ਡਾ. ਗੁਰਨਾਮ ਕੌਰ, ਕੈਨੇਡਾ
ਸਾਧਾਂ-ਸਾਧਣੀਆਂ ਤੇ ਡੇਰੇਦਾਰਾਂ ਨੇ ਜਿੱਥੇ ਭਾਰਤ ਦੀ ਸਿੱਧੀ-ਸਾਦੀ ਜਨਤਾ ਨੂੰ ਪਿੱਛੇ ਲਾਇਆ ਹੋਇਆ ਹੈ ਤੇ ਉਨ੍ਹਾਂ ਦਾ ਕਈ ਤਰੀਕਿਆਂ ਨਾਲ ਸੋਸ਼ਣ ਕਰ ਰਹੇ ਹਨ, ਉਥੇ ਇਹ ਭਾਰਤੀ ਸਿਆਸਤ ਵਿਚ ਵੀ ਸਿੱਧੇ-ਅਸਿੱਧੇ ਢੰਗ ਨਾਲ ਬਹੁਤ ਅਸਰ-ਅੰਦਾਜ਼ ਹੋ ਰਹੇ ਹਨ| ਡੇਰੇਦਾਰਾਂ ਅਤੇ ਨੇਤਾ ਲੋਕਾਂ ਦੇ ਅਪਵਿੱਤਰ ਗਠਜੋੜ ਨੇ ਆਮ ਲੋਕਾਂ ਦੇ ਜੀਵਨ ਦੇ ਨਾਲ ਨਾਲ ਰਾਜਨੀਤੀ ਨੂੰ ਵੀ ਉਲਝਾ ਕੇ ਰੱਖ ਦਿੱਤਾ ਹੈ|
ਡੇਰੇਦਾਰੀ ਰਾਜਨੀਤੀ ਵਿਚ ਕਿਸੇ ਕਿਸਮ ਦਾ ਉਸਾਰੂ ਹਿੱਸਾ ਪਾਉਣ ਦੀ ਥਾਂ ਸਿਆਸੀ ਸ਼ਕਤੀ ਨੂੰ ਆਪਣੇ ਨਿਜੀ ਫਾਇਦਿਆਂ ਤੇ ਜਮੀਨ-ਜਾਇਦਾਦ ਹਥਿਆਉਣ ਲਈ ਵਰਤਦੀ ਹੈ ਅਤੇ ਬਦਲੇ ਵਿਚ ਆਪਣੇ ਸੇਵਕਾਂ/ਸ਼ਰਧਾਲੂਆਂ ਦੀਆਂ ਵੋਟਾਂ ਪਾਉਣ/ਪਵਾਉਣ ਦਾ ਸੌਦਾ ਕਰਦੀ ਹੈ| ਸਾਧਗਿਰੀ ਦਾ ਇਨ੍ਹਾਂ ਸਿਰਫ ਚੋਲਾ ਪਾਇਆ ਹੁੰਦਾ ਹੈ ਪਰ ਉਸ ਚੋਲੇ ਅੰਦਰ ਦੁਨੀਆਂ ਭਰ ਦੀਆਂ ਸੱਭੇ ਘਿਨਾਉਣੀਆਂ ਕਰਤੂਤਾਂ ਕਰਦੇ ਹਨ ਜੋ ਕਰਨ ਦੀ ਕਿਸੇ ਆਮ ਦੁਨੀਆਦਾਰ ਬੰਦੇ ਨੇ ਹਿੰਮਤ ਤਾਂ ਕੀ ਕਰਨੀ ਹੈ, ਸੋਚਿਆ ਵੀ ਨਹੀਂ ਹੁੰਦਾ|
ਭਾਈ ਗੁਰਦਾਸ 35ਵੀਂ ਵਾਰ ਦੀ 17ਵੀਂ ਪਉੜੀ ਵਿਚ ਸਾਧ ਤੇ ਅਸਾਧ ਦਾ ਫਰਕ ਦੱਸਣ ਲਈ ਆਮ ਜ਼ਿੰਦਗੀ ਵਿਚੋਂ ਮਿਸਾਲਾਂ ਅਤੇ ਦ੍ਰਿਸ਼ਟਾਂਤ ਦੇ ਕੇ ਦੱਸਦੇ ਹਨ ਕਿ ਅਸਲੀ ਅਤੇ ਨਕਲੀ ਸਾਧ ਵਿਚ ਕੀ ਫਰਕ ਹੈ? ਉਹ ਮਿਸਾਲ ਦਿੰਦੇ ਹਨ ਕਿ ਧ੍ਰੇਕ ਦੇ ਬੂਟੇ ਨੂੰ ਲੱਗੇ ਧ੍ਰਿਕੋਨਿਆਂ ਦੇ ਗੁੱਛਿਆਂ ਦੀ ਸ਼ਕਲ ਦੇਖਣ ਨੂੰ ਅੰਗੂਰਾਂ ਦੇ ਗੁੱਛਿਆਂ ਜਿਹੀ ਲੱਗਦੀ ਹੈ ਪਰ ਉਨ੍ਹਾਂ ਤੋਂ ਦਾਖਾਂ ਅਰਥਾਤ ਸੌਗੀ ਨਹੀਂ ਬਣਦੀ| ਇਸੇ ਤਰ੍ਹਾਂ ਅੱਕ ਦੇ ਬੂਟੇ ਨੂੰ ਲੱਗੀਆਂ ਖੱਖੜੀਆਂ ਦੀ ਸ਼ਕਲ ਅੰਬ ਵਰਗੀ ਹੁੰਦੀ ਹੈ ਪਰ ਅਸਲ ਵਿਚ ਉਹ ਅੰਬ ਨਹੀਂ ਹੁੰਦੇ ਅਤੇ ਉਨ੍ਹਾਂ ਨੂੰ ਅੰਬਾਂ ਵਾਂਗ ਖਾਣ ਲਈ ਨਹੀਂ ਵਰਤਿਆ ਜਾ ਸਕਦਾ| ਮੁਲੰਮੇ ਦੇ ਗਹਿਣੇ ਦੇਖਣ ਨੂੰ ਭਾਵੇਂ ਸੋਨੇ ਵਰਗੇ ਲੱਗਦੇ ਹਨ ਪਰ ਉਨ੍ਹਾਂ ਦੇ ਗੁਣ ਸੋਨੇ ਵਰਗੇ ਨਹੀਂ ਹੁੰਦੇ ਤੇ ਨਾ ਹੀ ਸੋਨੇ ਜਿੰਨੀ ਕੀਮਤ ਹੁੰਦੀ ਹੈ| ਇਸੇ ਤਰ੍ਹਾਂ ਬਲੌਰ ਜਾਂ ਕਲਿਸਟਰ ਦੇਖਣ ਨੂੰ ਭਾਵੇਂ ਹੀਰੇ ਦੀ ਤਰ੍ਹਾਂ ਹੀ ਚਮਕਦਾਰ ਹੁੰਦਾ ਹੈ ਪਰ ਹੀਰੇ ਵਰਗੀ ਚਮਕ ਹੋਣ ਦੇ ਬਾਵਜੂਦ ਬਲੌਰ ਵਿਚ ਹੀਰੇ ਵਾਲੇ ਗੁਣ ਨਹੀਂ ਹੁੰਦੇ, ਉਹ ਹੀਰੇ ਦੀ ਤਰ੍ਹਾਂ ਕੀਮਤ ਵਸੂਲ ਕਰਨ ਦੇ ਯੋਗ ਨਹੀਂ ਹੁੰਦਾ|
ਭਾਈ ਗੁਰਦਾਸ ਅੱਗੇ ਦੱਸਦੇ ਹਨ ਕਿ ਦੇਖਣ ਨੂੰ ਲੱਸੀ ਅਤੇ ਦੁੱਧ ਦਾ ਰੰਗ ਇੱਕੋ ਜਿਹਾ ਹੈ ਪਰ ਜਦੋਂ ਵੀ ਕੋਈ ਉਨ੍ਹਾਂ ਦਾ ਸੁਆਦ ਚਖਦਾ ਹੈ ਤਾਂ ਲੱਸੀ ਤੇ ਦੁੱਧ ਦੇ ਫਰਕ ਦਾ ਪਤਾ ਲੱਗਦਾ ਹੈ| ਇਸੇ ਤਰ੍ਹਾਂ ਇਨ੍ਹਾਂ ਚੀਜ਼ਾਂ ਦੀ ਤਰ੍ਹਾਂ ਹੀ ਸਾਧ ਕੌਣ ਹੈ ਅਤੇ ਕਿਸ ਨੇ ਸਾਧ ਹੋਣ ਦੀ ਸਿਰਫ ਸ਼ਕਲ ਧਾਰਨ ਕੀਤੀ ਹੋਈ ਹੈ? ਇਹ ਉਸ ਸਾਧ ਦੇ ਗੁਣਾਂ ਤੇ ਉਸ ਦੀਆਂ ਕਰਤੂਤਾਂ ਤੋਂ ਪਤਾ ਲਗਦਾ ਹੈ:
ਗੁਛਾ ਹੋਇ ਧ੍ਰਿਕਾਨੂਆ ਕਿਉ ਵੜੀਐ ਦਾਖੈ|
ਅਕੈ ਕੇਰੀ ਖਖੜੀ ਕੋਈ ਅੰਬੁ ਨ ਆਖੈ|
ਗਹਣੇ ਜਿਉ ਜਰਪੋਸ ਦੇ ਨਹੀ ਸੋਇਨਾ ਸਾਖੈ|
ਫਟਕ ਨ ਪੁਜਨਿ ਹੀਰਿਆ ਓਇ ਭਰੇ ਬਿਆਖੈ।
ਧਉਲੇ ਦਿਸਨਿ ਛਾਹਿ ਦੁਧੁ ਸਾਦਹੁ ਗੁਣ ਗਾਖੈ|
ਤਿਉ ਸਾਧ ਅਸਾਧ ਪਰਖੀਅਨਿ ਕਰਤੂਤਿ ਸੁ ਭਾਖੈ॥17॥
ਪਿਛਲੇ ਸਾਲ ‘ਸੌਦਾ ਸਾਧ’ ਗੁਰਮੀਤ ਰਾਮ ਰਹੀਮ ਦਾ ਅਸਲੀ ਚਿਹਰਾ ਆਮ ਲੋਕਾਂ ਦੇ ਸਾਹਮਣੇ ਆਇਆ ਸੀ ਤੇ ਜੱਗ ਜਾਹਰ ਹੋ ਗਿਆ ਸੀ ਕਿ ਸਾਧਗਿਰੀ ਦੇ ਨਾਂ ਹੇਠ ਉਹ ਕਿਸ ਤਰ੍ਹਾਂ ਦੇ ਕੁਕਰਮ ਕਰਦਾ ਰਿਹਾ ਹੈ ਅਤੇ ਕਿਸ ਤਰ੍ਹਾਂ ਉਸ ਨੇ ਬਲਾਤਕਾਰ ਤੋਂ ਲੈ ਕੇ ਕਤਲਾਂ ਤੱਕ, ਅਤੇ ਨਿਪੁੰਸਕ ਕਰ ਦੇਣ ਤੱਕ ਦੇ ਹਰ ਤਰ੍ਹਾਂ ਦੇ ਕੁਕਰਮ ਕੀਤੇ ਹਨ|
ਹੁਣ ਆਸਾ ਰਾਮ ਨੂੰ ਬੁੱਧਵਾਰ ਨੂੰ ਜੋਧਪੁਰ ਦੀ ਇਕ ਵਿਸ਼ੇਸ਼ ਅਦਾਲਤ ਨੇ ਨਾਬਾਲਗ ਨਾਲ ਬਲਾਤਕਾਰ ਦੇ ਕੇਸ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ| ਇਸ ਮਾਮਲੇ ‘ਚ ਚਾਰ ਹੋਰਨਾਂ ਦੋਸ਼ੀਆਂ, ਜਿਨ੍ਹਾਂ ‘ਤੇ ਦੋਸ਼ ਲੱਗੇ ਸਨ, ਵਿਚੋਂ ਦੋ ਨੂੰ ਬਰੀ ਕਰ ਦਿੱਤਾ ਗਿਆ ਹੈ ਅਤੇ ਦੋ ਨੂੰ ਵੀਹ ਵੀਹ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ| ਆਸਾ ਰਾਮ, ਜਿਸ ਨੂੰ ਕੱਲ ਤੱਕ ‘ਬਾਪੂ ਆਸਾ ਰਾਮ’ ਕਿਹਾ ਜਾਂਦਾ ਸੀ, ਹੁਣ ਕੈਦੀ ਨੰਬਰ ‘130’ ਬਣ ਕੇ ਜੇਲ੍ਹ ਵਿਚ ਸਾਰੀ ਉਮਰ ਗੁਜ਼ਾਰੇਗਾ|
ਇਸ ਕੇਸ ਤੋਂ ਬਿਨਾ ਵੀ ਇੱਕ ਹੋਰ ਕੇਸ ਵਿਚ ਦੋ ਔਰਤਾਂ, ਜੋ ਸਕੀਆਂ ਭੈਣਾਂ ਹਨ, ਅਦਾਲਤ ਪਾਸੋਂ ਇਨਸਾਫ ਮਿਲਣ ਦਾ ਇੰਤਜ਼ਾਰ ਕਰ ਰਹੀਆਂ ਹਨ| ਉਨ੍ਹਾਂ ਦਾ ਮਾਮਲਾ ਗਾਂਧੀ ਨਗਰ ਦੀ ਇੱਕ ਅਦਾਲਤ ਵਿਚ ਚੱਲ ਰਿਹਾ ਹੈ| ਦੋਸ਼ ਇਹ ਹੈ ਕਿ ਗੁਜਰਾਤ ਦੇ ਮਟੋਰਾ ਆਸ਼ਰਮ ਵਿਚ ਉਨ੍ਹਾਂ ਨੂੰ ਬੰਦੀ ਬਣਾ ਕੇ ਰੱਖਿਆ ਗਿਆ ਸੀ| ਆਸਾ ਰਾਮ ਅਤੇ ਉਸ ਦੇ ਪੁੱਤ ਨਰਾਇਣ ਸਾਈ-ਦੋਵਾਂ ਨੇ ਹੀ ਬਲਾਤਕਾਰ ਕੀਤਾ| ਵੱਡੀ ਭੈਣ ਨਾਲ ਗੁਜਰਾਤ ਦੇ ਮਟੋਰਾ ਆਸ਼ਰਮ ਵਿਚ 1997 ਤੋਂ 2006 ਤੱਕ ਵਾਰ ਵਾਰ ਬਲਾਤਕਾਰ ਕੀਤਾ| ਛੋਟੀ ਭੈਣ ਦਾ ਆਸਾ ਰਾਮ ਦੇ ਪੁੱਤ ਨੇ ਸੂਰਤ ਦੇ ਇੱਕ ਆਸ਼ਰਮ ਵਿਚ 2002 ਤੋਂ 2005 ਤੱਕ ਵਾਰ ਵਾਰ ਸਰੀਰਕ ਸੋਸ਼ਣ ਕੀਤਾ| ਇਨ੍ਹਾਂ ਭੈਣਾਂ ਵਿਚੋਂ ਇੱਕ ਨੇ ਦੋਸ਼ ਲਾਇਆ ਹੈ ਕਿ ਆਸਾ ਰਾਮ ਦੀ ਧੀ ਤੇ ਪਤਨੀ ਔਰਤਾਂ ਦੇ ਸਰੀਰਕ ਸੋਸ਼ਣ ਵਿਚ ਇਨ੍ਹਾਂ ਦੋਵਾਂ (ਆਸਾ ਰਾਮ ਤੇ ਨਰਾਇਣ ਸਾਈ) ਦੀ ਮਦਦ ਕਰਦੀਆਂ ਹਨ|
ਚਾਰ ਹੋਰ ਔਰਤਾਂ, ਜੋ ਆਸਾ ਰਾਮ ਦੀਆਂ ਚੇਲੀਆਂ ਹਨ-ਧ੍ਰਤਬੇਨ, ਨਿਰਮਲਾ, ਜੱਸੀ ਅਤੇ ਮੀਰਾਂ ਵੀ ਅਜਿਹੇ ਘਿਨੌਣੇ ਕੰਮਾਂ ਵਿਚ ਇਨ੍ਹਾਂ ਪਿਉ-ਪੁੱਤ ਦੀ ਮਦਦ ਕਰਦੀਆਂ ਰਹੀਆਂ ਹਨ| ਇਸ ਦਾ ਅਰਥ ਹੈ ਕਿ ਸ਼ਰਧਾਲੂ ਔਰਤਾਂ ਨੂੰ ਵਰਗਲਾਉਣ ਜਾਂ ਚੁੰਗਲ ਵਿਚ ਫਸਾਉਣ ਲਈ ਦੋਵੇਂ ਅਜਿਹੇ ਘਿਨਾਉਣੇ ਕੰਮਾਂ ਵਿਚ ਸ਼ਾਮਲ ਰਹੀਆਂ ਹਨ। ਇਸ ਤੋਂ ਵੱਧ ਸ਼ਰਮ ਵਾਲੀ ਹੋਰ ਕੀ ਗੱਲ ਹੋ ਸਕਦੀ ਹੈ? ਔਰਤਾਂ ਹੋ ਕੇ ਔਰਤਾਂ ਦੀ ਇੱਜਤ ਦਾ ਘਾਣ ਕਰਾਉਣਾ ਔਰਤ ਹੋਣ ਦੇ ਨਾਂ ‘ਤੇ ਧੱਬਾ ਹੈ|
ਇਸ ਵਿਚ ਵਾਧਾ ਇਹ ਹੈ ਕਿ ‘ਹਿੰਦੁਸਤਾਨ’ (ਹਿੰਦੀ ਦੀ ਆਨ ਲਾਈਨ ਅਖਬਾਰ) ਦੇ 26 ਅਪਰੈਲ ਦੇ ਅੰਕ ਦੀਆਂ ਖਬਰਾਂ ਅਨੁਸਾਰ ਆਸਾ ਰਾਮ ਦੀ ਧੀ ਭਾਰਤੀਸ਼੍ਰੀ ਪੂਰੇ ਦੇਸ਼ ਵਿਚ ਆਸਾ ਰਾਮ ਦਾ ਸਾਮਰਾਜ ਚਲਾ ਰਹੀ ਹੈ ਜਿਸ ਵਿਚ 400 ਆਸ਼ਰਮ ਅਤੇ 40 ਸਕੂਲ ਸ਼ਾਮਲ ਹਨ| 2013 ਵਿਚ ਬਲਾਤਕਾਰ ਦੇ ਕੇਸ ਵਿਚ ਗ੍ਰਿਫਤਾਰੀ ਪਿਛੋਂ ਆਸਾ ਰਾਮ ਦੇ ਟਰੱਸਟ ਦਾ ਸਾਰਾ ਸੰਚਾਲਨ ਉਸ ਦੀ ਧੀ ਕੋਲ ਹੈ| ਇਸ ਲਈ ਵੀ ਕਿ ਆਸਾ ਰਾਮ ਦਾ ਪੁੱਤ ਨਰਾਇਣ ਸਾਈ ਵੀ ਬਲਾਤਕਾਰ ਦੇ ਮਾਮਲੇ ਵਿਚ ਜੇਲ੍ਹ ‘ਚ ਬੰਦ ਹੈ|
ਆਸਾ ਰਾਮ ਦੀ ਚੈਰੀਟੇਬਲ ਸੰਸਥਾ ‘ਸੰਤ ਆਸਾ ਰਾਮ ਜੀ ਟਰੱਸਟ’ ਦੇ ਤੌਰ ‘ਤੇ ਰਜਿਸਟਰ ਹੈ| ਇਸ ਦਾ ਹੈਡਕੁਆਰਟਰ ਗੁਜਰਾਤ ਵਿਚ ਅਹਿਮਦਾਬਾਦ ਵਿਚ ਹੈ, ਜਿੱਥੇ ਆਸਾ ਰਾਮ ਨੇ ਪਹਿਲਾ ਟਰੱਸਟ ਸਥਾਪਤ ਕੀਤਾ ਸੀ| ਟਰੱਸਟ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਭਾਰਤੀਸ਼੍ਰੀ ਕਾਫੀ ਯਾਤਰਾ ਕਰਦੀ ਹੈ ਅਤੇ ਦੇਸ਼ ਦੇ 30 ਰਾਜਾਂ ਤੇ ਕੇਂਦਰ-ਸ਼ਾਸਤ ਪ੍ਰਾਂਤਾਂ ਵਿਚ ਫੈਲੇ ਆਸ਼ਰਮਾਂ ਦੀ ਸੰਭਾਲ ਕਰ ਰਹੀ ਹੈ|
1975 ਵਿਚ ਪੈਦਾ ਹੋਈ ਭਾਰਤੀਸ਼੍ਰੀ ਤੇ ਉਸ ਦੀ ਮਾਂ ਲਕਸ਼ਮੀ ਦੇਵੀ ਨੂੰ ਵੀ ਗੁਜਰਾਤ ਦੀ ਪੁਲਿਸ ਨੇ ਬਲਾਤਕਾਰ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਸੀ| ਪਿੱਛੋਂ ਦੋਹਾਂ ਨੂੰ ਜ਼ਮਾਨਤ ‘ਤੇ ਛੱਡ ਦਿੱਤਾ| ਦੋਹਾਂ ‘ਤੇ ਹੀ ਬਲਾਤਕਾਰ ਕੇਸ ਵਿਚ ਆਸਾ ਰਾਮ ਤੇ ਸਾਈ ਦੀ ਮਦਦ ਕਰਨ ਦਾ ਦੋਸ਼ ਹੈ| ਫਿਲਹਾਲ ਦੋਵੇਂ ਜ਼ਮਾਨਤ ‘ਤੇ ਹਨ| ਰਿਪੋਰਟਾਂ ਮੁਤਾਬਕ ਭਾਰਤੀਸ਼੍ਰੀ ਨ੍ਰਿਤ ਤੇ ਗਾਇਨ ਦੇ ਨਾਲ ਨਾਲ ਪ੍ਰਵਚਨ ਵੀ ਦਿੰਦੀ ਹੈ| ਆਸਾ ਰਾਮ ਦੀ ਪਤਨੀ ਵੀ ਕਾਫੀ ਸਰਗਰਮ ਹੈ, ਪਰ ਆਸ਼ਰਮ ਦੇ ਕੰਮਾਂ ਵਿਚ ਉਸ ਦੀ ਬਹੁਤੀ ਦਖਲਅੰਦਾਜ਼ੀ ਨਹੀਂ ਹੈ|
ਸਹਿਜੇ ਹੀ ਅੰਦਾਜ਼ਾ ਲੱਗ ਸਕਦਾ ਹੈ ਕਿ ਆਸਾ ਰਾਮ, ਉਸ ਦੀ ਪਤਨੀ, ਧੀ ਤੇ ਪੁੱਤ ਸਾਈ ਕਿਸ ਕਿਸਮ ਦੇ ਅਧਿਆਤਮਕ ਪ੍ਰਚਾਰਕ ਹਨ, ਕਿਹੋ ਜਿਹੇ ਅਧਿਆਤਮਵਾਦ ਦੇ ਇਹ ਪ੍ਰਵਚਨ ਕਰਦੇ ਹੋਣਗੇ ਅਤੇ ਕਿਹੋ ਜਿਹੀ ਨੈਤਿਕਤਾ ਫੈਲਾ ਰਹੇ ਹਨ? ਇਹ ਇੱਕੀਵੀਂ ਸਦੀ ਹੈ ਅਤੇ ਲੋਕ 18ਵੀਂ ਜਾਂ 19ਵੀਂ ਸਦੀ ਵਾਂਗ ਅਨਪੜ੍ਹ ਤੇ ਵਿੱਦਿਆ-ਵਿਹੂਣੇ ਨਹੀਂ ਹਨ| ਮੀਡੀਆ ਦੇ ਯੁੱਗ ਵਿਚ ਕੋਈ ਵੀ ਇਸ ਕਿਸਮ ਦੀ ਘਟਨਾ ਵਾਪਰਦੀ ਹੈ ਤਾਂ ਝੱਟ-ਪੱਟ ਖਬਰ ਦੁਨੀਆਂ ਭਰ ਵਿਚ ਫੈਲ ਜਾਂਦੀ ਹੈ| ਬਹੁਤੇ ਲੋਕ ਇਨ੍ਹਾਂ ਤੱਥਾਂ ਤੋਂ ਜਾਣੂ ਹਨ ਕਿ ਅਜਿਹੇ ਆਸ਼ਰਮਾਂ ਜਾਂ ਇਨ੍ਹਾਂ ਦੇ ਚਲਾਏ ਜਾਂਦੇ ਸਕੂਲਾਂ ਵਿਚ ਕੀ ਕੁਝ ਹੁੰਦਾ ਹੈ ਤੇ ਕਿਵੇਂ ਇਹ ਲੋਕਾਂ ਦਾ ਮਾਨਸਿਕ ਅਤੇ ਸਰੀਰਕ ਸੋਸ਼ਣ ਕਰਦੇ ਹਨ।
ਫਿਰ ਵੀ ਸਾਡੇ ਲੋਕ ਵਹੀਰਾਂ ਘੱਤੀ ਇਨ੍ਹਾਂ ਡੇਰਿਆਂ ਵੱਲ ਦੌੜੇ ਚਲੇ ਜਾਂਦੇ ਹਨ| ਇਹ ਜਰ ਅਤੇ ਜੋਰੂ ਦੇ ਲਾਲਚੀ ਸਾਧ ਕਿਸੇ ਨੂੰ ਕੀ ਅਧਿਆਤਮਕ ਸਿੱਖਿਆ ਦੇਣਗੇ ਜਾਂ ਕਿਸੇ ਦਾ ਕੀ ਪਾਰ-ਉਤਾਰਾ ਕਰਨਗੇ, ਜੋ ਆਪ ਹੀ ਆਤਮਕ ਤੇ ਮਾਨਸਿਕ ਰੋਗੀ ਹਨ ਅਤੇ ਮਾਇਆ ਦੇ ਲਾਲਚ ਵਿਚ ਸਿਰ ਤੋਂ ਪੈਰਾਂ ਤੱਕ ਲਿੱਬੜੇ ਹੋਏ ਹਨ? ਇਹ ਲੋਕਾਂ ਨੂੰ ਮਾਨਸਿਕ ਗੁਲਾਮ ਬਣਾਉਂਦੇ ਹਨ ਅਤੇ ਗੁਲਾਮੀ ਹਮੇਸ਼ਾ ਹੀ ਇੱਕ ਲਾਹਨਤ ਹੁੰਦੀ ਹੈ, ਭਾਵੇਂ ਸਰੀਰਕ ਹੋਵੇ, ਰਾਜਨੀਤਕ ਜਾਂ ਫਿਰ ਮਾਨਸਿਕ| ਇਨ੍ਹਾਂ ਨੇ ਆਪਣੇ ਚੇਲੇ-ਚੇਲੀਆਂ ਰਾਹੀਂ ਅਜਿਹਾ ਜਾਲ ਬੁਣਿਆ ਹੁੰਦਾ ਹੈ ਕਿ ਜੋ ਇੱਕ ਵਾਰ ਫਸ ਜਾਂਦਾ ਹੈ, ਉਸ ਦਾ ਨਿਕਲਣਾ ਮੁਸ਼ਕਿਲ ਹੋ ਜਾਂਦਾ ਹੈ, ਉਸ ਨੂੰ ਫਿਰ ਕਿਸੇ ਰਣਜੀਤ ਸਿੰਘ (ਸੌਦਾ ਸਾਧ ਨਾਲ ਸਬੰਧਤ) ਵਾਂਗ ਆਪਣੇ ਜੀਵਨ ਤੋਂ ਹੀ ਹੱਥ ਧੋਣੇ ਪੈਂਦੇ ਹਨ|
ਸੌਦਾ ਸਾਧ ਤੇ ਆਸਾ ਰਾਮ ਦੇ ਮਾਮਲੇ ਵਿਚ ਆਮ ਸੁਣਨ ਵਿਚ ਆਇਆ ਹੈ ਕਿ ਇਨ੍ਹਾਂ ਦੀ ਹਵਸ ਦਾ ਸ਼ਿਕਾਰ ਕੁੜੀਆਂ-ਔਰਤਾਂ ਗਾਹੇ-ਬਗਾਹੇ ਆਪਣੇ ਪਰਿਵਾਰਾਂ ਨੂੰ ਆਪਣੇ ਨਾਲ ਹੋਏ ਜ਼ੁਲਮ ਬਾਰੇ ਦੱਸਦੀਆਂ ਵੀ ਰਹੀਆਂ ਹਨ, ਪਰ ਪਰਿਵਾਰਾਂ ਦੀਆਂ ਅੱਖਾਂ ‘ਤੇ ਅੰਨ੍ਹੀ ਸ਼ਰਧਾ ਦੀ ਅਜਿਹੀ ਪੱਟੀ ਬੰਨ੍ਹੀ ਹੁੰਦੀ ਹੈ ਕਿ ਉਨ੍ਹਾਂ ਨੂੰ ਕੁਝ ਨਜ਼ਰ ਹੀ ਨਹੀਂ ਆਉਂਦਾ; ਜਾਂ ਫਿਰ ਇਨ੍ਹਾਂ ਡੇਰਿਆਂ ਦਾ ਖੌਫ ਉਨ੍ਹਾਂ ਦੇ ਮਨਾਂ ਅੰਦਰ ਇਸ ਤਰ੍ਹਾਂ ਦਾ ਬੈਠਾਇਆ ਹੁੰਦਾ ਹੈ ਕਿ ਕੋਈ ਬੋਲਣ ਦੀ ਹਿੰਮਤ ਹੀ ਨਹੀਂ ਕਰਦਾ। ਜੋ ਕਰਦਾ ਹੈ, ਆਪਣੀ ਜਾਨ ਤੋਂ ਹੱਥ ਧੋ ਬੈਠਦਾ ਹੈ|
ਅਧਿਆਤਮਕਤਾ ਦਾ ਪਖੰਡ ਕਰਕੇ ਲੋਕਾਂ ਨੂੰ ਲੁੱਟਣ ਵਾਲੇ ਅਜਿਹੇ ਸਾਧਾਂ ਬਾਰੇ ਭਗਤ ਕਬੀਰ ਨੇ ਆਪਣੀ ਬਾਣੀ ਵਿਚ ਕਿਹਾ ਹੈ ਕਿ ਧਰਮੀ ਹੋਣ ਦਾ ਪਖੰਡ ਕਰਨ ਵਾਲੇ ਅਜਿਹੇ ਬੰਦੇ ਤੇੜ ਸਾਢੇ ਤਿੰਨ ਤਿੰਨ ਗਜ ਦੀਆਂ ਧੋਤੀਆਂ ਪਾਉਂਦੇ ਹਨ ਅਤੇ ਗਲ ਤਿਹਰੀਆਂ ਤਿਹਰੀਆਂ ਤੰਦਾਂ ਵਾਲੇ ਜਨੇਊ ਪਾਉਂਦੇ ਹਨ, ਜਿਨ੍ਹਾਂ ਦੇ ਗਲਾਂ ਵਿਚ ਮਾਲਾ ਤੇ ਹੱਥ ਵਿਚ ਲਿਸ਼ਕਦੇ ਲੋਟੇ ਫੜੇ ਹੁੰਦੇ ਹਨ, ਕੇਵਲ ਇਨ੍ਹਾਂ ਦਿਖਾਵੇ ਵਾਲੀਆਂ ਕਰਤੂਤਾਂ ਕਾਰਨ ਹੀ, ਮਹਿਜ ਧਾਰਮਿਕ ਚਿੰਨ੍ਹ ਸਰੀਰ ‘ਤੇ ਸਜਾ ਲੈਣ ਨਾਲ ਹੀ ਉਨ੍ਹਾਂ ਨੂੰ ਰੱਬ ਦੇ ਭਗਤ ਨਹੀਂ ਮੰਨ ਲੈਣਾ ਚਾਹੀਦਾ| ਅਸਲ ਵਿਚ ਤਾਂ ਅਜਿਹੇ ਮਨੁੱਖ ਬਨਾਰਸੀ ਠੱਗ ਹੁੰਦੇ ਹਨ ਜੋ ਸਾਧ ਜਾਂ ਭਗਤ ਹੋਣ ਦਾ ਦਿਖਾਵਾ ਕਰਕੇ ਲੋਕਾਂ ਨੂੰ ਲੁੱਟਦੇ ਹਨ|
ਭਗਤ ਕਬੀਰ ਕਹਿੰਦੇ ਹਨ, ਮੈਨੂੰ ਅਜਿਹਾ ਦਿਖਾਵਾ ਕਰਨ ਵਾਲੇ ਸੰਤ ਚੰਗੇ ਨਹੀਂ ਲੱਗਦੇ ਜੋ ਮੂਲ ਨੂੰ ਵੀ ਟਹਿਣੀਆਂ ਸਮੇਤ ਖਾ ਜਾਂਦੇ ਹਨ ਅਰਥਾਤ ਮਾਇਆ ਦੇ ਲਾਲਚ ਵਿਚ ਆ ਕੇ ਮਨੁੱਖਾਂ ਨੂੰ ਮਾਰਨ ਤੋਂ ਵੀ ਪਰਹੇਜ ਨਹੀਂ ਕਰਦੇ| ਉਪਰੋਂ ਉਪਰੋਂ ਅਜਿਹੇ ਲੋਕ ਸੱਚੇ ਅਤੇ ਸੁੱਚੇ ਹੋਣ ਦਾ ਦਿਖਾਵਾ ਕਰਦੇ ਹਨ ਤਾਂ ਕਿ ਲੋਕਾਂ ‘ਤੇ ਆਪਣਾ ਅਸਰ ਕਾਇਮ ਕਰਨ; ਜਿਵੇਂ ਭਗਤ ਕਬੀਰ ਨੇ ਦੱਸਿਆ ਹੈ ਕਿ ਇਹ ਲੋਕ ਧਰਤੀ ਪੁੱਟ ਕੇ ਦੋ ਚੁਲ੍ਹੇ ਬਣਾਉਂਦੇ ਹਨ, ਫਿਰ ਭਾਂਡੇ ਮਾਂਜ-ਸੁਆਰ ਕੇ ਇਨ੍ਹਾਂ ਚੁੱਲ੍ਹਿਆਂ ਉਤੇ ਰੱਖਦੇ ਹਨ ਤੇ ਹੇਠਾਂ ਲੱਕੜਾਂ ਨੂੰ ਧੋ ਕੇ ਬਾਲਦੇ ਹਨ (ਸੁਚਮ ਦਿਖਾਉਣ ਦੀ ਇੰਤਹਾ ਹੈ ਇਹ) ਪਰ ਕਰਤੂਤਾਂ ਦੇਖੋ ਕਿਹੋ ਜਿਹੀਆਂ ਕਰਦੇ ਹਨ ਕਿ ਸਬੂਤੇ ਮਨੁੱਖਾਂ ਨੂੰ ਖਾ ਜਾਂਦੇ ਹਨ| ਅਜਿਹੇ ਮੰਦੇ ਕਰਮ ਕਰਨ ਤੇ ਸਾਧ ਅਖਵਾਉਣ ਵਾਲੇ ਵਿਕਾਰਾਂ ਵਿਚ ਲਿੱਬੜੇ ਹੁੰਦੇ ਹਨ ਅਤੇ ਸਦਾ ਵਿਕਾਰਾਂ ਵਿਚ ਪਏ ਰਹਿੰਦੇ ਹਨ ਪਰ ਮੂੰਹ ਤੋਂ ਆਪਣੇ ਆਪ ਨੂੰ ਮਾਇਆ ਤੋਂ ਨਿਰਲੇਪ ਅਖਵਾਉਂਦੇ ਹਨ| ਅਹੰਕਾਰ ਵਿਚ ਹਮੇਸ਼ਾ ਡੁੱਬੇ ਰਹਿਣ ਵਾਲੇ ਅਜਿਹੇ ਮੰਦ-ਕਰਮੀ ਲੋਕ ਆਪ ਤਾਂ ਮਾੜੇ ਕਰਮ ਕਰਦੇ ਹੀ ਹਨ, ਆਪਣੇ ਸਾਥੀਆਂ ਨੂੰ ਵੀ ਮੰਦੇ ਕਰਮਾਂ ਵਿਚ ਲਾ ਕੇ ਆਪਣੇ ਨਾਲ ਉਨ੍ਹਾਂ ਦਾ ਵੀ ਬੇੜਾ ਗਰਕ ਕਰਦੇ ਹਨ:
ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ॥
ਗਲੀ ਜਿਨ੍ਹਾ ਜਪਮਾਲੀਆ ਲੋਟੇ ਹਥਿ ਨਿਬਗ॥
ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ॥1॥
ਐਸੇ ਸੰਤ ਨ ਮੋ ਕੋ ਭਾਵਹਿ॥
ਡਾਲਾ ਸਿਉ ਪੇਡਾ ਗਟਕਾਵਹਿ॥1॥ਰਹਾਉ॥
ਬਾਸਨ ਮਾਂਜਿ ਚਰਾਵਹਿ ਊਪਰਿ ਕਾਠੀ ਧੋਇ ਜਲਾਵਹਿ॥
ਬਸੁਧਾ ਖੋਦਿ ਕਰਹਿ ਦੁਇ ਚੂਲ੍ਹੇ ਸਾਰੇ ਮਾਣਸ ਖਾਵਹਿ॥2॥
ਓਇ ਪਾਪੀ ਸਦਾ ਫਿਰਹਿ ਅਪਰਾਧੀ ਮੁਖਹੁ ਅਪਰਸ ਕਹਾਵਹਿ॥
ਸਦਾ ਸਦਾ ਫਿਰਹਿ ਅਭਿਮਾਨੀ ਸਗਲ ਕੁਟੰਬ ਡੁਬਾਵਹਿ॥3॥ (ਪੰਨਾ 476)
ਲੋਕਾਂ ਵਿਚ ਇਨ੍ਹਾਂ ਦੇ ਮਕਬੂਲ ਹੋਣ ਦੇ ਕਾਰਨ ਹਨ-ਕਮਜ਼ੋਰ ਮਾਨਸਿਕਤਾ, ਚੇਤੰਨਤਾ ਦੀ ਕਮੀ ਤੇ ਗਰੀਬੀ ਅਤੇ ਸਰਦੇ-ਪੁਜਦੇ ਲੋਕਾਂ ਦਾ ਲਾਲਚ ਜੋ ਆਪਣੇ ਹਿੱਤਾਂ ਖਾਤਰ ਇਨ੍ਹਾਂ ਨਾਲ ਜੁੜੇ ਹੁੰਦੇ ਹਨ ਤੇ ਹੋਰਾਂ ਨੂੰ ਵੀ ਰੰਗ-ਬਰੰਗੀਆਂ ਕਹਾਣੀਆਂ ਸੁਣਾ ਕੇ ਜੋੜਦੇ ਹਨ| ਅਜਿਹੀਆਂ ਮਿਸਾਲਾਂ ਵੀ ਹਨ ਜਦੋਂ ਲੋਕ ਆਪਣੇ ਲੋੜਵੰਦ ਬੱਚਿਆਂ ਜਾਂ ਰਿਸ਼ਤੇਦਾਰਾਂ ਦੀ ਲੋੜ ਵੇਲੇ ਮਦਦ ਨਹੀਂ ਕਰਦੇ ਪਰ ਡੇਰੇਦਾਰਾਂ ਨੂੰ ਹਾੜੀ-ਸੌਣੀ ਬੋਰੀਆਂ/ਟਰਾਲੀਆਂ ਭਰ ਭਰ ਕੇ ਅੰਨ ਦੀਆਂ ਦਿੰਦੇ ਹਨ ਅਤੇ ਇਹ ਵਿਹਲੜ ਸਾਧ ਦੋਹੀਂ ਹੱਥੀਂ ਲੋਕਾਂ ਦੀ ਲੁੱਟ ਕਰਦੇ ਹਨ| ਪ੍ਰਾਂਤਾਂ ਦੇ ਮੁੱਖ ਮੰਤਰੀ ਮੁਫਤ ਜਾਂ ਕੌਡੀਆਂ ਦੇ ਭਾਅ ਪ੍ਰਾਈਮ ਲੋਕੇਸ਼ਨ ‘ਤੇ ਸਰਕਾਰੀ ਜਮੀਨਾਂ ਇਨ੍ਹਾਂ ਦੇ ਨਾਂ ਕਰ ਦਿੰਦੇ ਹਨ ਅਤੇ ਅੱਗੋਂ ਫਿਰ ਜਮੀਨਾਂ ਦੱਬਣ ਅਤੇ ਹਥਿਆਉਣ ਦਾ ਕੰਮ ਸ਼ੁਰੂ ਹੋ ਜਾਂਦਾ ਹੈ| ਸਰਕਾਰਾਂ ਦੀ ਸਕੂਲਾਂ ਜਾਂ ਹਸਪਤਾਲਾਂ ਵੱਲ ਕੋਈ ਤਵੱਜੋਂ ਨਹੀਂ ਹੁੰਦੀ ਪਰ ਇਨ੍ਹਾਂ ਡੇਰਿਆਂ ਵੱਲ ਖਾਸ ਤਵੱਜੋਂ ਹੁੰਦੀ ਹੈ| ਇਹ ਸਭ ਧੰਦਾ ਉਦੋਂ ਹੀ ਬੰਦ ਹੋ ਸਕਦਾ ਹੈ ਜਦੋਂ ਮੰਤਰੀਆਂ ਦਾ ਡੇਰਿਆਂ ਨਾਲੋਂ ਸਬੰਧ ਸਖਤੀ ਨਾਲ ਖਤਮ ਕੀਤਾ ਜਾਵੇ, ਉਨ੍ਹਾਂ ਦੀ ਡੇਰਿਆਂ ਵੱਲ ਜਾਣ ਤੋਂ ਨਿਆਂਪਾਲਿਕਾ ਜਾਂ ਚੋਣ ਕਮਿਸ਼ਨ ਵੱਲੋਂ ਸਖਤ ਮਨਾਹੀ ਕੀਤੀ ਜਾਵੇ|
ਇੱਕ ਕੰਮ ਹੋਰ ਵੀ ਹੋਣਾ ਚਾਹੀਦਾ ਹੈ ਕਿ ਆਸਾ ਰਾਮ ਜਾਂ ਸੌਦਾ ਸਾਧ ਵਰਗੇ ਮਾਮਲੇ ਜਦੋਂ ਸਾਹਮਣੇ ਆਉਣ ਤਾਂ ਇਨ੍ਹਾਂ ਦੇ ਟਰੱਸਟਾਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਜਾਣ| ਇਹ ਜਾਇਦਾਦਾਂ ਲੋਕਾਂ ਨੂੰ ਲੁੱਟ ਕੇ ਜਾਂ ਅਮੀਰਾਂ ਦੇ ਕਾਲੇ ਧਨ ਨਾਲ ਹੀ ਬਣੀਆਂ ਹੁੰਦੀਆਂ ਹਨ; ਇਨ੍ਹਾਂ ਸਾਧਾਂ ਨੇ ਮੱਕੀ ਜਾਂ ਕਣਕ ਵੇਚ ਕੇ ਨਹੀਂ ਬਣਾਈਆਂ ਹੁੰਦੀਆਂ।