‘ਖਾਲਸਾ ਡੇਅ ਪਰੇਡ’ ਲਈ ਸਿੱਖਾਂ ਨੇ ਦਿਖਾਇਆ ਉਤਸ਼ਾਹ

ਸਰੀ: ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਪ੍ਰਾਂਤ ਦੇ ਸਰੀ ਸ਼ਹਿਰ ਵਿਚ ਖਾਲਸਾ ਸਾਜਨਾ ਦਿਵਸ ਨੂੰ ਸਮਰਪਤ ਹਰੇਕ ਸਾਲ ਕੱਢੀ ਜਾਂਦੀ Ḕਖਾਲਸਾ ਡੇਅ ਪਰੇਡ’ ਵਿਚ ਇਸ ਵਾਰ ਸੰਗਤ ਦਾ ਰਿਕਾਰਡਤੋੜ ਇਕੱਠ ਹੋਇਆ। ਪੰਜਾਬ ਤੋਂ ਬਾਹਰ ਸਿੱਖਾਂ ਦੇ ਸਭ ਤੋਂ ਵੱਡੇ ਇਕੱਠ ਵਜੋਂ ਮਸ਼ਹੂਰ ਸਰੀ ਦੀ Ḕਖਾਲਸਾ ਡੇਅ ਪਰੇਡ’ ਵਿਚ ਬ੍ਰਿਟਿਸ਼ ਕੋਲੰਬੀਆ ਦੇ ਵੱਖ-ਵੱਖ ਸ਼ਹਿਰਾਂ ਤੋਂ ਇਲਾਵਾ ਅਲਬਰਟਾ, ਓਂਟਾਰੀਓ, ਕਿਊਬੈਕ ਸੂਬਿਆਂ ਤੇ ਅਮਰੀਕਨ ਸੂਬਿਆਂ- ਕੈਲੇਫੋਰਨੀਆ ਤੇ ਵਾਸ਼ਿੰਗਟਨ ਤੋਂ ਵੱਡੀ ਗਿਣਤੀ ਵਿਚ ਸੰਗਤ ਨੇ ਸ਼ਰਧਾ ਤੇ ਉਤਸ਼ਾਹ ਨਾਲ ਹਾਜ਼ਰੀ ਭਰੀ।

ਇਸ ਨਗਰ ਕੀਰਤਨ ਦੇ ਪ੍ਰਬੰਧਕ ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਦੀ ਮੁੱਖ ਸਟੇਜ ਤੋਂ ਸਿੱਖ ਸੰਘਰਸ਼ ਦੇ ਅਨੇਕਾਂ ਸ਼ਹੀਦ ਪਰਿਵਾਰਾਂ ਦਾ ਸਨਮਾਨ ਹੋਇਆ ਅਤੇ ਕੈਨੇਡੀਅਨ ਰਾਜਸੀ ਆਗੂਆਂ ਨੇ ਸੰਗਤ ਨੂੰ ਇਸ ਮਹਾਨ ਪੁਰਬ ਦੀ ਵਧਾਈ ਦਿੱਤੀ। ਨਗਰ ਕੀਰਤਨ ਵਿਚ ਖਾਲਿਸਤਾਨ ਸੁਰ ਹਮੇਸ਼ਾ ਵਾਂਗ ਭਾਰੂ ਰਹੀ। ਨਗਰ ਕੀਰਤਨ ਆਰੰਭ ਹੋਣ ਤੋਂ ਪਹਿਲਾਂ ਕੈਨੇਡਾ ਦੇ ਇਕ ਮੂਲ ਨਿਵਾਸੀ ਕਬੀਲੇ ਦੇ ਮੁਖੀ ਨੇ ਆਪਣੇ ਪਰਿਵਾਰ ਸਮੇਤ ਉਨ੍ਹਾਂ ਦੀ ਜ਼ੁਬਾਨ ਵਿਚ ਅਰਦਾਸ ਕੀਤੀ ਅਤੇ ਸਿੱਖਾਂ ਦੇ ਯੋਗਦਾਨ ਨੂੰ ਸਲਾਹੁੰਦਿਆਂ ਆਖਿਆ ਕਿ ਇਹ ਸਾਂਝ ਹੋਰ ਪਕੇਰੀ ਹੋਣੀ ਚਾਹੀਦੀ ਹੈ। ਇਸ ਤੋਂ ਬਾਅਦ ਕੈਨੇਡੀਅਨ ਫੌਜ, ਜਲ ਸੈਨਾ ਤੇ ਪੁਲਿਸ ਦੀ ਸਾਂਝੀ ਟੁਕੜੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਲਾਮੀ ਭੇਟ ਕੀਤੀ ਗਈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਫਲੋਟ ਅੱਗੇ ਪੰਜ ਪਿਆਰਿਆਂ, ਗਤਕੇ ਦੀਆਂ ਵੱਖ-ਵੱਖ ਟੀਮਾਂ, ਮੋਟਰਸਾਈਕਲ ਸਵਾਰ ਸਿੱਖ ਨੌਜਵਾਨਾਂ ਤੇ ਮੁੱਖ ਫਲੋਟ ਪਿੱਛੇ ਕਈ ਸਿੱਖ ਜਥੇਬੰਦੀਆਂ, ਸਮਾਜਿਕ ਸੰਸਥਾਵਾਂ ਤੇ ਪੰਜਾਬ ਹਿਤੈਸ਼ੀ ਸੰਗਠਨਾਂ ਨੇ ਵੀ ਪ੍ਰਭਾਵਸ਼ਾਲੀ ਝਾਕੀਆਂ ਪੇਸ਼ ਕੀਤੀਆਂ।
ਦਮਦਮੀ ਟਕਸਾਲ ਦੇ ਮੁਖੀ ਭਾਈ ਰਾਮ ਸਿੰਘ ਨੇ ਗੁਰੂ ਮਹਾਰਾਜ ਦੀ ਸਵਾਰੀ ਵਾਲੇ ਫਲੋਟ ਉਤੇ ਚੌਰ ਦੀ ਸੇਵਾ ਨਿਭਾਈ ਜਦਕਿ ਪੰਜਾਬ ਤੋਂ ਪੁੱਜੇ ਵੱਖ-ਵੱਖ ਕੀਰਤਨੀ ਜਥਿਆਂ ਨੇ ਅੰਮ੍ਰਿਤਮਈ ਗੁਰਬਾਣੀ ਪ੍ਰਵਾਹ ਨਾਲ ਸੰਗਤ ਨੂੰ ਵਾਹਿਗੁਰੂ ਨਾਮ ਜਪਾਇਆ। ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਜੌਹਨ ਹੌਰੇਗਨ, ਐਨæਡੀæਪੀæ ਆਗੂ ਜਗਮੀਤ ਸਿੰਘ ਅਤੇ ਹੋਰ ਕੇਂਦਰੀ ਤੇ ਸੂਬਾਈ ਸਿਆਸਤਦਾਨ ਸੰਗਤ ‘ਚ ਤੁਰ ਫਿਰ ਕੇ ਮੇਲ-ਮਿਲਾਪ ਕਰਦੇ ਨਜ਼ਰ ਆਏ। ਸੂਬੇ ਦੇ ਕਿਰਤ ਮੰਤਰੀ ਹੈਰੀ ਬੈਂਸ, ਵਿਧਾਇਕ ਜਗਰੂਪ ਬਰਾੜ, ਵਿਧਾਇਕ ਰਚਨਾ ਸਿੰਘ ਤੇ ਵਿਧਾਇਕ ਗੈਰੀਬੈੱਗ ਨੇ ਮੁੱਖ ਸਟੇਜ ਤੋਂ ਸੰਗਤ ਨੂੰ ਵਧਾਈ ਦਿੱਤੀ ਤੇ ਸਰਕਾਰ ਵੱਲੋਂ ਅਪਰੈਲ ਮਹੀਨੇ ਨੂੰ Ḕਸਿੱਖ ਵਿਰਾਸਤੀ ਮਹੀਨਾ’ ਐਲਾਨੇ ਜਾਣ ਦਾ ਪ੍ਰਮਾਣ ਪੱਤਰ ਪ੍ਰਬੰਧਕਾਂ ਨੂੰ ਭੇਟ ਕੀਤਾ।
ਪੰਜਾਬ ਤੋਂ ਪੁੱਜੇ ਮਨੁੱਖੀ ਅਧਿਕਾਰ ਕਾਰਕੁਨ ਤੇ ਵਕੀਲ ਜਸਪਾਲ ਸਿੰਘ ਮੰਝਪੁਰ ਦਾ ਉਚੇਚਾ ਸਨਮਾਨ ਕੀਤਾ ਗਿਆ, ਜਿਨ੍ਹਾਂ ਹਾਲ ਹੀ ਵਿਚ ਗ੍ਰਿਫਤਾਰ ਕੀਤੇ ਸਿੱਖ ਨੌਜਵਾਨਾਂ ਤੇ ਜਥੇਦਾਰ ਹਵਾਰਾ ਸਮੇਤ ਪਹਿਲਾਂ ਤੋਂ ਹੀ ਜੇਲ੍ਹਾਂ ‘ਚ ਬੰਦ ਸਿੱਖ ਨਜ਼ਰਬੰਦਾਂ ਬਾਰੇ ਜਾਣਕਾਰੀ ਸੰਗਤ ਨਾਲ ਸਾਂਝੀ ਕੀਤੀ। ਵੱਖ-ਵੱਖ ਸੰਸਥਾਵਾਂ ਵੱਲੋਂ ਦਸਤਾਰਾਂ ਸਜਾਉਣ ਦੀ ਸੇਵਾ ਤੇ ਸਿੱਖ ਵਿੱਦਿਅਕ ਸੰਸਥਾਵਾਂ ਵੱਲੋਂ ਜਾਗਰੂਕਤਾ ਲਈ ਉਤਸ਼ਾਹ ਦਿਖਾਇਆ ਗਿਆ।