ਮੋਦੀ ਦੇ ਵਿਦੇਸ਼ ਦੌਰੇ ਦੌਰਾਨ ਭਾਰਤ ਦੇ ਅਕਸ ਨੂੰ ਲੱਗਾ ਧੱਕਾ

ਲੰਡਨ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਬ੍ਰਿਟੇਨ ਵਿਚ ਹੋਏ ਜ਼ਬਰਦਸਤ ਵਿਰੋਧ ਨੇ ਭਾਰਤ ਦੀ ਸਾਖ ਨੂੰ ਧੱਕਾ ਲਾਇਆ ਹੈ। ਬੇਸ਼ੱਕ ਮੋਦੀ ਦਾ ਪਹਿਲਾਂ ਵੀ ਵਿਦੇਸ਼ਾਂ ਵਿਚ ਵਿਰੋਧ ਹੋਇਆ ਪਰ ਉਹ ਆਮ ਤੌਰ ਉਤੇ ਕਿਸੇ ਵਿਸ਼ੇਸ਼ ਧੜੇ ਵੱਲੋਂ ਹੀ ਹੁੰਦਾ ਸੀ। ਇਸ ਵਾਰ ਕਈ ਸੰਗਠਨਾਂ ਤੇ ਫਿਰਕਿਆਂ ਵੱਲੋਂ ਕੀਤੇ ਵਿਰੋਧ ਦਾ ਮੁੱਦਾ ਔਰਤਾਂ ਤੇ ਘੱਟ ਗਿਣਤੀ ਦੀ ਸੁਰੱਖਿਆ ਬਣਿਆ। ਵਿਰੋਧ ਕਰਨ ਵਾਲਿਆਂ ਵਿਚ ਸਿੱਖ, ਮੁਸਲਿਮ ਤੇ ਹਿੰਦੂ ਜਥੇਬੰਦੀਆਂ ਤੋਂ ਇਲਾਵਾ ਸਥਾਨਕ ਲੋਕ ਵੀ ਸ਼ਾਮਲ ਸਨ।

ਇਸ ਨਾਲ ਭਾਰਤ ਵਿਚ ਔਰਤਾਂ ਤੇ ਘੱਟ ਗਿਣਤੀਆਂ ਦੀ ਸੁਰੱਖਿਆ ਬਾਰੇ ਪੂਰੀ ਦੁਨੀਆਂ ਦਾ ਧਿਆਨ ਖਿੱਚਿਆ ਗਿਆ। ਇਸ ਮੁੱਦੇ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲੋਂ ਲਾਇਆ ਜਾ ਸਕਦਾ ਹੈ ਕਿ ਸੰਯੁਕਤ ਰਾਸ਼ਟਰ ਦੇ ਮੁਖੀ ਐਂਟੋਨੀਓ ਗੂਟਰੇਜ਼ ਮਗਰੋਂ ਕੌਮਾਂਤਰੀ ਮੁਦਰਾ ਕੋਸ਼ ਦੀ ਮੁਖੀ ਕ੍ਰਿਸਟੀਨ ਲੈਗਾਰਡ ਨੇ ਵੀ ਰੋਸ ਜ਼ਾਹਿਰ ਕੀਤਾ ਹੈ। ਲੈਗਾਰਡ ਨੇ ਕਿਹਾ ਹੈ ਕਿ ਕਠੂਆ ਕਾਂਡ ਸ਼ਰਮਨਾਕ ਹੈ। ਮੋਦੀ ਨੂੰ ਔਰਤਾਂ ਦੀ ਸੁਰੱਖਿਆ ਵੱਲ ਧਿਆਨ ਦੇਣਾ ਚਾਹੀਦਾ ਹੈ। ਚੋਟੀ ਦੀਆਂ ਵਿਸ਼ਵ ਸੰਸਥਾਵਾਂ ਦੀ ਇਸ ਅਲੋਚਨਾ ਨੇ ਭਾਰਤ ਦਾ ਸਿਰ ਸ਼ਰਮ ਨਾਲ ਨੀਵਾਂ ਕਰ ਦਿੱਤਾ ਹੈ। ਦਰਅਸਲ, ਮੋਦੀ 53 ਰਾਸ਼ਟਰ ਮੰਡਲ ਮੁਲਕਾਂ ਦੇ ਮੁਖੀਆਂ ਦੀ ਮੀਟਿੰਗ Ḕਚੋਗਮ’ ਵਿਚ ਸ਼ਾਮਲ ਹੋਣ ਵਿਦੇਸ਼ ਗਏ ਸਨ।
ਇਸ ਦੌਰਾਨ ਉਨ੍ਹਾਂ ਨੂੰ ਕਠੂਆ ਕਾਂਡ ਤੇ ਘੱਟ ਗਿਣਤੀਆਂ ਉਤੇ ਹਮਲਿਆਂ ਕਰ ਕੇ ਅਲੋਚਨਾ ਸਹਿਣ ਕਰਨੀ ਪਈ। ਮੋਦੀ ਜਦੋਂ ਆਪਣੀ ਬਰਤਾਨਵੀ ਹਮਰੁਤਬਾ ਟੈਰੇਜ਼ਾ ਮੇਅ ਨਾਲ ਦੁਵੱਲੀ ਮੁਲਾਕਾਤ ਲਈ ਪੁੱਜੇ ਤਾਂ ਉਨ੍ਹਾਂ ਖਿਲਾਫ਼ ਭਾਰਤੀ ਭਾਈਚਾਰੇ ਵੱਲੋਂ ਜ਼ੋਰਦਾਰ ਰੋਸ ਮੁਜ਼ਾਹਰੇ ਕੀਤੇ ਗਏ। ਲੋਕਾਂ ਵਿਚ ਗੁੱਸਾ ਇੰਨਾ ਸੀ ਕਿ ਇਸ ਦੌਰਾਨ ਪਾਰਲੀਮੈਂਟ ਸਕੁਏਅਰ ਵਿਚ ਲਾਏ ਗਏ ਝੰਡਿਆਂ ਵਿਚੋਂ ਭਾਰਤੀ ਤਿਰੰਗਾ ਪਾੜ ਦਿੱਤਾ ਗਿਆ। ਦੱਸ ਦਈਏ ਕਿ ਜੰਮੂ ਕਸ਼ਮੀਰ ਦੇ ਕਠੂਆ ਜਿਲ੍ਹੇ ਦੇ ਰਾਸਨਾ ਜੰਗਲ ਵਿਚ ਜਨਵਰੀ ਮਹੀਨੇ ਖੱਚਰ ਚਰਾਉਣ ਗਈ ਬੱਕਰਵਾਲ ਭਾਈਚਾਰੇ ਦੀ ਅੱਠ ਸਾਲ ਦੀ ਲੜਕੀ ਲਾਪਤਾ ਹੋ ਗਈ ਸੀ। ਇਕ ਹਫਤੇ ਬਾਅਦ ਉਸ ਦੀ ਲਾਸ਼ ਮਿਲੀ ਸੀ। ਜਾਂਚ ਵਿਚ ਖੁਲਾਸਾ ਹੋਇਆ ਕਿ ਉਸ ਨੂੰ ਇਕ ਮੰਦਰ ਦੇ ਅੰਦਰ ਬੰਧਕ ਬਣਾ ਕੇ ਰੱਖਿਆ ਗਿਆ ਸੀ ਤੇ ਗੈਂਗਰੇਪ ਤੋਂ ਪਹਿਲਾਂ ਉਸ ਨੂੰ ਨਸ਼ੀਲੀਆਂ ਦਵਾਈਆਂ ਦਿੱਤੀਆਂ ਗਈਆਂ। ਇਕ ਹਫਤੇ ਤੋਂ ਜ਼ਿਆਦਾ ਭੁੱਖਾ ਰੱਖ ਕੇ ਗੈਂਗਰੇਪ ਦਾ ਸ਼ਿਕਾਰ ਬਣਾਉਣ ਤੋਂ ਬਾਅਦ ਸਿਰ ਵਿਚ ਪੱਥਰ ਮਾਰ ਕੇ ਕਤਲ ਕਰ ਦਿੱਤਾ ਗਿਆ।
________________________
ਤਿਰੰਗੇ ਦੀ ਬੇਅਦਬੀ ‘ਤੇ ਭਾਰਤ ਨੇ ਮੰਗੀ ਕਾਰਵਾਈ
ਲੰਡਨ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਫੇਰੀ ਮੌਕੇ ਬਰਤਾਨੀਆ ਦੇ ਪਾਰਲੀਮੈਂਟ ਚੌਕ ਵਿਚ ਭਾਰਤ ਦੇ ਕੌਮੀ ਝੰਡੇ ਦੀ ਬੇਅਦਬੀ ਕਰਨ ਵਾਲਿਆਂ ਵਿਰੁੱਧ ਭਾਰਤ ਨੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਮਾਮਲਾ ਬਰਤਾਨੀਆ ਸਰਕਾਰ ਦੇ ਧਿਆਨ ਵਿਚ ਲਿਆ ਕੇ ਉਚ ਪੱਧਰ ਉਤੇ ਰੋਸ ਜਤਾਇਆ ਗਿਆ ਹੈ। ਭਾਰਤੀ ਵਿਦੇਸ਼ ਵਿਭਾਗ ਦੇ ਬੁਲਾਰੇ ਰਵੀਸ਼ ਕੁਮਾਰ ਨੇ ਦੱਸਿਆ ਕਿ ਪਾਰਲੀਮੈਂਟ ਚੌਕ ਵਿਚ ਕੌਮੀ ਝੰਡੇ ਨਾਲ ਵਾਪਰੀ ਘਟਨਾ ਤੋਂ ਸਾਡੇ ਵਿਚ ਬੇਹੱਦ ਰੋਹ ਹੈ। ਮਾਮਲਾ ਬਰਤਾਨੀਆ ਸਰਕਾਰ ਅੱਗੇ ਜ਼ੋਰਦਾਰ ਢੰਗ ਨਾਲ ਉਠਾਇਆ ਗਿਆ ਹੈ। ਦੂਜੇ ਪਾਸੇ ਬਰਤਾਨੀਆ ਨੇ ਇਸ ਦੇ ਲਈ ਪਹਿਲਾਂ ਹੀ ਮੁਆਫੀ ਮੰਗ ਲਈ ਹੈ। ਵਿਦੇਸ਼ ਅਤੇ ਰਾਸ਼ਟਰ ਮੰਡਲ ਦਫਤਰ ਦੇ ਬੁਲਾਰੇ ਨੇ ਕਿਹਾ ਕਿ ਲੋਕਾਂ ਨੂੰ ਸ਼ਾਂਤਮਈ ਮੁਜ਼ਾਹਰਾ ਕਰਨ ਦਾ ਹੱਕ ਹੈ ਪਰ ਸਾਨੂੰ ਇਕ ਘੱਟ ਗਿਣਤੀ ਧੜੇ ਵੱਲੋਂ ਪਾਰਲੀਮੈਂਟ ਚੌਕ ਵਿਚ ਕੀਤੀ ਕਾਰਵਾਈ ਨੇ ਨਿਰਾਸ਼ ਕੀਤਾ ਹੈ।