‘ਦਾਸ ਦੇਵ’ ਦਾ ਸਿਆਸੀ ਦਾਅ

ਉਘੇ ਫਿਲਮਸਾਜ਼ ਸੁਧੀਰ ਮਿਸ਼ਰਾ ਦੀ ਨਵੀਂ ਫਿਲਮ ‘ਦਾਸ ਦੇਵ’ ਆਖ਼ਰਕਾਰ ਰਿਲੀਜ਼ ਹੋ ਗਈ ਹੈ। ਇਸ ਨਿਵੇਕਲੀ, ਨਿਆਰੀ ਅਤੇ ਲੀਹ ਤੋਂ ਹਟ ਕੇ ਬਣਾਈ ਫਿਲਮ ਨੂੰ ਲੋਕਾਂ ਅਤੇ ਫਿਲਮ ਆਲੋਚਕਾਂ ਦਾ ਭਰਪੂਰ ਹੁੰਗਾਰਾ ਮਿਲਿਆ ਹੈ। ਇਸ ਫਿਲਮ ਦਾ ਨਾਂ ਦਰਅਸਲ ਬੰਗਲਾ ਲੇਖਕ ਸ਼ਰਤ ਚੰਦਰ ਚੱਟੋਪਾਧਿਆਏ ਦੇ ਪ੍ਰਸਿਧ ਨਾਵਲ ‘ਦੇਵਦਾਸ’ ਤੋਂ ਲਿਆ ਗਿਆ ਹੈ ਪਰ ਫਿਲਮਸਾਜ਼ ਸੁਧੀਰ ਮਿਸ਼ਰਾ ਨੇ ਇਸ ਕਹਾਣੀ ਨੂੰ ਦੇਵਦਾਸ ਦੀ ਕਹਾਣੀ ਤੋਂ ਬਿਲਕੁਲ ਵੱਖਰੀ ਬਣਾਇਆ ਹੈ ਅਤੇ ਇਸ ਫਿਲਮ ਉਤੇ ਉਸ ਦੀ ਵਿਲੱਖਣ ਫਿਲਮਸਾਜ਼ੀ ਦਾ ਅਸਰ ਬਾਕਾਇਦਾ ਦੇਖਣ ਨੂੰ ਮਿਲ ਰਿਹਾ ਹੈ।

‘ਦਾਸ ਦੇਵ’ ਅਸਲ ਵਿਚ ਨਿਰੋਲ ਸਿਆਸੀ ਕਹਾਣੀ ਹੈ ਜਿਹੜੀ ਭਾਰਤ ਦੇ ਸਿਆਸੀ ਸਿਸਟਮ ਦੇ ਪੋਲ ਖੋਲ੍ਹਦੀ ਹੈ। ਇਹ ਫਿਲਮ ਕਾਫ ਸਮਾਂ ਪਹਿਲਾਂ ਹੀ ਤਿਆਰ ਹੋ ਗਈ ਸੀ ਅਤੇ ਕੁਝ ਫਿਲਮ ਮੇਲਿਆਂ ਵਿਚ ਵੀ ਦਿਖਾਈ ਜਾ ਚੁੱਕੀ ਹੈ ਪਰ ਕੁਝ ਕਾਰਨਾਂ ਕਰ ਕੇ ਇਹ ਫਿਲਮ ਰਿਲੀਜ਼ ਕਰਨ ਦੀ ਤਰੀਕ ਲਗਾਤਾਰ ਪਿੱਛੇ ਪੈਂਦੀ ਰਹੀ। ਉਂਜ, ਫਿਲਮ ਦੇ ਨਿਰਦੇਸ਼ਕ ਸੁਧੀਰ ਮਿਸ਼ਰਾ ਅਤੇ ਨਿਰਮਾਤਾ ਸੰਜੀਵ ਕੁਮਾਰ ਨੇ ਇਸ ਸਬੰਧੀ ਕੋਈ ਕਾਹਲ ਨਹੀਂ ਦਿਖਾਈ। ਇਸ ਬਾਰੇ ਸੁਧੀਰ ਮਿਸ਼ਰਾ ਦਾ ਕਹਿਣਾ ਸੀ: “ਸਾਡੇ ਲਈ ਫਿਲਮ ਦੀ ਦੇਰੀ ਦਾ ਕੋਈ ਮਸਲਾ ਨਹੀਂ ਸੀ। ਸਾਨੂੰ ਯਕੀਨ ਸੀ ਕਿ ਫਿਲਮ ਜਦੋਂ ਵੀ ਰਿਲੀਜ਼ ਹੋਈ, ਇਕ ਵਾਰ ਤਾਂ ਲੋਕਾਂ ਦਾ ਧਿਆਨ ਜ਼ਰੂਰ ਖਿੱਚੇਗੀ। ਹੁਣ ਜਿਸ ਤਰ੍ਹਾਂ ਦੇ ਰਿਵੀਊ ਇਸ ਫਿਲਮ ਦੇ ਆ ਰਹੇ ਹਨ, ਉਸ ਤੋਂ ਜ਼ਾਹਿਰ ਹੋ ਗਿਆ ਹੈ ਕਿ ਲੋਕ ਚੰਗੀਆਂ ਫਿਲਮਾਂ ਨੂੰ ਦੇਰ-ਸਵੇਰ ਹੁੰਗਾਰਾ ਭਰਦੇ ਹੀ ਹਨ।” ਨਿਰਮਾਤਾ ਸੰਜੀਵ ਕੁਮਾਰ ਮੁਤਾਬਕ, “ਇਸ ਫਿਲਮ ਦਾ ਮੁੱਖ ਮਕਸਦ ਲੋਕਾਂ ਅੰਦਰ ਅੱਜ ਦੀ ਸਿਆਸਤ ਅਤੇ ਸਮਾਜ ਬਾਰੇ ਸਵਾਲ ਲੈ ਕੇ ਜਾਣਾ ਸੀ ਅਤੇ ਲੋਕਾਂ ਦੇ ਦਿਲਾਂ ਨੂੰ ਹਲੂਣਾ ਦੇਣਾ ਸੀ। ਇਸ ਮਾਮਲੇ ‘ਤੇ ਅਸੀਂ ਸਫਲ ਰਹੇ ਹਾਂ।”
ਇਸ ਫਿਲਮ ਵਿਚ ਰਾਹੁਲ ਭੱਟ ਨੇ ਦੇਵ, ਰਿਚਾ ਚੱਢਾ ਨੇ ਪਾਰੋ ਅਤੇ ਆਦਿਤੀ ਰਾਓ ਹੈਦਰੀ ਨੇ ਚਾਂਦਨੀ ਦੇ ਕਿਰਦਾਰ ਬਾਖੂਬੀ ਨਿਭਾਏ ਹਨ। ਇਸ ਤੋਂ ਇਲਾਵਾ ਸੌਰਵ ਸ਼ੁਕਲਾ, ਵਿਪਨ ਸ਼ਰਮਾ, ਦਿਲੀਪ ਤਾਹਿਲ ਵਰਗੇ ਕਲਾਕਾਰ ਵੀ ਇਸ ਫਿਲਮ ਦਾ ਸ਼ਿੰਗਾਰ ਬਣੇ ਹਨ। ਫਿਲਮਸਾਜ਼ ਅਨੁਰਾਗ ਕਸ਼ਯਪ ਨੇ ਇਸ ਫਿਲਮ ਵਿਚ ਨਿੱਕੀ ਜਿਹੀ ਵਿਸ਼ੇਸ਼ ਭੂਮਿਕਾ ਵੀ ਨਿਭਾਈ ਹੈ। ਯਾਦ ਰਹੇ ਕਿ ਸੁਧੀਰ ਮਿਸ਼ਰਾ ਡੂੰਘੀਆਂ ਫਿਲਮਾਂ ਬਣਾਉਣ ਲਈ ਮਸ਼ਹੂਰ ਰਿਹਾ ਹੈ। 2005 ਵਿਚ ਉਸ ਦੀ ਫਿਲਮ ‘ਹਜ਼ਾਰੋਂ ਖਵਾਹਿਸ਼ੇਂ ਐਸੀ’ ਨੇ ਖ਼ੂਬ ਧੁੰਮਾਂ ਪਾਈਆਂ ਸਨ ਅਤੇ ਇਕ ਤਰ੍ਹਾਂ ਨਾਲ ਉਸ ਦੀ ਪਛਾਣ ਇਸ ਫਿਲਮ ਨਾਲ ਹੀ ਜੁੜ ਗਈ ਸੀ; ਹਾਲਾਂਕਿ ਉਸ ਨੇ 1987 ਵਿਚ ‘ਯੇ ਵੋਹ ਮੰਜ਼ਲ ਤੋ ਨਹੀਂ’, ‘ਮੈ ਜ਼ਿੰਦਾ ਹੂੰ’, ‘ਧਾਰਾਵੀ’, ‘ਇਸ ਰਾਤ ਕੀ ਸੁਬ੍ਹਾ ਨਹੀਂ’, ‘ਕਲਕੱਤਾ ਮੇਲ’, ‘ਚਮੇਲੀ’ ਵਰਗੀਆਂ ਉਮਦਾ ਫਿਲਮਾਂ ਬਣਾ ਕੇ ਆਪਣੀ ਧਾਂਕ ਜਮਾ ਲਈ ਸੀ।
ਫਿਲਮ ‘ਦਾਸ ਦੇਵ’ ਅੱਜ ਦੇ ਜ਼ਮਾਨੇ ਵਿਚ ਸੱਤਾ ਉਤੇ ਕਬਜ਼ੇ ਅਤੇ ਪਿਆਰ ਤੇ ਨਫਰਤ ਦੇ ਗੇੜਾਂ ਦੀ ਕਹਾਣੀ ਹੈ। ਇਸ ਅੰਦਰ ਦਰਦ ਅਤੇ ਬੇਕਿਰਕੀ ਇਕੋ ਵੇਲੇ ਗੁੰਨ੍ਹੇ ਹੋਏ ਹਨ। ਆਪਣੀਆਂ ਹੋਰ ਫਿਲਮਾਂ ਵਾਂਗ ਸੁਧੀਰ ਮਿਸ਼ਰਾ ਨੇ ਇਸ ਫਿਲਮ ਵਿਚ ਵੀ ਖੂਬ ਤਜਰਬੇ ਕੀਤੇ ਹਨ ਅਤੇ ਇਹ ਤਜਰਬੇ ਕਰਦਿਆਂ ਉਸ ਨੇ ਭਾਰਤੀ ਸਿਆਸਤ ਅਤੇ ਸਮਾਜ ਦੇ ਪਰਦੇ ਖੂਬ ਫਰੋਲੇ ਹਨ। ਸੁਧੀਰ ਮਿਸ਼ਰਾ ਨੇ ਆਪਣੀ ਇਸ ਫਿਲਮ ਨੂੰ ਲੋਕਾਂ ਵੱਲੋਂ ਮਿਲੇ ਹੁੰਗਾਰੇ ਤੋਂ ਤਸੱਲੀ ਪ੍ਰਗਟਾਈ ਹੈ ਅਤੇ ਕਿਹਾ ਹੈ ਕਿ ਚੰਗੇ ਸਿਨੇਮੇ ਦੇ ਕਦਰਦਾਨ ਦਰਸ਼ਕਾਂ ਦੀ ਕਮੀ ਨਹੀਂ ਹੈ; ਬਸ਼ਰਤੇ ਤੁਹਾਡੀ ਰਚਨਾ ਵਿਚ ਜਾਨ ਹੋਵੇ। ਯਾਦ ਰਹੇ ਕਿ ਬਤੌਰ ਲੇਖਕ ਅਤੇ ਫਿਲਮਸਾਜ਼ ਸੁਧੀਰ ਮਿਸ਼ਰਾ ਦੀ ਫ਼ਿਲਮੀ ਹਲਕਿਆਂ ਵਿਚ ਖੂਬ ਚਰਚਾ ਹੁੰਦੀ ਰਹੀ ਹੈ।