ਆਵਾਮੀ ਫਿਲਮਸਾਜ਼ ਹਾਬਰਟ ਬੀਬਰਮੈਨ

ਕੁਲਵਿੰਦਰ
ਹਾਬਰਟ ਜੇæ ਬੀਬਰਮੈਨ ਅਜਿਹੇ ਫ਼ਿਲਮ ਨਿਰਦੇਸ਼ਕ ਸਨ ਜਿਨ੍ਹਾਂ ਨੇ ਅਮਰੀਕੀ ਸਿਨੇਮਾ ਨੂੰ ਹਾਲੀਵੁੱਡ ਦੀ ਚਕਾਚੌਂਧ ਵਾਲੀ ਨਕਲੀ ਦੁਨੀਆਂ ‘ਚੋਂ ਕੱਢ ਕੇ ਫ਼ਿਲਮ ਵਿਧਾ ਨੂੰ ਲੋਕ ਪੱਖੀ ਮੋੜ ਦੇਣ ਦੀ ਕੋਸ਼ਿਸ਼ ਕੀਤੀ। ਲੋਕ ਪੱਖੀ ਵਿਰਸੇ ਦੇ ਸ਼ਾਨਾਮੱਤੇ ਇਤਿਹਾਸ ਵਿਚ ਉਹ ਅਜਿਹੇ ਕਲਾਕਾਰ ਸਨ ਜਿਨ੍ਹਾਂ ਨੇ ਔਕੜਾਂ ਝੱਲਦੇ ਹੋਏ ਵੀ ਬਦਲਵਾਂ ਲੋਕ ਪੱਖੀ ਫ਼ਿਲਮ ਸਭਿਆਚਾਰ ਉਸਾਰਨ ਦੇ ਯਤਨ ਜਾਰੀ ਰੱਖੇ।

4 ਮਾਰਚ, 1900 ਨੂੰ ਅਮਰੀਕਾ ਦੇ ਸ਼ਹਿਰ ਫਿਲਾਡੈਲਫੀਆ ਵਿਚ ਜਨਮੇ ਬੀਬਰਮੇਨ ਨੇ ਪੈਨਸਲਨਾਵੀਆ ਦੀ ਯੂਨੀਵਰਸਿਟੀ ਵਿਚ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਕਈ ਸਾਲ ਯੂਰਪ ਵਿਚ ਬਿਤਾਏ। ਅਮਰੀਕਾ ਵਾਪਸ ਆ ਕੇ 1928 ਵਿਚ ਬੀਬਰਮੈਨ ਸਹਾਇਕ ਸਟੇਜ ਮੈਨੇਜਰ ਦੀ ਹੈਸੀਅਤ ਵਿਚ ਥੀਏਟਰ ਗਿਲਡ ਵਿਚ ਸ਼ਾਮਲ ਹੋ ਗਏ। ਇਸ ਦੌਰ ਵਿਚ ਉਨ੍ਹਾਂ ਦਾ ਝੁਕਾਅ ਖੱਬੇ ਪੱਖੀ ਵਿਚਾਰਧਾਰਾ ਵਲ ਹੋ ਗਿਆ। ਬਾਅਦ ਵਿਚ ਉਨ੍ਹਾਂ ਨੇ ‘ਰੈੱਡ ਰਸਟ’, ‘ਰੋਅਰ ਚਾਈਨਾ’ ਆਦਿ ਨਾਟਕਾਂ ਦਾ ਨਿਰਦੇਸ਼ਨ ਕੀਤਾ।
ਫ਼ਿਲਮ ਵਿਧਾ ਦੀ ਵਿਆਪਕ ਪਹੁੰਚ ਕਾਰਨ ਬਾਅਦ ਵਿਚ ਬੀਬਰਮੈਨ ਹਾਲੀਵੁੱਡ ਵਿਚ ਆ ਗਏ ਅਤੇ ਇਸ ਦੌਰ ਵਿਚ ਉਨ੍ਹਾਂ ਨੇ ‘ਕਿੰਗ ਆਫ਼ ਚਾਈਨਾ ਟਾਊਨ’, ‘ਵੈਨ ਟੂਮਾਰੋ ਕਮਜ਼’, ‘ਐਕਸ਼ਨ ਇਨ ਅਰੇਬੀਆ’, ‘ਦਿ ਮਾਸਟਰ ਰੇਸ’, ਅਤੇ ‘ਨਿਊ ਔਰੀਅਨਸ’ ਜਿਹੀਆਂ ਫ਼ਿਲਮਾਂ ਲਿਖਣ ਦੇ ਨਾਲ ਹੀ ‘ਵਨ ਵੇ ਟਿਕਟ’, ‘ਮੀਟ ਨੀਰੋ ਵੁਲਫ਼’ ਜਿਹੀਆਂ ਫ਼ਿਲਮਾਂ ਦਾ ਨਿਰਦੇਸ਼ਨ ਕਰ ਕੇ ਆਪਣੇ ਆਪ ਨੂੰ ਹਾਲੀਵੁੱਡ ਵਿਚ ਸਥਾਪਤ ਕਰ ਲਿਆ।
1947 ਵਿਚ ਜਦ ਜਮਹੂਰੀਅਤ ਦੇ ਦਮਗਜੇ ਮਾਰਨ ਵਾਲੇ ਅਮਰੀਕੀ ਹਾਕਮਾਂ ਨੇ ਕਮਿਊਨਿਜ਼ਮ ਦਾ ਹਊਆ ਖੜ੍ਹਾ ਕਰ ਕੇ ‘ਹਾਊਸ ਕਮੇਟੀ ਆਨ ਅਨ-ਅਮੈਰਿਕਨ ਐਕਟਿਵਟੀਜ਼’ ਬਣਾ ਕੇ ਅਮਰੀਕੀ ਲੇਖਕਾਂ ਅਤੇ ਸਭਿਆਚਾਰਕ ਕਲਾਕਾਰਾਂ ਦੀ ਅਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਤਾਂ ਕੁਦਰਤੀ ਤੌਰ ‘ਤੇ ਬੀਬਰਮੈਨ ਉਨ੍ਹਾਂ ਫ਼ਿਲਮ ਲੇਖਕਾਂ ਅਤੇ ਨਿਰਦੇਸ਼ਕਾਂ ਵਿਚ ਸ਼ਾਮਲ ਸੀ, ਜੋ ਬਾਅਦ ਵਿਚ ‘ਹਾਲੀਵੁਡ ਟੈੱਨ’ ਦੇ ਨਾਂ ਨਾਲ ਪ੍ਰਸਿਧ ਹੋਏ। ‘ਹਾਲੀਵੁੱਡ ਟੈਨ’ ਉਹ ਦਸ ਵਿਅਕਤੀ ਸਨ, ਜਿਨ੍ਹਾਂ ਨੇ ਬਿਲ ਆਫ਼ ਰਾਈਟ ਦੀ ਓਟ ਲੈ ਕੇ ਵਿਚਾਰਾਂ ਦੀ ਅਜ਼ਾਦੀ ‘ਤੇ ਪਹਿਰਾ ਦਿੱਤਾ ਅਤੇ ਕਮੇਟੀ ਦੇ ਸੰਮਨਾਂ ਦੀ ਪਰਵਾਹ ਨਾ ਕੀਤੀ ਅਤੇ ਕਮੇਟੀ ਦੇ ਕਿਸੇ ਵੀ ਸੁਆਲ ਦਾ ਜੁਆਬ ਦੇਣ ਤੋਂ ਸਾਫ਼ ਇਨਕਾਰ ਕਰ ਦਿਤਾ। ਨਤੀਜੇ ਵਜੋਂ ਉਨ੍ਹਾਂ ਨੂੰ ਜੇਲ੍ਹ ਵਿਚ ਤੂੜ ਦਿੱਤਾ ਗਿਆ। ਬੀਬਰਮੈਨ ਨੂੰ ਬੁਰਜੂਆ ਜਮਹੂਰੀਅਤ ਵਿਚ ਵਿਚਾਰਾਂ ਦੀ ਆਜ਼ਾਦੀ ਲਈ ਅਦਾਲਤ ਨੇ ਛੇ ਮਹੀਨੇ ਜੇਲ੍ਹ ਅਤੇ 1000 ਡਾਲਰ ਜੁਰਮਾਨੇ ਦੀ ਸਜ਼ਾ ਸੁਣਾਈ।
ਇਸ ਤੋਂ ਬਾਅਦ ਹਾਲੀਵੁੱਡ ਦੇ ਸਟੂਡੀਓ ਮਾਲਕਾਂ ਵਲੋਂ ਉਨ੍ਹਾਂ ਦੇ ਨਾਂ ਨੂੰ ਉਸ ਬਦਾਨਾਮ ‘ਕਾਲੀ ਸੂਚੀ’ ਵਿਚ ਦਰਜ ਕਰ ਲਿਆ, ਜਿਸ ਵਿਚ ਹਾਲੀਵੁੱਡ ਦੇ ਉਨ੍ਹਾਂ ਕਲਾਕਾਰਾਂ ਨੂੰ ਸ਼ਾਮਲ ਕੀਤਾ ਜਾਂਦਾ ਸੀ ਜੋ ਕਥਿਤ ਤੌਰ ‘ਤੇ ਕਮਿਊਨਿਸਟ ਜਾਂ ਖੱਬੇ ਪੱਖੀ ਵਿਚਾਰ ਰੱਖਦੇ ਸਨ। ਇਨ੍ਹਾਂ ਕਲਾਕਾਰਾਂ ਨੂੰ ਹਾਲੀਵੁੱਡ ਵਿਚ ਕਿਸੇ ਵੀ ਤਰ੍ਹਾਂ ਦਾ ਕੰਮ ਨਹੀਂ ਦਿੱਤਾ ਜਾਂਦਾ ਸੀ।
ਹੁਣ ਤੱਕ ਬੀਬਰਮੈਨ ਨੂੰ ਵਾਲ ਸਟਰੀਟ ਦੇ ਹਾਲੀਵੁੱਡੀਏ ਮੁਨਾਫ਼ਾਖੋਰਾਂ ਦੇ ਮੁਕਾਬਲੇ ਤੇ ਲੋਕਾਂ ਨੂੰ ਆਪਣਾ ਬਦਲਵਾਂ ਸਭਿਆਚਾਰ ਉਸਾਰੇ ਜਾਣ ਦੀ ਲੋੜ ਦਾ ਅਹਿਸਾਸ ਹੋ ਚੁੱਕਿਆ ਸੀ। ਉਨ੍ਹਾਂ ਨੇ ਓਪਰੋਕਤ ਕਾਲੀ ਸੂਚੀ ਵਿਚ ਦਰਜ ਕਲਾਕਾਰਾਂ ਨੂੰ ਲੈ ਕੇ ਫ਼ਿਲਮ ਬਣਾਉਣ ਦੀ ਯੋਜਨਾ ਬਣਾਈ, ਜੋ ਬਾਅਦ ਵਿਚ ‘ਸਾਲਟ ਆਫ਼ ਦਿ ਅਰਥ’ (1954) ਦੇ ਰੂਪ ਵਿਚ ਸਾਹਮਣੇ ਆਈ। ਫ਼ਿਲਮ ਦੀ ਕਹਾਣੀ ਮੈਕਸੀਕੋ ਦੇ ਖਾਣ ਮਜ਼ਦੂਰਾਂ ਦੀ ਹੜਤਾਲ ਦੀ ਸੱਚੀ ਕਹਾਣੀ ਪੇਸ਼ ਕਰਦੀ ਹੈ। ਫ਼ਿਲਮ ਵਿਚ ਪੇਸ਼ੇਵਰ ਕਲਾਕਾਰਾਂ ਦੇ ਨਾਲ ਹੀ ਅਸਲੀ ਖਾਣ ਮਜ਼ਦੂਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਵੀ ਅਦਾਕਾਰੀ ਕੀਤੀ ਹੈ।
ਫ਼ਿਲਮੀ ਪਰਦੇ ‘ਤੇ ਜਦ ਮਜ਼ਦੂਰ ਜਮਾਤ ਦੀ ਇਮਾਨਦਾਰ ਪੇਸ਼ਕਾਰੀ ਦਾ ਸੁਆਲ ਸਾਹਮਣੇ ਆਇਆ ਤਾਂ ਪੂੰਜੀਵਾਦੀ ਟੁੱਕੜਬੋਚਾਂ ਦੀ ‘ਮੁਕਤ ਉਦਮ ਦੀ ਅਖੌਤੀ ਸ਼ਰਧਾ’ ਕਾਫ਼ੂਰ ਹੋ ਗਈ ਅਤੇ ਉਨ੍ਹਾਂ ਇਸ ਨੂੰ ਰੋਕਣ ਦੀ ਹਰ ਤਰ੍ਹਾਂ ਨਾਲ ਕੋਸ਼ਿਸ਼ ਕੀਤੀ। ਪਹਿਲਾਂ ਤਾਂ ਹਿੰਸਾ ਨਾਲ ਫ਼ਿਲਮ ਦੀ ਸ਼ੂਟਿੰਗ ਵਿਚ ਗੜਬੜ ਪੈਦਾ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ। ਇਥੋਂ ਤੱਕ ਕਿ ਫ਼ਿਲਮ ਦੀ ਮੁੱਖ ਅਦਾਕਾਰਾ ਰੋਜ਼ਾਉਗਾ ਰੀਵੀਲਟਸ ਨੂੰ ਵੀਜ਼ੇ ਦੇ ਕਾਨੂੰਨਾਂ ਤਹਿਤ ਗ੍ਰਿਫ਼ਤਾਰ ਕਰ ਲਿਆ। ਜਦ ਉਹ ਆਪਣੇ ਮਕਸਦ ਵਿਚ ਅਸਫ਼ਲ ਰਹੇ ਤਾਂ ਉਨ੍ਹਾਂ ਨੇ ਇਸ ਦੇ ਪ੍ਰਦਰਸ਼ਨ ਨੂੰ ਰੁਕਵਾਉਣ ਦਾ ਯਤਨ ਕੀਤਾ। ਅੱਜ ‘ਸਾਲਟ ਆਫ਼ ਦੀ ਅਰਥ’ ਨੂੰ ਮਜ਼ਦੂਰ ਜਮਾਤ ਦੀਆਂ ਮਹਾਨ ਫ਼ਿਲਮਾਂ ਵਿਚ ਸ਼ਾਮਲ ਕੀਤਾ ਜਾਂਦਾ ਹੈ। ਭਾਵੇਂ ‘ਸਾਲਟ ਆਫ਼ ਦਿ ਅਰਥ’ ਨੂੰ ਯੂਰਪ ਵਿਚ ਅਲੋਚਕਾਂ ਦੀ ਬਹੁਤ ਪ੍ਰਸ਼ੰਸਾ ਹਾਸਲ ਹੋਈ ਪਰ ਅਮਰੀਕਾ ਵਿਚ ਇਹ 1965 ਵਿਚ ਹੀ ਪ੍ਰਦਰਸ਼ਤ ਹੋ ਸਕੀ।
ਇਸ ਤੋਂ ਬਾਅਦ ਬੀਬਰਮੈਨ ਨੇ ‘ਸਲੇਵਜ਼’ (1969) ਨਾਂ ਦੀ ਫ਼ਿਲਮ ਦਾ ਨਿਰਦੇਸ਼ਨ ਕੀਤਾ ਜਿਸ ਨੂੰ ਕਾਨ ਫ਼ਿਲਮ ਫੈਸਟੀਵਲ ਵਿਚ ਦਿਖਾਇਆ ਗਿਆ। 30 ਜੂਨ, 1971 ਨੂੰ ਇਸ ਲੋਕ ਪੱਖੀ ਫ਼ਿਲਮਕਾਰ ਦੀ ਮੌਤ ਹੋ ਗਈ। ਸੰਨ 2000 ਵਿਚ ਬਣੀ ਦਸਤਾਵੇਜ਼ੀ ਫ਼ਿਲਮ ‘ਵਨ ਆਫ਼ ਹਾਲੀਵੁੱਡ ਟੈਨ’ ਬੀਬਰਮੈਨ ਨੂੰ ਸ਼ਰਧਾਂਜਲੀ ਪੇਸ਼ ਕਰਦੀ ਹੈ।