਿੰਧੀ, ਮਰਾਠੀ, ਬੰਗਾਲੀ) ਸੰਸਕ੍ਰਿਤ ਤੋਂ ਪ੍ਰਭਾਵਿਤ ਹਨ, ਬਲਕਿ ਸੰਸਕ੍ਰਿਤ ਦੀ ਔਲਾਦ ਹੀ ਹਨ, ਉਸੇ ਤਰ੍ਹਾਂ ਫ਼ਾਰਸੀ ਭਾਸ਼ਾ ਦੀ ਜਨਨੀ ਹੈ- ਆਵੇਸਤਾਂ ਨਾਮ ਦੀ ਪੁਰਾਤਨ ਭਾਸ਼ਾ। ਇਸ ਅਵੇਸਤਾਂ ਨੂੰ ‘ਸੰਸਕ੍ਰਿਤ ਦੀ ਭੈਣ’ ਮੰਨਿਆ ਜਾਂਦਾ ਹੈ। ਭਾਸ਼ਾ ਵਿਗਿਆਨੀਆਂ ਨੇ ਤਾਂ ਕਈ ਵਾਰ ਵੇਦਾਂ ਦੀ ਭਾਸ਼ਾ ਨੂੰ ਸਮਝਣ ਲਈ ਅਵੇਸਤਾਂ ਦਾ ਸਹਾਰਾ ਲੈਣ ਦੀ ਸਿਫਾਰਸ਼ ਵੀ ਕੀਤੀ ਹੈ। ਹੁਣ ਤੁਸੀਂ ਫ਼ਾਰਸੀ ਅਤੇ ਉਤਰੀ ਭਰਤ ਦੀਆਂ ਭਾਸ਼ਾਵਾਂ ਵਿਚਕਾਰ ਰਿਸ਼ਤਾ ਸਮਝ ਗਏ ਹੋਵੋਗੇ। ਇਸ ਲਈ ਸ਼ਬਦਕੋਸ਼ ‘ਤੇ ਨਜ਼ਰ ਮਾਰੋ ਤਾਂ ਤੁਹਾਨੂੰ ਹਜ਼ਾਰਾਂ ਸ਼ਬਦ ਲੱਭਣਗੇ ਜਿਹੜੇ ਸੰਸਕ੍ਰਿਤ ਅਤੇ ਫ਼ਾਰਸੀ ਵਿਚ ਇਕੋ ਜਿਹੇ ਹਨ, ਜਾਂ ਮਾਮੂਲੀ ਉਚਾਰਨ ਦਾ ਵਖਰੇਵਾਂ ਹੈ। ਸ਼ਬਦ ‘ਹਿੰਦੁਸਤਾਨ/ਪਾਕਿਸਤਾਨ’ ਵਿਚ ਪਿਛੇਤਰ ‘ਸਤਾਨ’ ਹੀ ਲਵੋ; ਸੰਸਕ੍ਰਿਤ ਵਿਚ ਇਹ ‘ਸਥਾਨ’ ਹੈ (ਜਿਵੇਂ ਰਾਜਸਥਾਨ) ਤੇ ਫ਼ਾਰਸੀ ਵਿਚ ‘ਸਤਾਨ’; ਅਰਥ ਉਹੀ ਹੈ: ਜਗ੍ਹਾ।
‘ਸ’ ਅਤੇ ‘ਹ’ ਦੀ ਆਵਾਜ਼ ਆਵੇਸਤਾਂ ਅਤੇ ਸੰਸਕ੍ਰਿਤ ਦੁਆਰਾ ਪ੍ਰਭਾਵਿਤ ਭਾਸ਼ਾਵਾਂ ਵਿਚ ਇਕ ਦੂਜੇ ਨਾਲ ਬਦਲਦੀ ਰਹਿੰਦੀ ਹੈ। ਇਹ ਬੋਲਣ ਵਾਲਿਆਂ ਦੇ ਉਚਾਰਨ ਦੀ ਆਦਤ ਕਾਰਨ ਹੋਇਆ। ਪੰਜਾਬੀ ਵਿਚ ਪੜਨਾਂਵ ‘ਉਹ’ ਦੇ ਨਾਲ ਜਦੋਂ ਅਸੀਂ ਕਾਰਕ ਚਿੰਨ੍ਹ ‘ਦਾ/ਦੇ/ਦੀ/ਦੀਆਂ’ ਜੋੜਦੇ ਹਾਂ, ਤਾਂ ਇਹ ‘ਉਸ’ ਵੀ ਬੋਲਿਆ ਜਾਣ ਲਗਦਾ ਹੈ। ਜਿਵੇਂ, ਉਸ ਦਾ ਘਰ/ਉਸ ਦੀ ਕਮੀਜ਼ ਆਦਿ। ਇਸੇ ਤਰ੍ਹਾਂ ਮਸ਼ਹੂਰ ਸ਼ਬਦ ਹੈ: ‘ਅਸੁਰ’ ਜੋ ਮੂਲ ਭਾਰਤੀਆਂ ਲਈ ਬਹੁਤ ਨਕਾਰਾਤਮਕ ਰੂਪ ਵਿਚ ਪੇਸ਼ ਕੀਤਾ ਜਾਂਦਾ ਹੈ। ਇਸ ਸ਼ਬਦ ਦਾ ਜ਼ਿਕਰ ‘ਦੇਵਾਸੁਰਸੰਗਰਾਮ’ ਵਰਗੇ ਮਿਥਿਹਾਸ ਵਿਚ ਕੀਤਾ ਗਿਆ ਹੈ, ਪਰ ਬਹੁਤ ਸਾਰੇ ਵਿਦਵਾਨ ਮੰਨਦੇ ਹਨ ਕਿ ਇਹ ਸ਼ਬਦ ਅਸਲ ਵਿਚ ‘ਅਹੂਰ’ ਹੈ; ਜਿਵੇਂ ਜ਼ੋਰੋਆਸ਼ਟਰ ਧਰਮ ਦੇ ਸੰਤ ਦਾ ਨਾਮ ‘ਅਹੁਰ ਮਾਜ਼ਦਾ’। ਇਥੇ ਵੀ ‘ਸਾ’ ਅਤੇ ‘ਹ’ ਦੀ ਆਵਾਜ਼ ਅੰਦਰੂਨੀ ਤੌਰ ‘ਤੇ ਆਪਸ ਵਿਚ ਤਬਦੀਲ ਹੋ ਰਹੀ ਹੈ। ਅਜਿਹੀਆਂ ਹੋਰ ਵੀ ਬਹੁਤ ਮਿਸਾਲਾਂ ਹਨ, ਜਿਥੇ ‘ਸ’ ਅਤੇ ‘ਹ’ ਦੀਆਂ ਆਵਾਜ਼ਾਂ ਵਿਚ ਆਪਸੀ ਫੇਰ-ਬਦਲ ਹੋਇਆ ਹੈ। ਇਕ ਹੋਰ ਮਿਸਾਲ ਹੈ ਜੋ ਤੁਸੀਂ ਅਕਸਰ ਵਰਤਦੇ ਹੋ ਪਰ ਧਿਆਨ ਨਹੀਂ ਦਿੰਦੇ: ‘ਹਫਤਾ’ ਅਤੇ ‘ਸਪਤਾਹ’। ਫਾਰਸੀ ਵਿਚ ਹਫਤਾ ਹੈ ਤਾਂ ਸੰਸਕ੍ਰਿਤ ਦਾ ਸਪਤਾਹ।
ਸੰਸਕ੍ਰਿਤ ਦਾ ਸ਼ਬਦ ਹੈ: ‘ਸਿੰਧੂ’ ਹੈ ਜਿਸ ਦਾ ਸਿੱਧਾ ਸਿੱਧਾ ਅਰਥ ਹੈ: ਜਲਰਾਸ਼ੀ ਭਾਵ- ਦਰਿਆ, ਨਦੀ, ਸਮੁੰਦਰ, ਮਹਾਂਸਾਗਰ ਆਦਿ। ਇਸ ਲਈ ਉਤਰ-ਪੱਛਮੀ ਭਾਰਤੀ ਉਪ-ਮਹਾਂਦੀਪ ਵਿਚ ਵਹਿੰਦੀ ਨਦੀ ਨੂੰ ਨਾਮ ਮਿਲਿਆ- ‘ਸਿੰਧੂ’ ਜਿਸ ਨੂੰ ਸਿੰਧ ਵੀ ਕਿਹਾ ਜਾਂਦਾ ਹੈ ਜੋ ਅਜੇ ਵੀ ਇਸ ਨਾਮ ਥੱਲੇ ਵਹਿੰਦਾ ਹੈ। ਜਿਸ ਸਮੇਂ ਗੋਰੀ ਜਾਤੀ (ਚਿੱਟੀ ਚਮੜੀ) ਅਤੇ ਸੰਸਕ੍ਰਿਤ ਭਾਸ਼ਾ ਬੋਲਣ ਵਾਲੇ ‘ਹਿੰਦ-ਆਰੀਆਈ’ ਕਬੀਲੇ 2500-2000 ਈਸਾ ਪੂਰਵ ਭਾਰਤੀ ਉਪ ਮਹਾਂਦੀਪ ਵਿਚ ਦਾਖਲ ਹੋਏ ਸਨ, ਤਾਂ ਇਹ ਆਲੀਸ਼ਾਨ ਦਰਿਆ ਉਨ੍ਹਾਂ ਦੇ ਸਾਹਮਣੇ ਸੀ, ਜਿਸ ਨੂੰ ਪਾਰ ਕਰ ਕੇ ਉਹ ਉਤਰੀ ਭਾਰਤ ਦੇ ਮੈਦਾਨਾਂ ਵਿਚ ਦਾਖਲ ਹੋਣ ਤੋਂ ਪਹਿਲਾਂ ਇਸੇ ਦਰਿਆ ਦੇ ਆਸ-ਪਾਸ ਵਸ ਗਏ ਸਨ ਪਰ ਆਰੀਆਂ ਦਾ ਭਾਰਤ ਵਿਚ ਆਉਣਾ ਤੇ ਵਸ ਜਾਣਾ ਕੋਈ ਅਚਾਨਕ ਨਹੀਂ ਹੋਇਆ, ਬਲਕਿ ਇਹ ਵਸੇਬਾ ਕਈ ਸਦੀਆਂ ਵਿਚ ਪੂਰਾ ਹੋਇਆ। ਇਸ ਨਦੀ ਦਾ ਨਾਮ ਸੰਸਕ੍ਰਿਤ ਵਿਚ ਰੱਖਿਆ ਜਾ ਚੁੱਕਾ ਸੀ। ਇਸ ਤੋਂ ਪਹਿਲਾਂ ਵੀ ਇਸ ਖਿਤੇ ਵਿਚ ਵਸਦੇ ਲੋਕ ਇਸ ਮਹਾਨ ਦਰਿਆ ਨੂੰ ਕਿਸ ਨਾਮ ਨਾਲ ਬੁਲਾਉਂਦੇ ਹੋਣਗੇ, ਕੁਝ ਪਤਾ ਨਹੀਂ ਕਿਉਂਕਿ ਉਨ੍ਹਾਂ ਦੀ ਲਿੱਪੀ/ਭਾਸ਼ਾ ਪੜ੍ਹੀ ਨਹੀਂ ਗਈ ਹੈ। ਕਿਸੇ ਵੀ ਭੂਗੋਲਿਕ ਸਥਾਨ ਦੀਆਂ ਕੁਦਰਤੀ ਵਿਸ਼ੇਸ਼ਤਾਵਾਂ ਤੋਂ ਹੀ ਉਸ ਦਾ ਨਾਮ ਪੈ ਜਾਣਾ ਕੋਈ ਨਵੀਂ ਗੱਲ ਨਹੀਂ ਹੈ, ਰਾਜਸਥਾਨ ਵਿਚ ਮਾਰੂਥਲ ਦਾ ਨਾਮ ਥਾਰ/ਥਰ ਹੈ, ਕਿਉਂਕਿ ਸਥਾਨਕ ਭਾਸ਼ਾ ਵਿਚ ਮਾਰੂਥਲ ਦਾ ਅਰਥ ਹੀ ਥਾਰ ਹੈ। ਇਸੇ ਤਰ੍ਹਾਂ ਮਾਰੂਥਲ ਨੂੰ ਅਰਬੀ ਭਾਸ਼ਾ ਵਿਚ ਸਹਿਰਾ ਕਿਹਾ ਜਾਂਦਾ ਹੈ ਅਤੇ ਹੁਣ ਉਤਰੀ ਅਫ਼ਰੀਕਾ ਦਾ ਮਹਾਨ ਮਾਰੂਥਲ ਇਸੇ ਅਰਬੀ ਨਾਮ ਨਾਲ ਜਾਣਿਆ ਜਾਂਦਾ ਹੈ। ਬਰਤਾਨੀਆ ਵਿਚ ਵਹਿੰਦੇ ਦਰਿਆ ਦਾ ਨਾਮ ਏਵਨ ਹੈ। ਇਹ ਸ਼ਬਦ ਅਸਲ ਵਿਚ ਮੂਲ ਬਰਤਾਨਵੀ ਭਾਸ਼ਾ ਗੇਲ ਦਾ ਸ਼ਬਦ ‘ਏਬਨ’ ਹੈ ਜਿਸ ਦਾ ਅਰਥ ਦਰਿਆ ਹੈ।
ਇਰਾਨ ਵਿਚ ਰਹਿਣ ਵਾਲੇ ਪਾਰਸੀ ਕਬੀਲੇ ਇਨ੍ਹਾਂ ਹਿੰਦ-ਆਰੀਆਈ ਕਬੀਲਿਆਂ ਦੇ ਹੀ ਭਰਾ-ਭਤੀਜੇ ਸਨ ਪਰ ਉਨ੍ਹਾਂ ਦੀਆਂ ਭਾਸ਼ਾਵਾਂ (ਫ਼ਾਰਸੀ) ਨੇ ਕਈ ਸਦੀਆਂ ਦੇ ਅੰਤਰਾਲ ਕਾਰਨ ਆਜ਼ਾਦ ਰੂਪ ਪ੍ਰਾਪਤ ਕਰ ਲਿਆ ਸੀ। ਇਸੇ ਤਰ੍ਹਾਂ ਉਨ੍ਹਾਂ ਦੇ ਉਚਾਰਨ ਵਿਚ ਵੀ ਉਹ ਫਰਕ ਸੀ ਜਿਸ ਬਾਰੇ ਅਸੀਂ ਗੱਲ ਕੀਤੀ ਹੈ- ‘ਸ’ ਨੂੰ ‘ਹ’ ਕਹਿਣਾ’ ਇਸ ਲਈ ਇਨ੍ਹਾਂ ਲੋਕਾਂ ਨੇ ਹੀ ਪਹਿਲੋ-ਪਹਿਲ ਸਿੰਧ ਦਰਿਆ ਨੂੰ ‘ਹਿੰਦ/ਹੇਂਦ’ ਕਿਹਾ ਅਤੇ ਸਿੰਧ ਤੋਂ ਪਾਰ ਰਹਿਣ ਵਾਲੇ ਲੋਕਾਂ ਲਈ ‘ਹਿੰਦੂ’ ਸ਼ਬਦ ਵਰਤਿਆ। ਇਕ ਖੋਜ ਅਨੁਸਾਰ ‘ਹਿੰਦੂ’ ਸ਼ਬਦ ਸਭ ਤੋਂ ਪਹਿਲਾਂ ਫਾਰਸ/ਇਰਾਨ ਦੇ ਰਾਜੇ ਨੇ 600 ਈਸਵੀ ਵਿਚ ‘ਸਿੰਧ ਦੇਸ਼ ਦੇ ਲੋਕ’ ਦੇ ਅਰਥਾਂ ਵਿਚ ਕੀਤਾ। ਉਸ ਤੋਂ ਬਾਅਦ ਵਿਚ ਵੀ ਯੂਨਾਨੀ ਹਮਲਾਵਰਾਂ ਅਤੇ ਯਾਤਰੂਆਂ ਨੇ ਇਹੀ ਸ਼ਬਦ ਵਰਤਿਆ ਪਰ ਜਿਵੇਂ ਅਸੀਂ ਵੇਖਦੇ ਹੀ ਹਾਂ, ਉਨ੍ਹਾਂ ਆਪਣੇ ਉਚਾਰਨ ਮੁਤਾਬਿਕ ਇਸ ਨੂੰ ‘ਹਿੰਦ’ ਤੋਂ ‘ਇੰਦ’ ਕਰ ਦਿੱਤਾ। ਇਹ ਤੱਥ ਸਰਵਪ੍ਰਵਾਨ ਹੈ ਕਿ ਪ੍ਰਾਚੀਨ ਯੂਰਪ ਵਿਚ ਲਤੀਨੀ ਭਾਸ਼ਾ ਦੇ ਅਸਰ ਹੇਠ ਦੇਸ਼ਾਂ ਦੇ ਨਾਂ ਹਮੇਸ਼ਾ ਪਿਛੇਤਰ ‘ਈਆ’ ਨਾਲ ਮੁੱਕਦੇ ਹਨ- ਜਿਵੇਂ ਬਰਤਾਨੀਆ (ਬ੍ਰਿਟੇਨ), ਇਤਾਲੀਆ (ਇਟਲੀ), ਗਰਮਾਨੀਆ (ਜਰਮਨੀ), ਰੋਮਾਨੀਆ, ਇਸਪਾਨੀਆ (ਸਪੇਨ) ਆਦਿ। ਇਸੇ ਤਰ੍ਹਾਂ ਭਾਰਤ ਦਾ ਨਾਮ ਵੀ ਪਹਿਲੀ ਵਾਰ ਇੰਦੀਆ (ਇੰਡੀਆ) ਬਣਿਆ ਅਤੇ ਫਿਰ ਯੂਰਪ (ਪੁਰਤਗਾਲੀ, ਫ਼ਰਾਂਸੀਸੀ ਅਤੇ ਅੰਗਰੇਜ਼ੀ) ਵਲੋਂ ਆਉਣ ਵਾਲੇ ਸਾਰੇ ਧਾੜਵੀਆਂ/ਯਾਤਰੀਆਂ ਨੇ ਇਸ ਦੇਸ਼ ਨੂੰ ਇਸੇ ਨਾਮ ਨਾਲ ਜਾਣਿਆ।
ਇਰਾਨ ਵਿਚ ਇਸਲਾਮ ਸਥਾਪਿਤ ਹੋਣ ਤੋਂ ਬਾਅਦ ਸਭਿਆਚਾਰਕ ਪੱਧਰ ‘ਤੇ ਜੋ ਵੱਡਾ ਬਦਲਾਓ ਆਇਆ, ਉਹ ਸੀ ਫ਼ਾਰਸੀ ਭਾਸ਼ਾ ਲਈ ਅਰਬੀ ਲਿੱਪੀ ਦੀ ਚੋਣ। ਪੁਰਾਣੀ ਫ਼ਾਰਸੀ ਦੀ ਵੀ ਆਪਣੀ ਲਿੱਪੀ ਸੀ, ਜਿਵੇਂ ਭਾਰਤ ਵਿਚ ਬ੍ਰਹਮੀ ਲਿਪੀ ‘ਤੇ ਆਧਾਰਿਤ ਸਵਦੇਸ਼ੀ ਲਿੱਪੀਆਂ ਬਣੀਆਂ। ਇਥੋਂ ਹੀ ਫਾਰਸੀ ਅਤੇ ਉਤਰੀ ਭਾਰਤ ਦੀਆਂ ਭਾਸ਼ਾਵਾਂ ਦੇ ਆਪਸੀ ਸਬੰਧਾਂ ਵਿਚ ਤ੍ਰੇੜ ਪੈਣੀ ਸ਼ੁਰੂ ਹੋ ਗਈ, ਕਿਉਂਕਿ ਦੋਹਾਂ ਪਾਸਿਆਂ ‘ਤੇ ਜੋ ਲਿਖਿਆ ਜਾ ਰਿਹਾ ਸੀ, ਉਸ ਨੂੰ ਪੜ੍ਹਨ/ਸਮਝਣ ਵਾਲੇ ਨਾ ਰਹੇ।
ਯੂਰਪੀ ਵਿਦੇਸ਼ੀਆਂ ਦੇ ਆਉਣ ਤੋਂ ਪਹਿਲਾਂ ਭਾਰਤ ਦੇ ਗੁਆਂਢੀ ਦੇਸ਼ਾਂ ਤੋਂ ਅਕਸਰ ਹਮਲੇ ਹੁੰਦੇ ਸਨ ਜਿਹੜੇ ਮੁਸਲਮਾਨ ਸਨ ਪਰ ਫਾਰਸੀ ਨਹੀਂ, ਤੁਰਕੀ ਅਤੇ ਅਰਬੀ ਬੋਲਦੇ ਸਨ। ਉਂਜ ਉਹ ਫ਼ਾਰਸੀ ਭਾਸ਼ਾ ਤੋਂ ਬਹੁਤ ਪ੍ਰਭਾਵਤ ਸਨ। ਅਰਬਾਂ ਨੇ ਵੀ ਦੱਖਣੀ ਏਸ਼ੀਆ ਨੂੰ ‘ਹਿੰਦ’ ਹੀ ਕਿਹਾ ਅਤੇ ਇਥੇ ਰਹਿਣ ਵਾਲੇ ਲੋਕਾਂ ਨੂੰ ‘ਹਿੰਦੀ’, ਉਨ੍ਹਾਂ ਦਾ ਮਜ਼ਹਬ ਭਾਵੇਂ ਜੋ ਵੀ ਹੋਵੇ। ਭਾਰਤ ਵਿਚ ਖਾਲਿਸ ਫ਼ਾਰਸੀ ਬੋਲਣ ਵਾਲੇ ਸ਼ਾਸਕਾਂ ਦੀ ਸ਼ੁਰੂਆਤ ਸਮਰਾਟ ਅਕਬਰ ਨਾਲ ਹੋਈ। ਇਤਿਹਾਸਕਾਰਾਂ ਮੁਤਾਬਿਕ ਮੁਗ਼ਲਾਂ ਦਾ ਇਹੀ ਸਮਾਂ ਹੈ ਜਦੋਂ ‘ਹਿੰਦੂ’ ਸ਼ਬਦ ਜੋ ਭੂਗੋਲਿਕ ਸਥਾਨ ਦਾ ਨਾਂ ਸੀ, ਪਹਿਲੀ ਵਾਰ ਧਾਰਮਿਕ ਵਿਸ਼ਵਾਸਾਂ ਨਾਲ ਜੁੜਨਾ ਸ਼ੁਰੂ ਹੋਇਆ। ਉਦੋਂ ਇਹ ਦੱਖਣੀ-ਏਸ਼ੀਆ ਦੇ ਉਨ੍ਹਾਂ ਲੋਕਾਂ ਲਈ ਵਰਤਿਆ ਗਿਆ ਜੋ ਤੁਰਕ ਜਾਂ ਅਰਬ ਨਹੀਂ ਸਨ। ਉਸ ਤੋਂ ਬਾਅਦ ਅੰਗਰੇਜ਼ ਨੇ ਹਿੰਦੂ ਸ਼ਬਦ ਨੂੰ ਜਾਣ-ਬੁਝ ਕੇ ਮੁਸਲਿਮ ਅਤੇ ਗੈਰ-ਮੁਸਲਿਮ ਵਿਚਕਾਰ ਪਾੜਾ ਵਧਾਉਣ ਲਈ ‘ਬ੍ਰਾਹਮਣਵਾਦ/ਵੈਦਿਕ ਧਰਮ’ ਦੇ ਰੂਪ ਵਿਚ ਅਜਿਹਾ ਵਰਤਿਆ ਕਿ ਅੱਜ ਭਾਰਤ ਦੇ ਲੋਕ ਇਸ ਨੂੰ ਆਪਣੀ ਧਾਰਮਿਕ ਪਛਾਣ ਮੰਨਦੇ ਹਨ। ਉਂਜ ਵੀ ਅੰਗਰੇਜ਼ੀ ਨੇ ਇਸ ਖੇਤਰ ਵਿਚ ਪਣਪੇ ਵੱਖ-ਵੱਖ ਧਰਮਾਂ ਦੀ ਖੋਜ ਕਰਨ ਦੀ ਬਜਾਇ ‘ਹਿੰਦੂ’ ਸ਼ਬਦ ਨੂੰ ਛਤਰੀ-ਸ਼ਬਦ ਵਜੋਂ ਵਰਤਿਆ ਹੈ- ਉਹ ਇਸ ਯੱਬ ਵਿਚ ਹੀ ਨਹੀਂ ਪਏ ਇਥੇ ਸ਼ਿਵ ਕੌਣ ਹੈ, ਵੈਸ਼ਣਵ ਕੌਣ, ਦੇਵੀ ਭਗਤ ਕੌਣ ਹਨ, ਬੌਧ ਕੌਣ ਤੇ ਮੁਰੂਗਨ ਭਗਤ ਕੌਣ ਹਨ ਆਦਿ; ਇਥੋਂ ਤੱਕ ਕਿ ਭਾਰਤੀ ਮੂਲ ਦੇ ਲੋਕਾਂ ਅਤੇ ਬ੍ਰਾਹਮਣ ਧਰਮ ਵੱਲੋਂ ਦੁਤਕਾਰੇ ਗਏ ਸ਼ੂਦਰਾਂ ਨੂੰ ਵੀ ਉਸੇ ਹੀ ‘ਹਿੰਦੂ’ ਛੱਤ ਹੇਠ ਇਕੱਠੇ ਕਰ ਦਿੱਤਾ, ਜਿਥੇ ਵੈਦਕ ਧਰਮ ਨੂੰ ਮੰਨਣ ਵਾਲੇ ਸਨਾਤਨੀ ਵੀ ਸਨ। ਕੁਝ ਵੀ ਹੈ। ਇਹ ਤਾਂ ਸਾਬਤ ਹੁੰਦਾ ਹੈ ਕਿ ਉਹ ਲੋਕ ਜੋ ਆਪਣਾ ਧਰਮ ‘ਹਿੰਦੂ’ ਮੰਨਦੇ ਹਨ, ਉਨ੍ਹਾਂ ਨੂੰ ਖਬਰ ਨਹੀਂ, ਇਸ ਸ਼ਬਦ ਦਾ ਉਨ੍ਹਾਂ ਦੀਆਂ ਆਸਥਾਵਾਂ ਨਾਲ ਕੋਈ ਸਬੰਧ ਨਹੀਂ ਤੇ ਇਹ ਨਾਮ ਵੀ ‘ਵਿਦੇਸ਼ੀ’ ਹੈ। ਮੁਸਲਮਾਨਾਂ ਨੂੰ ਛੱਡ ਕੇ ਬਾਕੀ ਸਾਰੇ ਭਾਰਤੀਆਂ ਨੂੰ ਇਕੋ ਨਾਮ ਦਿੱਤੇ ਜਾਣ ਨਾਲ ਜਿਥੇ ਇਹ ਫਾਇਦਾ ਹੋਇਆ ਕਿ ਦੇਸ਼ ਇਕ ਸੂਤਰ ਵਿਚ ਪਰੋਇਆ ਗਿਆ, ਉਥੇ ਨੁਕਸਾਨ ਇਹ ਕਿ ਬਾਹਰੋਂ ਆਏ ਬ੍ਰਾਹਮਣ ਧਰਮ ਨੇ ਪੂਰੇ ਦੇਸ਼ ਦੀ ਸਭਿਆਚਾਰਕ ਵੰਨਗੀ ਨੂੰ ਨਿਗਲ ਲਿਆ ਅਤੇ ਸਮਾਜ ਵਿਚ ਸਦੀਆਂ ਤੋਂ ਪਣਪ ਰਹੀ ਅਣਮਨੁੱਖੀ ਜਾਤ-ਪ੍ਰਥਾ ਦੀਆਂ ਜੜ੍ਹਾਂ ਹੋਰ ਡੂੰਘੀਆਂ ਹੋਈਆਂ।
ਹੁਣ ਸਾਡਾ ਦੁਖਾਂਤ ਦੇਖੋ- ਹਿੰਦੁਸਤਾਨ ਨੂੰ ਜਿਸ ਨਦੀ ਨੇ ਨਾਮ ਦਿੱਤਾ, ਉਹ ਹੁਣ ਹਿੰਦੁਸਤਾਨ ਵਿਚ ਨਹੀਂ ਵਗਦੀ, ਤੇ ਭਾਰਤ ਦਾ ਉਹ ਟੁਕੜਾ ਜੋ ‘ਹਿੰਦੂ’ ਸ਼ਬਦ ਨਾਲ ਨਫਰਤ ਕਰਦਾ ਹੈ, ਉਸੇ ਸਿੰਧ ਨਦੀ ‘ਤੇ ਵਸਦਾ ਹੈ ਜਿਸ ਤੋਂ ਹਿੰਦੂ ਨਾਮ ਪਿਆ।