ਪਟਿਆਲਾ: ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਹਰਮਿੰਦਰ ਸਿੰਘ ਮਿੰਟੂ ਦੀ ਕੇਂਦਰੀ ਜੇਲ੍ਹ ਵਿਚ ਅਚਨਚੇਤੀ ਮੌਤ ਉਤੇ ਸਿੱਖ ਜਥੇਬੰਦੀਆਂ ਨੇ ਸ਼ੱਕ ਦੀ ਉਂਗਲ ਚੁੱਕੀ ਹੈ। ਸ਼੍ਰੋਮਣੀ ਕਮੇਟੀ ਸਮੇਤ ਸਿੱਖ ਜਥੇਬੰਦੀਆਂ ਦਮਦਮੀ ਟਕਸਾਲ ਅਤੇ ਦਲ ਖਾਲਸਾ ਨੇ ਇਸ ਦੀ ਨਿਆਇਕ ਜਾਂਚ ਦੀ ਮੰਗ ਕੀਤੀ ਹੈ। ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਜੇਲ੍ਹ ਵਿਚ ਮਿੰਟੂ ਦੀ ਅਚਨਚੇਤੀ ਮੌਤ ਕਈ ਤਰ੍ਹਾਂ ਦੇ ਖਦਸ਼ੇ ਪੈਦਾ ਕਰਦੀ ਹੈ। ਉਹ ਪਿਛਲੇ ਦਿਨੀਂ ਕਈ ਕੇਸਾਂ ਵਿਚੋਂ ਬਰੀ ਹੋਇਆ ਸੀ। ਉਸ ਦੀ ਅਚਨਚੇਤੀ ਮੌਤ ਨੇ ਪੁਲਿਸ ਪ੍ਰਸ਼ਾਸਨ ਅਤੇ ਪ੍ਰਬੰਧ ਉਤੇ ਸਵਾਲੀਆ ਚਿੰਨ੍ਹ ਲਾਇਆ ਹੈ।
ਦਲ ਖਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਦਾ ਕਹਿਣਾ ਹੈ ਕਿ ਮਿੰਟੂ ਦੀ ਮੌਤ ਸ਼ੱਕੀ ਹਾਲਾਤਾਂ ਵਿਚ ਹੋਈ ਹੈ ਅਤੇ ਇਸ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਮੰਗ ਕੀਤੀ ਕਿ ਜੇਲ੍ਹ ਦੇ ਅਧਿਕਾਰੀਆਂ ਨੂੰ ਮੁਅੱਤਲ ਕੀਤਾ ਜਾਣਾ ਚਾਹੀਦਾ ਹੈ, ਜਿਨ੍ਹਾਂ ਦੀ ਅਣਗਹਿਲੀ ਕਾਰਨ ਉਸ ਦੀ ਮੌਤ ਹੋਈ ਹੈ। ਤਖਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਹਰਮਿੰਦਰ ਸਿੰਘ ਮਿੰਟੂ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ ਉਤੇ ਕਈ ਤਰ੍ਹਾਂ ਦੇ ਸੁਆਲ ਚੁੱਕੇ ਹਨ। ਜਥੇਦਾਰ ਨੇ ਆਖਿਆ ਕਿ ਉਨ੍ਹਾਂ ਨੂੰ ਜੋ ਕਨਸੋਆਂ ਮਿਲ ਰਹੀਆਂ ਹਨ, ਉਸ ਤੋਂ ਇਹ ਲੱਗ ਰਿਹਾ ਹੈ ਕਿ ਮਿੰਟੂ ਦੀ ਮੌਤ ਦੇ ਪਿੱਛੇ ਹੋਰ ਕਾਰਨ ਵੀ ਹੋ ਸਕਦੇ ਹਨ।
ਦੱਸ ਦਈਏ ਕਿ ਕੇਂਦਰੀ ਜੇਲ੍ਹ ਵਿਚ ਬੰਦ ਹਰਮਿੰਦਰ ਸਿੰਘ ਮਿੰਟੂ ਦੀ ਦਿਲ ਦਾ ਪੈਣ ਕਾਰਨ ਮੌਤ ਹੋ ਗਈ ਸੀ। ਹਾਲਤ ਵਿਗੜਨ ਕਾਰਨ ਉਸ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਲਿਆਂਦਾ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਜੇਲ੍ਹ ਸੁਪਰਡੈਂਟ ਰਾਜਨ ਕਪੂਰ ਦਾ ਕਹਿਣਾ ਹੈ ਕਿ ਮਿੰਟੂ 4 ਜਨਵਰੀ 2017 ਤੋਂ ਪਟਿਆਲਾ ਜੇਲ੍ਹ ਵਿਚ ਸੀ ਤੇ ਉਸ ਨੂੰ ਛੇ ਸੱਤ ਵਾਰ ਹਸਪਤਾਲ ਭੇਜਿਆ ਗਿਆ ਸੀ। ਉਸ ਨੂੰ ਸੀਨੇ ਵਿਚ ਤਕਲੀਫ ਦੀ ਸ਼ਿਕਾਇਤ ਹੋਣ ਉਤੇ ਪਹਿਲਾਂ ਜੇਲ੍ਹ ਵਿਚਲੇ ਡਾਕਟਰ ਨੇ ਚੈੱਕ ਕੀਤਾ ਤੇ ਫੇਰ ਰਾਜਿੰਦਰਾ ਹਸਪਤਾਲ ਭੇਜ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਉਸ ਦੀ ਹਸਪਤਾਲ ਪੁੱੱਜਣ ਤੋਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ।
ਪੁਲਿਸ ਰਿਕਾਰਡ ਮੁਤਾਬਕ ਜਿਲ੍ਹਾ ਜਲੰਧਰ ਦੇ ਪਿੰਡ ਡੱਲੀ ਦਾ ਵਸਨੀਕ ਸੀ। 2014 ਵਿਚ ਥਾਈਲੈਂਡ ਵਿਚ ਫੜੇ ਜਾਣ ਉਤੇ ਉਸ ਨੂੰ ਭਾਰਤ ਲਿਆਂਦਾ ਗਿਆ ਸੀ। ਇਥੇ ਗੈਸ ਬੌਟਲਿੰਗ ਪਲਾਂਟ ਨਾਭਾ ਨੇੜੇ ਬਖਸ਼ੀਸ਼ ਸਿੰਘ ਬਾਬਾ ਵੱਲੋਂ Ḕਬੰਬ ਫਿੱਟ ਕਰਨ’ ਦੇ ਕੇਸ ਵਿਚ ਉਸ ਨੂੰ ਵੀ ਸਾਜ਼ਿਸ਼ੀ ਵਜੋਂ ਨਾਮਜ਼ਦ ਕੀਤਾ ਗਿਆ ਸੀ। ਨਾਭਾ ਵਿਚ ਹੀ ਉਸ ਖਿਲਾਫ਼ ਇਕ ਹੋਰ ਕੇਸ ਵੀ ਦਰਜ ਸੀ ਪਰ ਹੁਣ ਉਹ ਇਨ੍ਹਾਂ ਦੋਵਾਂ ਕੇਸਾਂ ਵਿਚੋਂ ਬਰੀ ਹੋ ਚੁੱਕਾ ਸੀ। ਮਿੰਟੂ 27 ਨਵੰਬਰ 2016 ਨੂੰ ਉਦੋਂ ਨਾਭਾ ਜੇਲ੍ਹ ਵਿਚੋਂ ਫਰਾਰ ਹੋ ਗਿਆ ਸੀ ਜਦੋਂ ਹਮਲਾ ਕਰ ਕੇ ਕਈ ਹਥਿਆਰਬੰਦ ਗੈਂਗਸਟਰਾਂ ਨੇ ਵਿੱਕੀ ਗੌਂਡਰ ਤੇ ਉਸ ਸਮੇਤ ਛੇ ਜਣਿਆਂ ਨੂੰ ਛੁਡਾ ਲਿਆ ਸੀ। ਪਛਾਣ ਛੁਪਾਉਣ ਲਈ ਦਾੜ੍ਹੀ ਕੇਸ ਕਟਵਾਉਣ ਦੇ ਬਾਵਜੂਦ ਉਹ ਉਸੇ ਰਾਤ ਦਿੱਲੀ ਵਿਚ ਫੜਿਆ ਗਿਆ ਸੀ। ਜੇਲ੍ਹ ਕਾਂਡ ਵਾਲਾ ਕੇਸ ਪਟਿਆਲਾ ਅਦਾਲਤ ਵਿਚ ਚੱਲ ਰਿਹਾ ਹੈ।
____________________
ਸ਼੍ਰੋਮਣੀ ਕਮੇਟੀ ਨੇ ਨਿਰਪੱਖ ਜਾਂਚ ਮੰਗੀ
ਅੰਮ੍ਰਿਤਸਰ: ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਹਰਮਿੰਦਰ ਸਿੰਘ ਮਿੰਟੂ ਦੀ ਮੌਤ ਉਤੇ ਅਫ਼ਸੋਸ ਪ੍ਰਗਟਾਉਂਦਿਆਂ ਉਸ ਦੀ ਮੌਤ ਦੇ ਕਾਰਨਾਂ ਦੀ ਜਾਂਚ ਮੰਗੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਆਖਿਆ ਕਿ ਭਾਵੇਂ ਉਸ ਦੀ ਮੌਤ ਦਿਲ ਦੇ ਦੌਰੇ ਨਾਲ ਹੋਈ ਦੱਸੀ ਜਾ ਰਹੀ ਹੈ, ਪਰ ਸਿੱਖ ਜਗਤ ਵੱਲੋਂ ਪ੍ਰਗਟਾਏ ਜਾ ਰਹੇ ਖਦਸ਼ਿਆਂ ਤਹਿਤ ਉਸ ਦੀ ਮੌਤ ਦੇ ਕਾਰਨਾਂ ਦੀ ਜਾਂਚ ਹੋਣੀ ਚਾਹੀਦੀ ਹੈ।
________________________
19 ਵਿਚੋਂ ਪੰਜ ਕੇਸਾਂ ਵਿਚ ਬਰੀ ਹੋ ਚੁੱਕਿਆ ਸੀ ਮਿੰਟੂ
ਪਟਿਆਲਾ: ਹਰਮਿੰਦਰ ਸਿੰਘ ਮਿੰਟੂ ਖਿਲਾਫ਼ 19 ਕੇਸ ਦਰਜ ਸਨ। ਉਹ ਪੰਜ ਕੇਸਾਂ ਵਿਚੋਂ ਬਰੀ ਹੋ ਚੁੱਕਿਆ ਸੀ ਤੇ ਛੇ ਕੇਸਾਂ ‘ਚ ਚਲਾਨ ਹੀ ਪੇਸ਼ ਨਹੀਂ ਹੋਇਆ ਸੀ। ਦਿੱਲੀ ਵਿਚਲੇ ਕੇਸ ਵਿਚੋਂ ਤਿੰਨ ਮਹੀਨੇ ਦੀ ਸਜ਼ਾ ਭੁਗਤੀ ਗਈ ਸੀ। ਨਾਭਾ ਜੇਲ੍ਹ ਕਾਂਡ ਦੇ ਕੇਸ ਦੀ ਸੁਣਵਾਈ ਪਟਿਆਲਾ ਅਦਾਲਤ ਵਿਚ ਚੱਲਦੀ ਹੈ। ਰਵਿੰਦਰ ਗੁਸਾਈਂ ਕਤਲ ਕੇਸ ਸਮੇਤ ਇਕ ਇਰਾਦਾ ਕਤਲ ਕੇਸ ਦੀ ਜਾਂਚ ਐਨæਆਈæਏæ ਕੋਲ ਹੈ। ਜਿਹੜੇ ਕੇਸਾਂ ਵਿੱਚੋਂ ਮਿੰਟੂ ਬਰੀ ਹੋਇਆ ਸੀ, ਉਨ੍ਹਾਂ ਵਿਚ ਨਾਭਾ ਗੈਸ ਬੌਟਲਿੰਗ ਪਲਾਂਟ ਬੰਬ ਕਾਂਡ ਸਮੇਤ ਦੋ ਨਾਭਾ, ਦੋ ਲੁਧਿਆਣਾ ਤੇ ਇਕ ਅੰਮ੍ਰਿਤਸਰ ਦਾ ਕੇਸ ਸ਼ਾਮਲ ਹੈ। ਛੇ ਕੇਸਾਂ ਦਾ ਚਲਾਨ ਪੇਸ਼ ਨਹੀਂ ਹੋਇਆ।
_______________________
ਜਗਤਾਰ ਸਿੰਘ ਤਾਰਾ ਨੂੰ ਜੇਲ੍ਹ ਅਧਿਕਾਰੀਆਂ ਤੋਂ ਖਤਰਾ
ਬਠਿੰਡਾ: ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ਾਂ ਤਹਿਤ ਬੁੜੈਲ ਜੇਲ੍ਹ ਚੰਡੀਗੜ੍ਹ ਵਿਚ ਬੰਦ ਜਗਤਾਰ ਸਿੰਘ ਤਾਰਾ ਨੇ ਜੇਲ੍ਹ ਦੇ ਸੁਪਰਡੈਂਟ ਐਸ਼ਕੇæ ਜੈਨ ਸਣੇ ਜੇਲ੍ਹ ਦੇ 6 ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਜੇਲ੍ਹ ਅੰਦਰ ਹੀ ਮਾਰੇ ਜਾਣ ਦੀ ਸਾਜ਼ਿਸ਼ ਘੜੇ ਜਾਣ ਦੇ ਦੋਸ਼ ਲਗਾਏ ਹਨ। ਉਨ੍ਹਾਂ ਇਹ ਗੱਲ ਬਠਿੰਡਾ ਦੇ ਐਡੀਸ਼ਨਲ ਸੈਸ਼ਨ ਜੱਜ ਕੰਵਲਜੀਤ ਸਿੰਘ ਬਾਜਵਾ ਦੀ ਅਦਾਲਤ ‘ਚ ਵੀਡੀਓ ਕਾਨਫਰੰਸ ਰਾਹੀਂ ਸਾਲ 2014 ਵਿਚ ਦਰਜ ਇਕ ਮਾਮਲੇ ਦੀ ਪੇਸ਼ੀ ਭੁਗਤਣ ਮੌਕੇ ਕਹੀ।
ਤਾਰਾ ਦੇ ਵਕੀਲ ਹਰਪਾਲ ਸਿੰਘ ਖਾਰਾ ਨੇ ਦੱਸਿਆ ਕਿ ਵੀਡੀਓ ਕਾਨਫਰੰਸ ਦੌਰਾਨ ਜਦ ਇਸ ਸਬੰਧੀ ਗੱਲ ਕਰਨੀ ਸ਼ੁਰੂ ਕੀਤੀ ਤਾਂ ਬੁੜੈਲ ਜੇਲ੍ਹ ਪ੍ਰਸ਼ਾਸਨ ਨੇ ਵੀਡੀਓ ਕਾਨਫਰੰਸ ਦੀ ਆਵਾਜ਼ ਬੰਦ ਕਰ ਦਿੱਤੀ, ਜਿਸ ਨੂੰ ਬਾਅਦ ‘ਚ ਜੱਜ ਕੰਵਲਜੀਤ ਸਿੰਘ ਬਾਜਵਾ ਨੂੰ ਬੇਨਤੀ ਕਰ ਕੇ ਮੁੜ ਸ਼ੁਰੂ ਕਰਵਾਇਆ ਗਿਆ। ਤਾਰਾ ਨੇ ਸਪਸ਼ਟ ਤੌਰ ਉਤੇ ਨਾਂ ਲੈਂਦਿਆਂ ਜੇਲ੍ਹ ਸੁਪਰਡੈਂਟ ਐਸ਼ਕੇæ ਜੈਨ, ਸਹਾਇਕ ਸੁਪਰਡੈਂਟ ਪ੍ਰਮੋਦ ਖੱਤਰੀ, ਜੈ ਕਿਸ਼ਨ ਹੈਡ ਵਾਰਡਨ, ਧਰਮਪਾਲ ਹੈਡ ਵਾਰਡਨ, ਦੀਪ ਕੁਮਾਰ ਵਾਰਡਨ ਅਤੇ ਡਾæ ਨੀਨਾ ਚੌਧਰੀ ਤੋਂ ਆਪਣੀ ਜਾਨ ਨੂੰ ਖਤਰਾ ਦੱਸਿਆ ਹੈ। ਉਨ੍ਹਾਂ ਆਖਿਆ ਕਿ ਜੇਕਰ ਜੇਲ੍ਹ ਅੰਦਰ ਉਨ੍ਹਾਂ ਦੀ ਮੌਤ ਹੁੰਦੀ ਤਾਂ ਉਸ ਲਈ ਉਕਤ 6 ਅਧਿਕਾਰੀ ਜ਼ਿੰਮੇਵਾਰ ਹੋਣਗੇ।