ਗੱਲੀਂ ਅਸੀਂ ਚੰਗੀਆਂ ਆਚਾਰੀ ਬੁਰੀਆਂ

ਇੰਡੀਆਨਾ ਦੇ ਗੁਰਦੁਆਰਾ ਗਰੀਨਵੁਡ ਵਿਚ ਜੋ ਕੁਝ ਵਾਪਰਿਆ, ਉਸ ਨੇ ਸੱਚਮੁੱਚ ਹੀ ਆਮ ਸਿੱਖ ਨੂੰ ਹਲੂਣ ਕੇ ਰੱਖ ਦਿੱਤਾ ਹੈ ਕਿ ਆਪਸੀ ਧੜੇਬੰਦੀ ਦੀ ਲੜਾਈ ਵਿਚ ਸਾਡੇ ਮੋਹਤਬਰ ਗੁਰੂ ਦੀ ਮਾਣ ਮਰਿਆਦਾ ਨੂੰ ਵੀ ਕਿਵੇਂ ਭੁੱਲ ਜਾਂਦੇ ਹਨ। ਗੁਰੂ ਦੀ ਹਾਜਰੀ ਵਿਚ ਇਕ ਦੂਜੇ ਨੂੰ ਮੰਦਾ ਬੋਲਦੇ ਹਨ ਅਤੇ ਦਸਤਾਰ ਲਾਹੁਣ ਤੱਕ ਜਾਂਦੇ ਹਨ। ਉਂਜ ਇਹ ਵਰਤਾਰਾ ਕਿਸੇ ਇਕ ਗੁਰੂ ਘਰ ਦਾ ਨਹੀਂ। ਧੜੇਬੰਦੀ ਤੋਂ ਉਪਰ ਉਠ ਕੇ ਸੋਚਿਆ ਜਾਵੇ ਤਾਂ ਕੀ ਇਹ ਸਭ ਸਾਡੀ ਵਿਲੱਖਣ ਪਛਾਣ ਬਣਾਉਂਦਾ ਹੈ ਜਾਂ ਫਿਰæææ? ਇਹ ਕੁਝ ਸਵਾਲ ਹਨ ਜੋ ਇਸ ਲੇਖ ਵਿਚ ਚਰਨਜੀਤ ਸਿੰਘ ਸਾਹੀ ਨੇ ਉਠਾਏ ਹਨ।

-ਸੰਪਾਦਕ

ਚਰਨਜੀਤ ਸਿੰਘ ਸਾਹੀ
ਫੋਨ: 317-430-6545

ਲੰਘੀ 14 ਅਪਰੈਲ ਵਿਸਾਖੀ ਵਾਲੇ ਦਿਨ ਕੁੱਲ ਸੰਸਾਰ ਵਿਚ ਸਿੱਖ ਖਾਲਸੇ ਦਾ ਸਾਜਨਾ ਦਿਵਸ ਮਨਾ ਰਹੇ ਸਨ ਤੇ ਕਈ ਥਾਂਈਂ ਗੈਰ ਸਿੱਖਾਂ ਦੇ ਸਿਰਾਂ ‘ਤੇ ਵੀ ਦਸਤਾਰਾਂ ਸਜਾ ਕੇ ਸਿੱਖੀ ਤੇ ਦਸਤਾਰ ਬਾਰੇ ਪ੍ਰਚਾਰ ਹੋ ਰਿਹਾ ਸੀ। ਇਸੇ ਤਰ੍ਹਾਂ ਹੀ ਇੰਡੀਅਨਐਪੋਲਿਸ ਦੇ ਡਾਊਨਟਾਊਨ ਵਿਚ ਲੋਕਾਂ ਦੇ ਸਿਰਾਂ ‘ਤੇ ਦਸਤਾਰਾਂ ਸਜਾ ਕੇ ਸਿੱਖੀ ਤੇ ਦਸਤਾਰ ਦੀ ਮਹੱਤਤਾ ਦੱਸੀ ਗਈ। ਦੂਜੇ ਪਾਸੇ ਇਸੇ ਸ਼ਹਿਰ ਦੀ ਸਬਰਬ ਗਰੀਨਵੁੱਡ ਵਿਚ 15 ਅਪਰੈਲ, ਐਤਵਾਰ ਨੂੰ ਕੁਝ ਸਿੱਖਾਂ ਵੱਲੋਂ ਇਕ ਦੂਜੇ ਦੇ ਸਿਰਾਂ ਤੋਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਦਸਤਾਰਾਂ ਲਾਹੀਆਂ ਗਈਆਂ ਤੇ ਇਕ ਦੂਜੇ ਵਿਰੁਧ ਗੰਦੀ ਸ਼ਬਦਾਵਲੀ ਵਰਤੀ ਗਈ। ਇਹ ਸਭ ਵੇਖ-ਸੁਣ ਕੇ ਹਰ ਸੂਝਵਾਨ ਸਿੱਖ ਦਾ ਦਿਲ ਦੁਖੀ ਹੋਇਆ ਤੇ ਸ਼ਰਮ ਸਿਰ ਝੁੱਕ ਗਿਆ।
ਗੁਰਦੁਆਰਾ ਗਰੀਨਵੁੱਡ ਦੇ ਦੀਵਾਨ ਹਾਲ ਵਿਚ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਜਿਨ੍ਹਾਂ ਵੀ ਭੁਲੱਕੜ ਸਿੱਖਾਂ ਨੇ ਆਪਣੀ ਹਉਮੈ ਤੇ ਹੰਕਾਰ ਨੂੰ ਪੱਠੇ ਪਾਉਂਦਿਆਂ ਸਿੱਖੀ ਦੇ ਸਰਬੱਤ ਦਾ ਭਲਾ ਮੰਗਣ ਵਾਲੇ ਮੁਢਲੇ ਅਸੂਲਾਂ ਨੂੰ ਛਿੱਕੇ ਟੰਗਿਆ ਅਤੇ ਇਕ ਗਰੁਪ ਨੇ ਦੂਜੇ ਗਰੁਪ ‘ਤੇ ਪੈਪਰ ਸਪਰੇਅ ਤੇ ਕਿਰਪਾਨਾਂ ਨਾਲ ਹਮਲਾ ਕੀਤਾ। ਇਸ ਸਭ ਕਾਸੇ ਦੀ ਵੀਡੀਓæ ਇਥੋਂ ਦੇ ਟੀæ ਵੀæ ਚੈਨਲਾਂ ਨੇ ਵਾਰ ਵਾਰ ਵਿਖਾਈ।
ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਤਿੰਨ ਤਰ੍ਹਾਂ ਦੇ ਸਿੱਖ ਹਨ-ਸਹਿਜਧਾਰੀ, ਕੇਸਾਧਾਰੀ ਤੇ ਖੰਡੇ ਬਾਟੇ ਦੀ ਪਾਹੁਲ ਛਕਣ ਵਾਲੇ ਅੰਮ੍ਰਿਤਧਾਰੀ ਸਿੰਘ। ਅੰਮ੍ਰਿਤ ਛਕ ਕੇ ਸਿੰਘ ਸਜ ਕੇ ਤਾਂ ਆਮ ਮਨੁੱਖ ਨਾਲੋਂ ਜ਼ਿਆਦਾ ਹਲੀਮੀ, ਸਹਿਨਸ਼ੀਲਤਾ ਹੋਣੀ ਚਾਹੀਦੀ ਹੈ। ਗੁਰੂ ਸਾਹਿਬ ਨੇ ਤਾਂ ਜਖਮੀ ਦੁਸ਼ਮਣ ਦੀ ਵੀ ਮੱਲਮਪੱਟੀ ਕਰਨ ਦਾ ਸਿੱਖੀ ਸਿਧਾਂਤ ਬਖਸ਼ਿਆ ਹੈ, ਪਰ ਜੋ ਵੀ ਵਰਤਾਰਾ ਉਸ ਦਿਨ ਗੁਰੂ ਘਰ ਦੇ ਹਾਲ ਵਿਚ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਵਰਤਿਆ, ਬਿਲਕੁਲ ਸਿੱਖੀ ਸਿਧਾਂਤਾਂ ਦੇ ਉਲਟ ਹੈ।
ਇਹ ਕਿਸ ਤਰ੍ਹਾਂ ਦੇ ਸਿੱਖ ਹਨ? ਜਦੋਂ ਕੋਈ ਸੰਗਤ ਵਿਚੋਂ ਗਲਤੀ ਨਾਲ ਸਿਰ ਢੱਕਣਾ ਭੁੱਲ ਜਾਵੇ ਜਾਂ ਜੁਰਾਬਾਂ ਸਣੇ ਦੀਵਾਨ ਹਾਲ ਵਿਚ ਦਾਖਲ ਹੋ ਜਾਵੇ ਤਾਂ ਇਹੀ ਸਿੱਖ ਅਸਮਾਨ ਸਿਰ ‘ਤੇ ਚੁੱਕ ਲੈਂਦੇ ਹਨ ਪਰ ਉਸ ਵਕਤ ਇਨ੍ਹਾਂ ਨੂੰ ਭੋਰਾ ਵੀ ਸ਼ਰਮ ਨਾ ਆਈ ਤੇ ਇਨ੍ਹਾਂ ਦੀ ਜ਼ਮੀਰ ਮਰ ਗਈ ਜਦੋਂ ਪੁਲਿਸ ਸਣੇ ਜੁੱਤੀਆਂ ਦਰਬਾਰ ਹਾਲ ਵਿਚ ਮਹਾਰਾਜ ਦੀ ਹਜ਼ੂਰੀ ‘ਚ ਇਨ੍ਹਾਂ ਨੂੰ ਖਦੇੜਦੀ ਨਜ਼ਰ ਆਈ।
ਅਸੀਂ ਸਾਰੇ ਆਪਣੇ ਬੱਚਿਆਂ ਨੂੰ ਬੜੀ ਮੁਸ਼ਕਿਲ ਨਾਲ ਸਿੱਖ ਧਰਮ ਦੇ ਮਾਣਮੱਤੇ ਇਤਿਹਾਸ ਬਾਰੇ ਦੱਸ ਦੱਸ ਕੇ ਗੁਰੂ ਘਰ ਆਉਣ ਲਈ ਪ੍ਰੇਰਦੇ ਹਾਂ ਪਰ ਜਦੋਂ ਸਾਡੀ ਇਹ ਸੱਚਾਈ ਇਥੋਂ ਦੇ ਜੰਮੇ ਪਲੇ ਬੱਚਿਆਂ ਦੇ ਸਾਹਮਣੇ ਆਉਂਦੀ ਹੈ ਤਾਂ ਉਹ ਕਿਉਂ ਗੁਰੂ ਘਰਾਂ ਵਿਚ ਆਉਣਗੇ? ਅਸੀਂ ਆਪਣੀਆਂ ਇਨ੍ਹਾਂ ਕੋਝੀਆਂ ਹਰਕਤਾਂ, ਜੋ ਸਾਡੇ ਸਿੱਖੀ ਸਿਧਾਂਤਾਂ ਤੋਂ ਬਿਲਕੁਲ ਉਲਟ ਹਨ, ਨਾਲ ਆਪਣੇ ਬੱਚਿਆਂ ਨੂੰ ਆਪਣੇ ਧਰਮ ਤੋਂ ਖੁਦ ਦੂਰ ਕਰ ਰਹੇ ਹਾਂ। ਸਮਝ ਨਹੀਂ ਆਉਂਦੀ ਕਿ ਅਸੀਂ ਗੁਰੂ ਘਰਾਂ ਵਿਚ ਇਕ ਦੂਜੇ ਕੋਲੋਂ ਕਿਹੜਾ ਮੈਦਾਨ ਜਿੱਤਣਾ ਹੈ? ਇਸ ਮੰਦਭਾਗੀ ਘਟਨਾ ਦੀ ਜਿੰਨੀ ਵੀ ਨਿਖੇਧੀ ਕੀਤੀ ਜਾਵੇ, ਥੋੜ੍ਹੀ ਹੈ। ਬਾਕੀ ਪੁਲਿਸ ਤੇ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ, ਜਿਨ੍ਹਾਂ ਦੀ ਵੀ ਗਲਤੀ ਹੋਵੇ, ਕਾਨੂੰਨ ਮੁਤਾਬਕ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਕਿ ਕੁੱਲ ਸੰਸਾਰ ਦਾ ਭਲਾ ਮੰਗਣ ਵਾਲੇ ਸਿੱਖੀ ਸਿਧਾਂਤਾਂ ਦੇ ਉਲਟ ਮੁੜ ਕੋਈ ਐਸਾ ਕਾਰਾ ਕਰਨ ਦਾ ਹੀਆ ਨਾ ਕਰ ਸਕੇ।
ਜਦੋਂ ਕਈ ਗੁਰੂ ਘਰਾਂ ਵਿਚ ਕਿਹਾ ਜਾਂਦਾ ਹੈ ਕਿ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਸਾਰੇ ਮੈਂਬਰ ਅੰਮ੍ਰਿਤਧਾਰੀ ਹੋਣ ਤਾਂ ਬੜੀ ਹੈਰਾਨੀ ਹੁੰਦੀ ਹੈ। ਇਨ੍ਹਾਂ ਨੂੰ ਕੋਈ ਪੁੱਛੇ, ਅੱਜ ਤੋਂ ਤੀਹ-ਪੈਂਤੀ ਸਾਲ ਜਾਂ ਉਸ ਤੋਂ ਵੀ ਪਹਿਲਾਂ ਜਦੋਂ ਕੇਸਾਧਾਰੀ ਤੇ ਕਲੀਨਸ਼ੇਵ ਸਿੱਖਾਂ ਨੇ ਬੜੀ ਸ਼ਰਧਾ ਤੇ ਕਈ ਮੁਸ਼ਕਿਲਾਂ ਝੱਲਦਿਆਂ ਇਥੋਂ ਤੱਕ ਕਈ ਥਾਂਵਾਂ ਤੇ ਆਪਣੇ ਘਰਾਂ ਉਤੇ ਲੋਨ ਚੁੱਕ ਕੇ ਗੁਰਦੁਆਰਾ ਸਾਹਿਬਾਨ ਦੀ ਉਸਾਰੀ ਤੇ ਸੇਵਾ ਕੀਤੀ, ਕੀ ਉਨ੍ਹਾਂ ਨੂੰ ਆਪਣੇ ਸਿੱਖ ਧਰਮ ਤੇ ਗੁਰੂ ਨਾਲ ਪਿਆਰ ਨਹੀਂ ਸੀ? ਅੱਜ ਕੁਝ ਸਿੱਖ ਇਸ ਸੁਖਾਵੇਂ ਮਾਹੌਲ ਵਿਚ ਇਹ ਸ਼ਰਤਾਂ ਲਾਉਂਦੇ ਹਨ ਤਾਂ ਸਮਝ ਤੋਂ ਬਾਹਰ ਹੈ। ਜੇ ਇਨ੍ਹਾਂ ‘ਤੇ ਗੁਰੂ ਦੀ ਅਪਾਰ ਕਿਰਪਾ ਹੋਈ ਅੰਮ੍ਰਿਤ ਛੱਕਣ ਦੀ ਤਾਂ ਇਹ ਭਾਗਾਂ ਵਾਲੇ ਹਨ, ਇਨ੍ਹਾਂ ਨੂੰ ਬਹੁਤ ਬਹੁਤ ਮੁਬਾਰਕ। ਕਿਉਂ ਨਹੀਂ ਇਹ ਸਿੰਘ ਪਿਆਰ ਤੇ ਆਪਣੇ ਚੰਗੇ ਰਸੂਖ ਦੀ ਮਿਸਾਲ ਪੈਦਾ ਕਰਕੇ ਗੈਰ ਅੰਮ੍ਰਿਤਧਾਰੀ ਸਿੱਖਾਂ ਨੂੰ ਪ੍ਰੇਰਦੇ? ਉਨ੍ਹਾਂ ‘ਤੇ ਵੀ ਗੁਰੂ ਦੀ ਕ੍ਰਿਪਾ ਹੋ ਜਾਵੇ, ਉਹ ਵੀ ਅੰਮ੍ਰਿਤ ਛਕ ਲੈਣ ਤਾਂ ਇਸ ਤੋਂ ਵਧੀਆ ਕੋਈ ਗੱਲ ਨਹੀਂ, ਪਰ ਧੱਕਾ ਨਹੀਂ। ਗੁਰੂ ਤਾਂ ਨਿਮਰਤਾ, ਦਯਾ ਸਿਖਾਉਂਦਾ ਹੈ।
ਅਜਿਹਾ ਪਹਿਲੀ ਵਾਰ ਨਹੀਂ ਹੋਇਆ, ਪਹਿਲਾਂ ਵੀ ਇਹ ਦੁਖਾਂਤ ਕਈ ਗੁਰੂ ਘਰਾਂ ਵਿਚ ਵਾਪਰ ਚੁਕਾ ਹੈ। ਗੁਰੂ ਦੇ ਗਿਆਨ ਤੋਂ ਵਿਹੂਣੇ ਤੇ ਚੌਧਰ ਦੇ ਭੁੱਖੇ ਲੋਕ ਚੰਗੇ ਭਲੇ ਗੁਰੂ ਘਰਾਂ ਦੇ ਚੱਲ ਰਹੇ ਪ੍ਰਬੰਧ ਵਿਚ ਜੋ ਵੀ ਲੱਤਾਂ ਅੜਾ ਵਿਘਨ ਪਾਉਂਦੇ ਹਨ ਤੇ ਆਪਣੀ ਈਨ ਮੰਨਵਾਉਣ ਲਈ ਹੁੱਲੜਬਾਜ਼ੀ ਕਰਦੇ ਹਨ, ਉਹ ਗੁਰੂ ਦੀ ਸਿੱਖੀ ਤੋਂ ਕੋਹਾਂ ਦੂਰ ਹਨ, ਜਦਕਿ ਆਮ ਸੰਗਤ ਗੁਰੂ ਘਰ ਵਿਚ ਇਥੋਂ ਦੀ ਮਿਹਨਤ ਤੇ ਹਫਤੇ ਭਰ ਦੀ ਭੱਜ-ਦੌੜ ਦੀ ਜ਼ਿੰਦਗੀ ਵਿਚੋਂ ਇਕ ਦਿਨ ਕੱਢ ਕੇ ਸ਼ਰਧਾ ਨਾਲ ਮਨ ਦੀ ਸ਼ਾਂਤੀ ਲਈ ਗੁਰੂ ਦੇ ਚਰਨਾਂ ਵਿਚ ਸੀਸ ਨਿਵਾਉਣ ਆਉਂਦੀ ਹੈ, ਪਰ ਕੁਝ ਚੌਧਰੀ ਸੰਗਤ ਵੱਲੋਂ ਆਪਣੀ ਨੇਕ ਕਮਾਈ ਵਿਚੋਂ ਦਿੱਤੇ ਹੋਏ ਡਾਲਰਾਂ ਨੂੰ ਕੋਰਟਾਂ ਕਚਹਿਰੀਆਂ ਵਿਚ ਆਪਣੀ ਚੌਧਰ ਨੂੰ ਕਾਇਮ ਰੱਖਣ ਲਈ ਅਜਾਈਂ ਰੋੜ੍ਹਨ ਤੋਂ ਵੀ ਗੁਰੇਜ਼ ਨਹੀਂ ਕਰਦੇ।
ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਸੁਚੇਤ ਹੋਣ ਦੀ ਲੋੜ ਹੈ। ਧੜਾ ਭਾਵੇਂ ਕੋਈ ਵੀ ਹੋਵੇ, ਅਜਿਹੇ ਚੌਧਰੀਆਂ ਨੂੰ ਪਛਾਣ ਕੇ ਗੁਰੂ ਘਰਾਂ ਦੀਆਂ ਕਮੇਟੀਆਂ ਵਿਚੋਂ ਲਾਂਭੇ ਕੀਤਾ ਜਾਵੇ ਤਾਂਕਿ ਗੁੱਟਬੰਦੀ ਤੋਂ ਉਤਾਂਹ ਉਠ ਕੇ ਸੁਚੱਜੇ ਢੰਗ ਨਾਲ ਗੁਰੂ ਘਰਾਂ ਦੇ ਪ੍ਰਬੰਧ ਚੱਲ ਸਕਣ ਤੇ ਸੰਗਤ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕੇ। ਅਸੀਂ ਭਾਗਾਂ ਵਾਲੇ ਹਾਂ, ਸਾਨੂੰ ਅਜਿਹੇ ਦੇਸ਼ ਵਿਚ ਵੱਸਣ ਦਾ ਮੌਕਾ ਮਿਲਿਆ, ਜਿੱਥੇ ਸਾਨੂੰ, ਸਾਡੇ ਆਪਣੇ ਕਹੇ ਜਾਣ ਵਾਲੇ ਦੇਸ਼ ਨਾਲੋਂ ਵੀ ਵੱਧ ਧਾਰਮਿਕ ਆਜ਼ਾਦੀ ਹੈ। ਇਹ ਨਾ ਹੋਵੇ ਕਿ ਅਸੀਂ ਆਪਣੇ ਅਜਿਹੇ ਘਿਨਾਉਣੇ ਵਿਖਾਵੇ ਕਰਕੇ ਇਹਨੂੰ ਗਵਾ ਲਈਏ।