ਡਾæ ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਹ ਹੈ ਤਾਂ ਫਿਜ਼ਿਕਸ ਜਿਹੇ ਖੁਸ਼ਕ ਵਿਸ਼ੇ ਦੇ ਅਧਿਆਪਕ, ਪਰ ਉਨ੍ਹਾਂ ਦੀ ਵਾਰਤਕ ਵਿਚ ਕਵਿਤਾ ਜਿਹੀ ਰਵਾਨਗੀ ਹੈ। ਉਹ ਸ਼ਬਦਾਂ ਦੀ ਅਜਿਹੀ ਜੁਗਤ ਬੰਨਦੇ ਹਨ ਕਿ ਪਾਠਕ ਦੇ ਮੂੰਹੋਂ ਸੁਤੇ ਸਿਧ ਨਿਕਲ ਜਾਂਦਾ ਹੈ, ਕਿਆ ਬਾਤ ਹੈ! ਪਿਛਲੇ ਕੁਝ ਲੇਖਾਂ ਵਿਚ ਉਨ੍ਹਾਂ ਕੁਦਰਤ ਦੀਆਂ ਨਿਆਮਤਾਂ ਨੂੰ ਸਲਾਮ ਕੀਤਾ ਸੀ ਅਤੇ ਮਨੁੱਖ ਦੀ ਇਨ੍ਹਾਂ ਪ੍ਰਤੀ ਅਕ੍ਰਿਤਘਣਤਾ ਉਤੇ ਅਫਸੋਸ ਜਾਹਰ ਕੀਤਾ ਸੀ।
ਪਿਛਲੇ ਲੇਖ ਵਿਚ ਉਨ੍ਹਾਂ ਸੂਰਜ ਦੀਆਂ ਬਖਸ਼ੀਆਂ ਨਿਆਮਤਾਂ ਅਤੇ ਇਸ ਦੀ ਕੁਵਰਤੋਂ ਵਿਚੋਂ ਨਿਕਲਦੇ ਭਾਂਬੜਾ ਦੀ ਗੱਲ ਕੀਤੀ ਸੀ। ਹਥਲੇ ਲੇਖ ਵਿਚ ਡਾæ ਭੰਡਾਲ ਨੇ ਅੱਗ ਦੀ ਗੱਲ ਕਰਦਿਆਂ ਕਿਹਾ ਹੈ ਕਿ ਅੱਜ ਅੱਗ ਤੋਂ ਬਿਨਾ ਜੀਵਨ ਦੀ ਕਲਪਨਾ ਕਰਨੀ ਵੀ ਔਖੀ ਹੈ, ਪਰ ਅੱਗ ਬਰਬਾਦੀ ਵੀ ਤੇ ਅਬਾਦੀ ਵੀ। ਅੱਗ ਆਸ ਵੀ ਤੇ ਵਿਨਾਸ਼ ਵੀ।æææਅੱਗ ਲੋੜ ਵੀ ਅਤੇ ਥੋੜ੍ਹ ਵੀ। ਅੱਗ ਧਰਮੀ ਵੀ ਅਤੇ ਕਰਮੀ ਵੀ ਹੈ। ਨਾਲ ਹੀ ਉਹ ਚੇਤਾਵਨੀ ਦਿੰਦੇ ਹਨ, “ਅੱਗ ਉਗਲਦਾ ਬਾਰੂਦ, ਮੌਤ ਵਣਜਦੀਆਂ ਬੰਦੂਕਾਂ ਅਤੇ ਫਿਰਕੂਪੁਣੇ ਦੀ ਅੱਗ ਵਿਚ ਝੂਲਸੀ ਜਾ ਰਹੀ ਮਨੁੱਖਤਾ, ਮਾਨਵਤਾ ਲਈ ਨਮੋਸ਼ੀ।” ਉਨ੍ਹਾਂ ਦੀ ਨਸੀਹਤ ਹੈ, “ਆਪਣੀ ਸੋਚ ਅਤੇ ਕਰਮ ਦੀ ਅਗਨੀ ਨੂੰ ਕਦੇ ਵੀ ਠੰਢਾ ਨਾ ਹੋਣ ਦਿਓ। ਜੀਵਨੀ ਕਰਮਸ਼ੀਲਤਾ ਅਤੇ ਨਿਰੰਤਰਤਾ ਲਈ ਜਰੂਰੀ ਹੈ ਕਿ ਤੁਹਾਡੇ ਅੰਦਰਲੀ ਚੰਗਿਆੜੀ ਮਘਦੀ ਰਹੇ।æææਪਰ ਅੱਗ ਨਾਲ ਨਾ ਖੇਡੋ ਕਿਉਂਕਿ ਅੱਗ ਦਾ ਨਹੀਂ ਕੋਈ ਵਸਾਹ ਤੇ ਨਹੀਂ ਕਰਦੀ ਕਿਸੇ ਦਾ ਲਿਹਾਜ਼। ਇਸ ਦੀ ਲਪੇਟ ਵਿਚ ਆਇਆ ਮਨੁੱਖ ਪਲ ‘ਚ ਹੀ ਬਣ ਜਾਂਦਾ ਸਵਾਹ ਦੀ ਢੇਰੀ।” -ਸੰਪਾਦਕ
ਡਾæ ਗੁਰਬਖਸ਼ ਸਿੰਘ ਭੰਡਾਲ
ਅੱਗ, ਮਨੁੱਖੀ ਜਰੂਰਤ ਅਤੇ ਜੀਵਨ-ਆਧਾਰ। ਖੁਰਾਕ ਪਕਾਉਣ ਲਈ ਅਹਿਮ। ਜੀਵਨ ਦੇ ਹਰ ਪੜਾਅ ‘ਤੇ ਇਸ ਦੀ ਮਹਾਨਤਾ ਬਰਕਰਾਰ।
ਅੱਗ ਦਾ ਸਾਥ ਮੁੱਢ-ਕਦੀਮ ਤੋਂ ਮਨੁੱਖ ਦੇ ਨਾਲ, ਹਰ ਮੋੜ ‘ਤੇ ਰੱਖਦੀ ਖਿਆਲ। ਗੋਦ ਵਿਚ ਖਿਡਾਉਂਦੀ, ਜੀਵਨ-ਰਾਹਾਂ ਗਰਮਾਉਂਦੀ ਅਤੇ ਰੁਸ਼ਨਾਉਂਦੀ। ਆਦਿ-ਮਨੁੱਖ ਵਲੋਂ ਸੁੱਕੀਆਂ ਲੱਕੜਾਂ ਵਿਚੋਂ ਨਿਕਲੀ ਚੰਗਿਆੜੀ ਜਾਂ ਪੱਥਰਾਂ ਨੂੰ ਘਸਾ ਕੇ ਪੈਦਾ ਕੀਤੀ ਅਗਨੀ ਨੇ ਮਨੁੱਖੀ ਖੁਰਾਕ, ਖਾਣ-ਆਦਤਾਂ ਅਤੇ ਮਨੁੱਖੀ ਸੋਝੀ ਨੂੰ ਦਿਤੀ ਨਵੀਂ ਪਰਵਾਜ਼।
ਅੱਗ, ਜ਼ਿੰਦਗੀ ਵਿਚ ਨਿੱਘ ਤੇ ਰੋਸ਼ਨੀ ਦੀ ਕਾਤਰ। ਜ਼ਿੰਦਗੀ ਨੂੰ ਜਿਉਣ ਜੋਗਾ ਕਰਨ ਦੀ ਵਿਧਾ। ਮਨੁੱਖੀ ਸੁਆਦ ਤੇ ਖਾਣੇ ਦੀਆਂ ਲੱਜਤਾਂ ਦਾ ਅੱਗ ਨਾਲ ਬੇਜੋੜ ਰਿਸ਼ਤਾ।
ਸਿਆਲ ‘ਚ ਬੱਚੇ ਦੇ ਜਨਮ ਵੇਲੇ ਜੱਚਾ-ਬੱਚਾ ਦੇ ਕੋਲ ਬਲਦੀ ਧੂਣੀ ਜਿਥੇ ਨਵ-ਜ਼ਿੰਦਗੀ ਲਈ ਨਿੱਘ ਦਾ ਹੁਲਾਰ, ਉਥੇ ਹੀ ਚਾਨਣ-ਅੰਬਾਰ। ਨੈਣਾਂ ਵਿਚ ਚਾਨਣ ਦਾ ਤਰੌਂਕਾ ਦੇਣਾ ਵੀ ਅੱਗ ਦੇ ਹੀ ਹਿੱਸੇ ਆਇਆ।
ਅੱਗ ਬਹੁ-ਪਰਤਾਂ ਵਿਚ ਮਨੁੱਖੀ ਜੀਵਨ ਨੂੰ ਪ੍ਰਭਾਵਤ ਤੇ ਪਰਿਭਾਸ਼ਤ ਕਰਦੀ। ਸਮਾਜਕ, ਧਾਰਮਿਕ ਅਤੇ ਆਰਥਕ ਸਰੋਕਾਰਾਂ ਨੂੰ ਨਿਰਧਾਰਤ ਕਰਨ ਵਿਚ ਅੱਗ ਦਾ ਅਹਿਮ ਸਥਾਨ।
ਚੁੱਲ੍ਹਾ ਮੱਘਦਾ ਰੱਖਣ ਲਈ ਮਾਪਿਆਂ ਵਲੋਂ ਜਾਲੇ ਜ਼ਫਰ ਜਦ ਬੱਚਿਆਂ ਦੇ ਨੈਣਾਂ ਵਿਚ ਤੈਰਨ ਲੱਗ ਪੈਣ ਤਾਂ ਘਰਾਂ ਦੀ ਤਾਮੀਰਦਾਰੀ ਹੁੰਦੀ ਅਤੇ ਘਰ ‘ਚੋਂ ਬਹੁਤ ਸਾਰੇ ਘਰਾਂ ਦੀ ਸਿਰਜਣਾ ਅਰੰਭ ਹੁੰਦੀ।
ਚੁੱਲ੍ਹੇ ਦੀ ਅੱਗ ਜਦ ਚੁਗਲੀਆਂ ਕਰਨ ਲੱਗ ਪਵੇ ਤਾਂ ਅੱਗ ਸੰਤਾਪ ਦੇ ਰਾਹ ਤੁਰਦੀ ਅਤੇ ਹੌਲੀ ਹੌਲੀ ਭੁੱਬਲ ਦੀ ਅੱਗ ਬਣ ਚੁੱਲ੍ਹੇ-ਚੌਂਕਿਆਂ ਦੇ ਨਾਂਵੇਂ ਠੰਢੇ ਚੁੱਲ੍ਹਿਆਂ ਦਾ ਹੌਕਾ ਧਰਦੀ।
ਅੱਗ, ਘਰ ਦੀ ਫਾਸੀਲ ਵਿਚ ਉਚਮਤਾ ਅਤੇ ਗੁਣਵੱਤਾ ਸੰਗ ਖੁਦ ਨੂੰ ਸੰਵਾਰਦੀ ਰਹੇ ਤਾਂ ਘਰਾਂ ਦੇ ਮੱਥਿਆਂ ‘ਤੇ ਚਿਰਾਗਾਂ ਦੀ ਡਾਰ। ਇਸ ਦੀ ਰੋਸ਼ਨੀ ਨਾਲ ਦੂਰ ਦੂਰ ਤੀਕ ਜਾਂਦੇ ਰਾਹ ਚਾਨਣ ਨਾਲ ਭਰਦੇ। ਜਦ ਇਹ ਅੱਗ, ਘਰ ਤੋਂ ਬਾਹਰ ਪੈਰ ਧਰਦੀ ਤਾਂ ਘਰ ਨੂੰ ਸਵਾਹ ਬਣਦਿਆਂ ਦੇਰ ਵੀ ਨਾ ਲੱਗਦੀ।
ਧੂਣੀ ਦੀ ਅੱਗ ਪੋਹ-ਮਾਘ ਦੇ ਮਹੀਨੇ ਠਰਦੇ ਹੱਥਾਂ ਲਈ ਨਿੱਘ। ਪਰ ਜਦ ਇਸ ਦਾ ਕੋਈ ਚੰਗਿਆੜਾ ਝੋਨੇ ਦੇ ਵੱਢ ਨੂੰ ਆਪਣੀ ਲਪੇਟ ਵਿਚ ਲੈਂਦਾ ਤਾਂ ਖੜੀ ਫਸਲ ਦੇ ਨਾਲ ਧਰਤੀ ਦਾ ਪਿੰਡਾ ਲੂੰਹਦਾ, ਧਰਤੀ ਦੇ ਮਿੱਤਰ-ਕੀੜਿਆਂ ਦਾ ਸਿਵਾ ਸੇਕਦਾ, ਹਵਾ ਦਾ ਦਮ ਘੁਟਦਾ ਅਤੇ ਆਉਣ ਵਾਲੇ ਵਕਤਾਂ ਦੀ ਤਲੀ ‘ਤੇ ਵੈਰਾਗੇ ਪਲਾਂ ਦਾ ਹਰਫ ਧਰਿਆ ਜਾਂਦਾ। ਕਣਕ ਦੇ ਨਾੜ ਨੂੰ ਲਾਈ ਅੱਗ ਕਈ ਵਾਰ ਛੇ ਮਹੀਨੇ ਲਾ ਕੇ ਪੁੱਤਾਂ ਵਾਂਗ ਪਾਲੀ ਕਣਕ ਨੂੰ ਸਵਾਹ ਦੀ ਢੇਰੀ ਕਰਦਿਆਂ ਦੇਰ ਨਾ ਲਾਉਂਦੀ। ਦਾਇਰੇ ਦੀ ਅੱਗ, ਜੀਵਨ-ਜੋਤ। ਬੇਕਾਬੂ ਅੱਗ, ਬਰਬਾਦੀ ਦਾ ਪੈਗਾਮ।
ਮੱਠੀ ਮੱਠੀ ਅੱਗ ਵਿਚ ਮੱਕੀ ਦੀਆਂ ਛੱਲੀਆਂ, ਛੋਲੀਆ ਅਤੇ ਮੁੰਗਫਲੀ ਦਾ ਲਾਂਗਾ ਭੁੰਨ ਕੇ ਖਾਣ ਦਾ ਵਿਸਮਾਦ ਜਦ ਚੇਤਿਆਂ ਵਿਚ ਤਾਰੀ ਹੁੰਦਾ ਤਾਂ ਅੱਗ ਦੀ ਪਾਕੀਜ਼ਗੀ ਤੇ ਸੇਕ ‘ਚੋਂ ਪੈਦਾ ਹੋਈ ਲੱਜਤ ਬੀਤੇ ਪਲਾਂ ਨੂੰ ਮੋੜ ਲਿਆਉਂਦੀ।
ਅੱਗ ਜਦ ਪਰਦੇਸ ਤੁਰਦੀ ਤਾਂ ਮਾਪਿਆਂ ਵਲੋਂ ਉਸ ਦੀ ਝੋਲੀ ਵਿਚ ਪਾਇਆ ਮੱਤਾਂ ਤੇ ਸਿਆਣਪਾਂ ਦਾ ਪਟਾਰਾ, ਜ਼ਿੰਦਗੀ ਦਾ ਅਜਿਹਾ ਖਜਾਨਾ ਜਿਸ ਨਾਲ ਅੱਗ ਵੀ ਜ਼ਿੰਦਗੀ ਦੇ ਹਰ ਰੰਗ ਨੂੰ ਮਾਣਨ ਵਿਚ ਮਾਣ ਮਹਿਸੂਸ ਕਰਦੀ।
ਧਰਮ ਦੇ ਨਾਂ ‘ਤੇ ਲਾਈਆਂ ਜਾ ਰਹੀਆਂ ਫਿਰਕੂ ਅੱਗਾਂ, ਘਰ-ਪਰਿਵਾਰਾਂ ਦਾ ਉਜਾੜਾ। ਸਮਾਜਕ ਤਾਣੇ-ਬਾਣੇ ਨੂੰ ਲੀਰਾਂ ਕਰਦੀ ਧਾਰਮਿਕਤਾ, ਇਕ ਧੱਬਾ। ਧਾਰਮਿਕ-ਸਹਿਣਸ਼ੀਲਤਾ ਦੀ ਅਗਨੀ ਨੂੰ ਸੋਚ ਵਿਚ ਬਾਲਣਾ, ਤੁਹਾਡੇ ਲਈ ਅਗਨੀ ਦੇ ਅਰਥ ਬਦਲ ਜਾਣਗੇ।
ਹਵਨ ਦੀ ਅਗਨੀ ਦੁਆਲੇ ਲਏ ਸੱਤ ਫੇਰੇ, ਜੀਵਨ-ਬੰਧਨ ਦਾ ਸੂਤਰਧਾਰ। ਹਵਨ ਵਿਚ ਪਾਇਆ ਦੇਸੀ ਘਿਓ ਤੇ ਸਮੱਗਰੀ ਦੀ ਪਵਿੱਤਰਤਾ, ਇਕ ਅਹਿਦਨਾਮਾ ਜੋ ਰਿਸ਼ਤਿਆਂ ਵਿਚ ਭਰਦਾ ਪਾਕੀਜ਼ਗੀ ਦਾ ਰੰਗ।
ਅੱਗ ਦੀ ਨਾਲ੍ਹ ਵਰਗੇ ਕੁਝ ਲੋਕ ਜ਼ਿੰਦਗੀ ਨੂੰ ਝੁਲਸਣ ਦੇ ਮੁੱਦਈ। ਪਰ ਜਦ ਅਜਿਹੇ ਲੋਕ ਅੱਗ ਨੂੰ ਆਪਣੇ ਅੰਤਰੀਵ ਵਿਚ ਉਤਾਰ ਇਸ ਦੀ ਸੁਯੋਗਤਾ ਵਿਚੋਂ ਆਪਣੀ ਕਰਮਸ਼ੈਲੀ ਸਿਰਜਦੇ ਤਾਂ ਇਹੀ ਅੱਗ ਕਦਮਾਂ ਲਈ ਨਵੀ ਮੰਜ਼ਿਲ ਬਣਦੀ।
ਅੱਗ ਦੇ ਪੈਂਡੇ ਤੁਰਨ ਵਾਲੇ ਲੋਕ, ਜੀਵਨ ਦੇ ਸ਼ਾਹ-ਅਸਵਾਰ। ਉਨ੍ਹਾਂ ਲਈ ਅੱਗ ਦਾ ਦਰਿਆ ਪਾਰ ਕਰਨਾ, ਜੀਵਨ ਦੇ ਮੁਖੜੇ ‘ਤੇ ਚੰਦਰਮਾ ਦਾ ਟਿੱਕਾ ਲਾਉਣਾ ਅਤੇ ਉਨ੍ਹਾਂ ਨੂੰ ਅਜਿਹੇ ਕਠਿਨ ਮਾਰਗਾਂ ਵਿਚੋਂ ਹੀ ਜੀਵਨ ਰੁਸ਼ਨਾਈ ਮਿਲਦੀ।
ਅੱਗ ‘ਤੇ ਤੁਰਨ ਵਾਲੇ ਲੋਕ ਆਪਣੇ ਹਠ ਤੇ ਸਿਰੜ ਨੂੰ ਪਰਖਣ ਲਈ ਖੁਦ ਨਾਲ ਜਦੋਜਹਿਦ ਕਰਦੇ ਅਤੇ ਇਸ ਵਿਚੋਂ ਜੇਤੂ ਹੋ ਨਵੇਂ ਕੀਰਤੀਮਾਨਾਂ ਦਾ ਹਰਫ ਬਣਦੇ।
ਕਈ ਵਾਰ ਅਗਨ-ਪ੍ਰੀਖਿਆ ਸ਼ਹਾਦਤਾਂ ਦਾ ਅਜਿਹਾ ਨਾਮਕਰਨ ਸਿਰਜ ਜਾਂਦੀ ਜਿਸ ‘ਤੇ ਇਤਿਹਾਸ ਨੂੰ ਮਾਣ ਹੁੰਦਾ। ਜ਼ੁਲਮੀ ਅੱਗ ਦੇ ਕਰੂਰ ਰੂਪਾਂ ਨੂੰ ਪਿੰਡੇ ‘ਤੇ ਸਹਿ ‘ਤੇਰਾ ਭਾਣਾ ਮੀਠਾ ਲਾਗੇ’ ਦਾ ਅਲਾਪ ਕਰਨ ਵਾਲੇ ਪੰਜਵੇਂ ਪਾਤਸ਼ਾਹ ਨੇ ਸ਼ਹਾਦਤ ਦਾ ਅਜਿਹਾ ਪੈਮਾਨਾ ਨਿਰਧਾਰਤ ਕਰ ਦਿੱਤਾ, ਜਿਸ ਦਾ ਕੋਈ ਨਹੀਂ ਸਾਨੀ। ਅਧਰਮੀ ਬਾਪ ਦਾ ਹਰ ਕਹਿਰ ਸਹਿੰਦਾ ਪ੍ਰਹਿਲਾਦ ਅੱਗ ਵਿਚੋਂ ਹੀ ਜ਼ਿੰਦਗੀ ਦਾ ਸਿਰਲੇਖ ਬਣਿਆ।
ਅੱਗ ਬਰਬਾਦੀ ਵੀ ਤੇ ਅਬਾਦੀ ਵੀ। ਅੱਗ ਆਸ ਵੀ ਤੇ ਵਿਨਾਸ਼ ਵੀ। ਅੱਗ ਲੋਅ ਵੀ ਅਤੇ ਸੇਕ ਵੀ। ਅੱਗ ਹੌਂਸਲਾ ਵੀ ਅਤੇ ਟੇਕ ਵੀ। ਅੱਗ ਲੋੜ ਵੀ ਅਤੇ ਥੋੜ੍ਹ ਵੀ। ਅੱਗ ਧਰਮੀ ਵੀ ਅਤੇ ਕਰਮੀ ਵੀ। ਅੱਗ ਦਾ ਕਿਹੜਾ ਰੂਪ, ਕਿਸ ਮੋੜ ‘ਤੇ ਤੁਹਾਨੂੰ ਟੱਕਰਦਾ, ਤੁਹਾਡਾ ਰਾਹ ਕੱਟਦਾ ਅਤੇ ਤੁਸੀਂ ਕਿਹੜੇ ਰੂਪ ਨੂੰ ਮੁਖਾਤਬ ਹੋ, ਇਸ ਦੀ ਸਾਰਥਕਤਾ ਨੂੰ ਖੁਦ ਵਿਚੋਂ ਨਿਹਾਰਦੇ ਹੋ, ਇਹ ਤੁਹਾਡੇ ਸਰੋਕਾਰਾਂ ‘ਤੇ ਨਿਰਭਰ।
ਅੱਗ ਹੀ ਅੱਗ ਦਾ ਰੂਪ ਹੰਢਾਵੇ। ਅੱਗ, ਅੱਗ ਦੇ ਘਰ ਪ੍ਰਾਹੁਣੀ ਜਾਵੇ। ਅੱਗ ਦਾ ਟਿਕਾ ਮੱਥੇ ਲਾਵੇ ਅਤੇ ਅੱਗ ਦੀ ਜੂਹ ਨੂੰ ਘਰ ਬਣਾਵੇ। ਅੱਗ ਦੀ ਨਗਰੀ, ਅੱਗ ਦਾ ਆਉਣਾ। ਅੱਗ ਨੂੰ ਖੋਹਣਾ ਜਾਂ ਅੱਗ ਨੂੰ ਪਾਉਣਾ। ਅੱਗ ਜਿਹਾ ਨਾ ਕੋਈ ਸਾਕ ਨਿਭਾਵੇ, ਅੱਗ ਦਾ ਹਰਫ ਨਾ ਜੀਭ ਟਿਕਾਵੇ। ਅੱਗ ਦੇ ਬੋਲੀਂ, ਅੱਗ ਦਾ ਵਾਸਾ। ਅੱਗ ਦਾ ਰੋਸਾ ਤੇ ਅੱਗ ਦਾ ਹਾਸਾ। ਅੱਗ ਦੇ ਪੀਹੜੇ ਜਦ ਯੋਗੀ ਬਹਿੰਦਾ ਤਾਂ ਅੱਗ ‘ਚੋਂ ਅੱਲ੍ਹਾ ਦਾ ਨਾਂ ਲੈਂਦਾ। ਅੱਗ ਦੀ ਜੂਹੇ, ਰੌਣਕ ਮੇਲੇ। ਅੱਗ ਦੁਆਲੇ, ਜੀਵਨ ਖੇਲੇ। ਅੱਗ ਦਾ ਹਉਕਾ ਅਤੇ ਅੱਗ ਦਾ ਰੋਣਾ। ਅੱਗ ਦਾ ਬੁਝਣਾ ਜਾਂ ਅੱਗ ਬੁਝਾਉਣਾ। ਅੱਗ ਦੀ ਖੇਤੀ ਨਾ ਕਰਿਓ ਕੋਈ। ਅੱਗ ਵਿਚ ਹਰ ਅੱਗ ਹੀ ਮੋਈ। ਅੱਗ ਨੂੰ ਆਪਣੇ ਹਰਫੀਂ ਬਾਲੋ। ਅੱਗ ‘ਚ ਈਰਖਾ ਗੁੱਸਾ ਜਾਲੋ। ਅੱਗ ਨਾਲ ਆਪਣੀ ਸੋਚ ਮਘਾਓ। ਅੱਗ ਦੇ ਅਰਥੀਂ ਜੀਵਨ ਰੁਸ਼ਨਾਓ ਅਤੇ ਅੱਗ ਨੂੰ ਜਿੰਦ ਦਾ ਰਾਗ ਬਣਾਓ। ਕਿਉਂਕਿ ਅੱਗ ਤੋਂ ਬਿਨਾ ਵੀ ਕਾਹਦਾ ਜੀਣਾ। ਕਾਹਦਾ ਖਾਣਾ ਅਤੇ ਕਾਹਦਾ ਪੀਣਾ। ਅੱਗ ਨਾ ਹੋਵੇ ਤਾਂ ਸੇਕ ਦਾ ਸੋਕਾ। ਅੱਗ ਬਿਨਾ ਨਾ ਚਾਨਣ-ਹੋਕਾ। ਅੱਗ ਜਦ ਅੱਗ ਦਾ ਧਰਮ ਕਮਾਵੇ ਤਾਂ ਨਿਰਜਿੰਦ ਤਲੀ ‘ਤੇ ਸਾਹ ਟਿਕਾਵੇ। ਸਾਹੀਂ ਅੱਗ, ਜੀਵਨ ਭੇਦ। ਅੱਗ ‘ਚ ਹੋਵੇ, ਅੱਗ ਅਭੇਦ। ਅੱਗ ਨਾਲ ਆਪਣਾ ਜੀਵਨ ਅੰਗੋ। ਧਰਮੀ ਅੱਗ ‘ਚ ਖੁਦ ਨੂੰ ਰੰਗੋ।
ਅੱਗ, ਦੇਵਤਾ। ਇਸ ਦੀ ਪੂਜਾ ਵਿਚੋਂ ਹੀ ਲੋਹੜੀ ਤਿਓਹਾਰ ਦਾ ਜਨਮ। ਲੱਕੜਾਂ ਦੇ ਮੁੱਢਾਂ, ਪਾਥੀਆਂ ਨਾਲ ਮੱਚਦੀ ਧੂਣੀ, ਅੱਗ ਦੇਵਤਾ ‘ਤੇ ਪਾਏ ਜਾ ਰਹੇ ਤਿੱਲ, ਨਵ-ਜਨਮੇ ਬੱਚਿਆਂ ਦੀ ਵੰਡੀ ਜਾ ਰਹੀ ਲੋਹੜੀ। ਅੱਗ ਦੇ ਸੇਕ ਨਾਲ ਸੂਹੀ ਭਾਅ ਮਾਰਦੇ ਮੁਖੜੇ। ਠੱਠਿਆਂ-ਹਾਸਿਆਂ ਵਿਚ ਜ਼ਿੰਦਗੀ ਨੂੰ ਮਾਣਨ ਦਾ ਚਾਅ। ਅੱਗ ਦਾ ਇਹ ਰੂਪ ਮਨੁੱਖੀ ਸੋਚ ਵਿਚ ਸ਼ੁਭ-ਕਰਮਨ ਦੀ ਅੱਗ ਧਰਦਾ। ਉਸ ਦੀ ਚੇਤਨਾ ਵਿਚ ਅੱਗ ਦੀ ਚਿਣਗ। ਨਵੀਂ ਸੋਚ, ਸੁਪਨੇ, ਆਸਾਂ ਅਤੇ ਉਮੰਗਾਂ ਦਾ ਅਜਿਹਾ ਜਾਗ ਕਿ ਪੈਰਾਂ ਨੂੰ ਪੈਂਡੇ ਅਤੇ ਨੈਣਾਂ ਨੂੰ ਅੰਬਰੀ ਪਰਵਾਜ਼ ਮਿਲਦੀ।
ਅੱਗ ਉਗਲਦਾ ਬਾਰੂਦ, ਮੌਤ ਵਣਜਦੀਆਂ ਬੰਦੂਕਾਂ ਅਤੇ ਫਿਰਕੂਪੁਣੇ ਦੀ ਅੱਗ ਵਿਚ ਝੂਲਸੀ ਜਾ ਰਹੀ ਮਨੁੱਖਤਾ, ਮਾਨਵਤਾ ਲਈ ਨਮੋਸ਼ੀ। ਕੁਝ ਸੁਆਰਥੀ ਲੋਕ ਇਸ ਵਿਚੋਂ ਨਿਜੀ ਮੁਫਾਦ ਅਤੇ ਸੁਆਰਥ ਦਾ ਕਾਲਖੀ ਨਾਮਕਰਨ। ਕਈ ਨਸਲਾਂ ਜਖਮਾਂ ਦੀ ਪੀੜਾ ਅਤੇ ਦਰਦ ਦੀ ਵਹਿੰਗੀ ਢੋਣ ਜੋਗੀਆਂ ਰਹਿ ਜਾਂਦੀਆਂ। ਰਾਜਸੀ ਲੀਡਰਾਂ ਦੇ ਬਿਆਨਾਂ ਵਿਚ ਅੱਗ ਤੇ ਧਾਰਮਿਕ ਆਗੂਆਂ ਦੇ ਪ੍ਰਵਚਨਾਂ ਵਿਚਲੀ ਅਗਨੀ, ਮਨੁੱਖੀ ਸੋਚ ਵਿਚਲੀ ਤਰਕਸ਼ੀਲਤਾ ਨੂੰ ਸਵਾਹ ਕਰ, ਅਜਿਹਾ ਰਾਖਸ਼ੀ ਵਰਤਾਰਾ ਸਿਰਜਦੀ ਕਿ ਮਨੁੱਖ ਇਨਸਾਨ ਤੋਂ ਹੈਵਾਨ ਦਾ ਸਫਰਨਾਮਾ ਬਣ ਜਾਂਦਾ।
ਅੱਗ ਦਾ ਵਿਹੜਾ ਠਰਦਿਆਂ ਲਈ ਸੇਕ, ਪੈਰਾਂ ਲਈ ਮਾਰਗ-ਦਰਸ਼ਨ, ਸੋਚ ਵਿਚ ਚਾਨਣ ਦਾ ਜਾਗ ਅਤੇ ਮਨੁੱਖੀ ਕਰਮਸ਼ੀਲਤਾ ਵਿਚ ਸੁਚਾਰੂ ਤੇ ਉਸਾਰੂ ਕਰਨ ਦਾ ਉਤਸ਼ਾਹ।
ਜੀਵਨ ਦਾ ਆਖਰੀ ਸਫਰ ਵੀ ਅੱਗ ਤੋਂ ਬਗੈਰ ਅਪੂਰਨ। ਬਲਦੇ ਸਿਵੇ ਦਾ ਸੇਕ ਜਦ ਮਨੁੱਖ ਦੀ ਰੂਹ ਨੂੰ ਛੂੰਹਦਾ ਤਾਂ ਮਨੁੱਖ ਆਖਰੀ ਸੱਚ ਦੇ ਰੂਬਰੂ ਹੁੰਦਾ। ਅਗਨੀ ਵਿਚ ਸੜ ਕੇ ਪੰਜ ਭੂਤਕ ਸਰੀਰ ਸਵਾਹ ਬਣ, ਮਨੁੱਖੀ ਸੋਚ ਦੇ ਨਾਂਵੇਂ ਇਹ ਸੁਨੇਹਾ ਧਰਦਾ ਕਿ ਐ! ਮਨੁੱਖ ਅਜਿਹਾ ਕਰ ਕਿ ਤੇਰਾ ਮਰਨਾ, ਚਿਰੰਜੀਵ ਜਿਉਣਾ ਬਣ ਜਾਵੇ। ਕਿਧਰੇ ਅਜਿਹਾ ਨਾ ਹੋਵੇ ਕਿ ਤੇਰਾ ਜਿਉਣਾ ਵੀ ਮਰਨ ਬਰਾਬਰ ਹੋਵੇ।
ਅੱਗ ਦੇ ਕਲੀਰੇ ਪਹਿਨ ਉਚੀ ਹੇਕ ਲਾਉਂਦੇ, ਮਾਣਮੱਤੇ ਮਰਤਬੇ ਨੂੰ ਪਾਉਣ ਲਈ, ਸੂਲੀ ਚੁੰਮਦੇ ਸ਼ਖਸ ਨੂੰ ਤੱਕ ਕੇ ਮੌਤ ਵੀ ਸਹਿਮ ਜਾਂਦੀ।
ਅੱਗ ਦੀਆਂ ਪੂਣੀਆਂ ਕੱਤਣ ਵਾਲੇ ਲੋਕਾਂ ਲਈ ਦਿਨ ਤੇ ਰਾਤ ਵਿਚਲਾ ਅੰਤਰ ਮਿੱਟ ਜਾਂਦਾ। ਉਹ ਆਪਣੇ ਅੰਤਰੀਵ ਵਿਚੋਂ ਨਿਰੰਤਰ ਸਾਧਨਾ-ਸਫਰ ਦਾ ਅਜਿਹਾ ਬਿੰਬ ਬਣ ਜਾਂਦੇ ਕਿ ‘ਵਾ ਨੂੰ ਸਾਹ ਲੈਣ ਲਈ ਅਜਿਹੇ ਲੋਕਾਂ ਦੀ ਅਧੀਨਗੀ ਕਬੂਲਣੀ ਪੈਂਦੀ।
ਅੱਗ ਦੇ ਰਾਹਾਂ ਵਿਚ ਔਕੜਾਂ, ਕਠਿਨਾਈਆਂ ਅਤੇ ਪੀੜਾਂ ਦਾ ਵਸੇਬਾ। ਹੌਕੇ, ਹਾਵਿਆਂ, ਹੰਝੂਆਂ ਅਤੇ ਹਟਕੋਰਿਆਂ ਦੀ ਰਾਗਮਾਲਾ। ਸੋਗ, ਸੰਤਾਪ ਅਤੇ ਸੁੰਨ ਦਾ ਵਾਸ।
ਅੱਗ, ਹਰਫ ਤੇ ਬੋਲਾਂ ਦੀ ਵਾਰਤਾਲਾਪ, ਮਨੁੱਖੀ ਇਤਿਹਾਸ ਦਾ ਅਜਿਹਾ ਸ਼ਿਲਾਲੇਖ ਜਿਸ ਦੇ ਸਤੰਭਾਂ ਵਿਚ ਖਾਮੋਸ਼ ਹੋ ਗਏ ਬੀਤੇ ਹੋਏ ਪਲ, ਘਟਨਾਵਾਂ ਦੇ ਪਾਤਰ ਅਤੇ ਹੋਠਾਂ ‘ਤੇ ਮਰ ਮਿਟੀ ਹੂਕ। ਦਰਦਮੰਦਾਂ ਦੀਆਂ ਆਹੀਂ ਸੁਣਨ ਲਈ ਅੱਗ ਦਾ ਦਰਿਆ ਪਾਰ ਕਰਨਾ ਪੈਂਦਾ।
ਸੁਪਨਿਆਂ ਦਾ ਸੱਚ ਸਿਰਜਣ ਲਈ ਜਰੂਰੀ ਹੈ ਕਿ ਸਾਡੇ ਅੰਦਰਲੀ ਅੱਗ ਦਾ ਸੇਕ ਅਤੇ ਚਾਨਣ, ਬਾਹਰਲੀ ਅੱਗ ਨਾਲੋਂ ਜ਼ਿਆਦਾ ਹੋਵੇ ਕਿਉਂਕਿ ਸੇਕ ਅਤੇ ਚਾਨਣ ਹਮੇਸ਼ਾ ਬਹੁਤਾਤ ਤੋਂ ਘਾਟ ਵੱਲ ਜਾਂਦੇ।
ਟਟਹਿਣਾ ਆਪਣੇ ਅੰਦਰਲੀ ਅੱਗ ਦੇ ਚਾਨਣ ਸਦਕਾ ਘੁੱਪ ਹਨੇਰਿਆਂ ਨਾਲ ਆਢਾ ਲਾਉਂਦਾ, ਆਪਣੀ ਹੋਂਦ ਨੂੰ ਉਜਾਗਰ ਕਰਦਾ। ਉਸ ਨੂੰ ਇਸ ਗੱਲ ਦਾ ਸ਼ਰਫ ਹੁੰਦਾ ਕਿ ਕੀ ਹੋਇਆ ਜੇ ਉਹ ਇਕੱਲਾ ਹੈ। ਪਰ ਉਸ ਨੇ ਹਨੇਰਿਆਂ ਨੂੰ ਪਿੱਠ ਨਹੀਂ ਦਿਖਾਈ ਸਗੋਂ ਯੁੱਧ ਕਰਦਿਆਂ ਸ਼ਹਾਦਤ ਦਿੱਤੀ ਏ।
ਮਨੁੱਖ ਦੀ ਇਹ ਅੰਦਰਲੀ ਅੱਗ ਹੀ ਹੁੰਦੀ ਜਿਹੜੀ ਉਸ ਦੇ ਮਸਤਕ ਵਿਚ ਬਲਦੀ, ਨਵੀਂ ਸੋਚ-ਸਾਧਨਾ ਅਤੇ ਸਫਲ-ਸਿਰਨਾਂਵੇਂ ਦਾ ਸਬੱਬ ਬਣਦੀ।
ਕਾਲੇ ਸਮਿਆਂ ਵਿਚ ਅੱਖਾਂ ਵਿਚੋਂ ਵਰ੍ਹਦੀ ਅੱਗ, ਬੋਲਾਂ ਵਿਚ ਹੋ ਰਹੀ ਅੱਗ ਦੀ ਬਾਰਸ਼ ਤੇ ਚੌਗਿਰਦੇ ਵਿਚ ਚੱਲ ਰਹੇ ਅਗਨ ਬਾਣਾਂ ਨੂੰ ਪੜ੍ਹਨ ਤੇ ਸਮਝਣ ਵਾਲੇ ਇਤਿਹਾਸ ਦੇ ਵਰਕਿਆਂ ਦਾ ਸਦੀਵ ਹਾਸਲ।
ਆਪਣੀ ਸੋਚ ਅਤੇ ਕਰਮ ਦੀ ਅਗਨੀ ਨੂੰ ਕਦੇ ਵੀ ਠੰਢਾ ਨਾ ਹੋਣ ਦਿਓ। ਜੀਵਨੀ ਕਰਮਸ਼ੀਲਤਾ ਅਤੇ ਨਿਰੰਤਰਤਾ ਲਈ ਜਰੂਰੀ ਹੈ ਕਿ ਤੁਹਾਡੇ ਅੰਦਰਲੀ ਚੰਗਿਆੜੀ ਮਘਦੀ ਰਹੇ।
ਅੱਗ ਨਾਲ ਨਾ ਖੇਡੋ ਕਿਉਂਕਿ ਅੱਗ ਦਾ ਨਹੀਂ ਕੋਈ ਵਸਾਹ ਤੇ ਨਹੀਂ ਕਰਦੀ ਕਿਸੇ ਦਾ ਲਿਹਾਜ਼। ਇਸ ਦੀ ਲਪੇਟ ਵਿਚ ਆਇਆ ਮਨੁੱਖ ਪਲ ‘ਚ ਹੀ ਬਣ ਜਾਂਦਾ ਸਵਾਹ ਦੀ ਢੇਰੀ।
ਵਕਤ ਦੀ ਕੇਹੀ ਮਾਰ ਵੱਗੀ ਕਿ ਸਿਰਫ ਨੂੰਹਾਂ ਹੀ ਅੱਗ ਦੀ ਮਾਰ ਹੇਠ ਆ, ਜੀਵਨ ਤੋਂ ਹੱਥ ਧੋ ਬਹਿੰਦੀਆਂ ਨੇ। ਪਤਾ ਨਹੀਂ ਕਿਉਂ ਅੱਗ ਧੀਆਂ ਨੂੰ ਕੁਝ ਨਹੀਂ ਕਹਿੰਦੀ। ਨੂੰਹਾਂ ਵੀ ਆਖਰ ਕਿਸੇ ਦੀਆਂ ਧੀਆਂ ਨੇ।
ਅੰਤਰੀਵ ਵਿਚ ਸਵੈ-ਸੰਵਾਦ ਦੀ ਅਗਨੀ ਬਾਲੋ। ਇਹ ਤੁਹਾਨੂੰ ਕੁਝ ਨਹੀਂ ਕਹੇਗੀ ਪਰ ਜੋ ਤੁਸੀਂ ਨਹੀਂ ਹੋ, ਉਸ ਨੂੰ ਸਾੜ ਕੇ ਸਵਾਹ ਕਰ ਦੇਵੇਗੀ। ਵੈਸੇ ਵੀ ਸਵੈ ਦੀ ਅੱਗ ਵਿਚ ਸੜਨ ਨਾਲੋਂ ਬਿਹਤਰ ਹੁੰਦਾ ਏ, ਉਨ੍ਹਾਂ ਵਿਚਾਰਾਂ ਨੂੰ ਸਾੜੋ ਜੋ ਤੁਹਾਡੇ ਮੱਥੇ ‘ਤੇ ਨਮੋਸ਼ੀ ਚਿਪਕਾਉਂਦੇ ਨੇ।
ਗਿਆਨ, ਵਿਦਿਆ, ਬਜ਼ੁਰਗਾਂ ਦੀਆਂ ਨਸੀਹਤਾਂ, ਅਧਿਆਪਕਾਂ ਦੀਆਂ ਨੇਕ ਸਲਾਹਾਂ ਅਤੇ ਸਾਥੀਆਂ ਦਾ ਗਿਆਨ-ਗੋਸ਼ਟ ਦਰਅਸਲ ਤੁਹਾਡੇ ਅੰਦਰਲੀ ਬੁਝ ਚੁਕੀ ਅੱਗ ਨੂੰ ਚੁਆਤੀ ਲਾਉਣ ਦਾ ਕਾਰਜ ਕਰਦੇ। ਤੁਹਾਡੇ ਅੰਦਰ ਨੂੰ ਚਾਨਣ ਅਤੇ ਨਿੱਘ ਨਾਲ ਭਰ ਵਿਅਕਤਿਤਵ ਨੂੰ ਮਾਣਮੱਤਾ ਬਣਾਉਂਦੇ।
ਯੱਖ ਮੌਸਮਾਂ, ਕਾਲੇ ਪੈਂਡਿਆਂ, ਹਨੇਰੀਆਂ ਕੰਦਕਾਂ, ਮੱਸਿਆ ਦੀਆਂ ਰਾਤਾਂ ਵਿਚ ਤੁਰਨ ਅਤੇ ਅਗਵਾਈ ਲਈ ਸੋਚ-ਅੱਗ ਦੀ ਉਂਗਲ ਫੜਨਾ ਬਹੁਤ ਜਰੂਰੀ।
ਪਿਆਰ ਦੀ ਅੱਗ, ਦੋ ਰੂਹਾਂ ਦਾ ਮਿਲਾਪ। ਵਿਛੋੜੇ ਦੀ ਅੱਗ, ਮਿਲਾਪ ਲਈ ਪੈਦਾ ਹੋਈ ਕਸ਼ਿਸ਼। ਵਸਲ ਦੀ ਅਗਨੀ, ਦੋ ਜਿਸਮ ਇਕ ਜਾਨ ਹੋਣ ਦਾ ਸੰਕਲਪ।
ਮਨੁੱਖ ਵੀ ਕੇਹਾ ਜੀਵ ਏ ਕਿ ਉਪਰ ਅੰਬਰ ‘ਤੇ ਅਗਨ-ਵਰੇਸ ਵਿਚ ਲੱਖਾਂ ਕਰੋੜਾਂ ਤਾਰੇ, ਸੂਰਜ, ਪੈਰਾਂ ਹੇਠ ਧਰਤ ਦੇ ਗਰਭ ਦਾ ਅਗਨ ਕੁੰਡ। ਮਨੁੱਖੀ ਅੱਗ, ਦੋਹਾਂ ਦੇ ਸਾਂਵੇਪਣ ਦੀ ਗਵਾਹ। ਫਿਰ ਭਲਾ! ਮਨੁੱਖ ਦੀ ਹੋਂਦ, ਅੱਗ ਤੋਂ ਬਗੈਰ ਕਿਵੇਂ ਸੰਭਵ ਏ?
‘ਮੈਂ ਅੱਗ ਤੁਰੀ ਪਰਦੇਸ ਵੇ ਲੋਕੋ’ ਦਾ ਹੋਕਰਾ ਲਾਉਣ ਵਾਲਾ ਸ਼ਿਵ ਕੁਮਾਰ, ਲੂਣਾ ਦੀ ਵੇਦਨਾ ਸਮਿਆਂ ਦੇ ਨਾਮ ਕਰ, ਬੇਜੋੜ ਰਿਸ਼ਤਿਆਂ ਦੇ ਗਰਭ ਵਿਚ ਅਜਿਹੇ ਪ੍ਰਸ਼ਨ ਧਰ ਗਿਆ ਕਿ ਆਉਣ ਵਾਲੀਆਂ ਨਸਲਾਂ ਇਸ ਪ੍ਰਸ਼ਨ ਦੇ ਜਵਾਬ ਵਿਚੋਂ ਖੁਦ ਨੂੰ ਪ੍ਰਤੀਬਿੰਬਤ ਕਰਦੀਆਂ ਸਮਾਜਕ ਅਣਹੋਣੀਆਂ ਪ੍ਰਤੀ ਸੰਜੀਦਾ ਹੋਣ।
ਮਾਂਗਵੇਂ ਸੇਕ ਨਾਲ ਅਸੀਂ ਕੁਝ ਦੇਰ ਤੀਕ ਹੀ ਨਿੱਘੇ ਰਹਿ ਸਕਦੇ। ਪਰ ਜਦ ਅਸੀਂ ਆਪਣੇ ਅੰਦਰ ਅੱਗ ਬਾਲਦੇ ਤਾਂ ਫਿਰ ਸਾਰੀ ਉਮਰ ਹੀ ਨਿੱਘ ਦਾ ਸਾਥ ਮਾਣਦੇ। ਖੁਦ ਨੂੰ ਬਾਲ ਕੇ ਆਪਾ ਸੇਕੋ, ਤੁਹਾਡੇ ਪੈਰਾਂ ਵਿਚ ਚਾਨਣ ਅਤੇ ਪਿੰਡੇ ਵਿਚ ਨਿੱਘ ਪੈਦਾ ਹੋਵੇਗਾ।
ਅੱਗ ਦੇ ਬਸਤਰ ਤੇ ਅੱਗ ਦੇ ਗਹਿਣੇ, ਅੱਗ ਹੀ ਹੁੰਦੀ ਪੱਤ ਵੇ ਬੀਬਾ। ਅੱਗ ਨੂੰ ਸਾਰੇ ਪਾਸਿਉਂ ਤੱਕ ਕੇ, ਅੱਗ ਨੂੰ ਘੇਰਾ ਘੱਤ ਵੇ ਬੀਬਾ। ਅੱਗ ਦਾ ਹਾਣ ਹੀ ਅੱਗ ਨੂੰ ਮਾਣੇ, ਅੱਗ ਦਾ ਇਹੋ ਸੱਤ ਵੇ ਬੀਬਾ। ਅੱਗ ਦੇ ਵਿਹੜੀਂ, ਅੱਗਾਂ ਵਾਲਿਓ, ਅੱਗ ਹੀ ਘਰ ਦਾ ਜੱਤ ਵੇ ਬੀਬਾ। ਅੱਗ ਹੀ ਹੁੰਦੀ ਸਿਰ ਦਾ ਕੱਜਣ, ਅੱਗ ਨੂੰ ਮਾਰ ਨਾ ਲੱਤ ਵੇ ਬੀਬਾ। ਅੱਗ ਦੀ ਵਹਿੰਗੀ ਢੋਂਦਿਆਂ ਢੋਂਦਿਆਂ, ਅੱਗ ਜਿਹੀ ਹੋ ਜੇ ਮੱਤ ਵੇ ਬੀਬਾ। ਅੱਗ ਨੂੰ ਆਪਣੀ ਰੂਹ ਬਣਾਓ, ਅੱਗ ਹੀ ਜੀਵਨ-ਤੱਤ ਵੇ ਬੀਬਾ।
ਅੱਗ ਨੂੰ ਸੁੱਚਮ ਵਿਚ ਹੰਢਾਉਣ, ਉਤਮ ਰੂਪ ਵਿਚ ਅਪਨਾਉਣ ਅਤੇ ਇਸ ਦੀ ਸੂਖਮਤਾ ਤੇ ਸੁੰਦਰਤਾ ਵਿਚੋਂ ਖੁਦ ਨੂੰ ਉਲਥਾਉਣ ਵਾਲੇ ਲੋਕ ਹੀ ਜੀਵਨ-ਮਾਰਗ ਦੇ ਹਸਤਾਖਰ। ਉਨ੍ਹਾਂ ਦੇ ਮੱਥਿਆਂ ਵਿਚ ਬਲਦੇ ਦੀਵੇ, ਅੰਧਕਾਰ ਵਿਚ ਚਾਨਣ ਦਾ ਵਣਜ।
ਕਦੇ ਕਦਾਈਂ ਅਜਿਹਾ ਵਣਜ ਜਰੂਰ ਕਰਨਾ, ਚਾਨਣ ਧੋਤੀਆਂ ਰਾਹਾਂ ਸਦਾ ਲਈ ਸ਼ੁਕਰਗੁਜ਼ਾਰ ਰਹਿਣਗੀਆਂ।