ਸ਼੍ਰੋਮਣੀ ਕਮੇਟੀ ਦਾ ਯਾਤਰੀ ਜਥਾ ਵੀ ਸਵਾਲਾਂ ਦੇ ਘੇਰੇ ਵਿਚ

ਅੰਮ੍ਰਿਤਸਰ: ਖਾਲਸਾ ਸਾਜਨਾ ਦਿਵਸ ਮਨਾਉਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਪਾਕਿਸਤਾਨ ਭੇਜੇ ਗਏ ਸਿੱਖ ਤੀਰਥ ਯਾਤਰੀ ਜਥੇ ਵਿਚੋਂ ‘ਗਾਇਬ’ ਹੋਏ ਦੋ ਸ਼ਰਧਾਲੂਆਂ ਦਾ ਮਸਲਾ ਉਲਝਦਾ ਜਾ ਰਿਹਾ ਹੈ। ਪਹਿਲੀ ਵਾਰ ਵਾਪਰੀ ਇਸ ਘਟਨਾ ਨੇ ਗੁਰਧਾਮਾਂ ਦੀ ਯਾਤਰਾ ਲਈ ਪਾਕਿਸਤਾਨ ਭੇਜੇ ਜਾਂਦੇ ਜਥਿਆਂ ਦੇ ਧਾਰਮਿਕ ਅਕਸ ਨੂੰ ਵੀ ਦਾਗਦਾਰ ਕਰ ਦਿੱਤਾ ਹੈ। ਦੋਵਾਂ ਸ਼ਰਧਾਲੂਆਂ ਬਾਰੇ ਹੋਏ ਖੁਲਾਸੇ ਭਵਿਖ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਹੋਰਾਂ ਮੁਲਕਾਂ ਵਿਚ ਭੇਜੇ ਜਾਂਦੇ ਸਿੱਖ ਸ਼ਰਧਾਲੂਆਂ ਦੇ ਜਥਿਆਂ ਦੇ ਰਾਹ ਵਿਚ ਅੜਿੱਕੇ ਖੜ੍ਹੇ ਕਰ ਸਕਦੇ ਹਨ।

ਮੁਢਲੀ ਜਾਂਚ ਦੱਸਦੀ ਹੈ ਕਿ ਦੋਵਾਂ ਸ਼ਰਧਾਲੂਆਂ ਦਾ ਮਕਸਦ ਧਾਰਮਿਕ ਸ਼ਰਧਾ ਦੀ ਥਾਂ ਹਰ ਹੀਲੇ ਪਾਕਿਸਤਾਨ ਪੁੱਜਣਾ ਸੀ ਤੇ ਇਸ ਲਈ ਸ਼੍ਰੋਮਣੀ ਕਮੇਟੀ ਦਾ ਸਹਾਰਾ ਲਿਆ ਗਿਆ। ਜਥੇ ਵਿਚੋਂ ਗਾਇਬ ਹੋਈ ਮਹਿਲਾ ਕਿਰਨ ਬਾਲਾ ਦਾ ਮਕਸਦ ਆਪਣੇ ਪਾਕਿਸਤਾਨੀ ਪ੍ਰੇਮੀ ਨੂੰ ਮਿਲਣਾ ਸੀ। ਇਸ ਔਰਤ ਨੇ ਧਰਮ ਤਬਦੀਲ ਕਰ ਕੇ ਪਾਕਿਸਤਾਨ ਦੇ ਇਕ ਮੁਸਲਮਾਨ ਵਿਅਕਤੀ ਨਾਲ ਨਿਕਾਹ ਕਰ ਲਿਆ ਤੇ ਭਾਰਤ ਵਾਪਸ ਆਉਣ ਤੋਂ ਇਨਕਾਰ ਕਰ ਦਿੱਤਾ। ਇਸ ਔਰਤ ਦੀ ਸਿਫਾਰਸ਼ ਹਲਕੇ ਦੇ ਕਿਸੇ ਸ਼੍ਰੋਮਣੀ ਕਮੇਟੀ ਮੈਂਬਰ ਵੱਲੋਂ ਨਹੀਂ ਬਲਕਿ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਵੱਲੋਂ ਕਿਸੇ ਅਕਾਲੀ ਆਗੂ ਦੀ ਸਿਫਾਰਸ਼ ਉਤੇ ਕੀਤੀ ਗਈ ਸੀ। ਸੋਸ਼ਲ ਮੀਡੀਆ ਉਤੇ ਵਾਇਰਲ ਹੋਈ ਵੀਡੀਓ ਵਿਚ ਗੜ੍ਹਸ਼ੰਕਰ ਵਾਸੀ ਕਿਰਨ ਬਾਲਾ ਮੰਨ ਰਹੀ ਹੈ ਕਿ ਹੋਰ ਕੋਈ ਵੱਸ ਨਾ ਚੱਲਦਾ ਦੇਖ ਕੇ ਉਸ ਨੇ ਸ਼ਰਧਾਲੂ ਬਣ ਕੇ ਸ਼੍ਰੋਮਣੀ ਕਮੇਟੀ ਰਾਹੀਂ ਪਾਕਿਸਤਾਨ ਦਾ ਵੀਜ਼ਾ ਹਾਸਲ ਕੀਤਾ। ਵੀਡੀਓ ਵਿਚ ਉਹ ਆਪਣੇ ਪਤੀ ਆਜ਼ਮ ਮੁਹੰਮਦ ਨਾਲ ਪਾਕਿਸਤਾਨ ਪੱਖੀ ਨਾਅਰੇ ਲਗਾਉਂਦੀ ਵੀ ਨਜ਼ਰ ਆ ਰਹੀ ਹੈ।
ਜਥੇ ਵਿਚੋਂ ਗਾਇਬ ਹੋਏ ਨੌਜਵਾਨ ਨੂੰ ਭਾਵੇਂ ਪਾਕਿਸਤਾਨ ਵੱਲੋਂ ਭਾਰਤ ਵਾਪਸ ਭੇਜ ਦਿੱਤਾ ਗਿਆ ਹੈ ਪਰ ਇਸ ਨੌਜਵਾਨ ਦਾ ਮਕਸਦ ਕਾਫੀ ਹੈਰਾਨੀ ਵਾਲਾ ਹੈ। ਲਾਹੌਰ ਤੋਂ ਪ੍ਰਕਾਸ਼ਿਤ ਉਰਦੂ ਅਖਬਾਰ ਦਾ ਦਾਅਵਾ ਹੈ ਕਿ ਅੰਮ੍ਰਿਤਸਰ ਦੇ ਪਿੰਡ ਨਿਰੰਜਨਪੁਰ ਵਾਸੀ 24 ਸਾਲਾ ਅਮਰਜੀਤ ਸਿੰਘ ਦਾ ਮਕਸਦ ਬਲੋਚਿਸਤਾਨ ਰਸਤੇ ਇਰਾਨ, ਤੁਰਕੀ ਤੇ ਫਿਰ ਯੂਰਪ ਪਹੁੰਚਣਾ ਸੀ। ਦੱਸਿਆ ਜਾ ਰਿਹਾ ਹੈ ਕਿ ਉਕਤ ਨੌਜਵਾਨ ਮਲੇਸ਼ੀਆ ਦੀ ਕਿਸੇ ਕੰਪਨੀ ‘ਚ ਕੰਮ ਕਰਦਾ ਸੀ ਅਤੇ 4-5 ਮਹੀਨੇ ਪਹਿਲਾਂ ਹੀ ਉਥੋਂ ਪਿੰਡ ਪਰਤਿਆ ਸੀ। ਉਸ ਨੇ ਹੁਣ ਯੂਰਪ ਪਹੁੰਚ ਕੇ ਨੌਕਰੀ ਕਰਨ ਦੀ ਯੋਜਨਾ ਬਣਾਈ ਸੀ। ਉਹ ਮਲੇਸ਼ੀਆ ਰਹਿੰਦਿਆਂ ਵੀ ਯੂਰਪ ਜਾਣ ਦੇ ਉਪਰਾਲੇ ਕਰਦਾ ਰਿਹਾ, ਪਰ ਉਸ ਨੂੰ ਕਾਮਯਾਬੀ ਨਹੀਂ ਮਿਲ ਸਕੀ।
ਅੰਮ੍ਰਿਤਸਰ ਦੇ ਮਨੁੱਖੀ ਤਸਕਰੀ ਨਾਲ ਜੁੜੇ ਇਕ ਟਰੈਵਲ ਏਜੰਟ ਨੇ ਅਮਰਜੀਤ ਸਿੰਘ ਨੂੰ ਝਾਂਸਾ ਦਿੱਤਾ ਸੀ ਕਿ ਉਹ ਉਸ ਦੇ ਪਾਕਿਸਤਾਨ ‘ਚ ਰਹਿੰਦੇ ਇਕ ਟਰੈਵਲ ਏਜੰਟ ਨੂੰ ਮਿਲੇ ਜੋ ਉਸ ਨੂੰ ਦੋ ਲੱਖ ਰੁਪਏ ਲੈ ਕੇ ਬਲੋਚਿਸਤਾਨ ਵੱਲੋਂ ਇਰਾਨ ਤੇ ਤੁਰਕੀ ਪਹੁੰਚਾ ਦੇਵੇਗਾ ਅਤੇ ਅਗਾਂਹ ਉਥੋਂ ਉਸ ਦਾ ਯੂਰਪ ਪਹੁੰਚਣਾ ਆਸਾਨ ਹੋ ਜਾਵੇਗਾ। ਅਮਰਜੀਤ ਸਿੰਘ ਨੇ ਲਾਹੌਰ ਪਹੁੰਚਣ ‘ਤੇ ਉਕਤ ਪਾਕਿਸਤਾਨੀ ਟਰੈਵਲ ਏਜੰਟ ਨੂੰ 2 ਲੱਖ ਰੁਪਏ ਦਿੱਤੇ, ਪਰ ਖੁਫੀਆ ਏਜੰਸੀਆਂ ਦੀ ਸਖਤੀ ਉਸ ਦੇ ਰਾਹ ਵਿਚ ਰੋੜਾ ਬਣ ਗਈ। ਦੱਸ ਦਈਏ ਕਿ ਸ਼੍ਰੋਮਣੀ ਕਮੇਟੀ ਵੱਲੋਂ ਪਾਕਿਸਤਾਨ ਜਾਣ ਦੇ ਇੱਛਕ ਸ਼ਰਧਾਲੂਆਂ ਤੋਂ ਹਲਕਾ ਸ਼੍ਰੋਮਣੀ ਕਮੇਟੀ ਮੈਂਬਰ ਦੀ ਸਿਫਾਰਸ਼ ਸਹਿਤ ਪਾਸਪੋਰਟਾਂ ਦੀ ਮੰਗ ਕੀਤੀ ਜਾਂਦੀ ਹੈ। ਉਪਰੰਤ ਪਾਸਪੋਰਟ ਤੇ ਹੋਰ ਦਸਤਾਵੇਜ਼ ਜਾਂਚ ਪੜਤਾਲ ਲਈ ਪੰਜਾਬ ਸਰਕਾਰ, ਕੇਂਦਰੀ ਗ੍ਰਹਿ ਮੰਤਰਾਲੇ ਅਤੇ ਨਵੀਂ ਦਿੱਲੀ ਸਥਿਤ ਪਾਕਿਸਤਾਨੀ ਦੂਤਘਰ ਨੂੰ ਭੇਜੇ ਜਾਂਦੇ ਹਨ, ਜਿਸ ਤੋਂ ਬਾਅਦ ਪੰਜਾਬ ਤੇ ਦੇਸ਼ ਦੀਆਂ ਕਈ ਵੱਖ-ਵੱਖ ਖੁਫੀਆਂ ਏਜੰਸੀਆਂ ਦੀ ਜਾਂਚ ਪੜਤਾਲ ਤੋਂ ਬਾਅਦ ਹੀ ਯਾਤਰੂਆਂ ਨੂੰ ਪਾਕਿ ਦੂਤਘਰ ਵੱਲੋਂ ਵੀਜ਼ੇ ਜਾਰੀ ਕੀਤੇ ਜਾਂਦੇ ਹਨ। ਸ਼ੱਕੀ ਅਤੇ ਦਸਤਾਵੇਜ਼ ਪੂਰੇ ਨਾ ਹੋਣ ਵਾਲੇ ਕਈ ਸ਼ਰਧਾਲੂਆਂ ਦੇ ਨਾਂ, ਭੇਜੇ ਜਾਣ ਵਾਲੇ ਜਥੇ ਦੀ ਸੂਚੀ ਵਿਚੋਂ ਕੱਟ ਦਿੱਤੇ ਜਾਂਦੇ ਹਨ।