ਕਿਰਦਾਰ, ਕੱਕਾਰ ਅਤੇ ਦਸਤਾਰ

ਅਵਤਾਰ ਸਿੰਘ (ਪ੍ਰੋ)
ਫੋਨ: 91-94175-18384
ਸਿੱਖ ਦੀ ਪਛਾਣ ਉਸ ਦਾ ਕਿਰਦਾਰ ਹੈ, ਜੋ ਉਸ ਦੇ ਵਿਹਾਰ ਵਿਚ ਪ੍ਰਗਟ ਹੁੰਦਾ ਹੈ, ਜਿਸ ਦੇ ਸੂਚਕ ਪੰਜ ਕੱਕਾਰ ਹਨ-ਕੰਘਾ, ਕੜਾ, ਕੇਸ, ਕੱਛ ਤੇ ਕਿਰਪਾਨ।
ਦਸਤਾਰ ਸਾਡੇ ਪਹਿਰਾਵੇ ਦਾ ਹਿੱਸਾ ਹੈ; ਪਹਿਰਾਵੇ ਨੂੰ ਮਰਿਆਦਾ ਨਹੀਂ, ਪਰੰਪਰਾ ਜਾਂ ਰਵਾਇਤ ਨਿਰਧਾਰਤ ਕਰਦੀ ਹੈ। ਮਰਿਆਦਾ ਅਬਦਲ ਅਤੇ ਅਟੱਲ ਹੈ; ਪਰੰਪਰਾ ਅਤੇ ਰਵਾਇਤ ਨਿੱਤ ਬਦਲਦੀ ਹੈ।

ਦਰਅਸਲ ਪ੍ਰਕਾਸ਼ ਦਾੜ੍ਹੀ, ਚੋਲਾ ਅਤੇ ਦਸਤਾਰ ਸਿੱਖ ਦੀ ਸ਼ਾਨਾਂਮੱਤੀ ਸੱਭਿਆਚਾਰਕ ਪਛਾਣ ਹੈ, ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਅੱਜ ਤੱਕ ਕਾਇਮ ਹੈ, ਜਿਸ ਦੇ ਬਿਨਾ ਉਥੇ ਭਾਈ ਸਾਹਿਬਾਨ ਦੀ ਹਾਜਰੀ ਦਾ ਤਸੱਵਰ ਤੱਕ ਨਹੀਂ ਕੀਤਾ ਜਾ ਸਕਦਾ।
ਪੁਰਾਣੇ ਸਮਿਆਂ ਵਿਚ ਗੋਲ ਦਸਤਾਰ ਬੰਨ੍ਹੀ ਜਾਂਦੀ ਸੀ, ਜੋ ਹੁਣ ਪਟਿਆਲਾਸ਼ਾਹੀ ਅਰਥਾਤ ਨੋਕਦਾਰ ਹੋ ਗਈ ਹੈ। ਇਸੇ ਤਰ੍ਹਾਂ ਪ੍ਰਕਾਸ਼ ਦਾੜ੍ਹੀ ਨੂੰ ਹੁਣ ਬੰਨ੍ਹਣ ਅਤੇ ਤੁੰਨਣ ਦਾ ਰਿਵਾਜ ਹੈ।
ਰਵਾਇਤ ਹੈ ਕਿ ਪਹਿਲੀ ਵਾਰ ਜਿਸ ਦਿਨ ਮਹਾਰਾਜਾ ਰਣਜੀਤ ਸਿੰਘ ਦੇ ਫਰਜ਼ੰਦ ਮਹਾਰਾਜਾ ਸ਼ੇਰ ਸਿੰਘ ਨੇ ਆਪਣੀ ਦਾੜ੍ਹੀ ਬੰਨ੍ਹੀ ਸੀ, ਉਸ ਦਿਨ ਅਕਾਲ ਤਖਤ ਸਾਹਿਬ ਦੇ ਸਾਹਮਣੇ ਵਾਲਾ ਨਿਸ਼ਾਨ ਸਾਹਿਬ ਸੁੱਕੇ ਅੰਬਰ ਡਿੱਗ ਪਿਆ ਸੀ।
ਇਸ ਨੂੰ ਅਸ਼ੁੱਭ ਅਤੇ ਮੰਦਭਾਗਾ ਅਨੁਮਾਨ ਕੇ ਅਤੇ ਜਥੇਦਾਰ ਦੇ ਆਖਣ ‘ਤੇ ਮਹਾਰਾਜੇ ਨੇ ਨਵਾਂ ਨਿਸ਼ਾਨ ਸਾਹਿਬ ਗਡਵਾ ਦਿੱਤਾ ਸੀ ਅਤੇ ਪੁਰਾਣੇ ਦੀ ਮੁਰੰਮਤ ਕਰਵਾ ਦਿੱਤੀ ਸੀ, ਤਾਂਕਿ ਅਜਿਹਾ ਅਸ਼ੁੱਭ ਸ਼ਗਨ ਚਾਣਚੱਕ ਮੁੜ ਕੇ ਨਾ ਵਾਪਰੇ; ਜੇ ਵਾਪਰੇ ਤਾਂ ਕਮ ਸੇ ਕਮ ਇੱਕ ਨਿਸ਼ਾਨ ਸਾਹਿਬ ਜ਼ਰੂਰ ਕਾਇਮ ਰਹੇ।
ਅਕਾਲ ਤਖਤ ਸਾਹਿਬ ਦੇ ਸਾਹਮਣੇ ਦੋ ਨਿਸ਼ਾਨ ਸਾਹਿਬਾਨ ਦਾ ਇਹੀ ਰਹੱਸ ਹੈ ਅਤੇ ਵੱਡੇ ਛੋਟੇ ਹੋਣ ਦਾ ਕਾਰਨ ਵੀ ਇਹੀ ਹੈ ਕਿ ਨਵਾਂ ਵੱਡਾ ਸੀ ਤੇ ਪੁਰਾਣਾ ਇਸ ਲਈ ਰਤਾ ਛੋਟਾ ਰਹਿ ਗਿਆ ਸੀ, ਕਿਉਂਕਿ ਕੱਟ ਕੇ ਲਾਇਆ ਗਿਆ ਸੀ।
ਸੰਤ ਮੱਤ ਵਾਲੇ ਮੁੱਢ ਤੋਂ ਹੀ ਦਾੜ੍ਹੀ ਬੰਨ੍ਹਣ, ਤੁੰਨਣ ਦਾ ਪਰਹੇਜ਼ ਕਰਦੇ ਹਨ ਅਤੇ ਪਟਿਆਲਾਸ਼ਾਹੀ ਨੋਕਦਾਰ ਦਸਤਾਰ ਨੂੰ ਸਿੱਖੀ ਦਸਤਾਰ ਨਹੀਂ ਕਬੂਲਦੇ। ਕਈ ਤਾਂ ਪਜਾਮੇ/ਪਜਾਮੀ ਨੂੰ ਵੀ ਸਿੱਖੀ ‘ਚ ਖੁਨਾਮੀ ਮੰਨਦੇ ਹਨ ਅਤੇ ਚੋਲੇ ਹੇਠ ਸਿਰਫ ਕਛਹਿਰੇ ਤੱਕ ਸੀਮਤ ਰਹਿੰਦੇ ਹਨ।
ਅਕਾਲੀ ਦਲ ਵਾਲੇ ਪੁਰਾਤਨ ਅਤੇ ਰਵਾਇਤੀ ਗੋਲ ਪੱਗ ਤੋਂ ਪਰਹੇਜ਼ ਕਰਦੇ ਹਨ। ਪੁਰਾਣੇ ਅਕਾਲੀ ਕਮੀਜ਼/ਕੁੜਤਾ, ਕਛਹਿਰਾ ਅਤੇ ਅੰਮ੍ਰਿਤਸਰੀ ਪਜਾਮਾ ਜਾਂ ਚੂੜੀਦਾਰ ਪਜਾਮੀ ਪਹਿਨਦੇ ਸਨ; ਪੈਂਟ-ਸ਼ਰਟ ਨੂੰ ਨੇੜੇ ਨਹੀਂ ਸੀ ਫਟਕਣ ਦਿੰਦੇ।
ਸੰਤ ਫਤਿਹ ਸਿੰਘ ਦਾ ਫੁਰਮਾਨ ਸੀ ਕਿ ਉਸ ‘ਤੇ ਕਦੀ ਯਕੀਨ ਨਾ ਕਰੋ, ਜਿਸ ਦੇ ਪਿੱਛੇ ਖੀਸਾ ਲੱਗਾ ਹੋਵੇ, ਅਰਥਾਤ ਜਿਸ ਨੇ ਪੈਂਟ ਪਾਈ ਹੋਵੇ। ਜਥੇਦਾਰ ਗੁਰਚਰਨ ਸਿੰਘ ਟੌਹੜਾ ਵੇਲੇ ਤੋਂ ਸ਼੍ਰੋਮਣੀ ਕਮੇਟੀ ਦੇ ਕਿਸੇ ਵੀ ਮੁਲਾਜ਼ਮ ਨੂੰ ਗੋਲ ਦਸਤਾਰ ਸਜਾਉਣ ਤੋਂ ਮਨਾਹੀ ਹੈ।
ਢੱਡਰੀਆਂ ਵਾਲੇ ਨੇ ਖੁਦ ਨੂੰ ਸੰਤ ਮੱਤ ਤੋਂ ਅਲਹਿਦਾ ਕਰਨ ਲਈ ਗੋਲ ਦਸਤਾਰ ਦੀ ਥਾਂ ਨੋਕਦਾਰ ਦਸਤਾਰ ਬੰਨ੍ਹਣੀ ਸ਼ੁਰੂ ਕਰ ਲਈ ਹੈ। ਗੋਲ ਅਤੇ ਨੋਕਦਾਰ ਵਿਚੋਂ ਕਿਹੜੀ ਪੱਗ ਸਹੀ ਹੈ ਤੇ ਕਿਹੜੀ ਗਲਤ, ਇਸ ਦੀ ਕਦੀ ਵਿਚਾਰ ਨਹੀਂ ਹੋਈ।
ਮੇਰੇ ਵਿਚਾਰ ਮੁਤਾਬਕ ਸਿੱਖ ਸੱਭਿਆਚਾਰ ਦੀ ਅਸਲ ਪਛਾਣ ਗੋਲ ਦਸਤਾਰ ਹੈ, ਨੋਕਦਾਰ ਨਹੀਂ; ਕਿਉਂਜੁ ਗੁਰੂ ਸਾਹਿਬਾਨ ਅਤੇ ਪੁਰਾਤਨ ਸਿੱਖ ਗੋਲ ਦਸਤਾਰ ਹੀ ਸਜਾਉਂਦੇ ਸਨ।
ਇਹ ਗੱਲ ਵੀ ਵਿਚਾਰਨਯੋਗ ਹੈ ਕਿ ਭਾਈ ਰਣਧੀਰ ਸਿੰਘ ਨੇ ਕਿਸੇ ਮੁਗਾਲਤੇ ਅਧੀਨ ਦਸਤਾਰ ਦੇ ਹੇਠਾਂ ਬੰਨ੍ਹੀ ਜਾਣ ਵਾਲੀ ਨਿੱਕੀ ਦਸਤਾਰ ਨੂੰ ਕੱਕਾਰ ਬਣਾਉਣ ਦੀ ਕੋਸ਼ਿਸ਼ ਕੀਤੀ ਸੀ, ਜੋ ਪੰਥ ਵਲੋਂ ਰਹਿਤ ਮਰਿਆਦਾ ਬਣਾਉਣ ਸਮੇਂ ਅਪ੍ਰਵਾਨ ਕਰ ਦਿੱਤੀ ਗਈ ਸੀ।
ਕਹਿੰਦੇ ਹਨ, ਭਾਈ ਸਾਹਿਬ ਨੇ ਕਿਤੇ ਸੰਗਲੀਦਾਰ ਲਿਖਤ ਵਿਚ Ḕਪੰਜਵੀਂ ਨਿਸ਼ਾਨੀ ਕੇਸ ਕੀḔ ਲਿਖਿਆ ਪੜ੍ਹ ਲਿਆ ਸੀ। ਪੁਰਾਣੀ ਪੰਜਾਬੀ ਵਿਚ ḔਦੀḔ ਨੂੰ ḔਕੀḔ ਕਹਿੰਦੇ ਸਨ। ਉਨ੍ਹਾਂ ਨੇ Ḕਕੇਸ ਕੀḔ ਨੂੰ ḔਕੇਸਕੀḔ ਸਮਝ ਲਿਆ ਸੀ। ਦਲੀਲ ਉਨ੍ਹਾਂ ਨੇ ਇਹ ਬਣਾ ਲਈ ਕਿ ਕੱਕਾਰ ਧਾਰਨ ਕਰਨੇ ਹਨ, ਜਦਕਿ ਕੇਸ ਦੇਹ ਦਾ ਅੰਗ ਹਨ। ਪ੍ਰਚਲਿਤ ਅਤੇ ਪ੍ਰਮਾਣਤ ਕੱਕਾਰ, ਜਟਾਜੂਟ ਅਤੇ ਪ੍ਰਕਾਸ਼ ਦਾੜ੍ਹੇ ਦੇ ਰੂਪ ਵਿਚ ਕੇਸ ਹੀ ਹਨ।
ਪ੍ਰਕਾਸ਼ ਸਿੰਘ ਬਾਦਲ ਅਤੇ ਸੁਰਜੀਤ ਸਿੰਘ ਬਰਨਾਲਾ ਨੇ ਅਕਾਲੀ ਦਲ ਦੇ ਪ੍ਰਧਾਨ ਬਣਨ ਸਮੇਂ ਆਪਣੇ ਬੰਨ੍ਹੇ ਅਤੇ ਤੁੰਨ੍ਹੇ ਦਾਹੜੇ ਪ੍ਰਕਾਸ਼ ਕਰ ਲਏ ਸਨ।
ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਦਾ ਪ੍ਰਧਾਨ ਬਣਨ ਉਪਰੰਤ ਦਾੜ੍ਹੀ ਪ੍ਰਕਾਸ਼ ਕਰਨ ਦੀ ਜਰੂਰਤ ਨਹੀਂ ਸਮਝੀ, ਕਿਉਂਕਿ ਉਸ ‘ਤੇ ਪ੍ਰਕਾਸ਼ ਸਿੰਘ ਬਾਦਲ ਦਾ ਪ੍ਰਕਾਸ਼ ਹੈ; ਪ੍ਰਕਾਸ਼ ਦੇ ਘਰ ਹੋਰ ਪ੍ਰਕਾਸ਼ ਦੀ ਕੀ ਲੋੜ ਹੈ!
ਇਸਲਾਮੀ ਜਗਤ ਵਿਚ ਲਬਾਂ ਕਤਰਨ ਅਤੇ ਸੁੰਨਤ ਦਾ ਧਾਰਮਿਕ ਰਿਵਾਜ ਹੈ। ਸਿੱਖ ਅਖਾਣ ਹੈ, Ḕਸਾਬਤ ਸੂਰਤ ਰਬ ਦੀ ਭੰਨੇ ਬੇਈਮਾਨ।Ḕ ਇਸਲਾਮ ਵਾਲੇ ਅੱਲਾ ਦੀ ਸਾਬਤ ਸੂਰਤ ਅਮਾਨਤ ਵਿਚ ਖਿਆਨਤ ਕਰਦੇ ਹਨ। ਕਿਸੇ ਦੀ ਅਮਾਨਤ ਵਿਚ ਕਿਸੇ ਤਰ੍ਹਾਂ ਵੀ ਖਿਆਨਤ ਕਰਨ ਵਾਲੇ ਨੂੰ ਬੇਈਮਾਨ ਕਿਹਾ ਜਾਂਦਾ ਹੈ।
ਗੁਰਬਾਣੀ ਮੁਤਾਬਕ ਅਜਿਹੇ ḔਬੇਈਮਾਨḔ ਲੋਕ ਲੰਬੇ ਲੰਬੇ ਲਮਕਦੇ ਲੜਾਂ ਵਾਲੀ ਦਸਤਾਰ ਨੂੰ ਆਪਣੀ ਆਨ ਅਤੇ ਸ਼ਾਨ ਸਮਝਦੇ ਹਨ।
ਗੁਰੂ ਸਾਹਿਬ ਦਾ ਫੁਰਮਾਨ ਹੈ, ਆਨ ਅਤੇ ਸ਼ਾਨ ਦੀ ਸੂਚਕ ਸਿਰ ਦੀ ਦਸਤਾਰ ਨਹੀਂ ਬਲਕਿ Ḕਸਾਬਤ ਸੂਰਤḔ ਹੈ।
ਜਟਾਜੂਟ, ਪ੍ਰਕਾਸ਼ ਦਾੜ੍ਹੀ ਅਤੇ ਸੁੰਨਤ ਰਹਿਤ Ḕਸਾਬਤ ਸੂਰਤḔ ਹੀ ਬੰਦੇ ਦੀ ਆਨ ਅਤੇ ਸ਼ਾਨ ਹੈ, ਦਸਤਾਰ ਨਹੀਂ। Ḕਸਾਬਤ ਸੂਰਤḔ ਦੀ ਇਹ ਰਮਜ਼ ਸਿੱਖ ਸਮਾਜ ‘ਤੇ ਵੀ ਉਸੇ ਤਰ੍ਹਾਂ ਲਾਗੂ ਹੁੰਦੀ ਹੈ।
ਦਸਤਾਰ ਦੇ ਅਜੋਕੇ ਮਸਲੇ ਨੂੰ ਇਸ ਰਮਜ਼ ਅਨੁਸਾਰ ਸਮਝਣ ਦੀ ਲੋੜ ਹੈ। ਵਿਦੇਸ਼ੀ ਦੌਰੇ ਦੌਰਾਨ ਜਹਾਜ਼ੀ ਸਫਰ ਵਿਚ ਸਿੱਖ ਨੂੰ ਕਿਰਪਾਨ ਪਹਿਨਣ ਦੀ ਮਨਾਹੀ ਹੈ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਰਣਧੀਰ ਸਿੰਘ ਇਸੇ ਕਰਕੇ ਕਦੀ ਵਿਦੇਸ਼ ਨਹੀਂ ਗਏ, ਕਿਉਂਕਿ ਉਨ੍ਹਾਂ ਨੂੰ ਕਿਰਪਾਨ ਉਤਾਰਨੀ ਮਨਜ਼ੂਰ ਨਹੀਂ ਹੈ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਜਥੇਦਾਰ ਸਾਹਿਬਾਨ ਬੜੇ ਸ਼ੌਕ ਅਤੇ ਮਾਣ ਨਾਲ ਕਿਰਪਾਨ ਉਤਾਰ ਕੇ ਜਹਾਜ਼ਾਂ ਵਿਚ ਝੂਟੇ-ਮਾਟੇ ਲੈਂਦੇ ਰਹਿੰਦੇ ਹਨ; ਕਦੀ ਉਜ਼ਰ ਨਹੀਂ ਕਰਦੇ।
ਸਾਡੇ ਸਿੱਖ ਖਿਡਾਰੀ ਹਮੇਸ਼ਾ ਦਸਤਾਰ ਉਤਾਰ ਕੇ ਕ੍ਰਿਕਟ, ਹਾਕੀ ਅਤੇ ਫੁੱਟਬਾਲ ਖੇਡਦੇ, ਦੌੜਦੇ ਅਤੇ ਤਾਰੀਆਂ ਲਾਉਂਦੇ ਹਨ; ਕਦੀ ਕਿਸੇ ਨੇ ਸ਼ਿਕਾਇਤ ਨਹੀਂ ਕੀਤੀ।
ਸੱਚਖੰਡ ਸਾਹਿਬ ਵਿਖੇ ਸਰੋਵਰ ਵਿਚ ਇਸ਼ਨਾਨ ਕਰਨ ਸਮੇਂ ਦਸਤਾਰ ਉਤਾਰਨ ਦੀ ਇਤਿਹਾਸਕ ਰਵਾਇਤ ਹੈ; ਕਦੀ ਕਿਸੇ ਨੇ ਸ਼੍ਰੋਮਣੀ ਕਮੇਟੀ ਨੂੰ ਸਵਾਲ ਨਹੀਂ ਕੀਤਾ।
ਘਰਾਂ ‘ਚ ਵੀ ਇਸ਼ਨਾਨ ਸਮੇਂ ਅਤੇ ਗਿੱਲੇ ਕੇਸਾਂ ਨੂੰ ਧੁੱਪ ਲੁਆਉਣ ਸਮੇਂ ਸਿੱਖ ਕਿਰਪਾਨ ਨਹੀਂ ਉਤਾਰਦੇ, ਦਸਤਾਰ ਉਤਾਰਦੇ ਹਨ। ਸੌਣ ਸਮੇਂ ਦਸਤਾਰ ਉਤਾਰਨ ਦਾ ਦਸਤੂਰ ਹੈ, ਕਿਰਪਾਨ ਉਤਾਰਨ ਦਾ ਨਹੀਂ।
ਭਾਈ ਤਾਰੂ ਸਿੰਘ ਨੇ ਕੇਸ ਨਹੀਂ ਕੁਤਰਵਾਏ, ਖੋਪਰੀ ਉਤਰਵਾ ਲਈ ਸੀ। ਖੁਦ ਕੇਸ ਕੁਤਰਵਾ ਕੇ, ਉਤੇ ਲਾਲ ਪੀਲੇ ਟੌਹਰੇ ਬੰਨ੍ਹਣ ਵਾਲੇ ਕਿਹੜੀ ਮਰਿਆਦਾ ਅਨੁਸਾਰ ਸ਼ਹੀਦ ਭਾਈ ਤਾਰੂ ਸਿੰਘ ਦੇ ਵਾਰਿਸ ਬਣਦੇ ਹਨ?
ਦਸਤਾਰ ਪੰਜ ਕੱਕਾਰਾਂ ਵਿਚ ਵੀ ਸ਼ੁਮਾਰ ਨਹੀਂ ਹੈ।
ਅਰਦਾਸ ਵਿਚ ਵੀ ਇਹੀ ਕਾਮਨਾ ਕੀਤੀ ਜਾਂਦੀ ਹੈ ਕਿ Ḕਸਿੱਖੀ ਕੇਸਾਂ ਸੁਵਾਸਾਂ ਸੰਗ ਨਿਭੇ।Ḕ ਬਲ ਕੇਸਾਂ ‘ਤੇ ਹੈ, ਦਸਤਾਰ ‘ਤੇ ਨਹੀਂ। ਪਰ ਹੁਣ ਕੇਸਾਂ ਤੋਂ ਬਲ ਹਟ ਕੇ ਜਾਂ ਘੱਟ ਕੇ ਦਸਤਾਰ ਤੱਕ ਸੁੰਗੜ ਗਿਆ ਹੈ। ਇਹ ਅਸਲ ਚਿੰਤਾ ਦਾ ਵਿਸ਼ਾ ਹੈ।
ਕੱਕਾਰ ਉਤਾਰਨ ‘ਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ, ਦਾੜ੍ਹੀ ਕੇਸ ਕਤਰਨ ਦੇ ਰੁਝਾਨ ‘ਤੇ ਕੋਈ ਸਵਾਲ ਨਹੀਂ, ਸਿਰਫ ਦਸਤਾਰ ‘ਤੇ ਇਤਨਾ ਹੱਲਾ ਗੁੱਲਾ ਕਰਨਾ ਸਮਝ ਤੋਂ ਬਾਹਰ ਹੈ।
ਦਿੱਲੀ ਦੇ ਉਸ ਸਿੱਖ ਨੂੰ ਪੁੱਛਿਆ ਜਾ ਸਕਦਾ ਹੈ ਕਿ ਉਸ ਨੂੰ ਦਸਤਾਰ ਉਤਾਰਨ ਦੀ ਹੀ ਸਮੱਸਿਆ ਹੈ, ਕਿਰਪਾਨ ਉਤਾਰਨ ਦੀ ਨਹੀਂ? ਉਸ ਨੇ ਆਪਣੇ ਦਾੜ੍ਹੇ ਨੂੰ ਕਿਸ ਮਜਬੂਰੀ ਦੀ ਭੇਟ ਚੜ੍ਹਾਇਆ ਹੋਇਆ ਹੈ?
ਸ਼੍ਰੋਮਣੀ ਕਮੇਟੀ ਵਾਲਿਆਂ ਤੋਂ ਪੁੱਛਣਾ ਬਣਦਾ ਹੈ ਕਿ ਉਹ ਸਿਰਫ ਸਿੱਖਾਂ ਦੇ ਘਰ ਜਨਮ ਲੈਣ ਵਾਲੇ ਨੂੰ ਸਿੱਖ ਤਸਲੀਮ ਕਰਦੇ ਹਨ? ਅਤੇ ਕਿਸੇ ਬੇਅੰਮ੍ਰਿਤੀਏ ‘ਤੇ ਮਰਿਆਦਾ ਦੀ ਸਖਤੀ ਲਾਗੂ ਹੁੰਦੀ ਹੈ?
ਪੰਥਕ ਵਿਦਵਾਨ ਇਸ ਵਿਚਾਰ ਵਿਹੂਣੇ, ਉਤੇਜਿਤ ਅਤੇ ਬੇਸਿਰ ਵਰਤਾਰੇ ‘ਤੇ ਆਪਣੇ ਪ੍ਰਤਿਕਰਮ ਪੇਸ਼ ਕਰਨ ਤੋਂ ਕਿਉਂ ਕਤਰਾਉਂਦੇ ਹਨ, ਇਹ ਵੱਡੀ ਚਿੰਤਾ ਦਾ ਵਿਸ਼ਾ ਹੈ।
ਮਰਿਆਦਾ ਦੇ ਸੰਵੇਦਨਸ਼ੀਲ ਮਸਲਿਆਂ ਨੂੰ ਕਿਸੇ ਤਰ੍ਹਾਂ ਦੀ ਵੀ ਰਾਜਨੀਤੀ ਤਹਿਤ ਵਿਚਾਰਨਾ ਜਾਂ ਨਾ ਵਿਚਾਰਨਾ ਬਿਲਕੁਲ ਮੰਦਭਾਗੀ ਗੱਲ ਹੈ।
ਮਤ ਕੋਈ ਸਮਝੇ ਕਿ ਇਹ ਲੇਖ ਦਸਤਾਰ ਦੀ ਮਹਿਮਾ ਤੋਂ ਮੁਨਕਰ ਹੈ। ਦਰਅਸਲ ਕਿਸੇ ਨੇ ਸਵਾਲ ਕੀਤਾ ਸੀ, “ਦਸਤਾਰ ਬਗੈਰ ਸਿੱਖ ਦਾ ਤਸੱਵਰ ਕੀਤਾ ਜਾ ਸਕਦਾ ਹੈ?” ਮੈਂ ਆਖਿਆ, “ਬਿਲਕੁਲ ਨਹੀਂ।”
ਮੈਂ ਮੋੜਵਾਂ ਸਵਾਲ ਕੀਤਾ, “ਬਗੈਰ ਕੱਕਾਰ ਸਿੱਖ ਤਸੱਵਰ ਕੀਤਾ ਜਾ ਸਕਦਾ ਹੈ?” ਜਵਾਬ ਮਿਲਿਆ, “ਜੀ ਬਿਲਕੁਲ।”
ਇਸ ḔਬਿਲਕੁਲḔ ਨੇ ਮੈਨੂੰ ਹੈਰਾਨ ਪ੍ਰੇਸ਼ਾਨ ਕਰਨ ਉਪਰੰਤ ਉਦਾਸ ਕਰ ਦਿੱਤਾ। ਉਸ ਉਦਾਸੀ ਵਿਚ ਇਸ ਲੇਖ ਦਾ ਜਨਮ ਹੋਇਆ।
ਅਸਲ ਵਿਚ ਕੱਕਾਰ ਬਗੈਰ ਦਸਤਾਰ ਨਿਰੀ ਟੌਹਰ ਹੈ ਅਤੇ ਕਿਰਦਾਰ ਬਗੈਰ ਕੱਕਾਰ ਨਿਰਾ ਦਿਖਾਵਾ ਹੈ।
ਦਸਮ ਗ੍ਰੰਥ ਸਾਹਿਬ ਦੇ ਅਖੀਰ ਵਿਚ ਪਾਤਸ਼ਾਹ ਦੇ ਫੁਰਮਾਨ ਮੁਤਾਬਕ Ḕਬਿਨਾ ਕੇਸḔ ਬਾਕੀ ਚਾਰੇ ਕੱਕਾਰ ḔਹੇਚḔ ਹਨ ਅਤੇ Ḕਹੁੱਕਾ ਹਜਾਮਤ ਹਲਾਲੋ ਹਰਾਮḔ ਦੇ ਪਰਹੇਜ਼ ਬਗੈਰ ਬਾਕੀ ਸਭ ਕੁਝ ਮੂੰਹ ਕਾਲਾ (ਸਿਆਹ ਫਾਮ) ਕਰਨ ਦੇ ਤੁਲ ਹੈ।
ਭਗਤ ਕਬੀਰ ਨੇ ਮੁਸਲਮਾਨ ਨੂੰ ਤਰਕ ਕੀਤਾ, “ਸੁੰਨਤਿ ਕੀਏ ਤੁਰਕੁ ਜੇ ਹੋਇਗਾ ਅਉਰਤ ਕਾ ਕਿਆ ਕਰੀਐ॥”
ਇਹੀ ਤਰਕ ḔਸਰਦਾਰḔ ਉਤੇ ਵੀ ਉਠ ਸਕਦਾ ਹੈ ਕਿ ਦਸਤਾਰ ਬਗੈਰ “ਅਉਰਤ ਕਾ ਕਿਆ ਕਰੀਐ॥”
ਡਾæ ਰਤਨ ਸਿੰਘ ਜੱਗੀ, ਪ੍ਰੋæ ਐਚæ ਐਸ਼ ਬੇਦੀ, ਭਾਈ ਅਸ਼ੋਕ ਸਿੰਘ ਬਾਗੜੀਆਂ, ਡਾæ ਦਰਸ਼ਨ ਸਿੰਘ, ਡਾæ ਜਗਬੀਰ ਸਿੰਘ, ਭਾਈ ਬਲਦੀਪ ਸਿੰਘ, ਸ਼ ਅਨੁਰਾਗ ਸਿੰਘ, ਸ਼ ਗੁਰਤੇਜ ਸਿੰਘ, ਡਾæ ਗੁਰਦਰਸ਼ਨ ਸਿੰਘ ਢਿੱਲੋਂ, ਪ੍ਰੋæ ਹਰਪਾਲ ਸਿੰਘ, ਪ੍ਰੋæ ਜਗਦੀਸ਼ ਸਿੰਘ ਅਤੇ ਡਾæ ਮਨਜਿੰਦਰ ਸਿੰਘ ਜਿਹੇ ਕੱਦਾਵਰ ਵਿਦਵਾਨਾਂ ਨੂੰ ਸਨਿਮਰ ਬੇਨਤੀ ਹੈ ਕਿ ਕਿਤੇ ਸਾਂਝੀ ਪੱਧਰ Ḕਤੇ ਵਿਚਾਰ ਵਟਾਂਦਰਾ ਕਰਕੇ ਪੰਥ ਨੂੰ ਨਿੱਤ ਪੇਸ਼ ਆਉਂਦੇ ਮਸਲਿਆਂ Ḕਤੇ ਕੋਈ ਸਾਜਗਾਰ ਸੇਧ ਮੁਹੱਈਆ ਕੀਤੀ ਜਾਵੇ ਤਾਂ ਜੋ ਉਪਭਾਵਕ, ਉਤੇਜਿਤ ਅਤੇ ਉਕਸਾਹਟ ਭਰਪੂਰ ਸ਼ਰਾਰਤੀ ਕਿਸਮ ਦੇ ਕਾਟੋਕਲੇਸ਼, ਕੁੱਕੜਖੋਹ ਤੇ ਬਦਮਿਜ਼ਾਜ ਤੁਹਮਤਬਾਜੀ ਤੋਂ ਨਿਜਾਤ ਮਿਲੇ।